ਮਹਾਰਾਜਾ ਖੜਕ ਸਿੰਘ ਦਾ ਦੁਖਦਾਈ ਅੰਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮਹਾਰਾਜਾ ਰਣਜੀਤ ਸਿੰਘ ਤੋਂ ਵੱਡਾ ਪੁੱਤਰ ਖੜਕ ਸਿੰਘ ਰਾਜਗੱਦੀ ਦਾ ਹੱਕਦਾਰ ਬਣਿਆ ਜਿਸ ਨੂੰ ਰਣਜੀਤ ਸਿੰਘ ਨੇ 22 ਮਈ 1839 ਨੂੰ ਰਾਜ ਤਿਲਕ ਲਾ ਕੇ ਮਹਾਰਾਜਾ ਥਾਪ ਦਿਤਾ ਸੀ।

Maharaja Kharak Singh

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਪੰਜ ਮਹਾਰਾਣੀਆਂ ਤੇ ਸੱਤ  ਪੁੱਤਰ ਸਨ। ਖੜਕ ਸਿੰਘ, ਸ਼ੇਰ ਸਿੰਘ, ਤਾਰਾ ਸਿੰਘ, ਮੁਲਤਾਨ ਸਿੰਘ, ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ ਤੇ ਦਲੀਪ ਸਿੰਘ ਇਨ੍ਹਾਂ ਪੁਤਰਾਂ ਨੇ ਵੱਖ-ਵੱਖ ਮਾਵਾਂ ਦੇ ਪੇਟ ਵਿਚੋਂ ਜਨਮ ਲਿਆ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਵੱਡਾ ਪੁੱਤਰ ਖੜਕ ਸਿੰਘ ਰਾਜਗੱਦੀ ਦਾ ਹੱਕਦਾਰ ਬਣਿਆ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਅਪਣੇ ਹੱਥੀਂ 22 ਮਈ 1839 ਨੂੰ ਰਾਜ ਤਿਲਕ ਲਾ ਕੇ ਮਹਾਰਾਜਾ ਥਾਪ ਦਿਤਾ ਸੀ। ਮਹਾਰਾਜਾ ਖੜਕ ਸਿੰਘ ਦਾ ਜਨਮ 1802 ਈ ਦੇ ਆਰੰਭ ਵਿਚ ਹੋਇਆ। ਜਦ ਖੜਕ ਸਿੰਘ ਨੇ ਜਨਮ ਲਿਆ ਤਾਂ ਪਹਿਲਾ ਪੁੱਤਰ ਹੋਣ ਕਰ ਕੇ ਸਾਰੇ ਦੇਸ਼ ਵਿਚ ਖ਼ੁਸ਼ੀਆਂ ਮਨਾਈਆਂ ਗਈਆਂ। ਮਹਾਰਾਜੇ ਨੇ ਤੋਸ਼ਾਖ਼ਾਨਾ ਦੇ ਦਰਵਾਜ਼ੇ ਖੋਲ੍ਹ ਦਿਤੇ। ਜੋ ਵੀ ਗ਼ਰੀਬ ਜਾਂ ਅਨਾਥ ਆਵੇ, ਖ਼ੁਸ਼ ਕਰ ਕੇ ਮੋੜਿਆ ਜਾਵੇ।

