ਕੋਰੋਨਾ : ਕੀ ਹੈ ਪਲਾਜ਼ਮਾ ਇਲਾਜ ਪ੍ਰਣਾਲੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਇਸ ਵੇਲੇ ਕੋਵਿਡ-19 ਪੂਰੀ ਦੁਨੀਆਂ ਅੰਦਰ ਕਹਿਰ ਮਚਾ ਰਿਹਾ ਹੈ ਤੇ ਸਾਰੇ  ਸੰਸਾਰ ਲਈ ਮੁਸੀਬਤ ਬਣਿਆ ਹੋਇਆ ਹੈ

File Photo

ਇਸ ਵੇਲੇ ਕੋਵਿਡ-19 ਪੂਰੀ ਦੁਨੀਆਂ ਅੰਦਰ ਕਹਿਰ ਮਚਾ ਰਿਹਾ ਹੈ ਤੇ ਸਾਰੇ  ਸੰਸਾਰ ਲਈ ਮੁਸੀਬਤ ਬਣਿਆ ਹੋਇਆ ਹੈ। ਹਰ ਦੇਸ਼ ਅਪਣੇ-ਅਪਣੇ ਵਿਕਸਤ ਵਿਗਿਆਨਕ ਵਸੀਲਿਆਂ ਰਾਹੀਂ ਇਸ ਭਿਆਨਕ ਮਹਾਂਮਾਰੀ ਉਤੇ ਕਾਬੂ ਪਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਪਰ ਅੱਖ ਦੀ ਵੇਖਣ ਸ਼ਕਤੀ ਦੀ ਪਹੁੰਚ ਤੋਂ ਦੂਰ, ਔਸਤਨ 125 ਨੈਨੋ ਮੀਟਰ ਦੇ ਇਸ ਨਿੱਕੇ ਜਹੇ ਵਿਸ਼ਾਣੂ ਨੇ ਅਰਬਾਂ ਖ਼ਰਬਾਂ ਕਿਲੋਮੀਟਰ ਦੇ ਅਸੀਮਤ ਖੇਤਰ ਨੂੰ ਕਿਵੇਂ ਅਪਣੀ ਲਪੇਟ ਵਿਚ ਲੈ ਲਿਐ, ਕਿਸੇ ਤੋਂ ਲੁਕਿਆ ਨਹੀਂ। ਸਾਰੇ ਦੇਸ਼ਾਂ ਦੀ ਤਕਨੀਕ ਇਸ ਵੇਲੇ ਤਰਲੋ ਮੱਛੀ ਹੋ ਰਹੀ ਏ ਪਰ ਇਹ ਵਿਸ਼ਾਣੂ ਕਿਸੇ ਦਵਾਈ ਜਾਂ ਵੈਕਸੀਨ ਦੀ ਮਾਰ ਹੇਠ ਨਹੀਂ ਆ ਰਿਹਾ।

ਹਾਂ ਕੁਦਰਤ ਨੇ ਉਨ੍ਹਾਂ ਖ਼ੁਸ਼ਕਿਸਮਤ ਲੋਕਾਂ ਨੂੰ ਜ਼ਰੂਰ ਮੁੜ ਜ਼ਿੰਦਗੀ ਬਖ਼ਸ਼ੀ, ਜਿਨ੍ਹਾਂ ਦਾ ਮਾਨਸਕ ਤੇ ਆਤਮਕ ਵਿਸ਼ਵਾਸ ਏਨਾ ਸਿਰੜੀ ਰਿਹਾ ਕਿ ਇਸ ਭਿਆਨਕ ਨਾ ਦਿਸਣ ਵਾਲੇ ਦੁਸ਼ਮਣ ਨੂੰ ਮਾਤ ਪਾਉਣ ਵਿਚ ਉਹ ਕਾਮਯਾਬ ਹੋਏ। ਜੇਕਰ ਇਹ ਕਿਹਾ ਜਾਵੇ ਕਿ ਭਾਵੇਂ ਹਾਲੇ ਤਕ ਕੋਈ ਇਲਾਜ ਨਹੀਂ ਲਭਿਆ। ਪਰ ਵਿਗਿਆਨ ਨੇ ਗੋਡੇ ਵੀ ਨਹੀਂ ਟੇਕੇ। ਜਿਥੇ ਸਾਰੀ ਦੁਨੀਆਂ ਦੇ ਵਿਗਿਆਨੀਆਂ ਨੇ  ਇਸ ਵੇਲੇ ਇਸ ਭਿਆਨਕ ਮਹਾਂਮਾਰੀ ਦਾ ਤੋੜ ਲੱਭਣ ਲਈ ਦਿਨ ਰਾਤ ਇਕ ਕੀਤਾ ਹੋਇਆ ਹੈ, ਉਥੇ ਇਸ ਕੁਦਰਤੀ ਕਰੋਪੀ ਸਾਹਮਣੇ ਬੌਂਦਲੇ ਤੇ ਘਬਰਾਏ ਵਿਗਿਆਨ ਨੇ ਆਖ਼ਰ ਇਕ ਪੁਰਾਨਾ ਫ਼ਾਰਮੂਲੇ ਵਲ ਵੀ ਧਿਆਨ ਦੇਣਾ ਸ਼ੁਰੂ ਕੀਤਾ ਹੈ ਜਿਸ ਦਾ ਨਾਂ ਹੈ 'ਪਲਾਜ਼ਮਾ ਥੈਰੇਪੀ' (ਪਲਾਜ਼ਮਾ ਇਲਾਜ ਪ੍ਰਣਾਲੀ)।

ਕੀ ਹੈ ਪਲਾਜ਼ਮਾ ਥੈਰੇਪੀ : ਏਮਿਲ ਵਾਨ ਬੇਰਿੰਗ ਨਾਮ ਦੇ ਇਕ ਜਰਮਨ ਵਿਗਿਆਨੀ ਨੇ ਪਹਿਲੀ ਵਾਰ ਇਕ ਖ਼ਰਗੋਸ਼ ਵਿਚ ਜੀਵਾਣੂ ਕਾਰਨ ਹੋਈ  ਬੀਮਾਰੀ ਦੀ ਗੰਭੀਰ ਸਥਿਤੀ ਨੂੰ ਇਕ ਦੂਜੇ ਖ਼ਰਗੋਸ਼ (ਜਿਹੜਾ ਪਹਿਲਾਂ ਇਸ ਬੀਮਾਰੀ ਦੀ ਮਾਰ ਤੋਂ ਬਚ ਨਿਕਲਿਆ ਸੀ) ਦੇ ਖ਼ੂਨ ਤੋਂ ਤਿਆਰ ਕੀਤੇ ਸੀਰਮ ਦਾ ਟੀਕਾ ਲਗਾ ਕੇ ਠੀਕ ਕੀਤਾ। 1901 ਵਿਚ  ਇਹ ਖੋਜ ਕਰ ਕੇ ਇਸ ਬੇਰਿੰਗ ਨਾਂ ਦੇ ਵਿਗਿਆਨੀ ਨੇ  ਦਵਾਈ ਖੋਜ ਖੇਤਰ ਵਿਚ ਪਹਿਲਾ ਨੋਬਲ ਪੁਰਸਕਾਰ ਪ੍ਰਾਪਤ ਕੀਤਾ। ਇਸ ਖੋਜ ਨੂੰ ਬਾਅਦ ਵਿਚ ਪਲਾਜ਼ਮਾ/ ਐਂਟੀਬਾਡੀ ਥੈਰੇਪੀ (ਪਲਾਜ਼ਮਾ/ ਐਂਟੀਬਾਡੀ ਇਲਾਜ ਪ੍ਰਣਾਲੀ) ਵਜੋਂ ਵਿਕਸਤ ਕੀਤਾ ਗਿਆ।

