ਪਹਿਲੇ ਨੰਬਰ ਤੇ ਰਹਿਣ ਵਾਲਾ ਪੰਜਾਬ ਸਫ਼ਾਈ ਵਿਚ ਪਿੱਛੇ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

5 ਮਈ ਦੀਆਂ ਅਖ਼ਬਾਰਾਂ ਵਿਚ ਸਫ਼ਾਈ ਸਰਵੇ ਰੀਪੋਰਟ 2017 ਜਾਰੀ ਕੀਤੀ ਗਈ ਹੈ ਜਿਸ ਵਿਚ ਦੇਸ਼ ਭਰ ਵਿਚੋਂ ਮੱਧ ਪ੍ਰਦੇਸ਼ ਦਾ ਸ਼ਹਿਰ ਇੰਦੌਰ ਪਹਿਲੇ ਨੰਬਰ ਤੇ ਰਿਹਾ ਹੈ।

Swachh Bharat

5 ਮਈ ਦੀਆਂ ਅਖ਼ਬਾਰਾਂ ਵਿਚ ਸਫ਼ਾਈ ਸਰਵੇ ਰੀਪੋਰਟ 2017 ਜਾਰੀ ਕੀਤੀ ਗਈ ਹੈ ਜਿਸ ਵਿਚ ਦੇਸ਼ ਭਰ ਵਿਚੋਂ ਮੱਧ ਪ੍ਰਦੇਸ਼ ਦਾ ਸ਼ਹਿਰ ਇੰਦੌਰ ਪਹਿਲੇ ਨੰਬਰ ਤੇ ਰਿਹਾ ਹੈ। ਚੰਡੀਗੜ੍ਹ, ਜਿਹੜਾ ਪਿਛਲੇ ਸਾਲ 2 ਨੰਬਰ ਤੇ ਸੀ ਉਹ ਐਤਕੀਂ 11ਵੇਂ ਨੰਬਰ ਤੇ ਚਲਾ ਗਿਆ ਹੈ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਜਿਹੜਾ ਪੰਜਾਬ ਖੇਡਾਂ, ਖੇਤੀ, ਦੁੱਧ, ਸਿਹਤ ਆਦਿ ਆਦਿ ਖੇਤਰਾਂ ਵਿਚ ਹਮੇਸ਼ਾ ਪਹਿਲੇ ਨੰਬਰ ਤੇ ਰਿਹਾ ਹੈ, ਉਸ ਪੰਜਾਬ ਦਾ ਕੋਈ ਵੀ ਸ਼ਹਿਰ ਪਹਿਲੇ 10 ਵਿਚ ਤਾਂ ਕੀ ਪਹਿਲੇ 100 ਸ਼ਹਿਰਾਂ ਵਿਚ ਵੀ ਨਹੀਂ ਆਇਆ।
ਹਾਲ ਇਹ ਹੈ ਕਿ ਅੰਮ੍ਰਿਤਸਰ ਸ਼ਹਿਰ, ਜਿਥੇ ਸ੍ਰੀ ਦਰਬਾਰ ਸਾਹਿਬ ਸੁਸ਼ੋਭਿਤ ਹੈ ਅਤੇ ਜਿਥੇ ਹਰ ਰੋਜ਼ ਲੱਖਾਂ ਲੋਕ ਮੱਥਾ ਟੇਕਣ ਲਈ ਆਉਂਦੇ ਹਨ, ਉਹ ਵੀ ਸਰਵੇ ਰੀਪੋਰਟ ਵਿਚ 258 ਨੰਬਰ ਉਤੇ ਹੈ। ਅੱਜ ਅੰਮ੍ਰਿਤਸਰ ਦਾ ਸੈਰ-ਸਪਾਟੇ ਦੀ ਦੁਨੀਆਂ ਵਿਚ ਤੀਜਾ ਨੰਬਰ ਹੈ। ਇਸ ਸਰਵੇ ਰੀਪੋਰਟ ਵਿਚ ਮਨੀਲਾ ਦੀ ਕੋਈ ਇਤਿਹਾਸਕ ਯਾਦਗਾਰ ਪਹਿਲੇ ਨੰਬਰ ਉਤੇ, ਦੂਜੇ ਨੰਬਰ ਉਤੇ ਦੁਬਈ ਦੀ ਮਸਜਿਦ ਹੈ ਅਤੇ ਤੀਜੇ ਨੰਬਰ ਤੇ ਸ੍ਰੀ ਦਰਬਾਰ ਸਾਹਿਬ ਹੈ। ਆਗਰੇ ਦਾ ਤਾਜ ਮਹਿਲ 5 ਨੰਬਰ ਅਤੇ 8 ਨੰਬਰ ਉਤੇ ਗੁਰਦਵਾਰਾ ਸ੍ਰੀ ਰਕਾਬਗੰਜ ਹੈ। ਚਾਹੀਦਾ ਤਾਂ ਇਹ ਸੀ ਕਿ ਅੰਮ੍ਰਿਤਸਰ ਸਫ਼ਾਈ ਪੱਖੋਂ ਦੇਸ਼ ਭਰ ਵਿਚ ਹੀ ਨਹੀਂ ਸਗੋਂ ਦੁਨੀਆਂ ਦੇ ਪਹਿਲੇ ਸ਼ਹਿਰਾਂ ਵਿਚ ਆਉਂਦਾ ਪਰ ਅੰਮ੍ਰਿਤਸਰ ਸ਼ਹਿਰ ਦੀ ਕਿਸੇ ਵੀ ਗਲੀ ਵਿਚ ਚਲੇ ਜਾਉ ਉਥੇ ਤੁਹਾਨੂੰ ਗੰਦਗੀ ਦੇ ਢੇਰ, ਟੁੱਟੀਆਂ ਸੜਕਾਂ, ਥ੍ਰੀ ਵੀਲ੍ਹਰਾਂ ਦਾ ਧੂੰਆਂ ਅਤੇ ਮੱਖੀਆਂ ਦੀ ਭਰਮਾਰ ਨਜ਼ਰ ਆਵੇਗੀ।