ਜਦ ਮਹਾਰਾਜਾ ਰਣਜੀਤ ਸਿੰਘ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ ਤਾਂ ਡੋਗਰਿਆਂ ਦਾ ਮਨ ਮੈਲ ਨਾਲ ਭਰ ਗਿਆ। ਉਨ੍ਹਾਂ ਇਹ ਗੱਲ ਮਨ ਵਿਚ ਧਾਰ ਲਈ ਕਿ ਕਿਵੇਂ-ਨਾ-ਕਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਪੁਤਰਾਂ ਨੂੰ ਖ਼ਤਮ ਕਰ ਕੇ ਅਪਣਾ ਰਾਜ ਕਾਇਮ ਕਰ ਲਿਆ ਜਾਵੇ। ਧਿਆਨ ਸਿੰਘ ਤੇ ਗ਼ੁਲਾਬ ਸਿੰਘ ਸਿੱਖ ਰਾਜ ਨੂੰ ਆਪਸ ਵਿਚ ਵੰਡੀ ਬੈਠੇ ਸਨ। ਧਿਆਨ ਸਿੰਘ ਲਾਹੌਰ ਤੇ ਗ਼ੁਲਾਬ ਸਿੰਘ ਜੰਮੂ ਕਸ਼ਮੀਰ ਤੇ ਉੱਤਰ ਪੂਰਬੀ ਹਿੱਸੇ ਤੇ ਰਾਜ ਕਰੇਗਾ। ਮਹਾਰਾਜਾ ਰਣਜੀਤ ਸਿੰਘ ਡੋਗਰਿਆਂ ਤੇ ਪਤਾ ਨਹੀ ਏਨਾ ਵਿਸ਼ਵਾਸ ਕਿਉਂ ਕਰਦੇ ਸਨ? ਉਹ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੂੰ ਅਪਣੀ ਪਾਲਕੀ ਵਿਚ ਬਿਠਾ ਲੈਂਦੇ।

ਧਿਆਨ ਸਿੰਘ ਡੋਗਰੇ ਨੇ ਇਹ ਤਾਂ ਵੇਖਿਆ ਨਾ ਕਿ ਜੇਕਰ ਮਹਾਰਾਜਾ ਮੇਰੇ ਬੱਚੇ ਨੂੰ ਲਾਡ ਲਡਾਉਂਦੇ ਰਹੇ ਹਨ ਤਾਂ ਮੈਂ ਵੀ ਇਨ੍ਹਾਂ ਦੇ ਸ਼ਹਿਜ਼ਾਦਿਆਂ ਦਾ ਪੂਰਾ ਖ਼ਿਆਲ ਰੱਖਾਂ। ਇਸ ਦੇ ਉਲਟ ਉਸ ਨੇ ਮਹਾਰਾਜੇ ਦੇ ਸਹਿਜ਼ਾਦੇ ਨੂੰ ਖ਼ਤਮ ਕਰ ਕੇ ਅਪਣੇ ਪੁੱਤਰ ਹੀਰਾ ਸਿੰਘ ਨੂੰ ਰਾਜ ਗੱਦੀ ਤੇ ਬਿਠਾਉਣ ਦੀ ਧਾਰ ਲਈ। ਧਿਆਨ ਸਿੰਘ ਡੋਗਰਾ, ਮਹਾਰਾਜਾ ਖੜਕ ਸਿੰਘ ਨੂੰ ਤਖ਼ਤ ਤੋਂ ਉਤਾਰ ਕੇ ਤੇ ਕੰਵਰ ਨੌਨਿਹਾਲ ਸਿੰਘ ਨੂੰ ਤਖ਼ਤ ਤੇ ਬਿਠਾ ਕੇ ਪਿਉ ਪੁੱਤ ਦੀ ਆਪਸ ਵਿਚ ਲੜਾਈ ਕਰਵਾਉਣੀ ਚਾਹੁੰਦਾ ਸੀ। ਜੇਕਰ ਪਿਉ ਪੁੱਤਰ ਆਪਸ ਵਿਚ ਲੜ ਪੈਣ ਤਾਂ ਸਾਡੇ ਵਾਸਤੇ ਰਾਹ ਪੱਧਰਾ ਹੋ ਜਾਵੇਗਾ, ਨਾਲ ਹੀ ਸ਼ੇਰ ਸਿੰਘ ਨੂੰ ਤਖ਼ਤ ਤੇ ਬਿਠਾਉਣ ਵਾਸਤੇ ਤਿਆਰ ਕਰ ਲਿਆ। ਇਹ ਕੰਮ ਕਰਨ ਵਾਸਤੇ ਧਿਆਨ ਸਿੰਘ ਨੇ ਮਹਾਰਾਜਾ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ ਤੇ ਸ਼ੇਰ ਸਿੰਘ ਨੂੰ ਆਪਸ ਵਿਚ ਪਾੜ ਦਿਤਾ ਪਰ ਕੁੱਝ ਸਰਦਾਰਾਂ ਨੇ ਵਿਚ ਪੈ ਕੇ ਦੋਹਾਂ ਭਰਾਵਾਂ ਵਿਚ ਸੁਲਾਹ ਕਰਵਾ ਦਿਤੀ।

ਕੰਵਰ ਨੌਨਿਹਾਲ ਸਿੰਘ ਪਿਸ਼ਾਵਰ ਦਾ ਗਵਰਨਰ ਸੀ। ਧਿਆਨ ਸਿੰਘ ਡੋਗਰੇ ਨੇ ਕੰਵਰ ਨੌਨਿਹਾਲ ਸਿੰਘ ਨੂੰ ਇਹ ਕਹਿ ਕੇ ਗੁਮਰਾਹ ਕਰ ਦਿਤਾ ਕਿ ਮਹਾਰਾਜਾ ਖੜਕ ਸਿੰਘ ਤੇ ਚੇਤ ਸਿੰਘ ਬਾਜਵਾ ਸਿੱਖ ਰਾਜ ਨੂੰ ਅੰਗਰੇਜ਼ਾਂ ਹਵਾਲੇ ਕਰਨਾ ਚਾਹੁੰਦੇ ਹਨ। ਨੌਨਿਹਾਲ ਸਿੰਘ ਨੇ ਇਸ ਗੱਲ ਨੂੰ ਸੱਚ ਮੰਨ ਲਿਆ। ਧਿਆਨ ਸਿੰਘ ਲਈ ਹੁਣ ਅਪਣੀ ਮਨਮਰਜ਼ੀ ਕਰਨ ਲਈ ਰਾਹ ਪੱਧਰਾ ਹੋ ਗਿਆ ਸੀ। ਇਹ ਗੱਲ ਧਿਆਨ ਸਿੰਘ ਨੇ ਸਿੱਖ ਫ਼ੌਜਾਂ ਕੋਲ ਵੀ ਕਰ ਦਿਤੀ ਕਿ ਤੁਹਾਨੂੰ ਮਹਾਰਾਜਾ ਖੜਕ ਸਿੰਘ ਪਾਸੇ ਕਰ ਕੇ ਅੰਗਰੇਜ਼ ਫ਼ੌਜਾਂ ਲਗਾਉਣ ਲਈ ਤਿਆਰ ਹੈ। ਸਿੱਖ ਫ਼ੌਜਾਂ ਨੇ ਵੀ ਧਿਆਨ ਸਿੰਘ ਦੀ ਗੱਲ ਮੰਨ ਲਈ। ਡੋਗਰੇ ਨੇ ਕਿਹਾ ਜੇਕਰ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨ ਨੂੰ ਕਾਇਮ ਰਖਣਾ ਹੈ ਤਾਂ ਖੜਕ ਸਿੰਘ ਨੂੰ ਗੱਦੀ ਤੋਂ ਉਤਾਰ ਦਿਤਾ ਜਾਵੇ। ਨੌਨਿਹਾਲ ਸਿੰਘ ਨੂੰ ਗੱਦੀ ਤੇ ਬਿਠਾਇਆ ਜਾਵੇ।

ਧਿਆਨ ਸਿੰਘ ਨੇ ਗੁਲਾਬ ਸਿੰਘ ਨੂੰ ਪਿਸ਼ਾਵਰ ਭੇਜ ਦਿਤਾ। ਉਥੇ ਗ਼ੁਲਾਬ ਸਿੰਘ, ਕੰਵਰ ਨੌਨਿਹਾਲ ਸਿੰਘ ਦੇ ਚੰਗੀ ਤਰ੍ਹਾਂ ਕੰਨ ਭਰ ਕੇ ਲਾਹੌਰ ਲੈ ਆਇਆ। ਧਿਆਨ ਸਿੰਘ ਡੋਗਰੇ ਨੇ ਸਿੱਖ ਰਾਜ ਡੋਬਣ ਵਿਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਲਾਹੌਰ ਕਿਲ੍ਹੇ ਅੰਦਰ ਗੁਪਤ ਮੀਟਿੰਗ ਹੋਈ। ਉਸ ਵਿਚ ਤਿੰਨੇ ਡੋਗਰੇ ਭਰਾ ਹਾਜ਼ਰ ਸਨ। ਕੰਵਰ ਨੌਨਿਹਾਲ ਸਿੰਘ, ਕੰਵਰ ਨੌਨਿਹਾਲ ਸਿੰਘ ਦੀ ਮਾਤਾ ਚੰਦ ਕੌਰ, ਚਾਰੇ  ਸੰਧਾਂਵਾਲੀਏ ਸਰਦਾਰ ਅਤਰ ਸਿੰਘ, ਲਹਿਣਾ ਸਿੰਘ, ਕੇਹਰ ਸਿੰਘ ਤੇ ਅਜੀਤ ਸਿੰਘ, ਰਾਜਾ ਹੀਰਾ ਸਿੰਘ, ਕੇਸਰੀ ਸਿੰਘ, ਲਾਲ ਸਿੰਘ ਤੇ ਗਾਰਡਨਰ ਸਿੰਘ ਹਾਜ਼ਰ ਸਨ।

ਹੁਣ ਅਪਣਾ ਜਾਦੂ ਚਲਾਉਣ ਦਾ ਧਿਆਨ ਸਿੰਘ ਡੋਗਰੇ ਕੋਲ ਸਮਾਂ ਸੀ। ਉਸ ਨੇ ਮਹਾਰਾਜਾ ਦੁਆਰਾ ਤੇ ਇਕ ਚੇਤ ਸਿੰਘ ਬਾਜਵਾ ਵਲੋਂ ਤਿਆਰ ਕੀਤਾ ਨਕਲੀ ਖ਼ਤ ਸਾਰਿਆਂ ਅੱਗੇ ਰੱਖ ਦਿਤਾ। ਇਹ ਖ਼ਤ ਵੇਖ ਕੇ ਸਾਰੇ ਭੜਕ ਪਏ। ਨੌਨਿਹਾਲ ਸਿੰਘ ਤੇ ਉਸ ਦੀ ਮਾਤਾ ਚੰਦ ਕੌਰ ਵੀ ਮਹਾਰਾਜੇ ਦੇ ਉਲਟ ਹੋ ਗਏ। ਜਦੋਂ ਧਿਆਨ ਸਿੰਘ ਡੋਗਰੇ ਨੂੰ ਪੁਛਿਆ ਗਿਆ ਇਸ ਦਾ ਹੱਲ ਕੀ ਹੋਣਾ ਚਾਹੀਦਾ ਹੈ ਤਾਂ ਧਿਆਨ ਸਿੰਘ ਡੋਗਰੇ ਨੇ ਕਿਹਾ, ‘‘ਜੇਕਰ ਸਿੱਖ ਰਾਜ ਬਚਾਉਣਾ ਹੈ ਤਾਂ ਚੇਤ ਸਿੰਘ ਬਾਜਵਾ ਨੂੰ ਪਾਰ ਬੁਲਾ ਦਿਤਾ ਜਾਵੇ ਤਾ ਕਿ ਅੱਗੇ ਤੋਂ ਅਜਿਹੀ ਹਰਕਤ ਹੋਰ ਕੋਈ ਕਰਨ ਦੀ ਹਿੰਮਤ ਨਾ ਕਰੇ। ਮਹਾਰਾਜਾ ਖੜਕ ਸਿੰਘ ਨੂੰ ਰਾਜਗੱਦੀ ਤੋਂ ਉਤਾਰ ਕੇ ਕੰਵਲ ਨੌਨਿਹਾਲ ਸਿੰਘ ਨੂੰ ਤਖ਼ਤ ਤੇ ਬਿਠਾ ਦਿਤਾ ਜਾਵੇ।’’

ਸੰਧਾਂਵਾਲੀਏ ਸਰਦਾਰ ਇਸ ਕੰਮ ਦੇ ਹੱਕ ਵਿਚ ਨਹੀਂ ਸਨ। ਧਿਆਨ ਸਿੰਘ ਡੋਗਰੇ ਨੇ ਸੰਧਾਂਵਾਲੀਆ ਨੂੰ ਹੱਕ ਵਿਚ ਕਰਨ ਲਈ ਇਹ ਗੱਲ ਕਹਿ ਦਿਤੀ, ‘‘ਮੈਨੂੰ ਤਾਂ ਇਹ ਤਬਦੀਲੀ ਕਰਨ ਦਾ ਕੋਈ ਫ਼ਰਕ ਨਹੀਂ ਪੈਣਾ ਜਾਂ ਦੱਸੋ ਮੈਨੂੰ ਇਸ ਗੱਲ ਵਿਚ ਕੀ ਲਾਲਚ ਹੈ, ਚਾਹੇ ਪਿਉ ਤਖ਼ਤ ਤੇ ਬੈਠੇ, ਚਾਹੇ ਪੁੱਤਰ ਬੈਠ ਜਾਵੇ? ਏਨੀ ਗੱਲ ਸੁਣ ਕੇ ਸੰਧਾਂਵਾਲੀਏ ਸਰਦਾਰ ਵੀ ਡੋਗਰੇ ਦੇ ਹੱਕ ਵਿਚ ਹੋ ਗਏ। ਦੂਜੇ ਪਾਸੇ, ਮਹਾਰਾਜਾ ਖੜਕ ਸਿੰਘ ਤੇ ਚੇਤ ਸਿੰਘ ਸੋਚ ਰਹੇ ਸਨ ਕਿ ਜੇਕਰ ਧਿਆਨ ਸਿੰਘ ਡੋਗਰੇ ਨੂੰ ਪਰੇ ਕਰ ਦਿਤਾ ਜਾਵੇ ਤਾਂ ਸਿੱਖ ਰਾਜ ਬਚਾਇਆ ਜਾ ਸਕਦਾ ਹੈ। ਕਹਿੰਦੇ ਹਨ ਜਦੋਂ ਘਰ ਦੇ ਬੰਦੇ ਹੀ ਦੁਸ਼ਮਣਾਂ ਨਾਲ ਰਲ ਜਾਣ ਤਾਂ ਘਰ ਦੀ ਬਰਬਾਦੀ ਦਾ ਮੁੱਢ ਬੱਝ ਜਾਂਦਾ ਹੈ। ਅੱਜ ਧਿਆਨ ਸਿੰਘ ਡੋਗਰੇ ਦਾ ਪ੍ਰਵਾਰ ਵਾਲੇ ਹੀ ਸਾਥ ਦੇ ਰਹੇ ਸਨ। ਧਿਆਨ ਸਿੰਘ ਡੋਗਰੇ ਨੇ ਮਨਮਰਜ਼ੀਆਂ ਕਰਨੀਆਂ ਸਨ, ਇਸ ਕਰ ਕੇ ਉਸ ਦੇ ਪੈਰ ਥੱਲੇ ਨਹੀਂ ਸੀ ਲੱਗ ਰਹੇ।

