1 ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਿੱਖ ਕੌਮ ਨੇ ਅਪਣੇ ਜਨਮ ਤੋਂ ਹੀ ਸੰਘਰਸ਼ ਕੀਤਾ ਹੈ ਅਤੇ ਇਹ ਕੌਮ ਲਗਾਤਾਰ ਜ਼ੁਲਮੋ-ਸਿਤਮ ਅਤੇ ਤਸ਼ੱਦਦ ਵਿਰੁਧ ਸੰਘਰਸ਼ ਕਰ ਰਹੀ ਹੈ। ਮੁਗ਼ਲਾਂ ਅਤੇ ਅੰਗਰੇਜ਼ਾਂ ਦੇ ਜ਼ਮਾਨੇ...

Tribute to the Martyrs of 1 June 1984

ਸਿੱਖ ਕੌਮ ਨੇ ਅਪਣੇ ਜਨਮ ਤੋਂ ਹੀ ਸੰਘਰਸ਼ ਕੀਤਾ ਹੈ ਅਤੇ ਇਹ ਕੌਮ ਲਗਾਤਾਰ ਜ਼ੁਲਮੋ-ਸਿਤਮ ਅਤੇ ਤਸ਼ੱਦਦ ਵਿਰੁਧ ਸੰਘਰਸ਼ ਕਰ ਰਹੀ ਹੈ। ਮੁਗ਼ਲਾਂ ਅਤੇ ਅੰਗਰੇਜ਼ਾਂ ਦੇ ਜ਼ਮਾਨੇ ਵਿਚ ਲੱਖਾਂ ਤਸੀਹੇ ਝਲਦਿਆਂ ਹੋਇਆਂ ਅਪਣੀਆਂ ਜਾਨਾਂ ਵਾਰੀਆਂ। ਦੇਸ਼ ਦੀ ਵੰਡ ਸਮੇਂ 1947 ਵਿਚ ਜੋ ਕੁਰਬਾਨੀ ਸਿੱਖਾਂ ਨੇ ਦਿਤੀ ਉਹ ਅਪਣੀ ਇਕ ਅਦੁਤੀ ਅਤੇ ਅਨੋਖੀ ਤਰ੍ਹਾਂ ਦੀ ਮਿਸਾਲ ਸੀ।

1947 ਵਿਚ ਜਿੰਨਾ ਨੁਕਸਾਨ ਸਿੱਖ ਕੌਮ ਦਾ ਹੋਇਆ ਓਨਾ ਅੱਜ ਤਕ ਹੋਰ ਕਿਸੇ ਕੌਮ ਦਾ ਨਹੀਂ ਹੋਇਆ। ਦੇਸ਼ ਦੀ ਆਜ਼ਾਦੀ ਵਿਚ 85 ਫ਼ੀ ਸਦੀ ਤੋਂ ਵੱਧ ਕੁਰਬਾਨੀ ਕਰਨ ਵਾਲੀ ਸਿੱਖ ਕੌਮ ਨਾਲ ਆਜ਼ਾਦੀ ਪਿਛੋਂ ਜੋ ਹੋਇਆ ਅਤੇ ਹੋ ਰਿਹਾ ਹੈ ਉਹ ਬਹੁਤ ਹੀ ਦੁਖਦਾਈ ਅਤੇ ਅਸਹਿ ਹੈ। ਆਜ਼ਾਦੀ ਸਮੇਂ ਜਿਨ੍ਹਾਂ ਲੋਕਾਂ ਨੇ ਸਿੱਖਾਂ ਨਾਲ ਆਜ਼ਾਦੀ ਪਿਛੋਂ ਸਿੱਖ ਕੌਮ ਦੇ ਭਵਿੱਖ ਲਈ ਜੋ ਵਾਅਦੇ ਕੀਤੇ ਸਨ ਉਹ ਸਾਰੇ ਭੁਲ ਭੁਲਾ ਦਿਤੇ ਅਤੇ ਸਿੱਖਾਂ ਨੂੰ ਦੁਬੇਲ ਤੇ ਘਸਿਆਣੇ ਬਣਾ ਕੇ ਰੱਖਣ ਦੇ ਯਤਨ ਸ਼ੁਰੂ ਹੋ ਗਏ।

