Let's light up the lives of others : ਆਉ ਦੂਜਿਆਂ ਦੀ ਜ਼ਿੰਦਗੀ ਨੂੰ ਰੁਸ਼ਨਾਈਏ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

Let's light up the lives of others: ਮਰਨ ਉਪਰੰਤ ਜੇਕਰ ਕੋਈ ਤੁਹਾਡੀਆਂ ਅੱਖਾਂ ਨਾਲ ਜ਼ਿੰਦਗੀ ਦੇ ਰੰਗ ਵੇਖ ਸਕਦਾ ਹੈ ਤਾਂ ਸ਼ਾਇਦ ਇਸ ਤੋਂ ਵੱਡਾ ਦਾਨ ਕੋਈ ਨਹੀਂ ਹੋਵੇਗਾ

Let's light up the lives of others

Let's light up the lives of others: ਭਾਰਤ ਦੀ ਸੰਘਣੀ ਆਬਾਦੀ ਹੋਣ ਕਰ ਕੇ ਇਥੇ ਲੱਖਾਂ ਦੀ ਗਿਣਤੀ ਵਿਚ ਅਜਿਹੇ ਲੋਕ ਹਨ ਜਿਹੜੇ ਅੰਨ੍ਹੇਪਣ ਦੇ ਸ਼ਿਕਾਰ ਹਨ ਜਿਨ੍ਹਾਂ ਦੀ ਪੂਰੀ ਜ਼ਿੰਦਗੀ ਸਿਰਫ਼ ਹਨੇਰੇ ਵਿਚ ਹੀ ਗੁਜ਼ਰਦੀ ਹੈ ਪਰ ਜੇ ਅਸੀਂ ਚਾਹੀਏ ਤਾਂ ਨੇਤਰਹੀਣਾਂ ਦੀ ਜ਼ਿੰਦਗੀ ਵਿਚ ਵੀ ਰੰਗ ਭਰ ਸਕਦੇ ਹਾਂ। ਮੈਂ ਗੱਲ ਕਰ ਰਹੀਂ ਹਾਂ ‘ਅੱਖਾਂ ਦਾਨ’ ਦੀ ਜੋ ਇਕ ਅਜਿਹਾ ਦਾਨ ਹੈ ਜਿਸ ਨਾਲ ਅਸੀ ਦੂਜਿਆਂ ਦੀ ਜ਼ਿੰਦਗੀ ਨੂੰ ਰੁਸ਼ਨਾਅ ਸਕਦੇ ਹਾਂ। ਭਾਰਤ ਵਿਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮੌਤ ਦਾ ਸ਼ਿਕਾਰ ਹੁੰਦੇ ਹਨ ਫਿਰ ਚਾਹੇ ਉਸ ਦਾ ਕਾਰਨ ਕੋਈ ਸੜਕ ਦੁਰਘਟਨਾ ਹੋਵੇ ਜਾਂ ਅਚਨਚੇਤ ਮੌਤ। ਜੇ ਇਨਸਾਨ ਜਿਉਂਦੇ ਜੀਅ ਅੱਖਾਂ ਦਾਨ ਕਰਦਾ ਹੈ ਤਾਂ ਮਰਨ ਉਪਰੰਤ ਉਸ ਦੀਆਂ ਅੱਖਾਂ ਕਿਸੇ ਨੇਤਰਹੀਣ ਦੇ ਕੰਮ ਆ ਸਕਦੀਆਂ ਹਨ ਅਤੇ ਉਸ ਦੇ ਜੀਵਨ ਨੂੰ ਰੌਸ਼ਨ ਕਰ ਸਕਦੀਆਂ ਹਨ।

ਸਿਹਤ ਅਤੇ ਪ੍ਰਵਾਰ ਭਲਾਈ ਵਿਭਾਗ ਪੰਜਾਬ ਵਲੋਂ ਵੀ ਹਰ ਵਰ੍ਹੇ 25 ਅਗੱਸਤ ਤੋਂ 8 ਸਤੰਬਰ ਤਕ ਅੱਖਾਂ ਦਾਨ ਸਬੰਧੀ ਪੰਦਰਵਾੜਾ ਮਨਾਇਆ ਜਾਂਦਾ ਹੈ, ਤਾਂ ਜੋ ਆਮ ਲੋਕਾਂ ਵਿਚ ਅੱਖਾਂ ਦਾਨ ਸਬੰਧੀ ਵਧੇਰੇ ਜਾਗਰੂਕਤਾ ਲਿਆਂਦੀ ਜਾ ਸਕੇ। ਲੋਕਾਂ ਵਿਚ ਅੱਖਾਂ ਦਾਨ ਸਬੰਧੀ ਜਾਣਕਾਰੀ ਦੀ ਘਾਟ ਕਾਰਨ ਹੀ ਹਜ਼ਾਰਾ ਲੋਕ ਜੋ ਅੱਖਾਂ ਦੀ ਰੌਸ਼ਨੀ ਤੋਂ ਵਾਂਝੇ ਹਨ, ਨੂੰ ਸਾਰੀ ਉਮਰ ਕਾਲੇ ਹਨੇਰੇ ਵਿਚ ਜ਼ਿੰਦਗੀ ਜਿਉਣੀ ਪੈਂਦੀ ਹੈ। ਜੇਕਰ ਉਦਾਹਰਣ ਵਜੋਂ ਵੇਖੀਏ ਤਾਂ ਘਰ ਵਿਚ ਲਾਈਟ ਜਾਣ ’ਤੇ ਇੰਜ ਜਾਪਣ ਲੱਗ ਪੈਂਦਾ ਹੈ ਕਿ ਹੁਣ ਹਨੇਰੇ ਵਿਚ ਕੋਈ ਕੰਮ ਨਹੀਂ ਹੋਵੇਗਾ ਤੇ ਅਸੀ ਸਾਰੇ ਲਾਈਟ ਆਉਣ ਦੀ ਉਡੀਕ ਕਰਦੇ ਹਾਂ ਕਿਉਂਕਿ ਸਾਨੂੰ ਹਨੇਰੇ ਅਤੇ ਰੌਸ਼ਨੀ ਦਾ ਫ਼ਰਕ ਚੰਗੀ ਤਰ੍ਹਾਂ ਪਤਾ ਹੈ। ਜੇ ਅਸੀ ਇਕ ਛਿਣ ਲਈ ਉਨ੍ਹਾਂ ਨੇਤਰਹੀਣਾਂ ਬਾਰੇ ਸੋਚੀਏ ਕਿ ਕਿਵੇਂ ਉਹ ਅਪਣਾ ਸਾਰਾ ਜੀਵਨ ਹਨੇਰੇ ਵਿਚ ਕਢਦੇ ਹਨ ਤਾਂ ਸ਼ਾਇਦ ਅਸੀ ਅੱਖਾਂ ਦਾਨ ਕਰਨ ਦੀ ਭਾਵਨਾ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ।

ਮਰਨ ਉਪਰੰਤ ਜੇਕਰ ਕੋਈ ਤੁਹਾਡੀਆਂ ਅੱਖਾਂ ਨਾਲ ਜ਼ਿੰਦਗੀ ਦੇ ਰੰਗ ਵੇਖ ਸਕਦਾ ਹੈ ਤਾਂ ਸ਼ਾਇਦ ਇਸ ਤੋਂ ਵੱਡਾ ਦਾਨ ਕੋਈ ਨਹੀਂ ਹੋਵੇਗਾ। ਸਾਨੂੰ ਲੋੜ ਹੈ ਕਿ ਅਸੀ ਅਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰੀਏ। ਛੋਟੀ ਜਿਹੀ ਪਹਿਲ ਨਾਲ ਅਸੀ ਸਮਾਜ ਵਿਚ ਵੱਡਾ ਬਦਲਾਅ ਲਿਆ ਸਕਦੇ ਹਾਂ। ਜ਼ਿਕਰਯੋਗ ਹੈ ਕਿ ਅੱਖਾਂ ਦਾਨ ਕਰਨ ਦੀ ਕੋਈ ਉਮਰ ਨਹੀਂ ਹੁੰਦੀ। ਅੱਖਾਂ ਦਾਨ ਕਰਨ ਵਾਲਾ ਇਕ ਵਿਅਕਤੀ ਦੋ ਅੰਨ੍ਹੇ ਲੋਕਾਂ ਨੂੰ ਰੌਸ਼ਨੀ ਦੇ ਸਕਦਾ ਹੈ। ਆਮ ਲੋਕਾਂ ਵਿਚ ਅੱਖਾਂ ਦਾਨ ਨੂੰ ਲੈ ਕਿ ਇਹ ਵਹਿਮ ਬਣਿਆ ਹੋਇਆ ਹੈ ਕਿ ਦਾਨ ਵੇਲੇ ਵਿਅਕਤੀ ਦੀ ਪੂਰੀ ਅੱਖ ਕੱਢ ਦਿਤੀ ਜਾਂਦੀ ਹੈ ਜਦ ਕਿ ਅੱਖਾਂ ਦੇ ਮਾਹਰ ਦਸਦੇ ਹਨ ਕਿ ਇਸ ਤਰ੍ਹਾਂ ਦਾ ਕੁੱਝ ਵੀ ਨਹੀਂ ਕੀਤਾ ਜਾਂਦਾ ਸਗੋਂ ਅੱਖਾਂ ਦੀ ਇਕ ਪਾਰਦਰਸ਼ੀ ਪਰਤ ਹੁੰਦੀ ਹੈ, ਜਿਸ ਨੂੰ ਕਾਰਨੀਆ ਕਿਹਾ ਜਾਂਦਾ ਹੈ ਤੇ ਸਿਰਫ਼ ਉਸ ਭਾਗ ਨੂੰ ਹੀ ਕੱਢਿਆ ਜਾਂਦਾ ਹੈ। ਇਸ ਨਾਲ ਅੱਖਾਂ ਵਿਚ ਅਤੇ ਮੂੰਹ ’ਤੇ ਕਿਸੇ ਤਰ੍ਹਾਂ ਦਾ ਕੋਈ ਵੀ ਜ਼ਖ਼ਮ ਨਹੀਂ ਹੁੰਦਾ।

ਜਿਹੜੇ ਵਿਅਕਤੀ ਏਡਜ਼, ਰੇਬੀਜ਼, ਹੈਪਾਟਾਈਟਿਸ ਬੀ-ਸੀ, ਟੇਟਨਸ ਆਦਿ ਦੀ ਬਿਮਾਰੀ ਤੋਂ ਪੀੜੀਤ ਹਨ ਉਹ ਵਿਅਕਤੀ ਅੱਖਾਂ ਦਾਨ ਨਹੀਂ ਕਰ ਸਕਦੇ। ਅੱਖਾਂ ਦਾਨ ਕਰਨ ਦਾ ਸਮਾਂ ਮੌਤ ਉਪਰੰਤ 4 ਤੋਂ 6 ਘੰਟੇ ਵਿਚਕਾਰ ਦਾ ਹੁੰਦਾ ਹੈ। ਅੱਖਾਂ ਦਾਨ ਕਰਨ ਵਿਚ 10 ਤੋਂ 15 ਮਿੰਟ ਦਾ ਸਮਾਂ ਲਗਦਾ ਹੈ। ਅੱਖਾਂ ਦਾਨ ਨਾਲ ਅੰਨ੍ਹੇ ਵਿਅਕਤੀ ਨੂੰ ਸਿਰਫ਼ ਅਪਣੀ ਜ਼ਿੰਦਗੀ ਵਿਚ ਰੰਗ ਹੀ ਨਹੀਂ ਮਿਲਣਗੇ ਸਗੋਂ ਜਿਉਣ ਦਾ ਮਕਸਦ, ਜ਼ਿੰਦਗੀ ’ਚ ਕੁੱਝ ਬਣਨ ਦੀ ਇੱਛਾ, ਵਿਆਹੁਤਾ ਜੀਵਨ, ਉਮਰ ਭਰ ਦੇ ਰੰਗੀਨ ਪਲ ਉਸ ਨੂੰ ਮਿਲ ਜਾਣਗੇ। ਆਉ ਸਾਰੇ ਅੱਖਾਂ ਦਾਨ ਕਰਨ ਲਈ ਅੱਗੇ ਵਧੀਏ।  
ਕਿਵੇਂ ਕਰੀਏ ਅੱਖਾਂ ਦਾਨ : ਅੱਖਾਂ ਦਾਨ ਕਰਨ ਸਬੰਧੀ ਫਾਰਮ ਸਮੂਹ ਸਰਕਾਰੀ ਹਸਪਤਾਲਾਂ ਅਤੇ ਸਬ-ਡਵੀਜ਼ਨਲ ਹਸਪਤਾਲਾਂ, ਸਰਕਾਰੀ ਮੈਡੀਕਲ ਕਾਲਜਾਂ ਵਿਚ ਉਪਲਬਧ ਹਨ। ਆਨ ਲਾਈਨ ਰਜਿਸਟ੍ਰੇਸ਼ਨ ਲਈ ਲਿੰਕ - https:// nhm.punjab.gov.in/5ye_donation