ਪਿਛਲੇ ਸਾਲ ਮੈਂ ਭਾਦੋਂ ਦੇ ਮਹੀਨੇ ਵਿਚ ਅੰਮ੍ਰਿਤਸਰ ਗਿਆ ਸੀ। ਜਦੋਂ ਮੈਂ ਬਸ ਅੱਡੇ ਤੇ ਉਤਰਿਆ ਤਾਂ ਉਦੋਂ ਥੋੜਾ ਥੋੜਾ ਮੀਂਹ ਪੈ ਰਿਹਾ ਸੀ ਜਿਸ ਕਾਰਨ ਬਸ ਅੱਡਾ ਅਤੇ ਉਸ ਦਾ ਆਲਾ ਦੁਆਲਾ ਕਿਸੇ ਨਰਕ ਨਾਲੋਂ ਘੱਟ ਨਹੀਂ ਸੀ। ਭਾਦੋਂ ਦਾ ਮਹੀਨਾ ਹੋਣ ਕਰ ਕੇ ਚਮਾਸਾ ਬਹੁਤ ਲੱਗਾ ਹੋਇਆ ਸੀ ਜਿਸ ਕਾਰਨ ਆਮ ਆਦਮੀ ਦਾ ਦਮ ਘੁਟ ਰਿਹਾ ਸੀ। ਜਿਉਂ ਹੀ ਮੈਂ ਬਸ ਅੱਡੇ ਤੋਂ ਬਾਹਰ ਨਿਕਲਿਆ ਤਾਂ ਉਥੇ ਰਿਕਸ਼ਿਆਂ ਅਤੇ ਸਕੂਟਰ ਰਿਕਸ਼ੇ ਵਾਲਿਆਂ ਦਾ ਹੜ੍ਹ ਆ ਗਿਆ ਹੋਇਆ ਸੀ ਜਿਸ ਕਾਰਨ ਚਾਰ-ਚੁਫੇਰੇ ਧੂੰਆਂ ਹੀ ਧੂੰਆਂ ਸੀ। ਜਿਸ ਆਦਮੀ ਨੂੰ ਸਾਹ ਦੀ ਬਿਮਾਰੀ ਨਹੀਂ ਵੀ ਲੱਗੀ ਹੋਈ ਉਸ ਨੂੰ ਵੀ ਦਮਾ ਹੋਣ ਦਾ ਖ਼ਤਰਾ ਜ਼ਰੂਰ ਲੱਗਣ ਲਗਦਾ ਹੈ। ਬਸ ਅੱਡੇ ਦਾ ਆਲਾ ਦੁਆਲਾ ਏਨਾ ਗੰਦਾ ਹੈ ਕਿ ਉਥੇ ਪੈਦਲ ਤੁਰਨਾ ਬਿਮਾਰੀ ਸਹੇੜਨ ਵਾਲੀ ਗੱਲ ਹੈ। ਜੇਕਰ ਬਿਮਾਰੀ ਨਾ ਵੀ ਲੱਗੀ ਹੋਵੇ ਤਾਂ ਤੁਸੀ ਅਪਣੇ ਕਪੜੇ ਜ਼ਰੂਰ ਪੜਵਾ ਲਉਗੇ। ਹਾਲ ਗੇਟ ਤੋਂ ਬਸ ਸਟੈਂਡ ਨੂੰ ਆਉਣ ਲਈ ਦੋ ਸੜਕਾਂ ਹਨ। ਇਕ ਪਾਸੇ ਮੱਛੀ ਮਾਰਕੀਟ ਅਤੇ ਲੋਹੇ ਦੀਆਂ ਦੁਕਾਨਾਂ ਹਨ ਅਤੇ ਦੂਜੇ ਪਾਸੇ ਪੁਰਾਣੇ ਕਪੜੇ ਵੇਚਣ ਵਾਲੇ ਅਤੇ ਫਲਾਂ ਦੀਆਂ ਰੇਹੜੀਆਂ ਦੀ ਭਰਮਾਰ ਹੈ। ਲੋਹਾ ਮਾਰਕੀਟ ਵਾਲਿਆਂ ਨੇ ਇਸ ਸੜਕ ਤੇ ਪੂਰੀ ਤਰ੍ਹਾਂ ਕਬਜ਼ਾ ਕੀਤਾ ਹੋਇਆ ਹੈ। ਉਥੋਂ ਗੱਡੀ ਤਾਂ ਕੀ ਪੈਦਲ ਲੰਘਣਾ ਵੀ ਮੁਸ਼ਕਲ ਹੈ। ਰਾਮਬਾਗ਼ ਵਾਲੇ ਚੌਕ ਵਿਚ ਸਬਜ਼ੀ ਵੇਚਣ ਵਾਲੇ ਅਤੇ ਫਲਾਂ ਦੀਆਂ ਦੁਕਾਨਾਂ ਕਾਰਨ ਉਥੇ ਚਾਰ-ਚੁਫੇਰੇ ਗੰਦ ਹੀ ਗੰਦ ਹੈ। ਇਹ ਹਾਲ ਅੰਮ੍ਰਿਤਸਰ ਸ਼ਹਿਰ ਦੀਆਂ ਸਾਰੀਆਂ ਗਲੀਆਂ ਦਾ ਹੈ।