10 ਅਕਤੂਬਰ, 1947 ਨੂੰ ਆਜ਼ਾਦ ਹਿੰਦੁਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਗ੍ਰਹਿ ਮੰਤਰੀ ਅਤੇ ਡਿਪਟੀ ਪ੍ਰਧਾਨ ਮੰਤਰੀ ਸਰਦਾਰ ਪਟੇਲ ਨੇ ਪੰਜਾਬ ਦੇ ਉਸ ਸਮੇਂ ਦੇ ਗਵਰਨਰ ਸ੍ਰੀ ਚੰਦੂ ਲਾਲ ਤ੍ਰਿਵੇਦੀ ਰਾਹੀਂ, ਪੰਜਾਬ ਦੇ ਉਸ ਸਮੇਂ ਦੇ ਗ੍ਰਹਿ ਮੰਤਰੀ ਸ. ਸਵਰਨ ਸਿੰਘ ਰਾਹੀਂ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਇਕ ਸਰਕੂਲਰ ਜਾਰੀ ਕਰਵਾਇਆ ਜਿਸ ਰਾਹੀਂ ਸਿੱਖਾਂ ਨੂੰ 'ਜਰਾਇਮ ਪੇਸ਼ਾ' ਐਲਾਨ ਦਿਤਾ ਗਿਆ। ਇਥੋਂ ਹੀ ਸਿੱਖ ਕੌਮ ਦਾ ਮੱਕੂ ਠੱਪਣ ਅਤੇ ਉਸ ਨੂੰ ਖ਼ਤਮ ਕਰਨ ਦਾ ਮੁੱਢ ਬੰਨ੍ਹਿਆ ਗਿਆ।

ਸਿੱਖਾਂ ਨੇ ਅਪਣੇ ਕੀਤੇ ਵਾਅਦਿਆਂ ਨੂੰ ਦੇਸ਼ ਦੇ ਹਾਕਮਾਂ ਨੂੰ ਯਾਦ ਕਰਵਾਉਣ ਅਤੇ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਵਾਰ ਵਾਰ ਆਖਿਆ ਅਤੇ ਅਪੀਲਾਂ ਕੀਤੀਆਂ। ਆਖ਼ਰ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ। 1955 ਤੇ 1960 ਵਿਚ ਪੰਜਾਬੀ ਸੂਬੇ ਦੀ ਪ੍ਰਾਪਤੀ ਅਤੇ ਹੋਰ ਹੱਕੀ ਮੰਗਾਂ ਮਨਵਾਉਣ ਲਈ ਮੋਰਚੇ ਲਾਏ ਗਏ, ਜੇਲਾਂ ਭਰੀਆਂ ਗਈਆਂ, ਹੱਡ-ਗੋਡੇ ਤੁੜਵਾਏ, ਅਪਾਹਜ ਹੋਏ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਪਰ ਦੇਸ਼ ਦੇ ਹਾਕਮਾਂ ਨੇ ਇਕ ਨਾ ਮੰਨੀ।

ਸੰਘਰਸ਼ ਜਾਰੀ ਰਿਹਾ ਅਤੇ ਜ਼ੁਲਮੋ-ਸਿਤਮ ਦੀ ਇੰਤਹਾ ਹੋ ਗਈ ਅਤੇ ਦੇਸ਼ ਦੀ ਹਾਕਮ ਕਾਂਗਰਸ ਦੀ ਸਰਕਾਰ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਿੱਖਾਂ ਦੇ ਪ੍ਰਾਣਾਂ ਤੋਂ ਪਿਆਰੇ ਅਤੇ ਸਿੱਖ ਧਰਮ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ ਲਈ ਹਿੰਦੁਸਤਾਨ ਦੀ ਫ਼ੌਜ ਦਾ ਮਾਰੂ ਹਮਲਾ ਕਰਵਾ ਦਿਤਾ।