1918 ਵਿਚ ਇਸ ਦਾ ਪ੍ਰਯੋਗ ਸਪੈਨਿਸ਼ ਫ਼ਲੂ (ਸਪੇਨ ਵਿਚ ਫੈਲਿਆ ਫ਼ਲੂ ) ਦੌਰਾਨ ਕੀਤਾ ਗਿਆ, ਫਿਰ 2003 ਵਿਚ ਸਾਰਸ  (ਸਿਵੀਅਰ ਐਕਿਊਟ ਰੈਸਪੀਰੇਟਰੀ ਸਿੰਡਰੌਮ) ਦੇ ਫੈਲਣ ਤੇ 2012 ਵਿਚ ਮਰਸ (ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ) ਦੇ ਫੈਲਣ ਵੇਲੇ ਤੇ 2014 ਵਿਚ ਇਬੋਲਾ ਨਾਂ ਦੀ ਬੀਮਾਰੀ ਦੇ ਹਮਲੇ ਵੇਲੇ ਇਸ ਦਾ ਪ੍ਰਯੋਗ, ਬੀਮਾਰੀ ਦੀ ਗੰਭੀਰ ਅਵਸਥਾ ਵਾਲੇ ਮਰੀਜ਼ਾਂ ਉਤੇ ਕੀਤਾ ਗਿਆ ਤੇ ਕਾਫ਼ੀ ਸਫਲ ਵੀ ਰਿਹਾ। ਇਸ ਥੈਰੇਪੀ ਜਾਂ ਇਲਾਜ ਪ੍ਰਣਾਲੀ ਵਿਚ ਉਨ੍ਹਾਂ ਮਰੀਜ਼ਾਂ ਦਾ ਪਲਾਜ਼ਮਾ ਲਿਆ ਜਾਂਦਾ ਹੈ, ਜਿਹੜੇ ਇਸ ਬੀਮਾਰੀ ਦੇ ਹਮਲੇ ਤੋਂ ਬਚ ਨਿਕਲੇ ਹੋਣ।

ਪਲਾਜ਼ਮਾ ਖ਼ੂਨ ਤੋਂ ਅਲੱਗ ਕੀਤਾ, ਉਹ ਪੀਲਾ ਤਰਲ ਪਦਾਰਥ ਹੁੰਦਾ ਹੈ ਜਿਸ ਵਿਚ ਸ੍ਰੀਰ ਵਲੋਂ ਪੈਦਾ ਕੀਤੇ, ਉਹ ਪ੍ਰੋਟੀਨਜ਼ ਹੁੰਦੇ ਹਨ, ਜੋ ਬੀਮਾਰੀ ਪੈਦਾ ਕਰਨ ਵਾਲੇ ਵਿਸ਼ਾਣੂਆਂ/ ਜੀਵਾਣੂਆਂ ਉਤੇ ਹਮਲਾ ਕਰ ਕੇ ਉਨ੍ਹਾਂ ਨੂੰ ਮਾਰਨ ਜਾਂ ਪ੍ਰਭਾਵਹੀਣ ਕਰਨ ਦੇ ਸਮਰੱਥ ਹੁੰਦੇ ਹਨ। ਇਹ ਪਲਾਜ਼ਮਾ ਕਿਨ੍ਹਾਂ ਵਿਅਕਤੀਆਂ ਤੋਂ ਲਿਆ ਜਾ ਸਕਦਾ ਹੈ? : ਇਹ ਪਲਾਜ਼ਮਾ ਬੀਮਾਰੀ ਦੀ ਰੀਪੋਰਟ ਨੈਗੇਟਿਵ ਆਉਣ ਤੋਂ ਤਕਰੀਬਨ 6 ਹਫ਼ਤੇ ਬਾਅਦ ਸਿਰਫ਼ ਉਨ੍ਹਾਂ ਵਿਅਕਤੀਆਂ ਤੋਂ ਲਿਆ ਜਾਂਦਾ ਹੈ ਜਿਹੜੇ ਬਿਲਕੁਲ ਤੰਦਰੁਸਤ ਹੋਣ ਤੇ ਖ਼ਾਸ ਕਰ ਕੇ 60 ਸਾਲ ਦੀ ਉਮਰ ਤੋਂ ਹੇਠ ਹੋਣ।