ਮੈਂ ਇਹ ਦ੍ਰਿਸ਼ ਵੇਖਣ ਲਈ ਪੈਦਲ ਹੀ ਸ੍ਰੀ ਦਰਬਾਰ ਸਾਹਿਬ ਨੂੰ ਤੁਰ ਪਿਆ। ਬਸ ਸਟੈਂਡ ਤੋਂ ਦਰਬਾਰ ਸਾਹਿਬ ਤਕ ਮੈਂ ਬੜੀ ਮੁਸ਼ਕਲ ਨਾਲ ਪਹੁੰਚਿਆ। ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਦੋਂ ਮੈਂ ਪਰਕਰਮਾ ਕਰ ਰਿਹਾ ਸੀ ਤਾਂ ਬਹੁਤ ਸਾਰੇ ਗੋਰੇ ਆਏ ਹੋਏ ਸਨ। ਮੈਂ ਉਨ੍ਹਾਂ ਨੂੰ ਪੁਛਿਆ ਕਿ ਤੁਹਾਡੇ ਅੰਮ੍ਰਿਤਸਰ ਬਾਰੇ ਕੀ ਵਿਚਾਰ ਹਨ? ਤਾਂ ਉਹ ਕਹਿਣ ਲੱਗੇ ਕਿ ਦਰਬਾਰ ਸਾਹਿਬ ਵਰਗਾ ਪਵਿੱਤਰ ਅਸਥਾਨ ਅਤੇ ਇਥੋਂ ਦੀ ਸਫ਼ਾਈ ਅਸੀ ਕਿਤੇ ਨਹੀਂ ਵੇਖੀ। ਪਰ ਜਿਉਂ ਹੀ ਅਸੀ ਬਾਹਰ ਬਾਜ਼ਾਰ ਵਿਚ ਜਾਂਦੇ ਹਾਂ ਉਥੋਂ ਦਾ ਨਰਕ ਅਤੇ ਆਵਾਜਾਈ ਦਾ ਹਾਲ ਵੇਖ ਕੇ ਸਾਨੂੰ ਬਹੁਤ ਡਰ ਲਗਦਾ ਹੈ। ਭਾਵੇਂ ਕਿ ਪਹਿਲਾਂ ਵੀ ਸਥਾਨਕ ਸੰਸਥਾਵਾਂ ਦੇ ਮੰਤਰੀ ਅੰਮ੍ਰਿਤਸਰ ਸ਼ਹਿਰ ਦੇ ਰਹੇ ਹਨ ਪਰ ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਦੀ ਸਫ਼ਾਈ ਵਲ ਧਿਆਨ ਦੇਣ ਦੀ ਲੋੜ ਨਹੀਂ ਮਹਿਸੂਸ ਕੀਤੀ। ਲੇਖਕ ਸਿੱਧੂ ਸਾਹਬ ਨੂੰ ਜ਼ਰੂਰ ਬੇਨਤੀ ਕਰੇਗਾ ਕਿ ਉਹ ਬਸ ਸਟੈਂਡ ਅਤੇ ਇਸ ਦੇ ਆਲੇ-ਦੁਆਲੇ ਦੀ ਸਫ਼ਾਈ ਵਲ ਜ਼ਰੂਰ ਧਿਆਨ ਦੇਣ ਤਾਕਿ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ। ਜੇਕਰ ਅੰਮ੍ਰਿਤਸਰ ਦੀਆਂ ਸੜਕਾਂ ਸਾਫ਼-ਸੁਥਰੀਆਂ ਅਤੇ ਗੰਦਰਹਿਤ ਹੋ ਜਾਣ ਤਾਂ ਹੁਣ ਤੋਂ ਵੀ ਵੱਧ ਵਿਦੇਸ਼ੀ ਲੋਕ ਇਥੇ ਆਉਣ ਲੱਗ ਪੈਣਗੇ ਜਿਸ ਨਾਲ ਅੰਮ੍ਰਿਤਸਰ ਦੀ ਆਮਦਨ ਵਿਚ ਵਾਧਾ ਹੋਵੇਗਾ।
ਜੇਕਰ ਅਸੀ ਅੰਮ੍ਰਿਤਸਰ ਸ਼ਹਿਰ ਤੋਂ ਬਗ਼ੈਰ ਹੋਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਤਾਂ ਇਸ ਤੋਂ ਵੀ ਬਦਤਰ ਹਾਲਤ ਹੈ। ਪੰਜਾਬ ਦੇ ਇਤਿਹਾਸਕ ਸ਼ਹਿਰਾਂ ਵਿਚੋਂ ਸ੍ਰੀ ਮੁਕਤਸਰ ਸਾਹਿਬ ਦਾ ਖ਼ਾਸ ਸਥਾਨ ਹੈ ਕਿਉਂਕਿ ਇਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਖ਼ਰੀ ਜੰਗ ਲੜੀ ਸੀ। ਇਥੇ ਹੀ ਭਾਈ ਮਹਾਂ ਸਿੰਘ ਦੀ ਅਗਵਾਈ ਵਿਚ 40 ਸਿੱਖ ਸ਼ਹੀਦ ਹੋਏ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਮੁਕਤੇ ਕਿਹਾ ਅਤੇ ਇਨ੍ਹਾਂ 40 ਮੁਕਤਿਆਂ ਕਰ ਕੇ ਇਸ ਸ਼ਹਿਰ ਦਾ ਨਾਂ ਮੁਕਤਸਰ ਪਿਆ। ਇਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਗੁਰਦਵਾਰੇ ਦੇ ਦਰਸ਼ਨ ਕਰਨ ਆਉਂਦੇ ਹਨ। ਇਸ ਤੋਂ ਇਲਾਵਾ ਇਥੇ ਮਾਘੀ ਦਾ ਮੇਲਾ ਹਰ ਸਾਲ ਲਗਦਾ ਹੈ ਜਿਥੇ ਲੱਖਾਂ ਲੋਕ ਆਉਂਦੇ ਹਨ।
ਇਸ ਸ਼ਹਿਰ ਦੀ ਨੁਮਾਇੰਦਗੀ ਸ. ਹਰਚਰਨ ਸਿੰਘ ਜਾਂ ਉਨ੍ਹਾਂ ਦੇ ਪ੍ਰਵਾਰ ਦੇ ਕਿਸੇ ਮੈਂਬਰ ਵਲੋਂ ਹੀ ਕੀਤੀ ਜਾਂਦੀ ਰਹੀ ਹੈ। ਬਰਾੜ ਸਾਹਬ ਖ਼ੁਦ ਮੁੱਖ ਮੰਤਰੀ, ਮੰਤਰੀ ਐਮ.ਐਲ.ਏ. ਰਹੇ। ਉਨ੍ਹਾਂ ਦੀ ਪਤਨੀ ਮੰਤਰੀ ਰਹੇ, ਪੁੱਤਰ ਅਤੇ ਨੂੰਹ ਐਮ.ਐਲ.ਏ. ਰਹੇ। ਇਸ ਤੋਂ ਇਲਾਵਾ ਪੰਜਾਬ ਵਿਚ ਸੱਭ ਤੋਂ ਵੱਧ ਰਾਜ ਕਰਨ ਵਾਲਾ ਬਾਦਲ ਪ੍ਰਵਾਰ ਵੀ ਇਸੇ ਜ਼ਿਲ੍ਹੇ ਦੀ ਨੁਮਾਇੰਦਗੀ ਕਰਦਾ ਰਿਹਾ ਅਤੇ ਕਰ ਰਿਹਾ ਹੈ। ਪਰ ਅਫ਼ਸੋਸ ਹੈ ਕਿ ਇਨ੍ਹਾਂ ਨੇ ਕਦੀ ਸ਼ਹਿਰ ਦੀ ਸਫ਼ਾਈ ਵਲ ਧਿਆਨ ਨਹੀਂ ਦਿਤਾ ਜਿਸ ਦਾ ਸਿੱਟਾ ਇਹ ਹੋਇਆ ਕਿ ਅੱਜ ਮੁਕਤਸਰ ਸ਼ਹਿਰ ਦੇਸ਼ ਭਰ ਦੇ ਸੱਭ ਤੋਂ ਵੱਧ ਗੰਦੇ 10 ਸ਼ਹਿਰਾਂ ਵਿਚ ਸ਼ਾਮਲ ਹੈ ਅਤੇ ਗੰਦੇ ਸ਼ਹਿਰਾਂ ਦੀ ਸੂਚੀ ਵਿਚ 428ਵੇਂ ਨੰਬਰ ਉਤੇ ਹੈ। ਬਾਦਲ ਪ੍ਰਵਾਰ, ਜਿਹੜਾ ਪੰਜਾਬ ਵਿਚ ਵਿਕਾਸ ਕਰਨ ਦੀਆਂ ਟਾਹਰਾਂ ਮਾਰਦਾ ਹੈ, ਉਸ ਨੇ ਕਿੰਨਾ ਕੁ ਵਿਕਾਸ ਕੀਤਾ ਹੈ ਇਹ ਮੁਕਤਸਰ ਸ਼ਹਿਰ ਦੀ ਸਫ਼ਾਈ ਨੇ ਹੀ ਦਸ ਦਿਤਾ ਹੈ। ਜੇਕਰ ਇਸ ਪ੍ਰਵਾਰ ਵਲੋਂ ਜਿਹੜਾ ਵਿਕਾਸ ਕਰਵਾਇਆ ਗਿਆ ਉਸ ਦੀ ਅਸਲ ਤਸਵੀਰ ਵੇਖਣੀ ਹੈ ਤਾਂ ਮਲੋਟ ਸ਼ਹਿਰ ਦਾ ਬਸ ਅੱਡਾ ਵੇਖ ਲਉ ਜਿਹੜਾ ਕਈ ਸਾਲ ਤੋਂ ਇਕ ਛੱਪੜ ਵਿਚ ਚਲ ਰਿਹਾ ਹੈ। ਜਦੋਂ ਮੀਂਹ ਪੈ ਜਾਂਦਾ ਹੈ ਤਾਂ ਉਥੇ ਭਾਵੇਂ ਮੱਛੀਆਂ ਪਾਲ ਲਵੋ।
