ਜਦੋਂ ਇਕ ਪ੍ਰਚਾਰਕ ਬੱਚਿਆਂ ਦੇ ਸਵਾਲ ਦਾ ਜਵਾਬ ਨਾ ਦੇ ਸਕਿਆ... (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

'ਸੋ ਦਰੁ ਰਾਗੁ ਆਸਾ ਮਹਲਾ ੧' ਤੋਂ ਲੈ ਕੇ 'ਆਸਾ ਮਹਲਾ ੫ ਭਈ ਪਰਾਪਤਿ ਮਾਨੁੱਖ ਦੇ ਹੁਰੀਆ।।' ਤਕ ਕੁੱਲ 9 ਸ਼ਬਦ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਹਿਰਾਸ ਦੇ...

Children in Class

'ਸੋ ਦਰੁ ਰਾਗੁ ਆਸਾ ਮਹਲਾ ੧' ਤੋਂ ਲੈ ਕੇ 'ਆਸਾ ਮਹਲਾ ੫ ਭਈ ਪਰਾਪਤਿ ਮਾਨੁੱਖ ਦੇ ਹੁਰੀਆ।।' ਤਕ ਕੁੱਲ 9 ਸ਼ਬਦ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਹਿਰਾਸ ਦੇ। ਇਨ੍ਹਾਂ ਤੋਂ ਬਾਅਦ ਸੋਹਿਲਾ ਦੀ ਬਾਣੀ ਸ਼ੁਰੂ ਹੋ ਜਾਂਦੀ ਹੈ। ਬੱਚਿਆਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਨ੍ਹਾਂ ਨੇ ਵੇਖਿਆ ਕਿ ਜਿਸ ਚੌਪਈ ਪਿੱਛੇ ਅਸੀ ਆਪਸ ਵਿਚ ਇਕ-ਦੂਜੇ ਤੋਂ ਰੁੱਸ ਗਏ ਸੀ ਉਹ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਹੈ ਹੀ ਨਹੀਂ।

ਮੈਂ ਬੱਚਿਆਂ ਨੂੰ ਕਿਹਾ, ''ਬੇਟਾ ਜੀ ਰਹਿਰਾਸ ਦਾ ਇਹ ਸਰੂਪ ਸਾਨੂੰ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਦਿਤਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਤੇ ਬਿਰਾਜਮਾਨ ਕਰਨ ਵੇਲੇ ਰਹਿਰਾਸ ਵਿਚ ਕੋਈ ਤਬਦੀਲੀ ਨਹੀਂ ਕੀਤੀ, ਅਗਰ ਰਹਿਰਾਸ ਵਿਚ ਅਨੰਦ ਸਾਹਿਬ ਪੜ੍ਹਨਾ ਜ਼ਰੂਰੀ ਹੁੰਦਾ ਹੈ ਤਾਂ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਰਹਿਰਾਸ ਵਿਚ ਜੋੜ ਸਕਦੇ ਸਨ।

ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਵੀ ਚੌਪਈ ਜੋੜ ਸਕਦੇ ਸਨ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਸ ਲਈ ਤੁਸੀ ਸਿਰਫ 9 ਸ਼ਬਦਾਂ ਦੀ ਰਹਿਰਾਸ ਪੜ੍ਹ ਕੇ ਫ਼ਤਹਿ ਬੁਲਾ ਦੇਵੋ। ਫਿਰ ਅਨੰਦ ਸਾਹਿਬ ਦਾ ਪਾਠ ਕਰ ਕੇ ਅਰਦਾਸ ਕਰ ਕੇ ਸਮਾਪਤੀ ਕਰ ਦਿਆ ਕਰੋ। ਤੁਹਾਡੇ ਸਾਰੇ ਝਗੜੇ ਖ਼ਤਮ। ਅਗਰ ਕੋਈ ਤੁਹਾਨੂੰ ਪੁੱਛੇ ਕਿ ਤੁਸੀ ਚੌਪਈ ਕਿਉਂ ਨਹੀਂ ਪੜ੍ਹਦੇ ਤਾਂ ਤੁਸੀ ਕਹਿਣਾ ਕਿ ਸਾਡੇ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਚੌਪਈ ਨਹੀਂ ਹੈ ਅਤੇ ਰਹਿਰਾਸ ਵੀ 9 ਸ਼ਬਦਾਂ ਦੀ ਹੈ। ਇਸ ਲਈ ਅਸੀ ਚੌਪਈ ਨਹੀਂ ਪੜ੍ਹਦੇ ਅਤੇ ਰਹਿਰਾਸ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਹੀ ਪੜ੍ਹਦੇ ਹਾਂ। ਬਸ ਤੁਸੀ ਏਨਾ ਹੀ ਜਵਾਬ ਦੇਣਾ ਹੈ। ਕੋਈ ਤੁਹਾਨੂੰ ਕੁੱਝ ਨਹੀਂ ਕਹੇਗਾ।'' ਸੱਭ ਨੇ ਮੇਰੀ ਇਸ ਗੱਲ ਨਾਲ ਸਹਿਮਤੀ ਜਤਾਈ ਅਤੇ ਆਪਸ ਵਿਚ ਹੱਥ ਮਿਲਾਏ ਤੇ ਅਪਣੇ-ਅਪਣੇ ਘਰਾਂ ਨੂੰ ਚਲੇ ਗਏ। ਦੂਜੇ ਦਿਨ ਤੋਂ ਦੱਸੇ ਮੁਤਾਬਕ ਫਿਰ ਸੱਭ ਨੇ ਮਿਲ ਕੇ ਘਰਾਂ-ਘਰਾਂ ਵਿਚ ਫਿਰ ਪਾਠ ਕਰਨਾ ਸ਼ੁਰੂ ਕਰ ਦਿਤਾ।

ਸਾਡੇ ਮੁਹੱਲੇ ਵਿਚ ਇਕ ਅਖੰਡ ਕੀਰਤਨੀ ਜਥੇ ਨਾਲ ਸਬੰਧਤ ਸਰਦਾਰ ਜੀ ਵੀ ਪ੍ਰਵਾਰ ਸਮੇਤ ਰਹਿੰਦੇ ਸਨ। ਬਾਅਦ ਵਿਚ ਉਹ ਕਿਸੇ ਹੋਰ ਸੰਸਥਾ ਨਾਲ ਜੁੜ ਗਏ ਅਤੇ ਉਸ ਸੰਸਥਾ ਦੇ ਪ੍ਰਚਾਰਕ ਦੇ ਤੌਰ ਤੇ ਘਰ-ਘਰ ਨਾਮ ਸਿਮਰਨ ਦੇ ਪ੍ਰੋਗਰਾਮ ਕਰਨ ਲੱਗ ਗਏ। ਬੱਚੇ ਪਹਿਲਾਂ ਵੀ ਉਨ੍ਹਾਂ ਦੇ ਘਰ ਪਾਠ ਕਰਨ ਵਾਸਤੇ ਜਾਂਦੇ ਸਨ। ਇਸ ਵਾਰ ਜਦੋਂ ਬੱਚਿਆਂ ਨੇ ਬਿਨਾ ਚੌਪਈ ਪੜ੍ਹੇ ਰਹਿਰਾਸ ਕੀਤੀ ਤਾਂ ਉਨ੍ਹਾਂ ਨੇ ਬੱਚਿਆਂ ਨੂੰ ਚੋਪਈ ਪੜ੍ਹਨ ਵਾਸਤੇ ਕਿਹਾ। ਬੱਚਿਆਂ ਦੇ ਮਨਾਂ ਕਰਨ ਤੇ ਉਨ੍ਹਾਂ ਨੇ ਕਾਰਨ ਪੁਛਿਆ, ਤਾਂ ਬੱਚਿਆਂ ਨੇ ਉਹੀ ਜਵਾਬ ਦਿਤਾ ਜੋ ਮੈਂ ਸਮਝਾਇਆ ਸੀ।

ਸੱਚ ਜਾਣਿਉ, ਬੱਚਿਆਂ ਦਾ ਜਵਾਬ ਸੁਣ ਕੇ ਉਹ ਪ੍ਰਚਾਰਕ ਸੱਜਣ ਚੁਪਚਾਪ ਮੂੰਹ ਅੱਡ ਕੇ ਵੇਖਦੇ ਹੀ ਰਹਿ ਗਏ। ਹੈਰਾਨ ਕਰਨ ਵਾਲੀ ਖਾਮੋਸ਼ੀ ਉਨ੍ਹਾਂ ਦੇ ਚਿਹਰੇ ਤੇ ਸਾਫ਼ ਨਜ਼ਰ ਆ ਰਹੀਂ ਸੀ। ਇਹੀ ਹਾਲ ਉਨ੍ਹਾਂ ਦੀ ਸਿੰਘਣੀ ਦਾ ਵੀ ਸੀ। 70-72 ਸਾਲ ਦਾ ਬਜ਼ੁਰਗ, ਜਿਸ ਨੇ ਸਾਰੀ ਉਮਰ ਗੁਰਬਾਣੀ ਦਾ ਕੀਰਤਨ ਕੀਤਾ ਹੋਵੇ ਅਤੇ ਬਾਅਦ ਵਿਚ ਪ੍ਰਚਾਰਕ ਦੇ ਤੌਰ ਤੇ ਵਿਚਰ ਰਿਹਾ ਹੋਵੇ ਉਹ 9-10 ਸਾਲ ਦੇ ਬੱਚਿਆਂ ਦੇ ਸਵਾਲ ਦਾ ਜਵਾਬ ਨਾ ਦੇ ਸਕੇ। ਸਿੱਖ ਕੌਮ ਲਈ ਇਸ ਤੋਂ ਵੱਧ ਨਮੋਸ਼ੀ ਦੀ ਹਾਲਤ ਹੋਰ ਕੀ ਹੋ ਸਕਦੀ ਹੈ? ਦੂਜੀ ਵਾਰ, ਹਫ਼ਤੇ-ਦਸ ਦਿਨ ਬਾਅਦ, ਜਦੋਂ ਬੱਚੇ ਫਿਰ ਉਨ੍ਹਾਂ ਦੇ ਘਰ ਪਾਠ ਕਰਨ ਗਏ ਤਾਂ ਉਨ੍ਹਾਂ ਨੇ ਕੋਈ ਸਵਾਲ ਨਾ ਕੀਤਾ ਅਤੇ ਸ਼ਾਂਤ ਮਨ ਨਾਲ ਪਾਠ ਸੁਣਿਆ ਤੇ ਬਾਅਦ ਵਿਚ ਜਲ-ਪਾਣੀ ਦੀ ਸੇਵਾ ਵੀ ਕੀਤੀ।

ਉਪਰੋਕਤ ਸਾਰੀ ਵਾਰਤਾ ਵਿਚ ਆਪ ਸੱਭ ਨੇ ਵੇਖ ਹੀ ਲਿਆ ਹੈ ਕਿ 9-10 ਸਾਲ ਦੇ ਬੱਚੇ ਤਾਂ ਗੁਰਮਤਿ ਦੀ ਗੱਲ ਸਮਝ ਗਏ, ਪਰ ਅੱਜ ਦੇ ਪ੍ਰਚਾਰਕ ਇਸ ਗੱਲ ਨੂੰ ਜਾਂ ਤਾਂ ਸਮਝ ਨਹੀਂ ਪਾ ਰਹੇ ਜਾਂ ਫਿਰ ਸਮਝਣਾ ਨਹੀਂ ਚਾਹੁੰਦੇ। ਕੀ ਇਸ ਸੱਭ ਲਈ ਗੁਟਕੇ ਛਾਪਣ ਵਾਲੀਆਂ ਸੰਸਥਾਵਾਂ ਜ਼ਿੰਮੇਵਾਰ ਨੇ ਜਾਂ ਫਿਰ ਕੋਈ ਹੋਰ ਸ਼ਕਤੀ ਉਨ੍ਹਾਂ ਦੇ ਪਿੱਛੇ ਕੰਮ ਕਰ ਰਹੀ ਹੈ? ਅੱਜ ਕੋਈ ਵੀ ਅਪਣੀ ਮੱਤ ਛੱਡਣ ਨੂੰ ਤਿਆਰ ਨਹੀਂ। ਆਪਸ ਵਿਚ ਹੀ ਝਗੜਾ ਕਰੀ ਜਾਂਦੇ ਨੇ।  ਓ ਭਲਿਓ! ਗੁਰੂ ਦੀ ਮੱਤ ਵੀ ਲੈ ਲਵੋ, ਗੁਰੂ ਦੀ ਗੱਲ ਨੂੰ ਵੀ ਸਮਝਣ ਦਾ ਯਤਨ ਕਰੋ। ਸਾਰੇ ਝਗੜੇ ਹੀ ਖ਼ਤਮ ਹੋ ਜਾਣਗੇ।

ਜੇ ਤੁਸੀ ਸਿਰਫ਼ ਅਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਚਲੋ ਤਾਂ ਅੱਜ ਜੋ ਪੰਥ ਵਿਚ ਦੁਬਿਧਾ ਪਈ ਹੋਈ ਹੈ, ਉਹ ਸਿਰਫ਼ ਇਸੇ ਕਰ ਕੇ ਹੈ, ਕਿ ਅੱਜ ਅਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਦੂਜੇ ਗ੍ਰੰਥਾਂ ਦੇ ਮਗਰ ਲੱਗ ਗਏ ਹਾਂ। ਕੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾਗੱਦੀ ਦੇਣ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ-ਨਾਲ ਕਿਸੇ ਹੋਰ ਗ੍ਰੰਥ ਨੂੰ ਵੀ ਗੁਰਤਾਗੱਦੀ ਦਿਤੀ ਸੀ? ਨਹੀਂ ਨਾ, ਤਾਂ ਫਿਰ ਕਿਉਂ ਪੰਜਾਬ ਤੋਂ ਬਾਹਰਲੇ ਤਖ਼ਤਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਂਦਾ ਹੈ?

ਜਦਕਿ ਰਹਿਤ ਮਰਿਯਾਦਾ ਵਿਚ ਸਾਫ਼ ਸਾਫ਼ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਕੀ ਇਹ ਗੱਲ ਪ੍ਰਚਾਰਕਾਂ,  ਕਮੇਟੀ ਪ੍ਰਧਾਨਾਂ ਜਾਂ ਜਥੇਦਾਰਾਂ ਨੂੰ ਨਹੀਂ ਪਤਾ? ਸੱਭ ਨੂੰ ਪਤਾ ਹੈ, ਪਰ ਸੱਭ ਚੁੱਪ ਕਰ ਕੇ, ਘੇਸਲ ਵੱਟ ਕੇ ਬੈਠੇ ਨੇ ਕਿ 'ਆਪਾਂ ਕੀ ਲੈਣੈ?'
ਰਾਜਨੀਤਕ ਲੋਕਾਂ ਦਾ ਕੰਮ ਹੁੰਦਾ ਹੈ, ਲੋਕਾਂ ਵਿਚ ਦੁਬਿਧਾ ਪਾ ਕੇ ਉਨ੍ਹਾਂ ਨੂੰ ਆਪਸ ਵਿਚ ਲੜਾ ਕੇ ਰੱਖੋ। ਸਿੱਖਾਂ ਵਿਚ ਵੀ ਇਹ ਦੁਬਿਧਾ ਪਾ ਦਿਤੀ ਗਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਵਜੋਂ ਦੂਜਾ ਗ੍ਰੰਥ ਰੱਖ ਕੇ।

ਅਸਲ ਬਿਮਾਰੀ ਵੱਖ ਵੱਖ ਸੰਪਰਦਾਵਾਂ ਵਲੋਂ ਛਾਪੇ ਹੋਏ ਗੁਟਕੇ ਅਤੇ ਅੰਮ੍ਰਿਤ ਕੀਰਤਨ ਦੀਆਂ ਪੋਥੀਆਂ ਹਨ ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਨਾਲ ਹੋਰ ਗ੍ਰੰਥਾਂ ਦੀਆਂ ਰਚਨਾਵਾਂ ਵੀ ਛਾਪੀਆਂ ਹੁੰਦੀਆਂ ਹਨ ਅਤੇ ਸਿੱਖ ਸਾਰੀ ਉਮਰ ਅੰਮ੍ਰਿਤ ਛਕਣ ਤੋਂ ਬਾਅਦ ਇਨ੍ਹਾਂ ਰਾਹੀਂ ਹੀ ਪਾਠ ਕਰਦਾ ਹੈ। ਉਹ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ ਦਾ ਯਤਨ ਨਹੀਂ ਕਰਦਾ।

ਜੇ ਪੜ੍ਹ ਵੀ ਲਿਆ ਤਾਂ ਸਮਝਣ ਦਾ ਯਤਨ ਨਹੀਂ ਕਰਦਾ। ਵੱਖ ਵੱਖ ਗੁਟਕਿਆਂ ਰਾਹੀਂ ਪਾਠ ਕਰਨ ਕਰ ਕੇ ਹਰ ਸਿੱਖ ਦੀ ਅਪਣੀ ਅਪਣੀ ਸੋਚ ਬਣ ਜਾਂਦੀ ਹੈ ਅਤੇ ਫਿਰ ਉਸ ਦੀ ਸੋਚ ਕਿਸੇ ਦੂਜੇ ਨਾਲ ਨਾ ਮਿਲਣ ਕਰ ਕੇ ਹਮੇਸ਼ਾ ਹੀ ਟਕਰਾਅ ਵਾਲੀ ਅਵਸਥਾ ਬਣੀ ਰਹਿੰਦੀ ਹੈ। ਇਹੀ ਸਿਆਸਤਦਾਨ ਚਾਹੁੰਦੇ ਹਨ। ਸਮਝੋ ਇਸ ਚਾਲ ਨੂੰ। ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ, ਕਿਸੇ ਹੋਰ ਗ੍ਰੰਥ ਦੇ ਨਹੀਂ। ਗੁਰਗੱਦੀ ਸਿਰਫ਼ ਅਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ, ਕਿਸੇ ਹੋਰ ਗ੍ਰੰਥ ਨੂੰ ਨਹੀਂ।

ਭਾਵੇਂ ਕਿੰਨਾ ਵੀ ਦੂਜੇ ਗ੍ਰੰਥਾਂ ਦੀਆਂ ਰਚਨਾਵਾਂ ਦਾ ਸਿਧਾਂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਮੇਲ ਖਾਂਦਾ ਹੋਵੇ, ਸਿੱਖ ਨੇ ਅਪਣਾ ਨਿਸ਼ਚੇ ਸਿਰਫ਼ ਅਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਰਖਣਾ ਹੈ। ਜਿਸ ਦਿਨ ਇਹ ਹੋ ਗਿਆ, ਉਸ ਦਿਨ ਸਾਰੇ ਮਤਭੇਦ ਅਤੇ ਝਗੜੇ ਖ਼ਤਮ ਹੋ ਜਾਣਗੇ।ਸੋ ਆਉ, ''ਇਕੋ ਬਾਣੀ ਇਕੁ ਗੁਰੂ ਇਕੋ ਸ਼ਬਦੁ ਵੀਚਾਰ।। ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ।।'' (646) ਦੇ ਸਿਧਾਂਤ ਉਤੇ ਚਲਦਿਆਂ ਹੋਇਆਂ ਆਪਸੀ ਮਨ ਮੁਟਾਉ ਖ਼ਤਮ ਕਰ ਕੇ ਪ੍ਰਸਪਰ ਪ੍ਰੇਮ ਪੂਰਵਕ ਅਪਣਾ ਜੀਵਨ ਨਿਰਵਾਹ ਕਰੀਏ ਅਤੇ ਸਿੱਖ ਕੌਮ ਅਤੇ ਪੰਥ ਨੂੰ ਚੜ੍ਹਦੀ ਕਲ੍ਹਾ ਵਿਚ ਲੈ ਜਾਈਏ।  ਭੁੱਲ-ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।।
ਸੰਪਰਕ : 94633-86747