ਬਰਸੀ 'ਤੇ ਵਿਸ਼ੇਸ਼ : ਸਿਰੜ ਤੇ ਬਹਾਦਰ ਸੂਰਬੀਰ ਯੋਧਾ ਸਰਦਾਰ ਹਰੀ ਸਿੰਘ ਨਲੂਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸ. ਨਲੂਆ ਨੇ ਜਿੱਥੇ ਆਪਣੀ ਜੰਗੀ ਕੁਸ਼ਲਤਾ ਦਾ ਲੋਹਾ ਮਨਵਾਇਆ, ਉੱਥੇ ਇੱਕ ਪ੍ਰਸ਼ਾਸਕ ਵਜੋਂ ਵੀ ਅਮਿੱਟ ਛਾਪ ਛੱਡੀ।

Hari Singh Nalwa

ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਕਾਲ ਦੇ ਮਹਾਨ ਸਿੱਖ ਯੋਧੇ ਸਰਦਾਰ ਹਰੀ ਸਿੰਘ ਨਲੂਆ ਨੂੰ ਆਸਟ੍ਰੇਲੀਆ ਦੇ ਬਿਲੀਆਨਾਇਰ ਮੈਗਜ਼ੀਨ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂਆਂ ਦੀ ਸ਼੍ਰੇਣੀ ਵਿਚ ਸਭ ਤੋਂ ਪਹਿਲੇ ਸਥਾਨਾਂ ਵਿਚ ਗਣਿਆ ਜਾਂਦਾ ਹੈ। ਹਰੀ ਸਿੰਘ ਨਲੂਆ ਦਾ ਜਨਮ 1791 ਵਿਚ ਹੋਇਆ ਸੀ। ਇਹਨਾਂ ਦੇ ਪਿਤਾ ਸਰਦਾਰ ਗੁਰਦਿਆਲ ਸਿੰਘ ਨੇ ਸ਼ੁੱਕਰਚਕੀਆ ਮਿਸਲ ਦੀਆਂ ਬਹੁਤ ਸਾਰੀਆਂ ਜੰਗੀ ਮੁਹਿੰਮਾਂ ਵਿਚ ਵੱਡਾ ਯੋਗਦਾਨ ਪਾਇਆ ਸੀ।

ਹਰੀ ਸਿੰਘ ਨਲੂਆ ਦੇ ਪਿਤਾ ਮਹਾਨ ਤੇ ਬਹਾਦਰ ਇਨਸਾਨ ਸਨ। ਇਸ ਲਈ ਉਹ ਵੀ ਅਪਣੇ ਪਿਤਾ ਵਾਂਗ ਹੀ ਇਕ ਬਹੁਦਰ ਤੇ ਯੋਧਾ ਹੋਏ ਸਨ। ਉਹਨਾਂ ਨੂੰ ਸ਼ਹਾਦਤ ਦੀ ਗੁੜ੍ਹਤੀ ਵਿਰਸੇ ਵਿਚ ਹੀ ਮਿਲੀ ਸੀ। ਜਦੋਂ ਆਪ 7 ਕੁ ਸਾਲ ਦੇ ਸੀ ਤਾਂ ਆਪ ਦੇ ਪਿਤਾ ਚਲ ਵਸੇ। ਹਰੀ ਸਿੰਘ ਨਲੂਆ ਨੇ ਅਪਣੇ ਬਚਪਨ ਦੇ ਸਾਲ ਅਪਣੇ ਮਾਮਾ ਜੀ ਕੋਲ ਬਤੀਤ ਕੀਤੇ। ਆਪ ਨੂੰ ਘੋੜਸਵਾਰੀ ਅਤੇ ਸ਼ਸਤਰ ਵਿਦਿਆ ਦਾ ਗਿਆਨ ਸੀ। ਜਦੋਂ ਹਰੀ ਸਿੰਘ ਨਲੂਆ ਨੂੰ ਲਾਹੌਰ ਵਿਖੇ ਬਸੰਤ ਦਰਬਾਰ ਵਿਚ ਕਰਤੱਵ ਵਿਖਾਉਣ ਦਾ ਮੌਕਾ ਮਿਲਿਆ ਤਾਂ ਆਪ ਨੇ ਅਪਣੀ ਕਲਾ ਦੇ ਜੌਹਰ ਵਖਾਏ।