ਜਿਹੜੇ ਦੇਸ਼ ਭਰ ਦੇ 10 ਗੰਦੇ ਸ਼ਹਿਰ ਹਨ ਉਨ੍ਹਾਂ ਵਿਚੋਂ ਇਕ ਹੈ ਅਬੋਹਰ। ਇਹ ਸ਼ਹਿਰ ਵੀ ਗੰਦੇ ਸ਼ਹਿਰਾਂ ਦੀ ਸੂਚੀ ਵਿਚ 427ਵੇਂ ਨੰਬਰ ਤੇ ਹੈ। ਇਸ ਸ਼ਹਿਰ ਦੀ ਨੁਮਾਇੰਦਗੀ ਵੀ ਕਈ ਸਾਲ ਤੋਂ ਦੇਸ਼ ਦਾ ਜਾਣਿਆ-ਪਛਾਣਿਆ ਜਾਖੜ ਪ੍ਰਵਾਰ ਕਰਦਾ ਆ ਰਿਹਾ ਹੈ। 1972 ਤੋਂ 1977 ਤਕ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਸ ਵਿਚ ਸ੍ਰੀ ਬਲਰਾਮ ਜਾਖੜ ਸਹਿਕਾਰਤਾ ਦੇ ਰਾਜ ਮੰਤਰੀ ਸਨ। ਉਸ ਤੋਂ ਬਾਅਦ ਜਾਖੜ ਜੀ ਖੇਤੀਬਾੜੀ ਦੇ ਕੇਂਦਰ ਵਿਚ ਮੰਤਰੀ ਰਹੇ। ਸਪੀਕਰ ਰਹੇ, ਐਮ.ਪੀ. ਰਹੇ। ਉਨ੍ਹਾਂ ਦੇ ਸਪੁੱਤਰ ਸੱਜਣ ਕੁਮਾਰ ਪੰਜਾਬ ਵਿਚ ਮੰਤਰੀ ਰਹੇ। ਕਈ ਸਾਲ ਸੁਨੀਲ ਜਾਖੜ ਵਿਧਾਇਕ ਰਹੇ ਅਤੇ ਹੁਣ ਵੀ ਉਹ ਕਾਂਗਰਸ ਦੇ ਪ੍ਰਧਾਨ ਬਣੇ ਹਨ। ਪਹਿਲਾਂ ਵੀ ਥੋੜਾ ਚਿਰ ਉਹ ਕਾਂਗਰਸ ਦੇ ਪ੍ਰਧਾਨ ਰਹੇ ਪਰ ਇਸ ਪ੍ਰਵਾਰ ਨੇ ਨਾ ਕਦੀ ਅਬੋਹਰ ਦੀ ਸਫ਼ਾਈ ਵਲ ਅਤੇ ਨਾ ਇਸ ਦੇ ਵਿਕਾਸ ਵਲ ਹੀ ਕਦੀ ਧਿਆਨ ਦਿਤਾ। ਇਸ ਪ੍ਰਵਾਰ ਨੇ ਵੀ ਸਿਰਫ਼ ਅਪਣੇ ਵਿਕਾਸ ਵਲ ਹੀ ਧਿਆਨ ਦਿਤਾ, ਕਦੀ ਅਬੋਹਰ ਦੀ ਸਾਰ ਨਹੀਂ ਲਈ ਕਿਉਂਕਿ ਜਿੰਨੇ ਵੀ ਵੱਡੇ ਪ੍ਰਵਾਰ ਹਨ ਇਹ ਲੋਕਾਂ ਨੂੰ ਅਪਣੀ ਜਾਗੀਰ ਸਮਝਦੇ ਹਨ। ਜੇਕਰ ਇਹ ਪ੍ਰਵਾਰ ਅਬੋਹਰ ਦੇ ਵਿਕਾਸ ਵਲ ਧਿਆਨ ਦਿੰਦਾ ਤਾਂ ਅਬੋਹਰ ਦੇ ਲੋਕਾਂ ਨੂੰ ਗੰਦਗੀ ਵਿਚ ਰਹਿਣ ਲਈ ਮਜਬੂਰ ਨਾ ਹੋਣਾ ਪੈਂਦਾ।
ਜੇਕਰ ਅਸੀ ਰਾਜਿਆਂ ਦੇ ਸ਼ਹਿਰ ਪਟਿਆਲੇ ਦੀ ਗੱਲ ਕਰੀਏ ਤਾਂ ਇਹ ਸ਼ਹਿਰ ਵੀ ਦੇਸ਼ ਭਰ ਦੇ ਸੱਭ ਤੋਂ ਵੱਧ ਗੰਦੇ 10 ਸ਼ਹਿਰਾਂ ਤੋਂ ਥੋੜਾ ਜਿਹਾ ਉੱਪਰ ਹੈ। ਜਿਥੇ ਦੇਸ਼ ਦਾ ਸੱਭ ਤੋਂ ਗੰਦਾ ਸ਼ਹਿਰ 434ਵੇਂ ਨੰਬਰ ਤੇ ਹੈ ਉਥੇ ਇਸ ਸ਼ਹਿਰ ਦਾ 411ਵਾਂ ਨੰਬਰ ਹੈ। ਇਹ ਸ਼ਹਿਰ ਪਟਿਆਲਾ ਰਿਆਸਤ ਦੀ ਰਾਜਧਾਨੀ ਰਿਹਾ। ਆਜ਼ਾਦੀ ਤੋਂ ਬਾਅਦ ਵੀ ਇਸ ਸ਼ਹਿਰ ਦੀ ਨੁਮਾਇੰਦਗੀ ਰਾਜ ਪ੍ਰਵਾਰ ਦੇ ਕਿਸੇ ਨਾ ਕਿਸੇ ਮੈਂਬਰ ਵਲੋਂ ਕੀਤੀ ਜਾਂਦੀ ਰਹੀ ਹੈ। ਅਸਲ ਵਿਚ ਲੋਕ ਤਾਂ ਇਨ੍ਹਾਂ ਨੂੰ ਇਸ ਕਰ ਕੇ ਚੁਣਦੇ ਹਨ ਕਿ ਸ਼ਾਇਦ ਇਹ ਵੱਡੀ ਕੁਰਸੀ ਉਤੇ ਬੈਠ ਕੇ ਕੋਈ ਲੋਕਾਂ ਦੀ ਸੇਵਾ ਕਰਨਗੇ। ਉਨ੍ਹਾਂ ਨੂੰ ਕੋਈ ਸਹੂਲਤ ਦੇਣਗੇ ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਸੌਖੀ ਹੋ ਸਕੇਗੀ। ਪਰ ਜਿਉਂ ਹੀ ਲੋਕ ਕੁਰਸੀ ਤੇ ਬੈਠ ਜਾਂਦੇ ਹਨ ਤਾਂ ਇਹ ਸਿਰਫ਼ ਅਪਣੇ ਪ੍ਰਵਾਰ, ਅਪਣੇ ਰਿਸ਼ਤੇਦਾਰਾਂ ਜਾਂ ਅਪਣੇ ਚਮਚਿਆਂ ਤਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ। ਬਾਕੀ ਸਾਰੀ ਜਨਤਾ ਤਾਂ ਇਨ੍ਹਾਂ ਨੂੰ ਕੀੜਾ-ਮਕੌੜਾ ਲੱਗਣ ਲਗਦੀ ਹੈ ਕਿਉਂਕਿ ਇਨ੍ਹਾਂ ਲੀਡਰਾਂ ਨੂੰ ਇਹ ਪਤਾ ਹੁੰਦਾ ਹੈ ਕਿ ਜਿਹੜੀ ਕੁਰਸੀ ਇਨ੍ਹਾਂ ਦੇ ਹੱਥ ਵਿਚ ਆ ਗਈ ਹੈ ਉਹ ਹੁਣ ਪੰਜ ਸਾਲ ਤਕ ਉਨ੍ਹਾਂ ਦੀ ਹੈ।
ਚੋਣ ਜਿੱਤਣ ਮਗਰੋਂ ਜਿਹੜੀ ਪਾਰਟੀ ਦੀ ਵੀ ਸਰਕਾਰ ਬਣਦੀ ਹੈ ਉਹ ਇਹ ਨਹੀਂ ਸੋਚਦੀ ਕਿ ਉਹ ਸਰਕਾਰ ਸਾਰੇ ਲੋਕਾਂ ਦੀ ਹੈ ਜਿਸ ਕਾਰਨ ਉਨ੍ਹਾਂ ਸ਼ਾਹੀ ਲੋਕਾਂ ਦੇ ਭਲੇ ਵਾਸਤੇ ਕੰਮ ਕਰਨਾ ਹੈ। ਜਿੱਤਣ ਵਾਲੀ ਪਾਰਟੀ ਸਿਰਫ਼ ਅਪਣੀ ਪਾਰਟੀ ਤਕ ਹੀ ਸੀਮਤ ਹੋ ਕੇ ਰਹਿ ਜਾਂਦੀ ਹੈ। ਅਸੀ ਆਮ ਵੇਖਦੇ ਹਾਂ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਹੋਵੇ ਤਾਂ ਉਨ੍ਹਾਂ ਨੇ ਕਾਂਗਰਸੀਆਂ ਦੇ ਕੰਮ ਹੀ ਕਰਨੇ ਹਨ, ਜੇਕਰ ਅਕਾਲੀਆਂ ਦੀ ਬਣੀ ਹੈ ਤਾਂ ਉਹ ਅਕਾਲੀਆਂ ਬਾਰੇ ਹੀ ਸੋਚਦੀ ਹੈ। ਸਰਕਾਰ ਨਾਲ ਸਬੰਧਤ ਵਿਧਾਇਕ ਦੇ ਹਲਕੇ ਦੀਆਂ ਸੜਕਾਂ ਵੀ ਬਣ ਜਾਂਦੀਆਂ ਹਨ। ਕੋਈ ਹੋਰ ਮਾੜਾ ਮੋਟਾ ਕੰਮ ਹੋ ਜਾਂਦਾ ਹੈ। ਪਰ ਜੇਕਰ ਨਾਲ ਦੇ ਹਲਕੇ ਵਿਚ ਵਿਰੋਧੀ ਪਾਰਟੀ ਨਾਲ ਸਬੰਧਤ ਵਿਧਾਇਕ ਬਣ ਗਿਆ ਤਾਂ ਉਥੇ ਨਾ ਕੋਈ ਸੜਕ ਬਣਦੀ ਹੈ ਅਤੇ ਨਾ ਹੀ ਵਿਰੋਧੀ ਪਾਰਟੀ ਨਾਲ ਸਬੰਧਤ ਪੰਚਾਇਤ ਨੂੰ ਕੋਈ ਗ੍ਰਾਂਟ ਦੇਣੀ ਹੈ ਜਿਸ ਕਾਰਨ ਉਸ ਹਲਕੇ ਦੀਆਂ ਟੁੱਟੀਆਂ ਸੜਕਾਂ, ਗਲੀਆਂ ਵਿਚ ਪਾਣੀ ਖੜਾ ਹੁੰਦਾ ਹੈ ਜਿਸ ਨਾਲ ਉਥੇ ਬਿਮਾਰੀ ਪੈਦਾ ਹੋਣਾ ਕੁਦਰਤੀ ਹੈ ਪਰ ਰਾਜ ਕਰ ਰਹੀ ਪਾਰਟੀ ਇਹ ਨਹੀਂ ਸੋਚਦੀ ਕਿ ਇਹ ਸਜ਼ਾ ਤਾਂ ਉਨ੍ਹਾਂ ਲੋਕਾਂ ਨੂੰ ਵੀ ਮਿਲ ਗਈ ਜਿਨ੍ਹਾਂ ਨੇ ਉਨ੍ਹਾਂ ਦੇ ਉਮੀਦਵਾਰ ਨੂੰ ਵੋਟਾਂ ਪਾਈਆਂ ਸਨ। ਇਹ ਵਖਰੀ ਗੱਲ ਹੈ ਕਿ ਉਹ ਹਾਰ ਗਿਆ।