ਇਹ ਹਮਲਾ ਫ਼ੌਜ ਅਤੇ ਹਵਾਈ ਫ਼ੌਜ, ਤੋਪਾਂ, ਟੈਂਕਾਂ ਅਤੇ ਮਾਰੂ ਜ਼ਹਿਰੀਲੀ ਗੈਸ ਨਾਲ ਕੀਤਾ ਗਿਆ। ਇਹ ਹਮਲਾ ਵੀ ਉਸ ਦਿਨ ਕੀਤਾ ਗਿਆ ਜਿਸ ਦਿਨ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ, 3 ਜੂਨ, 1984 ਦਾ। ਦਰਸ਼ਨ ਕਰਨ ਆਈ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੂੰ ਹਿੰਦੁਸਤਾਨੀ ਫ਼ੌਜੀਆਂ ਨੇ ਗੋਲੀਆਂ ਨਾਲ ਭੁੰਨਿਆ ਅਤੇ ਦੁਸ਼ਟ ਹਮਲਾਵਰ ਫ਼ੌਜੀਆਂ ਨੇ ਪਾਵਨ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕੀਤੀ ਅਤੇ ਪਰਕਰਮਾ ਵਿਚ ਸਿੱਖ ਕੌਮ ਦੀਆਂ ਬੱਚੀਆਂ ਅਤੇ ਔਰਤਾਂ ਦੇ ਬਲਾਤਕਾਰ ਕੀਤੇ, ਦੁਸ਼ਟ ਇੰਦਰਾ ਗਾਂਧੀ ਨੇ ਇਹ ਹਮਲਾ ਅਪਣੇ ਦੇਸ਼ਵਾਸੀਆਂ ਉਤੇ ਇਸ ਤਰ੍ਹਾਂ ਕੀਤਾ ਜਿਵੇਂ ਦੁਸ਼ਮਣ ਦੇਸ਼ ਉਪਰ ਕੀਤਾ ਜਾਂਦਾ ਹੈ।

ਇਸ ਹਮਲੇ ਵਿਚ ਤਬਾਹ ਹੋਏ ਸ੍ਰੀ ਅੰਮ੍ਰਿਤਸਰ ਦੇ ਸਿੱਖ ਅਤੇ ਪੰਜਾਬੀ ਪ੍ਰਵਾਰ ਅੱਜ ਵੀ ਹਾਲੋਂ-ਬੇਹਾਲ ਹਨ।ਜਦੋਂ ਕਿਸੇ ਦੇ ਧਰਮ ਉਤੇ ਹਮਲਾ ਕਰੋ, ਉਸ ਦੀ ਕੌਮ ਨੂੰ ਖ਼ਤਮ ਕਰਨ ਲਈ ਤੋਪਾਂ ਅਤੇ ਟੈਂਕਾਂ ਨਾਲ ਮਾਰੂ ਹਮਲੇ ਕਰੋਗੇ ਤਾਂ ਸਿੱਖ ਸੰਗਤਾਂ ਦੀਆਂ ਸ਼ਹੀਦੀਆਂ ਕਾਰਨ ਗੁੱਸੇ ਵਿਚ ਸਿੱਖ ਕੌਮ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ 31 ਅਕਤੂਬਰ, 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀਆਂ ਨਾਲ ਭੁੰਨ ਕੇ ਅਪਣੇ ਧਰਮ ਅਸਥਾਨਾਂ ਦੀ ਬੇਅਦਬੀ ਅਤੇ ਹੋਈਆਂ ਸ਼ਹੀਦੀਆਂ ਦਾ ਬਦਲਾ ਲਿਆ।