ਮਹਾਰਾਜਾ ਸਾਹਿਬ ਨੇ ਸਰਦਾਰ ਹਰੀ ਸਿੰਘ ਨੂੰ ਛਾਤੀ ਨਾਲ ਲਾ ਕੇ ਇਕ ਕੈਂਠਾ ਪਹਿਨਾਇਆ। ਆਪ ਨੂੰ ਪੰਜਾਬੀ, ਫ਼ਾਰਸੀ ਅਤੇ ਪਸ਼ਤੋ ਦਾ ਖ਼ੂਬ ਗਿਆਨ ਸੀ। ਇਸ ਤੋਂ ਇਲਾਵਾ ਆਪ ਦੇ ਮਾਮਾ ਜੀ ਨੇ ਆਪ ਨੂੰ ਸ਼ਸਤਰ ਵਿਦਿਆ, ਤਲਵਾਰਬਾਜ਼ੀ, ਤੀਰਅੰਦਾਜੀ, ਨੇਜ਼ੇਬਾਜੀ, ਬੰਦੂਕਜ਼ਨੀ ਅਤੇ ਹੋਰ ਕਰਤੱਵਾਂ ਵਿਚ ਨਿਪੁੰਨ ਕਰ ਦਿੱਤਾ ਸੀ। ਇਕ ਦਿਨ ਅਪਣੇ ਸੇਵਕਾਂ ਨਾਲ ਸ਼ਿਕਾਰ ਖੇਡਣ ਗਏ। ਜੰਗਲ ਵਿਚ ਇਕ ਸ਼ੇਰ ਨੇ ਅਚਾਨਕ ਇਸ ਸ਼ਿਕਾਰੀ ਟੁੱਕੜੀ 'ਤੇ ਹਮਲਾ ਕਰ ਦਿੱਤਾ। ਹਰੀ ਸਿੰਘ ਨਲੂਆ ਨੇ ਸ਼ੇਰ ਨਾਲ ਲੜ੍ਹਾਈ ਕੀਤੀ ਅਤੇ ਸ਼ੇਰ ਨੂੰ ਮੂਧੜੇ ਮੂੰਹ ਸੁੱਟ ਦਿੱਤਾ।

ਆਪ ਨੇ ਅਪਣੇ ਸ਼੍ਰੀ ਸਾਹਿਬ ਨਾਲ ਵਾਰ ਕਰਕੇ ਸ਼ੇਰ ਦੀ ਗਰਦਨ ਧੜ ਨਾਲੋ ਵੱਖ ਕਰ ਦਿੱਤੀ। ਇਹ ਵੇਖ ਕੇ ਮਹਾਰਾਜਾ ਹੈਰਾਨ ਰਹਿ ਗਏ। ਉਹਨਾਂ ਨੇ ਹਰੀ ਸਿੰਘ ਨੂੰ ਨਲੂਆ ਦੀ ਉਪਾਧੀ ਨਾਲ ਸਨਮਾਨਿਆ ਅਤੇ ਸ਼ੇਰ ਦਿਲ ਰਜਮੈਂਟ ਦਾ ਜਰਨੈਲ ਨਿਯੁਕਤ ਕੀਤਾ। ਹਰੀ ਸਿੰਘ ਨਲੂਆ ਨੂੰ ਮਹਾਰਾਜੇ ਦੇ ਪ੍ਰਸਿੱਧ ਜਰਨੈਲਾਂ ਵਿਚੋਂ ਇਕ ਗਿਣਿਆ ਜਾਂਦਾ ਸੀ।

ਉਹ ਅਪਣੇ ਬੇਮਿਸਾਲ ਅਤੇ ਅਦੁੱਤੀ ਗੁਣਾਂ ਕਾਰਨ ਨਾ ਕੇਵਲ ਖ਼ਾਲਸਾ ਫ਼ੌਜ ਦੇ ਕਮਾਂਡਰ ਹੀ ਬਣੇ ਸਗੋਂ ਕਸ਼ਮੀਰ, ਹਜ਼ਾਰਾ ਅਤੇ ਪਿਸ਼ਾਵਰ ਦੇ ਕਾਮਯਾਬ ਗਵਰਨਰ ਵੀ ਬਣੇ ਜਿੱਥੇ ਕਿ ਆਪ ਦੇ ਨਾਮ ਦਾ ਸਿੱਕਾ ਵੀ ਚਲਿਆ। ਹਰੀ ਸਿੰਘ ਨਲੂਆ ਨੇ ਅਪਣੇ ਸਮੇਂ ਬਹੁਤ ਸਾਰੀਆਂ ਜਿੱਤਾਂ ਹਾਸਲ ਕੀਤੀਆਂ ਸਨ। ਹਰੀ ਸਿੰਘ ਨੇ ਪਹਿਲਾ ਸੰਗਰਾਮ 1807 ਵਿਚ ਕਸੂਰ ਨੂੰ ਫ਼ਤਿਹ ਕੀਤਾ ਸੀ।