ਪਿਛਲੇ ਦਸ ਸਾਲਾਂ ਵਿਚ ਜਿੰਨੀ ਗ੍ਰਾਂਟ ਲੰਬੀ, ਜਲਾਲਾਬਾਦ ਅਤੇ ਮਜੀਠੇ ਵਿਚ ਦਿਤੀ ਗਈ ਓਨੀ ਸਾਰੇ ਪੰਜਾਬ ਵਿਚ ਨਹੀਂ ਦਿਤੀ। ਕਾਂਗਰਸ ਸਰਕਾਰ ਵਲੋਂ ਭਾਵੇਂ ਪੜਤਾਲ ਕਰਵਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਇਨ੍ਹਾਂ ਪੜਤਾਲਾਂ ਦਾ ਨਾ ਕੋਈ ਪਹਿਲਾਂ ਨਤੀਜਾ ਨਿਕਲਿਆ ਹੈ ਨਾ ਅੱਗੇ ਨਿਕਲਣਾ ਹੈ। ਹੁਣ ਵੀ ਜਿਹੜੇ ਦਸ ਗੰਦੇ ਸ਼ਹਿਰਾਂ ਵਿਚ ਮੁਕਤਸਰ ਅਤੇ ਅਬੋਹਰ ਦੇ ਨਾਂ ਆਏ ਹਨ ਉਨ੍ਹਾਂ ਦੋਹਾਂ ਹਲਕਿਆਂ ਦੀ ਨੁਮਾਇੰਦਗੀ ਕਾਂਗਰਸੀ ਕਰਦੇ ਸਨ। ਉਹ ਕਹਿਣਗੇ ਕਿ ਸਰਕਾਰ ਵਿਰੋਧੀਆਂ ਦੀ ਸੀ, ਇਸ ਵਾਸਤੇ ਇਥੇ ਸਫ਼ਾਈ ਨਹੀਂ ਹੋ ਸਕੀ। ਇਨ੍ਹਾਂ ਨੂੰ ਕੋਈ ਪੁੱਛੇ ਕਿ ਜਦੋਂ ਤੁਹਾਡੀ ਸਰਕਾਰ ਸੀ, ਉਦੋਂ ਤੁਸੀ ਕਿਹੜਾ ਕੁੱਝ ਕੀਤਾ ਹੈ।
ਸਰਕਾਰਾਂ ਲੋਕ ਭਲਾਈ ਦੇ ਕੰਮ ਕਰਨ ਨੂੰ ਬਣਾਈਆਂ ਜਾਂਦੀਆਂ ਹਨ ਪਰ ਸਰਕਾਰਾਂ ਵਿਚ ਸ਼ਾਮਲ ਲੋਕ ਸਿਰਫ਼ ਅਪਣੀ ਹੀ ਭਲਾਈ ਕਰਦੇ ਹਨ। ਸਰਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਲਈ ਰੋਟੀ-ਕਪੜੇ ਅਤੇ ਮਕਾਨ ਦਾ ਪ੍ਰਬੰਧ ਕਰੇ। ਪਰ ਹੁਣ ਜਿਹੜੀਆਂ ਸਰਕਾਰਾਂ ਹਨ ਉਹ ਤਾਂ ਲੋਕਾਂ ਦੇ ਕਪੜੇ ਲਾਹੁਣ ਵਿਚ ਹੀ ਲੱਗੀਆਂ ਰਹਿੰਦੀਆਂ ਹਨ। ਇਨ੍ਹਾਂ ਨੇ ਲੋਕਾਂ ਨੂੰ ਰੁਜ਼ਗਾਰ ਤਾਂ ਕੀ ਦੇਣਾ ਹੈ ਇਹ ਤਾਂ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਵੀ ਨਹੀਂ ਦੇ ਸਕਦੀਆਂ। ਇਨ੍ਹਾਂ ਨੂੰ ਵੱਧ ਤੋਂ ਵੱਧ ਵਿਧਾਇਕਾਂ ਨੂੰ ਮੰਤਰੀ ਜਾਂ ਸੰਸਦੀ ਸਕੱਤਰ ਬਣਾਉਣ ਦਾ ਤਾਂ ਫ਼ਿਕਰ ਹੈ ਪਰ ਇਨ੍ਹਾਂ ਨੂੰ ਬਿਜਲੀ ਬੋਰਡ ਵਿਚ ਭਰਤੀ ਜਾਂ ਸਥਾਨਕ ਸੇਵਾਵਾਂ ਲਈ ਮਜ਼ਦੂਰ ਜਾਂ ਹੋਰ ਮੁਲਾਜ਼ਮ ਭਰਤੀ ਕਰਨ ਦਾ ਕੋਈ ਖ਼ਿਆਲ ਨਹੀਂ। ਉਦੋਂ ਇਨ੍ਹਾਂ ਦੇ ਖ਼ਜ਼ਾਨੇ ਖ਼ਾਲੀ ਹੋ ਜਾਂਦੇ ਹਨ।