ਕਿਹੜੇ ਮਰੀਜ਼ਾਂ ਨੂੰ ਕਿਸ ਹਾਲਤ ਵਿਚ ਇਹ ਪਲਾਜ਼ਮਾ  ਦਿਤਾ ਜਾ ਸਕਦਾ ਹੈ? : ਇਹ ਤਕਰੀਬਨ ਉਨ੍ਹਾਂ ਗੰਭੀਰ ਮਰੀਜ਼ਾਂ ਵਿਚ ਦਿਤਾ ਜਾਂਦਾ ਹੈ ਜਿਨ੍ਹਾਂ ਵਿਚ ਸਾਹ ਲੈਣ ਦੀ ਕਿਰਿਆ ਪ੍ਰਤੀ ਮਿੰਟ 30 ਤੋਂ ਵੱਧ ਹੋਵੇ (ਜਿਹੜੀ ਕਿ ਨਾਰਮਲ 18-20 ਪ੍ਰਤੀ ਮਿੰਟ ਹੁੰਦੀ ਹੈ), ਜਿਨ੍ਹਾਂ ਵਿਚ ਆਕਸੀਜਨ ਦੀ ਸੇਚੂਰੇਸ਼ਨ 90 ਫ਼ੀ ਸਦੀ ਤੋਂ ਘੱਟ ਹੋਵੇ, ਜਿਨ੍ਹਾਂ ਦੇ ਕਈ ਅੰਗ ਬੀਮਾਰੀ ਗ੍ਰਸਤ ਨਾ ਹੋਣ (ਮਲਟੀ ਆਰਗੈਨ ਫੇਲਿਉਰ) ਜਿਵੇਂ ਕਿ ਮਰੀਜ਼ ਸ਼ੂਗਰ ਕਾਰਨ ਗੁਰਦੇ ਖ਼ਰਾਬ, ਦਿਲ ਦੀ ਬੀਮਾਰੀ ਤੇ ਫੇਫੜਿਆਂ ਦੇ ਗ਼ਲਣ ਆਦਿ ਤੋਂ ਪੀੜਤ ਨਾ ਹੋਵੇ।

ਏਮਜ਼ ਦੇ ਮਾਈਕ੍ਰੋਬਾਈਲੋਜੀ ਵਿਭਾਗ ਦੇ ਸਾਬਕਾ ਹੈੱਡ ਡਾਕਟਰ ਸ਼ੋਭਾ ਥਰੂੜ ਅਨੁਸਾਰ ਕਈ ਅੰਗ ਬੀਮਾਰੀ ਗ੍ਰਸਤ ਮਰੀਜ਼ ਵਿਚ ਪਲਾਜ਼ਮਾ ਪ੍ਰਣਾਲੀ ਸਫ਼ਲ ਨਹੀਂ ਹੁੰਦੀ ਕਿਉਂਕਿ ਐਂਟੀਬਾਡੀਜ਼ ਵਾਇਰਸ ਨੂੰ ਤਾਂ ਪ੍ਰਭਾਵਹੀਣ ਕਰ ਸਕਦੀਆਂ ਹਨ ਪਰ ਗਲੇ ਜਾਂ ਖ਼ਰਾਬ ਹੋਏ ਫੇਫੜਿਆਂ ਜਾਂ ਅੰਗਾਂ ਨੂੰ ਠੀਕ ਨਹੀਂ ਕਰ ਸਕਦੀਆਂ। ਇਸ ਪਲਾਜ਼ਮਾ ਇਲਾਜ ਪ੍ਰਣਾਲੀ ਦਾ ਪ੍ਰਯੋਗ ਕੋਈ ਵੀ ਸੰਸਥਾ ਜਾਂ ਹਸਪਤਾਲ  ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਕਰ ਸਕਦਾ।

 ਭਾਰਤ ਅੰਦਰ, ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਨੇ ਇਸ ਪ੍ਰਯੋਗ ਲਈ ਬਕਾਇਦਾ ਨਿਰਦੇਸ਼ ਜਾਰੀ ਕਰ ਕੇ ਕਿਹਾ ਹੈ ਕਿ ਇਸ ਦਾ ਪ੍ਰਯੋਗ ਬੀਮਾਰੀ ਦੀ ਗੰਭੀਰ ਹਾਲਤ ਵਿਚ ਪਹੁੰਚੇ ਮਰੀਜ਼ਾਂ ਵਿਚ ਚੁਣਵੇਂ ਕੰਟਰੋਲ ਪ੍ਰਯੋਗ ਤਹਿਤ ਕੀਤਾ ਜਾਵੇ ਜਿਸ ਵਿਚ ਅੱਧੇ ਮਰੀਜ਼ਾਂ ਨੂੰ ਪਲਾਜ਼ਮਾ/ਐਂਟੀਬਾਡੀਜ਼ ਦਿਤੀਆਂ ਜਾਣਗੀਆਂ ਤੇ ਅੱਧਿਆਂ ਨੂੰ ਪਲਾਸੀਬੋ ਇਲਾਜ ਤਰੀਕੇ ਤਹਿਤ ਰਖਿਆ ਜਾਵੇਗਾ।

ਭਾਰਤ ਅੰਦਰ ਇਸ ਇਲਾਜ ਪ੍ਰਣਾਲੀ ਦੀ ਸੱਭ ਤੋਂ ਪਹਿਲਾਂ ਕੇਰਲ ਸੂਬੇ ਨੂੰ ਇਜਾਜ਼ਤ ਮਿਲੀ ਪਰ ਚੰਗੀ ਕਿਸਮਤ ਨਾਲ ਉਥੇ ਕੋਈ ਮਰੀਜ਼ ਇਸ ਹੱਦ ਤਕ ਗੰਭੀਰ ਨਾ ਹੋਇਆ ਕਿ ਉਸ ਨੂੰ ਇਹ ਇਲਾਜ ਪ੍ਰਣਾਲੀ ਦਿਤੀ ਜਾਂਦੀ। ਭਾਵੇਂ ਇਸ ਇਲਾਜ ਪ੍ਰਣਾਲੀ ਦੀ ਸਫ਼ਲਤਾ ਦਾ ਕੋਵਿਡ-19 ਦੀ ਮਹਾਂਮਾਰੀ ਨੂੰ ਮਾਤ ਪਾਉਣ ਵਿਚ ਹਾਲੇ ਜ਼ਿਆਦਾ ਕੁੱਝ ਸਾਹਮਣੇ ਨਹੀਂ ਆਇਆ ਪਰ ਪਨਾਸ (ਪੀ.ਐਨ.ਏ.ਐਸ) ਨਾਂ ਦੇ ਜਰਨਲ ਵਿਚ ਛਪੀ ਰੀਪੋਰਟ ਅਨੁਸਾਰ ਚੀਨ ਵਿਚ ਜਿਨ੍ਹਾਂ 10 ਮਰੀਜ਼ਾਂ ਉਤੇ ਇਸ ਦਾ ਪ੍ਰਯੋਗ ਹੋਇਆ, ਉਨ੍ਹਾਂ ਦੇ ਲੱਛਣ 1 ਤੋਂ 3 ਦਿਨਾਂ ਵਿਚ ਹੀ ਖ਼ਤਮ ਹੋ ਗਏ ਤੇ ਉਹ ਮਰੀਜ਼ ਇਸ ਬੀਮਾਰੀ ਦੀ ਗ੍ਰਿਫ਼ਤ ਤੋਂ ਬਚ ਨਿਕਲੇ।

ਹੁਣ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਹਾਲੇ ਤੱਕ ਇਥੇ ਇਸ ਇਲਾਜ ਪ੍ਰਣਾਲੀ ਦਾ ਇਸਤੇਮਾਲ ਨਹੀਂ ਹੋਇਆ। ਲੁਧਿਆਣਾ ਦੇ ਏ.ਸੀ.ਪੀ. ਸ੍ਰੀ ਅਨਿਲ ਕੋਹਲੀ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਮੁਸਤੈਦੀ ਵਿਖਾਉਂਦਿਆਂ ਇਸ ਇਲਾਜ ਪ੍ਰਣਾਲੀ ਦੀ ਆਗਿਆ ਲੈ ਲਈ ਸੀ ਪਰ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਮਲਟੀ ਆਰਗਨ ਫ਼ੇਲਿਉਰ (ਕਈ ਅੰਗ ਬੀਮਾਰੀ ਗ੍ਰਸਤ ਹੋਣ ਦੀ ਸਥਿਤੀ) ਕਰ ਕੇ ਉਨ੍ਹਾਂ ਤੇ ਇਸ ਇਲਾਜ ਪ੍ਰਣਾਲੀ ਦਾ ਉਪਯੋਗ ਨਾ ਹੋ ਸਕਿਆ।

