ਗੁਰਦਵਾਰਾ ਸੁਧਾਰ ਲਹਿਰ ਤੋਂ ਬਾਅਦ ਹੁਣ 'ਸ਼੍ਰੋਮਣੀ ਕਮੇਟੀ ਸੁਧਾਰ ਲਹਿਰ' ਦੀ ਲੋੜ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸ਼ਤਾਬਦੀ ਸਮਾਗਮ ਵਿਚ ਅਪਣੇ ਹੀ ਸੋਹਿਲੇ ਗਾਏ ਗਏ ਤੇ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀ ਨੀਂਹ ਰੱਖੀ ਤੇ ਇਸ ਨੂੰ ਕਾਮਯਾਬ ਪੰਥਕ ਸੰਸਥਾ ਬਣਾਇਆ

SGPC

ਮੈਂ  ਸ਼ਤਾਬਦੀ ਸਮਾਗਮ ਦਾ ਸਿੱਧਾ ਟੈਲੀਕਾਸਟ ਦੇਖਿਆ ਹੈ ਅਤੇ ਇਸ ਸਮਾਗਮ ਦੀ ਵੇਰਵੇ ਸਹਿਤ ਰੀਪੋਰਟ ਵੀ ਪੜ੍ਹੀ ਹੈ। ਸ਼੍ਰੋਮਣੀ ਕਮੇਟੀ ਨੇ ਸੌ ਸਾਲ ਦੀ ਉਮਰ ਭੋਗ ਲਈ ਹੈ। 'ਪੰਥ' ਦੇ ਨੇਤਾ ਇਸ ਭਰਵੀਂ ਪ੍ਰਾਪਤੀ ਨੂੰ ਮਨਾਉਂਦਿਆਂ ਅਪਣੀਆਂ ਸਫ਼ਲਤਾਵਾਂ ਦੇ ਸੋਹਲੇ ਗਾ ਰਹੇ ਸਨ। ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਦਰਪੇਸ਼ ਕੁੱਝ 'ਕਾਲਪਨਿਕ' ਚੁਣੌਤੀਆਂ ਅਤੇ 'ਖ਼ਤਰਿਆਂ' ਦਾ ਜ਼ਿਕਰ ਕਰ ਕੇ ਪੰਥਕ ਸ਼ਕਤੀ ਨੂੰ ਚੌਕਸ ਕਰਨ/ਉਭਾਰਨ ਦੇ ਗੰਭੀਰ ਯਤਨ ਕਰਦੇ ਜਾਪਦੇ ਸਨ।

ਪਰ ਅਜਿਹੇ ਯਾਦਗਾਰੀ ਰਸਮੀ ਸਮਾਗਮਾਂ ਵਿਚ ਬਹੁਤਾ ਕਰ ਕੇ ਉਚੇਚੇ ਸ਼ਿਸ਼ਟਾਚਾਰ ਦੀ ਵਿਧੀ ਵਰਤੀ ਜਾਂਦੀ ਹੈ। ਇਸ ਸਮਾਗਮ ਵਿਚ ਅਜਿਹਾ ਕੁੱਝ ਵੀ ਨਹੀਂ ਸੀ। ਇਹ ਸ਼੍ਰੋਮਣੀ ਕਮੇਟੀ ਵਿਚ ਨਿਯੁਕਤ ਸਿਫ਼ਾਰਸ਼ੀ ਨੌਕਰਸ਼ਾਹੀ ਦੀ ਧਾਰਮਕ ਸ਼ਰਧਾ ਪ੍ਰਤੀ ਅਵੇਸਲਾਪਨ ਅਤੇ ਇਸ ਸੰਸਥਾ ਦੇ ਗੌਰਵਮਈ ਇਤਿਹਾਸ ਬਾਰੇ ਪੂਰਨ ਅਗਿਆਨਤਾ ਦਾ ਖੁੱਲ੍ਹਾ ਪ੍ਰਗਟਾਅ ਸੀ। ਸਿਫ਼ਾਰਸ਼ੀ ਨਿਯੁਕਤੀਆਂ ਇਸੇ ਪ੍ਰਕਾਰ ਦੀ ਕਾਰਜ ਵਿਧੀ ਨਾਲ ਹੀ ਗੁਜ਼ਰ ਕਰਦੀਆਂ ਹਨ। ਉਨ੍ਹਾਂ ਦਾ ਪੰਥ ਜਾਂ ਸੰਸਥਾ ਦੇ ਵੱਕਾਰ ਵੱਲ ਧਿਆਨ ਹੋ ਹੀ ਨਹੀਂ ਸਕਦਾ। ਉਹ ਤਾਂ ਅਹੁਦਿਆਂ ਦੀਆਂ ਉਨਤੀਆਂ ਲੋਚਦੇ ਹਨ।

ਸ਼੍ਰੋਮਣੀ ਕਮੇਟੀ ਦੇ ਸ਼ਤਾਬਦੀ ਸਮਾਗਮ ਵਿਚ ਪਹਿਲੀ ਗੱਲ ਸੰਗਤ ਨੂੰ ਗਿਆਤ ਕਰਨ ਵਾਲੀ ਇਹ ਸੀ ਕਿ ਸਿੱਖ ਪੰਥ ਦਾ ਮੁਢਲਾ ਸਰੋਕਾਰ ਗੁਰਦਵਾਰਾ ਸਾਹਿਬਾਨ ਦਾ ਸੁਯੋਗ ਪ੍ਰਬੰਧ, ਗੁਰੂ ਨਾਨਕ ਸਾਹਿਬ ਵਲੋਂ ਕਰਤਾਰਪੁਰ ਵਿਖੇ ਨਿਰਧਾਰਤ ਕੀਤੀ ਮਰਿਯਾਦਾ ਅਨੁਸਾਰ ਕੀਤਾ ਜਾਣਾ ਹੈ। ਜਦੋਂ ਇਹ ਸਥਿਤੀ ਭੰਗ ਹੁੰਦੀ ਡਿੱਠੀ ਤਾਂ ਸੰਗਤ ਨੇ ਮਹੰਤਾਂ ਨੂੰ ਲਾਂਭੇ ਕਰਨ ਦਾ ਫ਼ੈਸਲਾ ਕਰ ਲਿਆ। ਪੜ੍ਹੇ-ਲਿਖੇ ਬੁੱਧੀਜੀਵੀ ਵਰਗ ਦੀ ਇਸ ਸਾਰੇ ਅਮਲ ਵਿਚ ਉਚੇਚੀ ਭੂਮਿਕਾ ਰਹੀ।

ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਪ੍ਰੋਫ਼ੈਸਰ ਸਾਹਿਬਾਨ: ਬਾਵਾ ਹਰਿਕ੍ਰਿਸ਼ਨ ਸਿੰਘ, ਪ੍ਰੋ: ਤੇਜਾ ਸਿੰਘ ਅਤੇ ਪ੍ਰੋ: ਨਿਰੰਜਨ ਸਿੰਘ ਦੀ ਪਹਿਲ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਚਲਿਤ ਬ੍ਰਾਹਮਣਵਾਦੀ ਮਰਿਯਾਦਾ ਨੂੰ ਚੁਨੌਤੀ ਦਿਤੀ ਗਈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਗਠਨ ਦਾ ਫ਼ੈਸਲਾ ਹੋਇਆ। ਉਨ੍ਹਾਂ ਨੂੰ ਪ੍ਰੋ: ਜੋਧ ਸਿੰਘ, ਸੰਤ ਤੇਜਾ ਸਿੰਘ ਅਤੇ ਸੁੰਦਰ ਸਿੰਘ ਮਜੀਠੀਆ ਵਲੋਂ ਕਾਰਗਰ ਸਹਾਇਤਾ ਮਿਲੀ। ਪੰਥ ਵਿਚ ਚੇਤੰਨਤਾ ਪਸਰਨ ਦੇ ਅਮਲ ਵਿਚ ਬਾਬਾ ਖੜਕ ਸਿੰਘ, ਮਾ: ਤਾਰਾ ਸਿੰਘ, ਤੇਜਾ ਸਿੰਘ ਸਮੁੰਦਰੀ, ਸ: ਬ: ਮਹਿਤਾਬ ਸਿੰਘ (ਜੋ ਐਡਵੋਕੇਟ ਜਨਰਲ ਦੀ ਉੱਚ ਪਦਵੀ ਛੱਡ ਕੇ ਪੰਥਕ ਸੇਵਾ ਲਈ ਨਿਤਰੇ) ਸਾਰੇ ਸਾਹਮਣੇ ਆਏ। ਪਹਿਲੇ ਪ੍ਰਧਾਨ ਸੁੰਦਰ ਸਿੰਘ ਮਜੀਠੀਆ ਬਣੇ।

ਪਰ ਸ਼੍ਰੋਮਣੀ ਕਮੇਟੀ ਦਾ ਸਰੂਪ ਬਾਬਾ ਖੜਕ ਸਿੰਘ ਅਤੇ ਮਾ: ਤਾਰਾ ਸਿੰਘ ਦੀ ਗਤੀਸ਼ੀਲ ਅਗਵਾਈ ਸਦਕਾ ਸਾਹਮਣੇ ਆਇਆ। ਪਤਾ ਨਹੀਂ ਕਿਉਂ, ਜਥੇਦਾਰ ਅਕਾਲ ਤਖ਼ਤ, ਗਿਆਨੀ ਹਰਪ੍ਰੀਤ ਸਿੰਘ ਨੇ ਇਨ੍ਹਾਂ ਸੱਭ ਸੁਯੋਗ ਨੇਤਾਵਾਂ ਦਾ ਨਾਂ ਲੈਣਾ ਵੀ ਯੋਗ ਨਾ ਸਮਝਿਆ। ਉਨ੍ਹਾਂ ਨੇ ਸਾਰਾ ਸਿਹਰਾ ਕਰਤਾਰ ਸਿੰਘ ਝੱਬਰ ਸਿਰ ਹੀ ਬੰਨ੍ਹ ਦਿਤਾ ਅਤੇ ਉਨ੍ਹਾਂ ਨੂੰ ਅਕਾਲ ਤਖ਼ਤ ਦਾ ਜਥੇਦਾਰ ਵੀ ਦਰਸਾਇਆ ਹਾਲਾਂਕਿ ਉਹ ਤਾਂ ਹਾਲੇ ਸਥਾਨਕ ਅਕਾਲੀ ਜਥਿਆਂ ਵਿਚ ਪੰਥਕ ਵਲੰਟੀਅਰ ਵਜੋਂ ਗੁਰਦਵਾਰਾ ਸਾਹਿਬਾਨ ਨੂੰ ਮਹੰਤਾਂ ਦੀਆਂ ਹਥਿਆਰਬੰਦ ਰਖੇਲਾਂ (guards) ਤੋਂ ਮੁਕਤ ਕਰਾਉਣ ਲਈ ਹੀ ਕੰਮ ਕਰ ਰਹੇ ਸਨ।

ਇਹ ਵੱਡੀ ਉਕਾਈ ਅਤੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਵਿਚ ਉਚੇਚਾ ਭਾਗ ਲੈਣ ਵਾਲੇ ਪੰਥ ਦੇ ਗੌਰਵਮਈ ਨੇਤਾਵਾਂ ਦਾ ਖੁੱਲ੍ਹਾ ਨਿਰਾਦਰ ਸੀ, ਜਿਸ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ। ਮੰਜੀ ਸਾਹਿਬ ਦੀਵਾਨ ਹਾਲ, ਜਿਥੇ ਇਹ ਸਮਾਗਮ ਕੀਤਾ ਗਿਆ, ਉਥੇ ਸ੍ਰੀ ਗੁਰੂ ਅਰਜਨ ਦੇਵ ਜੀ ਕਥਾ ਕਰਿਆ ਕਰਦੇ ਸਨ। ਦੀਵਾਨ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਸੀ ਪਰ ਸ: ਸੁਖਬੀਰ ਸਿੰਘ ਉਥੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼/ਗੁਰਬਾਣੀ ਦਾ ਹਵਾਲਾ ਦੇਣ ਦੀ ਥਾਂ ਸ: ਪ੍ਰਕਾਸ਼ ਸਿੰਘ ਬਾਦਲ ਦੇ ਸੰਦੇਸ਼ ਦੀ ਗੱਲ ਚਲਾਉਂਦੇ ਰਹੇ।

ਕੀ ਇਹ ਸ਼੍ਰੋਮਣੀ ਕਮੇਟੀ ਦੇ ਸ਼ਤਾਬਦੀ ਸਮਾਗਮ ਲਈ ਜ਼ਰੂਰੀ ਸੀ? ਦਿਲਚਸਪੀ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਵਕਤਾ ਨੇ ਗੁਰਦਵਾਰਾ ਸਾਹਿਬਾਨ ਦੀ ਸਾਂਭ-ਸੰਭਾਲ ਵਿਚ ਸੁਧਾਰ ਬਾਰੇ ਕੋਈ ਇਸ਼ਾਰਾ ਵੀ ਨਾ ਕੀਤਾ। ਸ਼੍ਰੋਮਣੀ ਕਮੇਟੀ ਵਲੋਂ ਧਰਮ ਪ੍ਰਚਾਰ ਲਈ ਜੋ ਕਾਰਜ ਹੋਇਆ, ਉਸ ਦਾ ਕੋਈ ਹਵਾਲਾ ਨਾ ਦਿਤਾ ਗਿਆ। 
ਸ਼੍ਰੋਮਣੀ ਕਮੇਟੀ ਵਲੋਂ ਚਲਦੇ ਕਾਲਜਾਂ, ਸਕੂਲਾਂ, ਮੈਡੀਕਲ ਅਤੇ ਡੈਂਟਲ ਕਾਲਜ ਦਾ ਜ਼ਰੂਰ ਹਵਾਲਾ ਦਿਤਾ ਗਿਆ ਪਰ ਇਹ ਨਹੀਂ ਦਸਿਆ ਗਿਆ ਕਿ ਕਿੰਨੇ ਮੈਂਬਰਾਂ ਦੇ ਪੁੱਤਰ ਧੀਆਂ-ਪੋਤਰੇ-ਪੋਤਰੀਆਂ ਨੂੰ ਬਿਨਾਂ ਕਿਸੇ ਫ਼ੀਸ ਦੇ ਡਾਕਟਰ ਬਣਾਇਆ ਗਿਆ ਤਾਂ ਜੋ ਮੈਂਬਰਾਂ ਦੀਆਂ ਵੋਟਾਂ ਪੱਕੀਆਂ ਰਖੀਆਂ ਜਾਣ।

ਸ਼੍ਰੋਮਣੀ ਕਮੇਟੀ ਉੱਪਰ 'ਕਬਜ਼ਾ' ਬਣਾਈ ਰੱਖਣ ਲਈ ਇਹ ਇਕ ਠੋਸ ਉਪਰਾਲਾ ਹੈ। 18,000 ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਹੋਈ ਪਰ ਇਹ ਤੱਥ ਸੱਚ ਨਹੀਂ ਮੰਨਿਆ ਜਾ ਸਕਦਾ। ਨਾ ਕੋਈ ਅਖ਼ਬਾਰੀ ਇਸ਼ਤਿਹਾਰ ਦਿਤਾ ਜਾਂਦਾ ਹੈ, ਨਾ ਇੰਟਰਵਿਊ ਹੁੰਦੀ ਹੈ, ਨਾ ਵਿਦਿਅਕ ਯੋਗਤਾ ਪੁਛੀ ਜਾਂਦੀ ਹੈ। ਇਕ ਦੀ ਥਾਂ 15-16 ਸਕੱਤਰ ਨਿਯੁਕਤ ਹਨ। ਸਕੂਲ ਜਿਨ੍ਹਾਂ ਇਲਾਕਿਆਂ ਵਿਚ ਖੋਲ੍ਹੇ ਹਨ, ਉਨ੍ਹਾਂ ਦੀ ਜੁਗਤੀ ਵੀ ਸਿਆਸੀ ਹੀ ਹੈ, ਪੜ੍ਹਨ ਵਾਲੇ ਘੱਟ, ਮਾਸਟਰਾਂ ਦੀਆਂ ਨੌਕਰੀਆਂ ਜ਼ਿਆਦਾ। ਇਨ੍ਹਾਂ ਕਾਰਨਾਂ ਕਰ ਕੇ ਹੀ ਸ਼੍ਰੋਮਣੀ ਕਮੇਟੀ ਵਿਚ ਇਸ ਸਮੇਂ ਵਿੱਤੀ ਅਰਾਜਕਤਾ ਹੈ।

ਸ਼ਤਾਬਦੀ ਵਰ੍ਹੇ ਵਿਚ ਇਸ ਹਾਲਤ ਨੂੰ ਸੁਧਾਰਨ ਦੀ ਵਧੇਰੇ ਲੋੜ ਹੈ। ਸ: ਸੁਖਬੀਰ ਸਿੰਘ ਵਲੋਂ ਸਿੱਖ ਨੌਜਵਾਨਾਂ ਵਿਚ ਪਤਿਤਾਂ ਵਿਰੋਧੀ ਪ੍ਰਚਾਰ ਦੀ ਗੱਲ ਤਾਂ ਛੇੜੀ ਗਈ ਪਰ ਉਨ੍ਹਾਂ ਨੂੰ ਅਪਣੇ ਯੂਥ ਅਕਾਲੀ ਦਲ ਵੱਲ ਧਿਆਨ ਦੇਣ ਦੀ ਸੱਭ ਤੋਂ ਵੱਧ ਲੋੜ ਹੈ। ਸ਼੍ਰੋਮਣੀ ਕਮੇਟੀ ਕੋਲ ਧਰਮ ਪ੍ਰਚਾਰ ਲਈ ਫ਼ੰਡ ਬਹੁਤ ਹੈ। ਪਰ ਇਹ ਪ੍ਰਚਾਰ ਕਿਥੇ ਕਰਦੇ ਹਨ? ਪਗੜੀਆਂ ਵਾਲੇ ਸਿੱਖ ਮੁੰਡੇ ਤਾਂ ਪਿੰਡਾਂ ਵਿਚ ਕਿਧਰੇ ਦਿਸਦੇ ਹੀ ਨਹੀਂ। ਹੁਣ ਸਮੁੱਚੇ ਪੰਥ ਨੂੰ ਸ਼੍ਰੋਮਣੀ ਕਮੇਟੀ ਦੇ ਸੁਧਾਰ ਲਈ ਨਿਸਚਾ ਕਰ ਕੇ ਇਸ ਪਾਸੇ ਤੁਰਨ ਦੀ ਲੋੜ ਹੈ। ਕੀ ਸ਼ਤਾਬਦੀ ਸਮਾਗਮ ਵਿਚ ਇਸ ਬਾਰੇ ਕੋਈ ਪ੍ਰੋਗਰਾਮ ਪੇਸ਼ ਨਹੀਂ ਕੀਤਾ ਜਾ ਸਕਦਾ ਸੀ?
ਪ੍ਰਿਥੀਪਾਲ ਸਿੰਘ ਕਪੂਰ