ਸ਼ਹਿਰਾਂ ਦੀ ਸਫ਼ਾਈ ਤਾਂ ਉਦੋਂ ਹੀ ਹੋਵੇਗੀ ਜੇਕਰ ਕਮੇਟੀਆਂ ਜਾਂ ਕਾਰਪੋਰੇਸ਼ਨ ਦੇ ਲੋਕ ਮਜ਼ਦੂਰ ਪੂਰੇ ਹੋਣਗੇ। ਅੱਜ ਹਾਲ ਇਹ ਹੈ ਕਿ ਕਿਸੇ ਵੀ ਕਮੇਟੀ ਕੋਲ ਲੋੜੀਂਦੇ ਮੁਲਾਜ਼ਮ ਨਹੀਂ। ਗੰਦ ਢੋਣ ਵਾਲੀਆਂ ਗੱਡੀਆਂ ਨਹੀਂ ਹਨ। ਜੇਕਰ ਕਿਸੇ ਸ਼ਹਿਰ ਨੂੰ 200 ਮਜ਼ਦੂਰਾਂ ਦੀ ਲੋੜ ਹੈ ਤਾਂ ਸਿਰਫ਼ ਉਸ ਕੋਲ 50 ਹੀ ਹਨ। ਪਹਿਲੀ ਗੱਲ ਤਾਂ ਭਰਤੀ ਕਰਨੀ ਨਹੀਂ, ਜੇਕਰ ਭਰਤੀ ਕੀਤੀ ਵੀ ਗਈ ਤਾਂ ਸਬੰਧਤ ਮੰਤਰੀ ਅਤੇ ਮੁੱਖ ਮੰਤਰੀ ਅਪਣੇ ਇਲਾਕੇ ਦੀ ਹੀ ਕਰਦਾ ਹੈ, ਪਿਛਲੀ ਸਰਕਾਰ ਨੇ ਜਿਹੜੀ ਭਰਤੀ ਕੀਤੀ ਉਸ ਦੀ ਅਜੇ ਪੜਤਾਲ ਚਲ ਰਹੀ ਹੈ।
ਅੱਜ ਜੇਕਰ ਬਿਮਾਰੀਆਂ ਵੱਧ ਰਹੀਆਂ ਹਨ ਤਾਂ ਉਸ ਦਾ ਕਾਰਨ ਸ਼ਹਿਰਾਂ ਵਿਚ ਫੈਲਿਆ ਹੋਇਆ ਗੰਦ ਹੈ। ਤੁਸੀ ਜਿਉਂ ਹੀ ਘਰ ਤੋਂ ਨਿਕਲਦੇ ਹੋ ਤਾਂ ਤੁਹਾਡਾ ਵਾਹ ਇਸ ਗੰਦ ਨਾਲ ਪੈਂਦਾ ਹੈ। ਨਾਲੀਆਂ ਵਿਚ ਪਾਣੀ ਖੜਾ ਹੈ, ਜਿਥੇ ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਹੁੰਦੀ ਹੈ। ਕਈ ਸ਼ਹਿਰਾਂ ਵਿਚ ਤਾਂ ਤੁਹਾਨੂੰ ਗੰਦੇ ਪਾਣੀ ਵਿਚੋਂ ਨਿਕਲਣ ਲਈ ਮਜਬੂਰ ਹੋਣਾ ਪੈਂਦਾ ਹੈ। ਥਾਂ ਥਾਂ ਤੇ ਗੰਦਗੀ ਦੇ ਢੇਰ ਲੱਗੇ ਹੁੰਦੇ ਹਨ ਜਿਸ ਦੀ ਬਦਬੂ ਤੁਹਾਡੀ ਬਿਮਾਰੀ ਦਾ ਕਾਰਨ ਬਣਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰਤ ਇਨ੍ਹਾਂ ਸ਼ਹਿਰਾਂ ਦੀ ਸਫ਼ਾਈ ਵਲ ਧਿਆਨ ਦੇਵੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਸੇ ਦਿਨ ਹੀ ਮੀਟਿੰਗ ਕੀਤੀ ਸੀ ਅਤੇ ਹਦਾਇਤਾਂ ਜਾਰੀ ਕੀਤੀਆਂ ਸਨ। ਪਤਾ ਨਹੀਂ ਸਾਡੇ ਮੁੱਖ ਮੰਤਰੀ ਜਾਂ ਮੰਤਰੀਆਂ ਨੂੰ ਇਸ ਦਾ ਚੇਤਾ ਆਉਂਦਾ ਹੈ ਕਿ ਨਹੀਂ। ਇਕ ਤੰਦਰੁਸਤ ਸ੍ਰੀਰ ਅੰਦਰ ਇਕ ਤੰਦਰੁਸਤ ਦਿਮਾਗ਼ ਰਹਿ ਸਕਦਾ ਹੈ। ਸ੍ਰੀਰ ਤਾਂ ਹੀ ਤੰਦਰੁਸਤ ਰਹਿ ਸਕਦਾ ਹੈ ਜੇਕਰ ਤੁਹਾਡਾ ਵਾਤਾਵਰਣ ਸਾਫ਼ ਸੁਥਰਾ ਹੋਵੇਗਾ।
ਸੰਪਰਕ : 94646-96083