ਇੰਦਰਾ ਗਾਂਧੀ ਨੂੰ ਸਿੱਖ ਯੋਧਿਆਂ ਨੇ ਉਸ ਵਲੋਂ ਕੀਤੇ ਗਏ ਗ਼ਲਤ ਵਰਤਾਰੇ ਅਤੇ ਧਰਮ ਅਸਥਾਨਾਂ ਦੀ ਬੇਅਦਬੀ ਦਾ ਬਦਲਾ ਕੀ ਲਿਆ ਸਾਰੇ ਹਿੰਦੁਸਤਾਨ ਦੇ ਹਿੰਦੂਆਂ ਨੇ ਅਤੇ ਖ਼ਾਸ ਕਰ ਕੇ ਕਾਂਗਰਸੀ ਲੋਕਾਂ ਨੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦਾ ਬੀੜਾ ਚੁਕ ਲਿਆ। 31 ਅਕਤੂਬਰ, ਸ਼ਾਮ ਤੋਂ ਪਹਿਲਾਂ ਹੀ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ।

ਰਾਤੋ-ਰਾਤ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰ ਦਿਤੀ ਗਈ, ਵੋਟਰ ਸੂਚੀਆਂ ਦਿੱਲੀ ਦੀ ਹਰ ਕਾਲੋਨੀ ਵਿਚ ਵੰਡ ਦਿਤੀਆਂ ਗਈਆਂ। ਰਾਤੋ-ਰਾਤ ਪਟਰੌਲ, ਡੀਜ਼ਲ, ਮਿੱਟੀ ਦਾ ਤੇਲ ਅਤੇ ਅੱਗ ਲਾਉਣ ਦਾ ਹੋਰ ਸਮਾਨ ਵੰਡ ਦਿਤੇ ਗਏ। ਦਿੱਲੀ  ਸਰਕਾਰ ਦੀਆਂ ਬੱਸਾਂ ਆਦਿ ਦੰਗਾਕਾਰੀਆਂ ਨੂੰ ਦਿੱਲੀ ਦੀਆਂ ਵੱਖ ਵੱਖ ਕਾਲੋਨੀਆਂ ਵਿਚ ਪਹੁੰਚਾਉਣ ਲਈ ਲਾ ਦਿਤੀਆਂ ਗਈਆਂ। ਇਕ ਨਵੰਬਰ ਤੋਂ ਤਿੰਨ ਨਵੰਬਰ ਤਕ ਦਿੱਲੀ ਵਿਚ ਸਰਕਾਰ ਅਤੇ ਪੁਲਿਸ ਨਾਂ ਦੀ ਕੋਈ ਚੀਜ਼ ਨਹੀਂ ਸੀ।

ਕਾਂਗਰਸ ਗੁੰਡਿਆਂ ਨੇ ਸਿੱਖਾਂ ਦੇ ਘਰਾਂ, ਫ਼ੈਕਟਰੀਆਂ, ਦੁਕਾਨਾਂ ਆਦਿ ਨੂੰ ਪਹਿਲਾਂ ਲੁਟਿਆ ਅਤੇ ਪਿਛੋਂ ਸਾੜ ਦਿਤਾ। ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ, ਉਨ੍ਹਾਂ ਦੇ ਮੂੰਹਾਂ ਵਿਚ ਪਟਰੌਲ ਪਾ ਕੇ ਉਨ੍ਹਾਂ ਨੂੰ ਜਿਊਂਦੇ ਸਾੜਿਆ ਗਿਆ, ਸਿੱਖਾਂ ਦੀਆਂ ਬਹੂ-ਬੇਟੀਆਂ ਨਾਲ ਇਨ੍ਹਾਂ ਗੁੰਡਿਆਂ ਨੇ ਬਲਾਤਕਾਰ ਕੀਤੇ, ਦਿੱਲੀ ਵਿਚ ਹਜ਼ਾਰਾਂ ਸਿੱਖ ਜਿਊਂਦੇ ਸਾੜੇ ਗਏ। ਦਿੱਲੀ ਤੋਂ ਇਲਾਵਾ ਯੂ.ਪੀ. ਦੇ ਕਾਨਪੁਰ ਅਤੇ ਲਖਨਊ ਵਿਚ ਵੀ ਸਿੱਖਾਂ ਦੇ ਘਰਾਂ ਨੂੰ ਲੁਟਿਆ ਅਤੇ ਸਾੜਿਆ ਗਿਆ। ਏਨਾ ਜ਼ੁਲਮੋ-ਤਸ਼ੱਦਦ ਸਿੱਖਾਂ ਉਪਰ ਕੀਤਾ ਗਿਆ ਹੈ, ਜਿੰਨਾ ਕਦੇ ਮੁਗ਼ਲਾਂ ਅਤੇ ਅੰਗਰੇਜ਼ੀ ਰਾਜ ਸਮੇਂ ਨਾ ਕੀਤਾ ਗਿਆ।