8 ਅਕਤੂਬਰ 1839 ਈ. ਨੂੰ ਸਰਦਾਰ ਸੰਧਾਂਵਾਲੀਏ, ਕੰਵਰ ਨੌਨਿਹਾਲ ਸਿੰਘ, ਤਿੰਨੇ ਡੋਗਰੇ ਭਰਾ, ਗਾਰਡਨਰ, ਰਾਉ ਕੇਸਰ ਸਿੰਘ, ਹੀਰਾ ਸਿੰਘ, ਲਾਲ ਸਿੰਘ ਇਹ ਸਾਰੇ ਇਕੱਠੇ ਹੋ ਕੇ ਸ਼ਾਹੀ ਮਹਿਲਾਂ ਵਲ ਜਾਣ ਖ਼ਾਤਰ ਜਦ ਕਿਲ੍ਹੇ ਦਾ ਗੇਟ ਵੜਨ ਲੱਗੇ ਤਾਂ ਗੇਟ ਤੇ ਖੜੇ ਦੋ ਪਹਿਰੇਦਾਰਾਂ ਨੇ ਪੁਛਿਆ ਇਸ ਵੇਲੇ ਕਿੱਧਰ ਜਾ ਰਹੇ ਹੋ? ਤਾਂ ਇਨ੍ਹਾਂ ਨੇ ਤਲਵਾਰ ਨਾਲ ਦੋਹਾਂ ਨੂੰ ਕਤਲ ਕਰ ਦਿਤਾ। ਅੱਗੇ ਮਹਾਰਾਜਾ ਦਾ ਗੜਵਈ ਮਿਲ ਪਿਆ, ਉਹ ਵੀ ਧਿਆਨ ਸਿੰਘ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਗੋਲੀ ਦਾ ਖੜਾਕ ਸੁਣ ਕੇ ਮਹਾਰਾਜੇ ਕੋਲ ਸੁੱਤਾ ਪਿਆ ਚੇਤ ਸਿੰਘ ਬਾਜਵਾ ਉੱਠ ਕੇ ਲੁੱਕ ਗਿਆ। ਖੜਾਕ ਸੁਣ ਕੇ ਚੰਦ ਕੌਰ ਵੀ ਮਹਾਰਾਜੇ ਕੋਲ ਆ ਗਈ। ਡੋਗਰਿਆਂ ਦੇ ਜਾਣ ਸਾਰ ਮਹਾਰਾਜਾ ਖੜਕ ਸਿੰਘ ਨੂੰ ਕਾਬੂ ਕਰ ਲਿਆ। ਫਿਰ ਚੇਤ ਸਿੰਘ ਬਾਜਵੇ ਨੂੰ ਲੱਭ ਕੇ ਮਹਾਰਾਜਾ ਖੜਕ ਸਿੰਘ ਦੇ ਮੂਹਰੇ ਲਿਆ ਖੜਾ ਕੀਤਾ। ਧਿਆਨ ਸਿੰਘ ਨੇ ਮਹਾਰਾਜੇ ਦੀ ਇਕ ਨਾ ਸੁਣੀ। ਚੇਤ ਸਿੰਘ ਨੇ ਵੀ ਅਪਣੀ ਜਾਨ ਬਚਾਉਣ ਖ਼ਾਤਰ ਬਥੇਰੇ ਵਾਸਤੇ ਪਾਏ ਪਰ ਕਿਸੇ ਨੇ ਉਸ ਦੀ ਇਕ ਨਾ ਮੰਨੀ। ਉਸ ਨੂੰ ਮਹਾਰਾਜਾ ਖੜਕ ਸਿੰਘ ਦੀਆਂ ਅੱਖਾਂ ਸਾਹਮਣੇ ਕਤਲ ਕਰ ਦਿਤਾ। ਧਿਆਨ ਸਿੰਘ ਤਾਂ ਮਹਾਰਾਜਾ ਨੂੰ ਗੋਲੀ ਮਾਰ ਕੇ ਪਾਰ ਬਲਾਉਣ ਨੂੰ ਫਿਰਦਾ ਸੀ ਪਰ ਮਹਾਰਾਣੀ ਚੰਦ ਕੌਰ ਤੇ ਕੰਵਰ ਨੌਨਿਹਾਲ ਸਿੰਘ ਕੋਲ ਹੋਣ ਕਰ ਕੇ ਇਹ ਕੰਮ ਨਾ ਹੋ ਸਕਿਆ।