ਇਸ ਜੰਗ ਵਿਚ ਨਵਾਬ ਕੁਤਬੁਦੀਨ ਖ਼ਾਨ ਕਸੂਰੀਆ ਜੰਗੀ ਤਿਆਰੀ ਕਰ ਰਿਹਾ ਸੀ ਅਤੇ ਉਸ ਨੇ ਮੁਲਤਾਨ ਦੇ ਨਵਾਬ ਮੁਜ਼ੱਫ਼ਰ ਖ਼ਾਨ ਨੂੰ ਵੀ ਅਪਣਿ ਮਿਲਾ ਕੇ ਇਕ ਲਿਖਤ ਪੜ੍ਹਤ ਕਰ ਲਈ ਸੀ ਕਿ ਇਸਲਾਮਿਕ ਤਾਕਤਾਂ ਵੱਲੋਂ ਇਕਮੁੱਠ ਹੋ ਕੇ ਖ਼ਾਲਸਾ ਰਾਜ ਵਿਰੁੱਧ ਅਜਿਹੀ ਜੰਗ ਛੇੜੀਏ ਕਿ ਉਹਨਾਂ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਜਾਵੇ।

ਪਰ ਹਰੀ ਸਿੰਘ ਨਲੂਆ ਨੇ ਇਹਨਾਂ ਤੇ ਵੀ ਜਿੱਤ ਹਾਸਲ ਕਰ ਲਈ ਜਿਸ ਦੇ ਬਦਲੇ ਮਹਾਰਾਜਾ ਸਾਹਿਬ ਨੇ ਸਰਦਾਰ ਹਰੀ ਸਿੰਘ ਤੇ ਸਰਦਾਰ ਹੁਕਮ ਸਿੰਘ ਨੂੰ ਸਰਦਾਰੀ ਅਤੇ ਜਾਗੀਰ ਬਖ਼ਸ਼ੀ। ਇਸ ਤੋਂ ਬਾਅਦ ਹਰੀ ਸਿੰਘ ਨਲੂਆ ਨੇ ਨਵਾਬ ਮੁਜ਼ੱਫ਼ਰ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਨਾਲ ਨਾਲ ਮਿੱਠੇ ਟਿਵਾਣੇ ਦਾ ਇਲਾਕਾ ਫ਼ਤਿਹ ਕੀਤਾ। ਇਸ ਤੋਂ ਬਾਅਦ ਹਰੀ ਸਿੰਘ ਨਲੂਆ ਨੇ 1813 ਈ ਵਿਚ ਅਫ਼ਗਾਨਾਂ ਦੇ ਕਿਲ੍ਹੇ ਅਟਕ ਤੇ ਫ਼ਤਿਹ ਪਾਈ।

ਅਟਕ ਦਾ ਜਗਤ ਪ੍ਰਸਾਦ ਇਤਿਹਾਸ ਕਿਲ੍ਹਾ ਦਰਿਆ ਸਿੰਧ ਦੇ ਠੀਕ ਪੱਤਣ ਉੱਪਰ ਬਣਿਆ ਹੋਇਆ ਹੈ। ਅਫ਼ਗਾਨਿਸਤਾਨ ਦੇ ਲਸ਼ਕਰਾਂ ਦਾ ਪੰਜਾਬ ਉਤੇ ਧਾਵਿਆ ਦਾ ਇਹ ਦਰਵਾਜ਼ਾ ਸੀ ਇਸ ਜੰਗ ਵਿਚ 15000 ਹਜ਼ਾਰ ਤੋਂ ਵੀ ਜ਼ਿਆਦਾ ਅਫ਼ਗਾਨੀ ਫ਼ੌਜਾਂ ਨੂੰ ਹਰਾ ਕੇ ਇਸ ਕਿਲ੍ਹੇ ਤੇ ਫ਼ਤਿਹ ਪਾਈ।