ਮੁਗ਼ਲ ਅਤੇ ਅੰਗਰੇਜ਼ ਤਾਂ ਬੇਗ਼ਾਨੇ ਸਨ ਪਰ ਇਹ ਤਾਂ ਅਪਣੇ ਹਮਸਾਏ ਸਨ, ਅਪਣੇ ਮੁਲਕ ਦੇ ਹੀ ਸਨ ਜਿਨ੍ਹਾਂ ਨੇ ਅਪਣੇ ਹੀ ਦੇਸ਼ਵਾਸੀਆਂ ਨੂੰ ਮਾਰ ਮੁਕਾਉਣ ਦਾ ਤਹਈਆ ਕਰ ਲਿਆ ਸੀ। ਅੱਜ 32 ਸਾਲ ਹੋ ਗਏ ਹਨ ਪਰ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਅਤੇ ਨਾ ਹੀ ਸਿੱਖ ਪੀੜਤ ਪ੍ਰਵਾਰਾਂ ਨੂੰ ਆਰਥਕ ਮਦਦ ਮਿਲੀ ਹੈ। ਉਲਟਾ ਦੋਸ਼ੀ ਕਾਂਗਰਸ ਆਗੂ ਅਤੇ ਹੋਰ ਗੁੰਡਿਆਂ ਨੂੰ ਸਰਕਾਰੀ ਅਹੁਦੇ ਦੇ ਕੇ ਨਿਵਾਜਿਆ ਗਿਆ।

ਅਸੀ ਸ੍ਰੀ ਦਰਬਾਰ ਸਾਹਿਬ ਉਪਰ ਹਿੰਦੁਸਤਾਨੀ ਫ਼ੌਜ ਵਲੋਂ ਕੀਤੇ ਗਏ ਮਾਰੂ ਹਮਲੇ ਵਿਚ ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਅਤੇ ਇਸ ਫ਼ੌਜੀ ਹਮਲੇ ਦਾ ਡੱਟ ਕੇ ਮੁਕਾਬਲਾ ਕਰਦੇ ਹੋਏ ਅਣਖੀਲੇ ਨੌਜਵਾਨਾਂ, ਜੋ ਸ਼ਹੀਦੀਆਂ ਪਾ ਗਏ, ਨੂੰ ਅਤੇ 31 ਅਕਤੂਬਰ, 1984 ਨੂੰ ਇੰਦਰਾ ਗਾਂਧੀ, ਜਿਸ ਨੇ ਇਹ ਮਾਰੂ ਹਮਲਾ ਕੀਤਾ, ਨੂੰ ਸੋਧਣ ਵਾਲੇ ਨੌਜਵਾਨ ਸ਼ਹੀਦਾਂ ਅਤੇ 4-5 ਦਿਨ ਗੁੰਡਿਆਂ ਵਲੋਂ ਮਾਰੇ ਗਏ ਸਿੱਖ ਪ੍ਰਵਾਰਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸਮੁੱਚੀ ਸਿੱਖ ਕੌਮ ਨੂੰ ਅਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ

ਕਿ ਉਹ 1984 ਵਿਚ ਸਿੱਖ ਧਾਰਮਕ ਅਸਥਾਨਾਂ ਉਪਰ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਅਤੇ ਉਸ ਨੂੰ ਸ਼ਹਿ ਦੇਣ ਵਾਲੀ ਭਾਰਤੀ ਜਨਤਾ ਪਾਰਟੀ ਅਤੇ ਉਨ੍ਹਾਂ ਸਿੱਖਾਂ ਨੂੰ ਜਿਨ੍ਹਾਂ ਨੇ ਸਿੱਖ ਹੁੰਦਿਆਂ ਹੋਇਆਂ ਰਾਜ ਸੱਤਾ ਦੇ ਹੁੰਦਿਆਂ ਹੋਇਆਂ ਸਿੱਖਾਂ ਦਾ ਭਲਾ ਨਹੀਂ ਕੀਤਾ, ਪੰਜਾਬ ਦਾ ਭਲਾ ਨਹੀਂ ਕੀਤਾ ਅਤੇ ਸਰਕਾਰ ਵਿਚ ਹੁੰਦਿਆਂ ਹੋਇਆਂ 1984 ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿਵਾ ਸਕੇ, ਅਜਿਹੇ ਸਿੱਖਾਂ ਨੂੰ ਜਿਹੜੇ ਝੂਠੀ ਹਮਦਰਦੀ ਵਿਖਾ ਕੇ ਕੌਮ ਨੂੰ ਗੁਮਰਾਹ ਕਰ ਰਹੇ ਹਨ, ਇਨ੍ਹਾਂ ਪਾਰਟੀਆਂ ਅਤੇ ਸਿੱਖੀ ਭੇਸ ਵਾਲੇ ਦੁਸ਼ਮਣਾਂ ਨੂੰ ਸਬਕ ਸਿਖਾਉਣ ਲਈ ਸਮੁੱਚੇ ਪੰਜਾਬ ਨੂੰ ਇਕਮੁਠ ਹੋ ਜਾਣਾ ਚਾਹੀਦਾ ਹੈ। 

ਪੰਥ ਦੇ ਦਰਦੀਆਂ, ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਚਾਹਵਾਨਾਂ ਅਤੇ ਮਨੁੱਖਤਾ ਦਾ ਭਲਾ ਮੰਗਣ ਵਾਲਿਆਂ ਨੂੰ ਸਨਿਮਰ ਅਪੀਲ ਹੈ ਕਿ ਸਮਾਂ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ, ਸਿੱਖ ਧਾਰਮਕ ਮਰਿਆਦਾ ਅਤੇ ਪੰਥ ਦੇ ਬਾਕੀ ਤਖ਼ਤ ਸਾਹਿਬਾਨ ਦੀ ਮਰਿਆਦਾ ਬਚਾਉਣ ਲਈ ਤਤਪਰ ਹੋਵੋ ਅਤੇ ਮੌਜੂਦਾ ਆਰ.ਐਸ.ਐਸ. ਦੇ ਭਾਈਵਾਲ ਪ੍ਰਬੰਧਕਾਂ ਨੂੰ ਹਟਾਉਣ ਲਈ ਲਾਮਬੰਦ ਹੋਵੇ ਤਾਕਿ ਸਿੱਖ ਧਰਮ ਦੀ ਨਿਰੋਲ ਗੁਰੂ ਸਿਧਾਂਤ ਵਾਲੀ ਮਰਿਆਦਾ ਨੂੰ ਬਰਕਰਾਰ ਰਖਿਆ ਜਾ ਸਕੇ। ਸੰਪਰਕ : 81949-25067, 98889-74986