ਬਿਰਧਾਂ ਦਾ ਸਨਮਾਨ, ਸਮਾਜ ਦੀ ਸ਼ਾਨ - ਅਪਮਾਨ ਸਮਾਜ ਦਾ ਘਾਣ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬਜ਼ੁਰਗਾਂ ਦਾ ਖ਼ਿਆਲ ਰੱਖਣ ਵਾਲੀ ਸੰਸਥਾ 'ਹੈਲਪਏਜ ਇੰਡੀਆ' ਦੇ ਸਰਵੇਖਣਾਂ ਉਤੇ ਨਜ਼ਰ ਮਾਰਦਿਆਂ, ਮੈਨੂੰ ਅਪਣੀ ਜਵਾਨੀ ਵੇਲੇ ਵਿਦਿਆਰਥੀਆਂ ਨੂੰ ਪੜ੍ਹਾਏ ਬਾਬਾ ਫ਼ਰੀਦ ....

Birdh Asharam

ਬਜ਼ੁਰਗਾਂ ਦਾ ਖ਼ਿਆਲ ਰੱਖਣ ਵਾਲੀ ਸੰਸਥਾ 'ਹੈਲਪਏਜ ਇੰਡੀਆ' ਦੇ ਸਰਵੇਖਣਾਂ ਉਤੇ ਨਜ਼ਰ ਮਾਰਦਿਆਂ, ਮੈਨੂੰ ਅਪਣੀ ਜਵਾਨੀ ਵੇਲੇ ਵਿਦਿਆਰਥੀਆਂ ਨੂੰ ਪੜ੍ਹਾਏ ਬਾਬਾ ਫ਼ਰੀਦ ਜੀ ਦੇ ਸਲੋਕ ਯਾਦ ਆ ਗਏ ਜਿਨ੍ਹਾਂ ਵਿਚੋਂ ਇਕ ਇਹ ਸੀ, 'ਇਨੀ ਨਿਕੀ ਜੰਘੀਐ ਥਲ ਡੂਗਰ ਭਇਓਮ, ਅੱਜ ਫਰੀਦੇ ਕੂਜੜਾ ਸੌ ਕੋਹਾਂ ਥੀਓਮ' ਯਾਨੀਕਿ ਬੁਢਾਪੇ ਦੀ ਆਮਦ ਨਾਲ ਹਵਾ ਨਾਲ ਅਠਖੇਲੀਆਂ ਕਰਦੇ ਜਿਸਮ ਤੇ ਜ਼ਮੀਨ ਆਸਮਾਨ ਦੇ ਕਲਾਵੇਂ ਭਰਦੇ ਬੰਦੇ ਅਪਣੀ ਦਵਾਈ ਖਾਣ ਲਈ ਖ਼ੁਦ ਪਾਣੀ ਤਕ ਨਹੀਂ ਲੈ ਸਕਦੇ। ਇਹੀ ਬੁਢਾਪੇ ਦਾ ਆਲਮ ਤੇ ਢਹਿੰਦੀ ਉਮਰ ਦੀ ਉਹ ਲਾਚਾਰ ਅਵਸਥਾ ਹੈ ਜਿਸ ਨੂੰ ਬੰਦਾ ਭੋਗ ਕੇ ਹੀ ਮਹਿਸੂਸ ਕਰ ਸਕਦਾ ਹੈ।

ਨੈਣ, ਪ੍ਰਾਣ ਕੰਮ ਨਹੀਂ ਕਰਦੇ, ਕੰਮ-ਕਾਰ ਹੁੰਦਾ ਨਹੀਂ ਤੇ ਰਿਸ਼ਤੇ ਨਾਤੇ ਵੀ ਦੂਰ ਭੱਜਣ ਲਗਦੇ ਹਨ। ਅਜਿਹੇ ਵਿਚ ਕੁੰਭ ਦੇ ਮੇਲੇ ਦੇ ਬਹਾਨੇ ਮਾਪਿਆਂ ਨੂੰ ਤੀਰਥਾਂ ਉਤੇ ਛੱਡ ਆਉਣ ਦੀਆਂ ਗਾਥਾਵਾਂ ਅਸੀ ਅਕਸਰ ਹੀ ਮੀਡੀਆ ਵਿਚ ਸੁਣਦੇ ਤੇ ਅੱਖੀਂ ਵੇਖਦੇ ਹਾਂ। ਕਦੇ ਤੋਕੜ ਲਵੇਰਿਆਂ ਤੇ ਹਲੋਂ ਛੱਡੇ ਬਲਦਾਂ ਨੂੰ ਖੁਰਲੀਆਂ ਉਤੇ ਬੰਨ੍ਹ-ਬੰਨ੍ਹ ਕੇ ਪੱਠੇ ਪਾਉਣ ਅਤੇ ਸੇਵਾ-ਸੰਭਾਲ ਕਰਨ ਵਾਲੇ ਸਾਊ ਵਿਅਕਤੀ ਅੱਜ ਦੀਵਾ ਲੈ ਕੇ ਲੱਭਿਆਂ ਨਹੀਂ ਲਭਦੇ। ਉਹ ਜਿਊਂਦੇ ਹੁੰਦੇ ਤਾਂ ਸ਼ਾਇਦ ਉਨ੍ਹਾਂ ਦਾ ਹਸ਼ਰ ਵੀ ਉਹੀ ਹੁੰਦਾ ਜਿਹੜਾ ਅੱਜ ਸਾਡੇ ਬਹੁਗਿਣਤੀ ਬਜ਼ੁਰਗਾਂ ਦਾ ਹੋ ਰਿਹਾ ਹੈ।

ਦੇਸ਼ ਦੇ ਦੋ ਦਰਜਨ ਮਹਾਂਨਗਰਾਂ ਦਾ ਸਰਵੇਖਣ ਕਰ ਕੇ ਰਿਪੋਰਟ ਤਿਆਰ ਕਰਨ ਵਾਲੀ ਸੰਸਥਾ 'ਹੈਲਪਏਜ' ਨੇ ਮੈਂਗਲੌਰ (ਕਰਨਾਟਕਾ) ਵਿਚ 47%, ਅਹਿਮਦਾਬਾਦ ਵਿਚ 46%, ਭੋਪਾਲ ਵਿਚ 39%, ਅੰਮ੍ਰਿਤਸਰ ਵਿਚ 35% ਤੇ ਦਿੱਲੀ ਵਿਚ 33% ਬਜ਼ੁਰਗਾਂ ਦੀ ਬੇਕਦਰੀ, ਅਣਗੌਲੇਪਨ, ਬੇਰੁਖੀ ਤੇ ਤਸ਼ੱਦਦ ਦੇ ਅੰਕੜੇ ਜੁਟਾਏ ਹਨ। ਗੁਰੂ ਪਾਤਸ਼ਾਹੀਆਂ ਦੀ ਵਰੋਸਾਈ, ਪ੍ਰਫੁੱਲਿਤ ਤੇ ਨਿਵਾਜੀ ਸਰਜ਼ਮੀਂ ਅੰਮ੍ਰਿਤਸਰ ਅੱਜ ਪੂਰੇ ਪੰਜਾਬ ਵਿਚੋਂ ਬਜ਼ੁਰਗਾਂ ਦੇ ਸ਼ੋਸ਼ਣ ਵਿਚ ਮੋਹਰੀ ਹੋ ਚੁੱਕੀ ਹੈ,

ਜਿਥੇ ਮਨੁੱਖਤਾ ਦਾ ਮੰਦਰ ਤੇ ਬੇਸਹਾਰਿਆਂ ਦਾ ਸਹਾਰਾ 'ਪਿੰਗਲਵਾੜਾ' ਕਾਇਮ ਹੈ, ਜਿਥੇ ਇਨਸਾਨੀਅਤ ਦਾ ਖ਼ਜ਼ਾਨਾ ਤੇ ਭਟਕਦਿਆਂ ਦੀ ਠਾਹਰ ਸ੍ਰੀ ਹਰਿਮੰਦਰ ਸਾਹਿਬ ਸੁਸ਼ੋਭਿਤ ਹੈ ਤੇ ਜਿਥੇ ਮੱਕਿਆਂ ਦਾ ਮੱਕਾ ਸ੍ਰੀ ਦਰਬਾਰ ਸਾਹਿਬ ਕਾਇਮ ਹੈ। ਜੇ ਅੰਮ੍ਰਿਤਸਰ ਦੇ ਆਂਕੜੇ ਇਸ ਕਦਰ ਹੈਰਾਨ ਕਰ  ਦੇਣ ਵਾਲੇ ਹਨ ਤਾਂ ਬਾਕੀ ਸ਼ਹਿਰਾਂ ਦਾ ਤਾਂ ਫਿਰ ਰੱਬ ਹੀ ਰਾਖਾ ਹੈ ਕਿਉਂਕਿ ਹੈਲਪਏਜ ਇੰਡੀਆ ਦੇ ਆਹਲਾ ਅਫ਼ਸਰ ਮੈਥਿਊ ਚੇਰੀਅਨ ਨੇ ਇਹ ਵੀ ਖ਼ੁਲਾਸਾ ਕੀਤਾ ਕਿ 'ਬਦਕਿਸਮਤੀ ਨਾਲ ਬਜ਼ੁਰਗਾਂ ਉਤੇ ਅਤਿਆਚਾਰ ਘਰੋਂ ਹੀ ਸ਼ੁਰੂ ਹੋ ਜਾਂਦਾ ਹੈ ਤੇ ਉਹੀ ਲੋਕ ਸੱਭ ਤੋਂ ਵੱਧ ਤੰਗ ਕਰਦੇ ਹਨ

ਜਿਨ੍ਹਾਂ ਉਤੇ ਉਹ ਸੱਭ ਤੋਂ ਵੱਧ ਵਿਸ਼ਵਾਸ ਕਰਦੇ ਹਨ। ਇੱਜ਼ਤ-ਆਬਰੂ ਬਚਾਉਣ, ਘਰ ਦੇ ਭੇਤ ਨਸ਼ਰ ਹੋਣ ਦੇ ਡਰੋਂ ਅਤੇ ਘਰੋਂ ਕੱਢੇ ਜਾਣ ਤੇ ਭੈਅ ਕਾਰਨ ਨਾ ਤਾਂ ਵਧੇਰੇ ਬਜ਼ੁਰਗ ਅਪਣੇ ਹੱਕ-ਹਕੂਕਾਂ ਬਾਰੇ ਜਾਣਦੇ ਹਨ ਤੇ ਨਾ ਹੀ ਕਿਤੇ ਸ਼ਿਕਾਇਤ ਕਰਨ ਲਈ ਨਿਕਲਦੇ ਹਨ। ਇੰਜ 82% ਦੇ ਕਰੀਬ ਮਾਨਸਕ, ਸ੍ਰੀਰਕ, ਆਤਮਕ, ਜ਼ਿਹਨੀ ਤੇ ਭਾਈਚਾਰਕ ਸ਼ੋਸ਼ਣ ਦੇ ਸ਼ਿਕਾਰ ਹੋ ਜਾਂਦੇ ਹਨ ਤੇ ਬਹੁਤੀ ਵਾਰ ਡਿਪਰੈਸ਼ਨ ਦੀ ਮਾਰ ਹੇਠ ਵੀ ਆ ਜਾਂਦੇ ਹਨ।

ਪਛਮੀ ਸਭਿਆਚਾਰ ਵਿਚ 'ਓਲਡ ਇਜ਼ ਗੋਲਡ' ਭਾਵ ਪੁਰਾਣੇ ਨੂੰ ਵਧੀਆ ਸਮਝਣ ਦਾ ਵਿਧਾਨ ਹੈ। ਉÎੱਥੇ ਬਜ਼ੁਰਗਾਂ ਨੂੰ ਰਜਵੀਆਂ ਪੈਨਸ਼ਨਾਂ, ਮੁਫ਼ਤ ਇਲਾਜ, ਮੁਫ਼ਤ ਆਵਾਜਾਈ, ਸਰਕਾਰੀ ਨਰਸਿੰਗ ਹੋਮ, ਆਰਾਮ ਦੇਹ ਬ੍ਰਿਧ ਘਰ ਅਤੇ ਘਰ-ਘਰ ਪਹੁੰਚ ਕਰ ਕੇ ਦਵਾਈਆਂ ਤਕ ਦੀ ਰਸਾਈ ਕੀਤੀ ਜਾਂਦੀ ਹੈ। ਹਰ ਮਹੀਨੇ ਬ੍ਰਿਧਾਂ ਨੂੰ ਪਿਕਨਿਕ ਸਥਾਨਾਂ ਉਤੇ ਲਿਜਾਣ, ਸੈਰ ਸਪਾਟੇ ਦੀ ਸਹੂਲਤ ਪ੍ਰਦਾਨ ਕਰਨ ਅਤੇ ਹਰ ਪੱਖੋਂ ਸੁੱਖ ਸਹੂਲਤਾਂ ਦੇਣ ਦੇ ਕਾਨੂੰਨ ਵੀ ਹਨ ਜਿਸ ਕਰ ਕੇ ਇਧਰਲੇ ਬਹੁਤੇ ਮਾਪੇ ਵੀ ਬੁਢਾਪੇ ਵਿਚ ਅਪਣੇ ਬੱਚਿਆਂ ਕੋਲ ਬਾਹਰਲੀਆਂ ਧਰਤੀਆਂ ਉਤੇ ਜਾ ਵਸਣ ਨੂੰ ਤਰਜੀਹ ਦੇਣ ਲੱਗ ਪਏ ਹਨ,

ਭਾਵੇਂ ਉÎੱਧਰ ਕਈਆਂ ਦਾ ਬਹੁਤਾ ਸਮਾਜਕ ਆਧਾਰ ਨਹੀਂ ਵੀ ਹੁੰਦਾ। ਕੈਨੇਡਾ ਦੇ ਦਰਜਨਾਂ ਗੁਰਦਵਾਰਿਆਂ ਵਿਚ ਕਈ-ਕਈ ਸੌ ਸਿਆਣੇ ਵੀਰ ਤੇ ਭੈਣਾਂ ਦਰੱਖ਼ਤਾਂ ਹੇਠ ਬੈਠੇ ਹਰ ਵੇਲੇ ਵੇਖੇ ਜਾ ਸਕਦੇ ਹਨ, ਭਾਵੇਂ ਉÎੱਥੇ ਕਥਾ-ਕੀਰਤਨ ਸਵੇਰੇ ਸ਼ਾਮ ਹੀ ਹੋਣਾ ਹੁੰਦਾ ਹੈ। ਸ਼ਾਮ ਦਾ ਸਮਾਂ ਬਤੀਤ ਕਰਨ ਲਈ ਆਖ਼ਰ ਕੋਈ ਤਾਂ ਆਹਰ ਲੋੜੀਂਦਾ ਹੀ ਹੈ।

ਸਾਡੇ ਦੇਸ਼ ਖ਼ਾਸ ਕਰ ਕੇ ਸਾਡੀ ਅਪਣੀ ਧਰਤੀ ਉਤੇ ਹਾਲਾਤ ਬਹੁਤ ਧਮਾਕਾਖ਼ੇਜ਼ ਬਣਦੇ ਜਾ ਰਹੇ ਹਨ। ਇਥੇ ਸਰਬਾਂਗੀ ਨਿਘਾਰ ਪਸਰ ਰਿਹਾ ਹੈ। ਸੁਖਣਾਂ ਸੁੱਖ-ਸੁੱਖ ਕੇ ਔਲਾਦ ਦਾ ਮੂੰਹ ਵੇਖਣ ਵਾਲੇ, ਬਹੁਤ ਜ਼ਿਆਦਾ ਪਿਆਰ ਝਾਗ-ਝਾਗ ਕੇ ਉਨ੍ਹਾਂ ਦੀ ਪਾਲਣਾ ਪੋਸਣਾ ਕਰਨ ਵਾਲੇ ਅਤੇ ਢੁਕਵੇਂ ਵਰ ਘਰ ਲੱਭ ਕੇ ਧੀਆਂ ਪੁਤਰਾਂ ਨੂੰ ਸਥਾਪਤ ਕਰਨ ਵਾਲੇ ਮਾਤਾ-ਪਿਤਾ ਅੱਜ ਬਹੁਤਿਆਂ ਬੱਚਿਆਂ ਲਈ ਬੋਝ ਬਣ ਗਏ ਹਨ। ਬੀਤੇ ਕੁੱਝ ਕੁ ਮਹੀਨਿਆਂ ਵਿਚ ਵਾਪਰੀਆਂ ਦੋ ਉਦਾਹਰਨਾਂ ਇਥੇ ਅੰਕਿਤ ਕਰਨੀਆਂ ਜ਼ਰੂਰੀ ਸਮਝਦੀ ਹਾਂ।

ਪਹਿਲੀ ਪੂਨੇ ਦੀ ਹੈ ਜਿਥੇ ਪੜ੍ਹੀ ਲਿਖੀ ਨੂੰਹ ਦੀ ਸਹਾਇਤਾ ਨਾਲ ਢਿੱਡੋਂ ਜਾਏ ਪੁੱਤਰ (ਪ੍ਰੋਫ਼ੈਸਰ) ਨੇ ਹੀ ਅਧਰੰਗ ਪੀੜਤ ਮਾਂ ਨੂੰ ਪੌੜੀਆਂ ਵਿਚੋਂ ਘੜੀਸ ਕੇ ਛੱਤ ਉਤੇ ਲਿਆਂਦਾ ਤੇ ਚੌਥੀ ਮੰਜ਼ਿਲ ਤੋਂ ਧੱਕਾ ਦੇ ਕੇ ਮਾਰ ਮੁਕਾਇਆ। ਪੁਲਿਸ ਨੂੰ ਗਲਤ ਬਿਆਨ ਦੇ ਕੇ ਉਹ ਉਸ ਸਮੇਂ ਤਾਂ ਬਰੀ ਹੋ ਗਿਆ ਕਿ ਮਾਂ ਟਹਿਲਦੀ-ਟਹਿਲਦੀ ਹੇਠ ਡਿੱਗ ਕੇ ਮਰ ਗਈ ਹੈ, ਪ੍ਰੰਤੂ ਲਾਗਲੇ ਗੁਆਂਢੀ ਵਲੋਂ ਬਣਾਈ ਵੀਡੀਉ ਨੇ ਇਸ ਕਲਯੁਗੀ ਪੁੱਤਰ ਦੀ ਪੋਲ ਖੋਲ੍ਹ ਦਿਤੀ ਜਿਹੜਾ ਹੁਣ ਸਲਾਖ਼ਾਂ ਦੇ ਪਿੱਛੇ ਹੈ। ਦੂਜਾ ਵਾਕਿਆ ਯੂ. ਪੀ. ਦਾ ਹੈ। ਇਥੇ ਵੀ ਲੈਕਚਰਾਰ ਪੁੱਤਰ ਨੇ ਮਾਂ ਦੀ ਬੀਮਾਰੀ ਤੋਂ ਤੰਗ ਆ ਕੇ ਮਾਂ ਨੂੰ ਛੱਤ ਤੋਂ ਹੇਠਾਂ ਸੁੱਟ ਕੇ ਮਾਰ ਦਿਤਾ।

ਹੈਲਪਏਜ਼ ਦੇ ਸਰਵੇਖਣ ਵਿਚ ਵੀ ਇਹੋ ਨਿਚੋੜ ਕਢਿਆ ਗਿਆ ਹੈ ਕਿ ਅਜਕਲ ਮਾਪਿਆਂ ਉਤੇ ਅਤਿਆਚਾਰ ਕਰਨ ਵਾਲੇ 52% ਪੁੱਤਰ ਹਨ ਤੇ 34% ਨੂੰਹਾਂ ਜਦੋਂ ਕਿ ਪਹਿਲਾਂ ਨੂੰਹਾਂ ਹੀ ਸੱਸ-ਸਹੁਰੇ ਨਾਲ ਇੱਟ ਖੜੱਕਾ ਰੱਖਣ ਲਈ ਬਦਨਾਮ ਸਨ। ਧੀਆਂ ਜਿਥੇ ਮਾਪਿਆਂ ਦੀ ਧਿਰ ਮੰਨੀਆਂ ਜਾਂਦੀਆਂ ਹਨ, ਉÎੱਥੇ ਕਈ ਕੇਸਾਂ ਵਿਚ ਮਾਪਿਆਂ ਦੀਆਂ ਜਾਨੀ ਦੁਸ਼ਮਣ ਬਣ ਕੇ ਵੀ ਵਿਚਰ ਰਹੀਆਂ ਹਨ।

ਪਟਿਆਲੇ ਲਾਗਲੇ ਇਕ ਪਿੰਡ ਦਾ ਇਕ ਬੁੱਢਾ ਜੋੜਾ ਦੋ ਸਾਲਾਂ ਤਕ ਉÎੱਥੇ ਦੇ ਸ਼ਮਸ਼ਾਨ ਘਾਟ ਵਿਚ ਰਹਿਣ ਲਈ ਮਜਬੂਰ ਰਿਹਾ ਪਰੰਤੂ ਟੀ.ਵੀ. ਉਤੇ ਆਈ ਉਨ੍ਹਾਂ ਦੀ ਖ਼ਬਰ ਨੇ ਪ੍ਰਸ਼ਾਸਨ ਨੂੰ ਜਗਾ ਦਿਤਾ ਤੇ ਉਨ੍ਹਾਂ ਲਈ ਲੋੜੀਂਦੀ ਮਦਦ ਭੇਜੀ ਗਈ।ਮੇਰੀ ਸੰਸਥਾ (ਮਾਈ ਭਾਗੋ ਬ੍ਰਿਗੇਡ) ਨਾਲ ਦੋ ਲਾਗਲੇ ਬਿਰਧਆਸ਼ਰਮ ਵਾਬਸਤਾ ਹਨ- ਸ੍ਰੀ ਸਾਈਂ ਬਿਰਧਘਰ ਚੌਰਾ ਤੇ ਮਾਤਾ ਖੀਵੀ ਬਿਰਧ ਆਸ਼ਰਮ ਸੂਲਰ। ਦੋਵੇਂ ਪਾਸੇ ਸੁਚਾਰੂ ਪ੍ਰਬੰਧ ਹਨ, ਵਡੇਰਿਆਂ ਦਾ ਰੱਜਵਾਂ ਮਾਣ ਤਾਣ ਹੈ ਤੇ ਦਵਾ ਦਾਰੂ ਹੈ। ਕਈ ਸਕੂਲਾਂ, ਕਾਲਜਾਂ, ਨਰਸਿੰਗ ਸੰਸਥਾਵਾਂ, ਲੇਡੀਜ਼ ਕਲੱਬ ਤੇ ਹੋਰ ਅਦਾਰੇ ਵੀ ਇਥੇ ਸੇਵਾ-ਸੰਭਾਲ ਲਈ ਅਕਸਰ ਆਉਂਦੇ-ਜਾਂਦੇ ਹਨ। ਵਾਹਵਾ ਚਹਿਲ ਪਹਿਲ ਤੇ ਰੌਣਕ ਮੇਲਾ ਬਣਿਆ ਰਹਿੰਦਾ ਹੈ।

ਅਕਸਰ ਹੀ ਘਰਾਂ ਵਿਚ ਦਬਾਏ ਤੇ ਰੁਲਾਏ ਸਿਆਣੇ ਸਾਡੇ ਤਕ ਪਹੁੰਚ ਕਰਦੇ ਹਨ। ਸੱਭ ਤੋਂ ਤਾਜ਼ਾ ਮਾਮਲਾ ਆਪ ਜੀ ਨਾਲ ਸਾਂਝਾ ਕਰ ਰਹੀ ਹਾਂ ਕਿ ਜਿਸ 75 ਕੁ ਸਾਲਾ ਮਾਤਾ ਨੂੰ ਮੈਂ ਚੌਰੇ ਆਸ਼ਰਮ ਛੱਡਣ ਜਾਣਾ ਸੀ, ਉਸ ਕੋਲ ਦੋ ਵੱਡੇ ਅਟੈਚੀ, ਦੋ ਹੈਂਡ ਬੈਗ, ਇਕ ਵੱਡੀ ਗੱਠ ਹੋਰ ਨਿੱਕ ਸੁਕ ਦੀ ਤੇ ਕੁੱਝ ਹੋਰ ਚੀਜ਼ਾਂ ਵੀ ਸਨ। ਸੁਭਾਵਕ ਹੀ ਮੈਂ ਪੁੱਛ ਬੈਠੀ ਕਿ ''ਬੀਜੀ ਘਰੇ ਤੁਹਾਨੂੰ ਕਿਸੇ ਨੇ ਏਨਾ ਸਾਮਾਨ ਲਿਆਉਣ ਵੇਲੇ ਰੋਕਿਆ-ਟੋਕਿਆ ਨਾ?'' ''ਨਾ ਜੀ, ਮੁੰਡੇ ਰਾਤ ਦੀ ਡਿਊਟੀ ਕਰ ਕੇ ਦੋਵੇਂ ਸੁੱਤੇ ਪਏ ਸਨ ਤੇ ਨੂੰਹਾਂ ਆਪਸ ਵਿਚ ਗੱਲ ਕਰ ਕੇ ਮੁਸਕਰਾ ਰਹੀਆਂ ਸਨ। ਮੈਨੂੰ ਕਿਸੇ ਨਹੀਂ ਰੋਕਿਆ।''

ਸ਼ੂਗਰ ਪੀੜਤ ਇਸ ਮਾਤਾ ਕੋਲ ਸ਼ਾਮ ਵੇਲੇ ਲਵਾਉਣ ਲਈ ਟੀਕਾ ਵੀ ਨਹੀਂ ਸੀ, ਸੋ ਇਹ ਸੇਵਾ ਵੀ ਸਾਨੂੰ ਖ਼ੁਦ ਹੀ ਕਰਨੀ ਪਈ। ਦੋ ਕੁ ਮਹੀਨ ਦੀ ਠਹਿਰ ਉਪਰੰਤ, ਚੌਰਾ ਬਿਰਧ ਘਰ ਦੇ ਪ੍ਰਬੰਧਕਾਂ ਦੇ ਉਲਾਂਭੇ ਆਉਣ ਲਗ ਪਏ ਕਿ ''ਮਾਤਾ ਨੂੰ ਲੈ ਜਾਉ, ਇਹ ਆਪ ਹੁਦਰੀ ਹੈ। ਕਿਸੇ ਦੀ ਮੰਨਦੀ ਨਹੀਂ। ਸੱਭ ਨਾਲ ਝਗੜਦੀ ਹੈ।'' ਆਖ਼ਰ ਚੁੱਪ ਚਪੀਤੇ ਉਹ ਇਕ ਦਿਨ ਚਲੀ ਗਈ। ਮਹੀਨੇ ਕੁ ਬਾਅਦ ਇਕ ਦਿਨ ਇਕ ਪੰਜਾਬੀ ਅਖ਼ਬਾਰ ਵਿਚ ਇਸੇ ਮਾਤਾ ਦੇ ਭੋਗ ਦੀ ਖ਼ਬਰ ਛਪੀ ਹੋਈ ਪੜ੍ਹੀ ਤੇ ਨਾਲੇ ਸਸਕਾਰ ਵੇਲੇ ਹੋਏ ਵਿਸ਼ਾਲ ਇੱਕਠ ਦੀ ਜਿਸ ਵਿਚ ਸ਼ਹਿਰ ਦੇ ਪਤਵੰਤੇ, ਲੀਡਰ, ਅਫ਼ਸਰ ਅਤੇ ਹੋਰ ਜਾਣੇ ਪਛਾਣੇ ਬੇਸ਼ੁਮਾਰ ਚਿਹਰੇ ਵਿਖਾਈ ਦਿੰਦੇ ਸਨ।

ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਏਨੇ ਵੱਡੇ ਲਾਣੇ ਬਾਣੇ ਅਤੇ ਪਹੁੰਚੇ ਪੁਤਰਾਂ ਦੀ ਮਾਤਾ ਨੂੰ ਆਖ਼ਰ ਬਿਰਧ ਘਰਾਂ ਵਿਚ ਕਿਉਂ ਰੁਲਣਾ ਪਿਆ? ਇਹੋ ਸੋਚਣ ਵਾਲੀ ਗੱਲ ਹੈ। ਔਲਾਦ ਵਲੋਂ ਠੁਕਰਾਉਣਾ ਤਾਂ ਆਮ ਗੱਲ ਹੈ, ਕਈ ਵਾਰ ਬਜ਼ੁਰਗ ਵੀ ਅਪਣੀ ਟੈਂ ਉਤੇ ਬਜ਼ਿੱਦ ਰਹਿੰਦੇ ਹਨ ਤੇ ਪੁਤਰਾਂ-ਨੂੰਹਾਂ ਨੂੰ ਕੋਈ ਵੀ ਮਰਜ਼ੀ ਕਰਨ ਦੀ ਖੁੱਲ੍ਹ ਨਹੀਂ ਦਿੰਦੇ ਜਾਂ ਦੇਣਾ ਚਾਹੁੰਦੇ। ਅਜਿਹੇ ਵਿਚ ਘਰਾਂ ਵਿਚ ਕਾਟੋ-ਕਲੇਸ਼ ਹੋਣਾ ਬਿਲਕੁਲ ਸੁਭਾਵਕ ਗੱਲ ਹੈ ਜਿਸ ਦਾ ਖ਼ਮਿਆਜ਼ਾ ਵਡੇਰਿਆਂ ਨੂੰ ਦਰ-ਬ-ਦਰ ਭਟਕਦਿਆਂ ਚੁਕਾਉਣਾ ਪੈਂਦਾ ਹੈ।

ਇਕ ਦਿਨ ਇਕ ਸਥਾਨਕ ਬਿਰਧ ਘਰ ਤੋਂ ਸੁਨੇਹਾ ਮਿਲਿਆ ਕਿ ਦਿੱਲੀ ਵਾਲੀ ਮਾਤਾ ਚੜ੍ਹਾਈ ਕਰ ਗਈ ਹੈ। ਕਿਸੇ ਨੂੰ ਨਹੀਂ ਸੀ ਪਤਾ ਕਿ ਉਹ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਦੇ ਨਿਰਦੇਸ਼ਕ ਦੀ ਮਾਂ ਸੀ। ਸੰਪਰਕ ਨੰਬਰ ਉਤੇ ਫ਼ੋਨ ਕਰਨ ਉਪਰੰਤ ਇਹ ਅਸਲੀਅਤ ਸਾਹਮਣੇ ਆਈ ਤੇ ਉਸ ਪੁੱਤਰ ਨੇ ਸਸਕਾਰ ਛੇਤੀ ਨਾ ਕਰਨ ਲਈ ਬੇਨਤੀ ਕਰਦਿਆਂ ਖ਼ੁਦ ਅਪਣੀ ਮਾਂ ਬਾਰੇ ਅਗਿਆਨਤਾ ਪ੍ਰਗਟ ਕੀਤੀ। ਮਾਂ ਦੇ ਚੌਥੇ ਉਤੇ ਉਸ ਨੇ ਸਾਰੇ ਬਿਰਧ ਘਰ ਨੂੰ ਫੁੱਲ-ਮਾਹਰਾਂ ਤੋਂ ਸਜਵਾਇਆ ