ਇਹ ਸ਼ਰਧਾ ਹੈ ਜਾਂ ਮੂਰਖਤਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਭਾਰਤ ਵਿਚ ਜਿੰਨੀ ਆਬਾਦੀ ਹੈ ਉਨੇ ਰੱਬ ਤਾਂ ਜ਼ਰੂਰ ਹੋਣਗੇ।

Devotion or stupidity

ਧਰਮਾਂ ਦੀਆਂ ਮਨੌਤਾਂ ਅਨੁਸਾਰ ਜੋ ਕੁੱਝ ਕਰਦਾ ਹੈ ਰੱਬ ਕਰਦਾ ਹੈ। ਬੰਦੇ ਦੇ ਹੱਥ ਵੱਸ ਕੁੱਝ ਨਹੀਂ। ਅਮੀਰ-ਗ਼ਰੀਬ, ਜਾਤ-ਪਾਤ, ਇੱਜ਼ਤ, ਅਪਮਾਨ, ਅਮਨ ਤੇ ਜੰਗ, ਗਿਆਨ, ਅਗਿਆਨ, ਸੱਭ ਪਰਮੇਸ਼ਰ ਦੇ ਹੱਥ ਹੈ। ਇਸ ਪ੍ਰਚਾਰ ਰਾਹੀਂ ਆਮ ਇਨਸਾਨ ਨੂੰ ਕੁੱਝ ਵੀ ਕਰਨ ਤੋਂ ਰੋਕ ਦਿਤਾ ਗਿਆ ਹੈ। ਮਨੁੱਖ ਨੂੰ ਮਿਹਨਤੀ ਬਣਾਉਣ ਦੀ ਥਾਂ ਆਲਸੀ ਤੇ ਦਰਿੰਦਾ ਬਣਾ ਧਰਿਆ ਹੈ, ਪਾਰਖੂ ਨਹੀਂ ਅੰਧਵਿਸ਼ਵਾਸੀ ਬਣਾ ਦਿਤਾ ਹੈ। ਗਿਆਨਵਾਨ ਨਹੀਂ ਬਣਨ ਦਿਤਾ, ਅੰਧਵਿਸ਼ਵਾਸੀ ਜਾਂ ਸ਼ਰਧਾਲੂ ਬਣਾਇਆ ਹੈ। ਇਹ ਸੱਭ ਪਾਖੰਡ ਚਾਲਬਾਜ਼ ਪੁਜਾਰੀ ਵਰਗ ਨੂੰ ਰਾਸ ਆਉਂਦੇ ਹਨ।

ਜਾਅਲਸਾਜ਼ੀਆਂ ਨੂੰ ਵੇਖੋ,  ਬ੍ਰਾਹਮਣ ਦੇ ਲਿਖੇ ਮੁਤਾਬਕ ਬ੍ਰਾਹਮਣ ਤੋਂ ਬਿਨਾਂ ਹੋਰ ਕਿਸੇ ਜਾਤ ਵਾਲੇ ਨੂੰ ਸੰਸਕ੍ਰਿਤ ਪੜ੍ਹਨ ਦੀ ਇਜਾਜ਼ਤ ਨਹੀਂ। ਹੁਣ ਜੇਕਰ ਮਨੁੱਖ ਨੇ ਸੰਸਕ੍ਰਿਤ ਪੜ੍ਹੀ ਹੀ ਨਹੀਂ ਤਾਂ ਉਸ ਵਿਚ ਲਿਖਿਆ, ਜੇਕਰ ਕੋਈ ਪੜ੍ਹ ਕੇ ਸੁਣਾਵੇ ਤਾਂ ਸ੍ਰੋਤੇ ਦੇ ਕੁੱਝ ਪੱਲੇ ਨਹੀਂ ਪਵੇਗਾ। ਪੁਜਾਰੀ ਤਿੰਨ ਕਰੇ ਤੇਰ੍ਹਾਂ ਕਰੇ, ਪ੍ਰਸ਼ੰਸਾ ਕਰੇ ਭਾਵੇਂ ਗਾਲ੍ਹਾਂ ਕੱਢੇ, ਸ਼ਰਧਾਲੂ ਨੂੰ ਕੁੱਝ ਪਤਾ ਨਹੀਂ ਹੁੰਦਾ। ਸੇਵਕ ਨੇ ਸਿਰ ਝੁਕਾਉਣਾ ਹੈ ਤੇ ਭੇਟਾ ਦੇਣੀ ਹੈ। ਇਹੀ ਤਰੀਕਾ ਸਿੱਖ ਪੁਜਾਰੀਆਂ ਨੇ ਗੁਰਦਵਾਰਿਆਂ ਵਿਚ ਚਾਲੂ ਰਖਿਆ ਹੋਇਆ ਹੈ। ਗੁਰਬਾਣੀ ਦੇ ਪਾਠ, ਅਖੰਡ ਪਾਠ, ਗਿਆਰਾਂ ਅਖੰਡ ਪਾਠ। ਇਕ ਸੌ ਇਕ (101) ਅਖੰਡ ਪਾਠ। ਲੱਖਾਂ ਰੁਪਏ ਦੀ ਬਰਬਾਦੀ, ਕੀਮਤੀ ਸਮਾਂ ਵਿਅਰਥ ਗਿਆ। ਗੁਰਬਾਣੀ ਦਾ ਇਕ ਵੀ ਸ਼ਬਦ ਸਮਝਾਇਆ ਨਹੀਂ ਗਿਆ।

ਅਗਿਆਨਤਾ ਕਾਰਨ ਸਿੱਖ ਅਖਵਾਉਣ ਵਾਲੇ ਅਖੰਡ ਪਾਠ ਵੀ ਕਰਵਾਉਂਦੇ ਹਨ। ਬਾਬਿਆਂ ਸਾਧਾਂ ਦੇ ਡੇਰਿਆਂ ਉਤੇ ਵੀ ਹਾਜ਼ਰੀਆਂ ਭਰਦੇ ਹਨ। ਮੜ੍ਹੀਆਂ, ਕਬਰਾਂ ਤੇ ਪੀਰਾਂ ਖ਼ੁਆਜਿਆਂ ਅੱਗੇ ਨੱਕ ਵੀ ਰਗੜਦੇ ਹਨ। ਧਾਗਾ, ਤਵੀਤ, ਜਾਦੂ-ਟੂਣਾ, ਸ਼ੁੱਭ, ਅਸ਼ੁੱਭ ਸੱਭ ਕੁੱਝ ਮੰਨੀ ਜਾਂਦੇ ਹਨ। ਕਾਰਨ ਹੈ ਅੰਧਵਿਸ਼ਵਾਸ, ਸ਼ਰਧਾ, ਅਗਿਆਨਤਾ। 'ਸ਼ਰਧਾ'ਸ਼ਬਦ ਨੂੰ ਜੇਕਰ ਸੰਧੀ ਛੇਦ ਕਰ ਕੇ ਲਿਖੀਏ ਤਾਂ ਹੋਵੇਗਾ, 'ਸ਼ਰਧਾ+ਉਲੂ, ਸ਼ਰਧਾਲੂ। ਗਿਆਨਹੀਣ ਉਲੂ ਵਰਗਾ ਮਨੁੱਖ।

26-9-2015 ਨੂੰ ਇਕ ਹਿੰਦੀ ਚੈਨਲ ਤੇ ਸ਼ਾਮ ਵੇਲੇ ਇਕ ਬੜੀ ਦਿਲਚਸਪ ਵਾਰਤਾ ਵਿਖਾਈ ਗਈ। ਪੱਤਰਕਾਰ ਨੇ ਦਸਿਆ ਕਿ 27 ਸਾਲ ਪਹਿਲਾਂ ਰਾਜਸਥਾਨ ਸੂਬੇ ਦੇ ਪਿੰਡ ਪਾਲੀ ਵਿਖੇ ਮੋਟਰਸਾਈਕਲ ਸਵਾਰ ਨੌਜੁਆਨ ਦਾ ਦੁਖਦਾਈ ਐਕਸੀਡੈਂਟ ਹੋ ਗਿਆ। ਨਵਾਂ ਨਕੋਰ ਬੁਲਟ ਮੋਟਰ ਸਾਈਕਲ ਖ਼ਰੀਦੇ ਨੂੰ ਥੋੜੇ ਦਿਨ ਹੀ ਹੋਏ ਸਨ। ਹਾਦਸੇ ਦੌਰਾਨ ਨੌਜੁਆਨ ਦੀ ਮੌਤ ਹੋ ਗਈ। ਕਾਨੂੰਨੀ ਕਾਰਵਾਈ ਵਾਸਤੇ ਨੌਜੁਆਨ ਨੂੰ ਹਸਪਤਾਲ ਪੋਸਟ ਮਾਰਟਮ ਲਈ ਭੇਜ ਦਿਤਾ।

ਮੋਟਰਸਾਈਕਲ ਥਾਣੇ ਵਿਚ ਲੈ ਆਂਦਾ। ਦਸ ਕੁ ਦਿਨਾਂ ਮਗਰੋਂ ਇਕ ਬੰਦੇ ਨੇ ਅਪਣੇ ਦੋਸਤਾਂ ਵਿਚ ਗੱਲ ਕੀਤੀ ਕਿ ਮੈਂ ਇਕ ਵੱਡੀ ਮੁਸੀਬਤ ਵਿਚ ਫੱਸ ਗਿਆ ਸਾਂ। ਮੈਂ ਦੇਵੀ, ਦੇਵਤਿਆਂ ਅੱਗੇ ਤਰਲੇ ਕੀਤੇ ਕਿ ਮੈਨੂੰ ਬਚਾਅ ਲਉ। ਦੇਵਤਿਆਂ ਨੇ ਮੇਰੀ ਪੁਕਾਰ ਸੁਣ ਲਈ। ਇਕ ਨੌਜੁਆਨ ਬੁਲਟ ਮੋਟਰ ਸਾਈਕਲ ਤੇ ਸਵਾਰ ਹੋ ਕੇ ਮੇਰੇ ਕੋਲ ਆਇਆ ਤੇ ਮੈਨੂੰ ਸਹੀ ਸਲਾਮਤ ਮੁਸੀਬਤ ਵਿਚੋਂ ਕੱਢ ਕੇ ਲੈ ਗਿਆ। ਇਸ ਤੋਂ ਮਗਰੋਂ ਹੋਰ ਕਈ ਸਾਰੇ ਲੋਕਾਂ ਨੇ ਦਸਿਆ ਕਿ ਸਾਨੂੰ ਵੀ ਬੁਲਟ ਸਵਾਰ ਮੁੰਡੇ ਨੇ ਬਚਾਇਆ ਹੈ। ਫਿਰ ਥਾਣੇ ਵਿਚੋਂ ਕਰਾਮਾਤੀ ਤਰੀਕੇ ਨਾਲ ਮੋਟਰ ਸਾਈਕਲ ਬਾਹਰ ਆਉਣ ਦੀ ਗੱਲ ਫੈਲ ਗਈ।

ਥਾਣੇ ਵਿਚ ਖੜੇ ਮੋਟਰ ਸਾਈਕਲ ਨੂੰ ਮੱਥਾ ਟੇਕਣ ਵਾਲਿਆਂ ਦੀ ਲਾਈਨ ਲੱਗ ਗਈ। ਸ਼ਰਧਾਲੂ ਲੰਮੇ ਪੈ-ਪੈ ਡੰਡੌਤ ਕਰਨ ਲੱਗੇ। ਮੋਟਰ ਸਾਈਕਲ ਅੱਗੇ ਮਾਇਆ ਦੇ ਢੇਰ ਲੱਗਣ ਲੱਗ ਪਏ। ਪੁਲਿਸ ਵਾਲਿਆਂ ਲਈ ਬੁਲਟ ਮੋਟਰ ਸਾਈਕਲ ਕਮਾਈ ਦਾ ਸਾਧਨ ਬਣ ਗਿਆ। ਥਾਣੇ ਵਿਚ ਏਨੀ ਭੀੜ ਬਰਦਾਸ਼ਤ ਕਰਨੀ ਔਖੀ ਸੀ। ਵੱਡੇ ਅਫ਼ਸਰ ਵਲੋਂ ਥਾਣਾ ਇੰਚਾਰਜ ਨੂੰ ਝਿੜਕਿਆ ਗਿਆ। ਵੇਖਣਾ ਕਿਤੇ ਥਾਣੇ ਨੂੰ ਮੰਦਰ ਨਾ ਬਣਾ ਦਿਉ। ਉਦੋਂ ਸਿਆਣਪ ਵਰਤਦਿਆਂ ਥਾਣਾ ਮੁਖੀ ਨੇ ਬਾਹਰਲੀ ਸੜਕ ਦੇ ਨਾਲ ਛੋਟਾ ਜਿਹਾ ਕਮਰਾ ਬਣਵਾ ਦਿਤਾ। ਅਜਿਹਾ ਪ੍ਰਬੰਧ ਕੀਤਾ ਕਿ ਸ਼ੀਸ਼ੇ ਰਾਹੀਂ ਬੁਲਟ ਦੇਵਤੇ ਦੇ ਦਰਸ਼ਨ ਕੀਤੇ ਜਾ ਸਕਣ। ਸ਼ਰਧਾ ਮੁਤਾਬਕ ਮਾਇਆ ਸਮਗਰੀ ਅਰਪਣ ਕਰ ਸਕਣ।

ਬੁਲਟ ਦੇਵਤੇ ਦੀ ਸਾਰੇ ਪਾਸੇ ਧੁੰਮ ਪੈ ਗਈ, ਮੰਨਤਾਂ ਪੂਰੀਆਂ ਹੋਣ ਲਗੀਆਂ। ਲਾਗੇ ਵਾਲੀ ਸੜਕ ਤੇ ਹੌਲੀ-ਹੌਲੀ ਦੁਕਾਨਾਂ ਸੱਜ ਗਈਆਂ। ਦੁਕਾਨਾਂ ਤੋਂ ਬੁਲਟ ਦੇਵਤੇ ਲਈ ਪੂਜਾ ਦੀ ਸਮੱਗਰੀ ਮਿਲਣ ਲੱਗ ਪਈ। ਪੁਲਿਸ ਅਫ਼ਸਰਾਂ ਨਾਲ ਕਮਿਸ਼ਨ ਦਾ ਹਿੱਸਾ ਨਿਰਧਾਰਤ ਕਰ ਕੇ ਪੁਜਾਰੀ ਆ ਕੇ ਬੈਠ ਗਏ। ਬੁਲਟ ਦੇਵਤੇ ਲਈ ਮੰਦਰ ਬਣ ਗਿਆ, ਮੂਰਤੀ ਰੱਖ ਦਿਤੀ ਗਈ। ਇਸ ਸੜਕ ਤੋਂ ਲੰਘਣ ਵਾਲੀ ਹਰ ਗੱਡੀ ਇਥੇ ਰੁਕਦੀ, ਡਾਈਵਰ ਜਾਂ ਮਾਲਕ ਉਤਰ ਕੇ ਬੁਲਟ ਦੇਵਤੇ ਨੂੰ ਮੱਥਾ ਟੇਕਦਾ, ਮਾਇਆ ਅਰਪਣ ਕਰਦਾ, ਫਿਰ ਅੱਗੇ ਲੰਘਦਾ, ਜਿਹੜੀ ਗੱਡੀ ਇਥੇ ਨਾ ਰੁਕਦੀ, ਕਹਿੰਦੇ ਨੇ ਉਸ ਨਾਲ ਹਾਦਸਾ ਵਾਪਰ ਜਾਂਦਾ।

ਗੱਡੀਆਂ ਨੂੰ ਰੋਕਣ ਵਾਸਤੇ ਲੱਠਮਾਰ ਗੁੰਡੇ ਸੜਕ ਤੇ ਖੜੇ ਹੋ ਗਏ ਤਾਕਿ ਜਬਰਦਸਤੀ ਰੋਕਿਆ ਜਾ ਸਕੇ। ਜਲਦੀ ਲੰਘਣ ਦੇ ਚਾਹਵਾਨ ਉਨ੍ਹਾਂ ਗੁੰਡਿਆਂ ਨੂੰ ਵੀਹ ਪੰਜਾਹ ਰੁਪਏ ਦੇ ਕੇ ਬਿਨਾਂ ਮੱਥਾ ਟੇਕੇ ਅੱਗੇ ਲੰਘ ਜਾਂਦੇ। ਜਿਹੜੇ ਰਾਹਗੀਰ ਦੇਵਤੇ ਨੂੰ ਮੱਥਾ ਟੇਕਣ ਨਹੀਂ ਜਾ ਸਕਦੇ ਸਨ, ਉਹ ਗੱਡੀ ਦਾ ਹਾਰਨ ਵਜਾ ਕੇ ਨਮਸਕਾਰ ਦਾ ਸੰਕੇਤ ਦੇ ਕੇ ਲੰਘਦੇ ਸਨ। ਇਸ ਦੇਵਤੇ (ਮੋਟਰ ਸਾਈਕਲ) ਦੀ ਕ੍ਰਿਪਾ ਨਾਲ ਬੇਅੰਤ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਦੀ ਕ੍ਰਿਪਾ ਨਾਲ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲ ਗਿਆ। ਸਰਕਾਰ ਰੁਜ਼ਗਾਰ ਨਹੀਂ ਦੇ ਸਕਦੀ। ਇਹ ਮਹਾਨ ਪਰਉਪਕਾਰ ਤਾਂ ਫਿਰ ਦੇਵਤਿਆਂ ਨੂੰ ਹੀ ਕਰਨਾ ਪੈਂਦਾ ਹੈ।

ਭਾਰਤ ਦੇਸ਼ ਵਿਚ ਲੋਕਾਂ ਦੇ ਕਲਿਆਣ ਲਈ ਭਗਵਾਨ ਜੀ ਨੂੰ ਕਈ ਵਾਰ ਮਨੁੱਖੀ ਰੂਪ ਵਿਚ ਜਨਮ ਲੈਣਾ ਪਿਆ। ਕ੍ਰਿਸ਼ਨ ਭਗਵਾਨ, ਰਾਮ ਚੰਦਰ ਭਗਵਾਨ ਲੋਕਾਂ ਦੇ ਦੁਖੜੇ ਹਰਨ ਵਾਸਤੇ ਆਏ। ਇਹ ਵਖਰੀ ਗੱਲ ਹੈ ਕਿ ਦੇਸ਼ ਵਾਸੀਆਂ ਦੇ ਦੁੱਖ ਅੱਜ ਤਕ ਖ਼ਤਮ ਨਹੀਂ ਹੋਏ। ਇਥੇ ਭਗਵਾਨ ਜੀ ਸੂਰ ਬਣ ਕੇ (ਵਰਾਹ ਅਵਤਾਰ, ਵਰਾਹ+ਸੂਰ) ਆਏ। ਭਗਵਾਨ ਜੀ ਨੇ ਗੰਦਗੀ ਖਾਧੀ ਤੇ ਗੰਦਗੀ ਵਿਚੋਂ ਵੇਦ ਕੱਢ ਕੇ ਬ੍ਰਾਹਮਣ ਦੇ ਹਵਾਲੇ ਕੀਤੇ। ਫਿਰ ਪ੍ਰਭੂ ਜੀ ਨੂੰ 'ਨਰ ਸਿੰਘ' ਦਾ ਅਵਤਾਰ ਧਾਰ ਕੇ ਆਉਣਾ ਪਿਆ। ਯਾਨੀ ਕਿ ਕਈ ਜਾਨਵਰਾਂ ਦੇ ਅੰਗ ਇਕੱਠੇ ਕਰ ਕੇ ਇਕ ਜੀਵ ਤਿਆਰ ਕੀਤਾ ਗਿਆ ਜਿਸ ਨੇ ਹਰਨਾਖ਼ਸ ਨੂੰ ਮਾਰਿਆ ਸੀ।

ਇਕ ਅਵਤਾਰ ਅਜੇ ਜਨਮ ਲੈਣ ਲਈ ਅੰਗੜਾਈਆਂ ਭਰ ਰਿਹਾ ਹੈ। ਦੇਸ਼ ਦੇ ਕਸ਼ਟ ਨਿਵਾਰਣ ਵਾਸਤੇ ਜਦੋਂ ਪੰਡਿਤ ਜੀ, ਪੁਜਾਰੀ ਜੀ ਇਜਾਜ਼ਤ ਦੇਣਗੇ ਤਦ ਅਵਤਾਰਝੱਟ ਜਨਮ ਲੈਣਗੇ। ਸਾਰੇ ਦੇਸ਼ ਵਾਸੀਆਂ ਦੇ ਦੁਖੜੇ ਦੂਰ ਕਰ ਦੇਣਗੇ। ਮੇਰੇ ਮਹਾਨ ਭਾਰਤ ਦੇ ਸੰਕਟ ਸਰਕਾਰਾਂ ਦੂਰ ਨਹੀਂ ਕਰ ਸਕਦੀਆਂ। ਇਹ ਸੰਕਟ ਤਾਂ ਦੇਵਤੇ ਹੀ ਦੂਰ ਕਰਨਗੇ।

ਭਾਰਤ ਵਿਚ ਜਿੰਨੀ ਆਬਾਦੀ ਹੈ ਉਨੇ ਰੱਬ ਤਾਂ ਜ਼ਰੂਰ ਹੋਣਗੇ। ਵੈਸੇ ਇਥੇ ਰੱਬ (ਮੂਰਤੀਆਂ) ਕਾਰਖ਼ਾਨਿਆਂ ਵਿਚ ਬਣਾਏ ਜਾਂਦੇ ਹਨ। ਇਥੇ ਰੱਬ ਮਿੱਟੀ ਗ਼ਾਰੇ ਦੇ, ਲੱਕੜੀ ਦੇ, ਲੋਹੇ ਦੇ, ਪਿੱਤਲ ਦੇ, ਸੋਨੇ ਦੇ, ਤਰਾਸ਼ ਕੇ ਤਿਆਰ ਕਰ ਲਏ ਜਾਂਦੇ ਹਨ। ਦੁਕਾਨ ਤੋਂ ਰੱਬ ਕੁੱਝ ਮਾਇਆ ਦੇ ਕੇ ਖ਼ਰੀਦ ਲਿਆ ਜਾਂਦਾ ਹੈ। ਅਪਣੇ ਘਰ ਜਾਂ ਧਰਮ ਸਥਾਨ ਵਿਚ ਉਸ ਨੂੰ ਸ਼ਿੰਗਾਰ ਸੰਵਾਰ ਕੇ ਟਿਕਾ ਦਿਤਾ ਜਾਂਦਾ। ਜਿੰਨਾ ਦਿਲ ਕਰੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਮਨੋਕਾਮਨਾਵਾਂ ਪੂਰੀਆਂ ਕਰਨ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ। ਜਦੋਂ ਉਸ ਪ੍ਰਭੂ ਜੀ ਤੋਂ ਮਨ ਭਰ ਜਾਵੇ ਤਾਂ ਉਸ ਨੂੰ ਜਲ ਮਗਨ (ਪਾਣੀ ਵਿਚ ਰੋੜ੍ਹਨਾ) ਕਰ ਦਿਤਾ ਜਾਂਦਾ ਹੈ। ਫਿਰ ਹੋਰ ਸੋਹਣਾ ਭਗਵਾਨ ਖ਼੍ਰੀਦ ਕੇ ਅਪਣੇ ਘਰ ਵਿਚ ਸ਼ੁਸ਼ੋਭਤ ਕਰ ਲਿਆ ਜਾਂਦਾ ਹੈ।

ਗੁਰੂ ਸਾਹਿਬ ਜੀ ਨੇ ਕ੍ਰਿਪਾ ਕਰ ਕੇ ਲਿਖਤੀ ਰੂਪ ਵਿਚ ਰੱਬੀ ਉਪਦੇਸ਼ ਸਾਡੇ ਹਵਾਲੇ ਕਰ ਦਿਤੇ। ਸਦਾ ਗੁਰਬਾਣੀ ਤੋਂ ਅਗਵਾਈ ਲੈ ਕੇ ਕਾਰਜ ਕਰੀਏ। ਮੂਰਤੀ ਪੂਜਾ ਬਾਰੇ ਇਕ ਸ਼ਬਦ ਪੜ੍ਹੋ :-
ਜੋ ਪਾਥਰ ਕਉ ਕਹਤੇ ਦੇਵ। ਤਾ ਕੀ ਬਿਰਥਾ ਹੋਵੈ ਸੇਵ।। ਜੋ ਪਾਥਰ ਕੀ ਪਾਂਈ ਪਾਇ।।ਤਿਸ ਕੀ ਘਾਲ ਅਜਾਂਈ ਜਾਇ।। ਠਾਕੁਰੁ ਹਮਰਾ ਸਦ ਬੋਲੰਤਾ।। ਸਰਬ ਜੀਆਂ ਕਉ ਪ੍ਰਭੁ ਦਾਨੁ ਦੇਤਾ।। ਰਹਾਉ।। ਅੰਤਰਿ ਦੇਉ ਨ ਜਾਨੈ ਅੰਧੁ।।  ਭ੍ਰਮ ਕਾ ਮੋਹਿਆ ਪਾਵੈ ਫੰਧੁ।।ਨ ਪਾਥਰੁ ਬੋਲੈ ਨਾ ਕਿਛੁ ਦੇਇ।। ਫੋਕਟ ਕਰਮ ਨਿਰਫਲ ਹੈ ਸੇਵ।। ਜੇ ਮਿਰਤਕ ਕਉ ਚੰਦਨੁ ਚੜਾਵੈ।। ਉਸ ਤੇ ਕਹਹੁ ਕਵਨ ਫਲ ਪਾਵੈ।। ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ।। ਤਾਂ ਮਿਰਤਕ ਕਾ ਕਿਆ ਘਟਿ ਜਾਈ।। ਕਹਤ ਕਬੀਰ ਹਉ ਕਹਉ ਪੁਕਾਰਿ।। ਸਮਝਿ ਦੇਖੁ ਸਾਕਤ ਗਾਵਾਰ।। ਦੂਜੈ ਭਾਇ ਬਹੁਤੁ ਘਰ ਗਾਲੇ।। ਰਾਮ ਭਗਤ ਹੈ ਸਦਾ ਸੁਖਾਲੇ।। (1160)
ਹੇ ਭਾਈ! (ਪਹਿਲਾਂ ਰਹਾਉ ਵਾਲਾ ਬੰਦ) ਸਾਡਾ ਠਾਕੁਰ (ਕਰਤਾ ਪੁਰਖ) ਸਦਾ ਬੋਲਦਾ ਹੈ, ਜੀਵਾਂ ਦੀ ਜ਼ੁਬਾਨ ਰਾਹੀਂ। ਸਾਰੇ ਜੀਵ ਉਸ ਨਿੰਰਕਾਰ ਦਾ ਦਿਤਾ ਖਾ ਪੀ ਰਹੇ ਹਨ।

ਜਿਹੜੇ ਨਾ ਸਮਝ ਲੋਕ ਪੱਥਰ ਦੀਆਂ ਮੂਰਤੀਆਂ ਨੂੰ ਰੱਬ ਜਾਂ ਦੇਵਤੇ ਮੰਨਦੇ ਹਨ, ਉਨ੍ਹਾਂ ਦੀ ਕੀਤੀ ਸਾਰੀ ਮਿਹਨਤ ਬੇਅਰਥ ਚਲੀ ਜਾਂਦੀ ਹੈ। ਜੋ ਲੋਕ ਪੱਥਰ ਦੀਆਂ ਮੂਰਤੀਆਂ ਨੂੰ ਮੱਥੇ ਟੇਕਦੇ ਹਨ, ਉਹ ਅਪਣੀ ਮਿਹਨਤ ਬੇਕਾਰ ਗਵਾ ਰਹੇ ਹਨ। ਹੇ ਭਾਈ! ਅੰਧ ਵਿਸ਼ਵਾਸ ਵਿਚ ਗ਼ਰਕ ਹੋਏ ਲੋਕ ਨਹੀਂ ਜਾਣਦੇ ਕਿ ਤੁਹਾਡੇ ਅੰਦਰ ਹੀ ਪ੍ਰਮਾਤਮਾ ਦੀ ਜੋਤ ਬਿਰਾਜਮਾਨ ਹੈ। ਭਰਮ ਜਾਲ ਵਿਚ ਫਸੇ ਅਗਿਆਨੀ ਲੋਕ ਕਈ ਤਰ੍ਹਾਂ ਦੀਆਂ ਮੁਸੀਬਤਾਂ ਵਿਚ ਫਸ ਜਾਂਦੇ ਹਨ। ਪੱਥਰ ਦੀ ਮੂਰਤੀ ਬੋਲ ਨਹੀਂ ਸਕਦੀ। ਪੱਥਰ ਦੀ ਮੂਰਤੀ ਸੇਵਕ ਨੂੰ ਕੁੱਝ ਦੇ ਨਹੀਂ ਸਕਦੀ। ਇਹ ਸਾਰੇ ਕਰਮਕਾਂਡ ਕਿਸੇ ਲੇਖੇ ਵਿਚ ਨਹੀਂ ਹਨ। ਸੇਵਕਾਂ ਦੀ ਸੇਵਾ ਕਿਸੇ ਲੇਖੇ ਵਿਚ ਨਹੀਂ ਹੁੰਦੀ।

ਇਹ ਮੂਰਤੀਆਂ ਮੁਰਦੇ ਸਮਾਨ ਹਨ। ਅਗਰ ਮਰੇ ਬੰਦੇ ਨੂੰ ਚੰਦਨ ਦੀਆਂ ਸੁਗੰਧੀਆਂ ਅਰਪਣ ਕਰ ਦੇਈਏ ਤਾਂ ਮੁਰਦੇ ਨੂੰ ਉਸ ਦਾ ਕੋਈ ਲਾਭ ਨਹੀਂ ਹੋਣ ਲੱਗਾ। ਜੇਕਰ ਪੱਥਰ ਦੀਆਂ ਮੂਰਤੀਆਂ ਨੂੰ (ਜੋ ਮੁਰਦਾ ਹਨ) ਗੰਦਗੀ ਵਿਚ ਸੁੱਟ ਦੇਈਏ ਤਾਂ ਮੂਰਤੀਆਂ ਦਾ ਕੀ ਘਟਣ ਲੱਗਾ ਹੈ?  ਹੇ ਭਾਈ! (ਮੈਂ ਕਬੀਰ) ਮੈਂ ਉੱਚੀ ਆਵਾਜ਼ ਵਿਚ ਸੱਭ ਨੂੰ ਸਾਵਧਾਨ ਕਰ ਰਿਹਾ ਹਾਂ ਕਿ ਮੇਰੀ ਗੱਲ ਧਿਆਨ ਨਾਲ ਸੁਣ ਲਉ। ਮੂਰਖਤਾ ਤਿਆਗ ਦਿਉ, ਸਿਆਣੇ ਇਨਸਾਨ ਬਣੋ। ਸਰਬ ਸ਼ਕਤੀਮਾਨ ਪ੍ਰਮੇਸ਼ਰ ਨੂੰ ਤੁਸੀ ਭੁਲਾ ਦਿਤਾ। ਪੱਥਰਾਂ ਦੀਆਂ ਮੂਰਤੀਆਂ ਨੂੰ ਰੱਬ ਸਮਝਣ ਲੱਗ ਪਏ। ਇੰਜ ਸਮਾਜ ਦੀ ਬਹੁਤ ਬਰਬਾਦੀ ਹੋਈ ਹੈ। ਕਰਤਾਰ ਨੂੰ ਯਾਦ ਰਖਣਾ ਸੌਖਾ ਰਾਹ ਹੈ।

ਜਿਨ੍ਹਾਂ ਦੇਸ਼ਾਂ ਦੇ ਲੋਕਾਂ ਦਾ ਮਾਨਸਕ ਵਿਕਾਸ ਹੋ ਗਿਆ, ਉਨ੍ਹਾਂ ਨੇ ਪੱਥਰ ਪੂਜਾ, ਪਸ਼ੂ ਪੂਜਾ ਤੇ ਮਨੁੱਖ ਪੂਜਾ ਤਿਆਗ ਦਿਤੀ। ਅੱਛੇ ਇਨਸਾਨ ਬਣ ਕੇ ਸੁਖੀ ਜੀਵਨ ਬਤੀਤ ਕਰਦੇ ਹਨ। ਭਾਰਤ ਦੇਸ਼ ਵਿਚ ਵਿਗਿਆਨ ਦੇ ਯੁੱਗ ਵਿਚ ਵੀ ਮੂਰਤੀਆਂ ਬਣਾ ਕੇ ਪੂਜਾ ਕੀਤੀ ਜਾਂਦੀ ਹੈ। ਪੱਥਰਾਂ ਰੁੱਖਾਂ ਤੇ ਪਸ਼ੂਆਂ ਤੋਂ ਮੁਰਾਦਾਂ ਮੰਗੀਆਂ ਜਾਂਦੀਆਂ ਹਨ।

ਇਸੇ ਦੇਸ਼ ਵਿਚ ਫ਼ਿਲਮੀ ਕਲਾਕਾਰਾਂ ਦੀਆਂ ਮੂਰਤੀਆਂ ਬਣਾ ਕੇ ਪੂਜਾ ਹੁੰਦੀ ਹੈ। ਰਾਵਣ ਦੀ ਮੂਰਤੀ ਲੱਖਾਂ-ਕਰੋੜਾਂ ਰੁਪਏ ਖ਼ਰਚ ਕੇ ਬਣਾਈ ਜਾਂਦੀ ਹੈ, ਫਿਰ ਸਾੜ ਦਿਤੀ ਜਾਂਦੀ ਹੈ। ਉਤਰ ਪ੍ਰਦੇਸ਼ ਦੀ ਤੱਤਕਾਲੀ ਮੁੱਖ ਮੰਤਰੀ ਮਾਇਆਵਤੀ ਨੇ ਹਾਥੀਆਂ ਦੀਆਂ ਮੂਰਤੀਆਂ ਤੇ ਕਰੋੜਾਂ ਰੁਪਏ ਰੋੜ੍ਹ ਦਿਤੇ। ਨਰਿੰਦਰ ਮੋਦੀ ਜੀ ਨੇ ਵਲੱਭ ਭਾਈ ਪਟੇਲ ਦੀ ਮੂਰਤੀ ਤੇ ਤਿੰਨ ਹਜ਼ਾਰ ਕਰੋੜ ਉਡਾ ਦਿਤੇ। ਕਿੰਨਾ ਵਿਕਾਸ ਹੋ ਰਿਹਾ ਹੈ ਮੇਰੇ ਮਹਾਨ ਭਾਰਤ ਦਾ।
ਏਕੈ ਪਾਥਰ ਕੀਜੈ ਭਾਉ।। ਦੂਜੈ ਪਾਥਰ ਧਰੀਐ ਪਾਉ।।
ਜੇ ਓਹੁ ਦੇਉ ਤ ਓਹੁ ਭੀ ਦੇਵਾ।। ਕਹਿ ਨਾਮ ਦੇਉ ਹਮ ਹਰਿ ਕੀ ਸੇਵਾ।। (5੨੫)

ਸੰਪਰਕ :  98551-51699
ਪ੍ਰੋ. ਇੰਦਰ ਸਿੰਘ ਘੱਗਾ