ਧਿਆਨ ਸਿੰਘ ਡੋਗਰੇ ਦੀ ਦੇਖ ਰੇਖ ਹੇਠ ਮਹਾਰਾਜਾ ਖੜਕ ਸਿੰਘ ਨੂੰ ਲਾਹੌਰੀ ਦਰਵਾਜ਼ੇ ਅੰਦਰ ਸ਼ਾਹੀ ਹਵੇਲੀ ਵਿਚ ਰਖਿਆ ਗਿਆ। ਧਿਆਨ ਸਿੰਘ ਡੋਗਰੇ ਨੇ ‘ਸਫ਼ੈਦ ਕਸਕਰੀ’ ਅਤੇ ‘ਰਸ ਕਪੂਰ’ ਦੋਵੇਂ ਜ਼ਹਿਰ ਰੋਟੀ ਵਿਚ ਮਿਲਾ ਕੇ  ਮਹਾਰਾਜਾ ਖੜਕ ਸਿੰਘ ਨੂੰ ਦੇਣੇ ਸ਼ੁਰੂ ਕਰ ਦਿਤੇ। ਧਿਆਨ ਸਿੰਘ ਨੇ ਇਥੇ ਹੀ ਬਸ ਨਹੀਂ ਕੀਤਾ, ਪਿਉ ਪੁੱਤਰ ਵਿਚ ਜ਼ਹਿਰ ਘੋਲੀ ਰਖਿਆ। ਮਹਾਰਾਜਾ ਖੜਕ ਸਿੰਘ ਦੇ ਜਿਊਂਦੇ ਜੀਅ ਉਸ ਦੇ ਪੁੱਤਰ ਨੌਨਿਹਾਲ ਸਿੰਘ ਨੂੰ ਉਸ ਨਾਲ ਮਿਲਣ ਨਾ ਦਿਤਾ ਗਿਆ।

ਅਖ਼ੀਰ ਮਹਾਰਾਜਾ ਖੜਕ ਸਿੰਘ 5 ਨਵੰਬਰ 1840 ਈ. ਨੂੰ ਇਕ ਸਾਲ ਅਠਾਈ ਦਿਨ ਨਜ਼ਰਬੰਦ ਰਹਿ ਕੇ ਅਕਾਲ ਚਲਾਣਾ ਕਰ ਗਏ। ਮੌਤ ਤੋਂ ਬਾਅਦ ਹੀ ਉਸ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੂੰ ਹਵੇਲੀ ਬੁਲਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਨਾਲ ਹੀ ਮਹਾਰਾਜਾ ਖੜਕ  ਸਿੰਘ ਦੀ ਚਿਖਾ ਤਿਆਰ ਕੀਤੀ ਗਈ। ਮਹਾਰਾਣੀ ਚੰਦ ਕੌਰ ਨੂੰ ਛੱਡ ਕੇ ਦੋ ਰਾਣੀਆਂ ਤੇ ਗਿਆਰਾਂ ਗੋਲੀਆਂ ਨੂੰ ਚਿਖਾ ਵਿਚ ਬਿਠਾ ਦਿਤਾ ਗਿਆ। ਮਹਾਰਾਜਾ ਕੰਵਰ ਨੌਨਿਹਾਲ ਸਿੰਘ ਨੇ ਚਿਖਾ ਨੂੰ ਅਗਨੀ ਵਿਖਾਈ। ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਬਲਣ ਤੋਂ ਇਕ ਸਾਲ ਚਾਰ ਕੁ ਮਹੀਨੇ ਬਾਅਦ ਸਿੱਖ ਰਾਜ ਦੇ ਦੂਸਰੇ ਰਾਜੇ ਦੀ ਅਠੱਤੀ ਸਾਲ ਦੀ ਉਮਰ ਵਿਚ ਹੀ ਚਿਖਾ ਬਲ ਗਈ।
ਸੁੱਖਵਿੰਦਰ ਸਿੰਘ ਮੁੱਲਾਂਪੁਰ
ਸੰਪਰਕ : 99141-84794