 ਹਾਲਾਂਕਿ ਪੰਜਾਬ ਸਰਕਾਰ, ਲੋਕਲ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੇ ਪੂਰੀ ਸੰਜੀਦਗੀ ਤੇ ਸੁਹਿਰਦਤਾ ਨਾਲ ਉਨ੍ਹਾਂ ਦਾ ਇਲਾਜ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ। ਪਰ ਆਖ਼ਰ ਇਸ ਭਿਆਨਕ ਮਹਾਂਮਾਰੀ ਨੇ ਉਨ੍ਹਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ। ਇਹ ਚੰਗਾ ਹੋਇਆ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੇ ਪ੍ਰਵਾਰ ਨੂੰ 50 ਲੱਖ ਦੇਣ ਦਾ ਐਲਾਨ ਕੀਤਾ, ਜਿਹੜਾ ਕਿ ਜ਼ਰੂਰੀ ਵੀ ਹੈ, ਖ਼ਾਸ ਕਰ ਕੇ ਉਨ੍ਹਾਂ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਰਕਾਰੀ ਅਮਲੇ ਫੈਲੇ ਨੂੰ ਜਿਹੜੇ ਰਿਸਕੀ ਖੇਤਰਾਂ ਵਿਚ ਦਲੇਰੀ ਤੇ ਬਹਾਦਰੀ ਨਾਲ ਅਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਅਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾ ਰਹੇ ਹਨ। ਦਿਨੋਂ ਦਿਨ ਵੱਧ ਰਹੇ ਕੇਸ ਜਿਥੇ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ, ਉਥੇ ਵਿਕਸਤ ਇਲਾਜ ਪ੍ਰਣਾਲੀ ਦੇ ਪ੍ਰਭਾਵੀ ਉਪਕਰਨਾਂ ਤੇ ਸੁਰੱਖਿਆ ਕਵਚਾਂ ਦਾ ਉਚੇਚੇ ਤੌਰ ਉਤੇ ਪ੍ਰਬੰਧ ਹੋਣਾ ਲਾਜ਼ਮੀ ਬਣ ਜਾਂਦਾ ਹੈ।

ਲੁਧਿਆਣਾ ਦੇ ਏ ਸੀ ਪੀ ਕੋਹਲੀ ਦੇ ਜਾਣ ਤੋਂ ਬਾਅਦ ਸਾਰੇ ਅਮਲੇ ਫ਼ੈਲੇ ਨੂੰ ਸੁਰੱਖਿਆ ਕਵਚਾਂ ਤੇ ਅਹਿਤਿਆਤਾਂ ਦਾ ਸਖ਼ਤੀ ਨਾਲ ਪਾਲਣ ਕਰਨ ਦਾ ਸਬਕ ਲੈਣਾ ਚਾਹੀਦਾ ਹੈ ਕਿਉਂਕਿ ਵੇਖਣ ਵਿਚ ਆਇਆ ਹੈ ਕਿ ਕੁੱਝ  ਅਧਿਕਾਰੀ ਤੇ ਕਰਮਚਾਰੀ, ਲੰਗਰ ਪਾਣੀ ਦੀ ਸੇਵਾ ਰਸਦ ਪਹੁੰਚਾਉਣ ਵੇਲੇ ਮਾਸਕ ਤੇ ਹੋਰ ਜ਼ਰੂਰੀ ਸੁਰੱਖਿਆ ਚੀਜ਼ਾਂ ਦਾ ਪ੍ਰਯੋਗ ਨਹੀਂ ਕਰ ਰਹੇ ਤੇ ਅਜਿਹੀ ਲਾਪਰਵਾਹੀ ਕੰਟ੍ਰੋਲਡ ਸਥਿਤੀ ਨੂੰ ਕਿਧਰੇ ਮੁੜ ਖ਼ਤਰਨਾਕ ਮੋੜ ਉਤੇ ਨਾ ਲੈ ਜਾਵੇ। ਮਨੁੱਖਤਾ ਦੀ ਭਲਾਈ ਲਈ ਹਰ ਨਾਗਰਿਕ ਨੂੰ ਆਪ ਹੀ ਅਪਣੇ ਫ਼ਰਜ਼ਾਂ ਪ੍ਰਤੀ ਬੇਹਦ ਸੁਹਿਰਦ ਹੋਣ ਦੀ ਲੋੜ ਹੈ।

ਇਹ ਵੀ ਵੇਖਣ ਵਿਚ ਆਇਆ ਕਿ ਭਾਰਤ ਅੰਦਰ ਹਾਲੇ ਵੀ ਇਸ ਭਿਆਨਕ ਬੀਮਾਰੀ ਨੂੰ ਲੈ ਕੇ ਲੋਕ ਗੰਭੀਰ ਨਹੀਂ ਹਨ। ਕਰਫ਼ਿਊ ਤੇ ਪ੍ਰਸ਼ਾਸਨਿਕ ਸਖ਼ਤੀ ਦੇ ਬਾਵਜੂਦ ਵੀ ਲੋਕ ਹੁਲੜਬਾਜ਼ੀ ਕਰਨ ਤੋਂ ਬਾਜ਼ ਨਹੀਂ ਆ ਰਹੇ। ਕਿਤੇ-ਕਿਤੇ ਪ੍ਰਸ਼ਾਸ਼ਨਿਕ ਪ੍ਰਬੰਧ ਵੀ ਰਸੂਖ਼ਦਾਰ ਤਬਕੇ ਸਾਹਮਣੇ ਲਾਚਾਰ ਨਜ਼ਰ ਆਉਂਦੇ ਹਨ ਜਿਵੇਂ ਕਿ ਸਾਬਕਾ ਪ੍ਰਧਾਨ ਮੰਤਰੀ ਐਚ.ਡੀ ਦੇਵਗੌੜਾ ਦੇ ਪੋਤਰੇ ਨਿਖ਼ਲ ਦੇ ਵਿਆਹ ਉਤੇ ਸਮਾਜਕ ਦੂਰੀ (ਸੋਸ਼ਲ ਡਿਸਟੈਂਨਸਿੰਗ) ਦੀਆਂ ਧੱਜੀਆਂ ਉਡਦੀਆਂ ਵਿਖਾਈ ਦਿਤੀਆਂ, ਜੋ ਕਿ ਇਸ ਸੰਕਟ ਦੀ ਘੜੀ ਵਿਚ ਰਾਸ਼ਟਰ ਦੇ ਹਿਤ ਵਿਚ ਨਹੀਂ।

ਕੌਣ ਵਾਕਫ ਨਹੀਂ ਕਿ ਸਿਹਤ ਪ੍ਰਬੰਧਾਂ ਵਿਚ ਭਾਰਤ ਵਿਚ ਹਾਲੇ ਏਨੀ ਸਮਰੱਥਾ ਨਹੀਂ ਕਿ ਵਿਆਪਕ ਪੱਧਰ ਉਤੇ ਪਹੁੰਚੀ ਸਥਿਤੀ ਨੂੰ ਸਾਰਥਕ ਤਰੀਕੇ ਨਾਲ ਨਿਪਟਾ ਸਕੇ। ਮਾਸਕ ਤੇ ਪੀ.ਪੀ.ਈ ਕਿੱਟਾਂ ਦੀ ਕਮੀ ਨਾਲ ਜੂਝ ਰਹੇ ਦੇਸ਼ ਅੰਦਰ ਜਿਥੇ ਗਿਣਤੀ ਦੇ ਵੈਂਟੀਲੇਟਰ ਹਨ, ਉਥੇ ਅਜਿਹੇ ਵਿਚ ਇਨ੍ਹਾਂ ਲਾਹਪ੍ਰਵਾਹੀਆਂ ਕਰ ਕੇ ਬਦਲਦੇ ਹਾਲਾਤ ਨੂੰ ਦੇਰ ਨਹੀਂ ਲਗਣੀ ਤੇ ਪਲਾਜ਼ਮਾ ਪ੍ਰਣਾਲੀ ਵਰਗੇ ਉਪਚਾਰਾਂ ਦਾ ਕੌਣ-ਕੌਣ ਸਹਾਰਾ ਲੈ ਕੇ ਬਚ ਸਕਦਾ ਹੈ, ਕਹਿਣਾ ਬੇਹਦ ਮੁਸ਼ਕਲ ਹੋਵੇਗਾ।
ਸੰਪਰਕ : 83603-42500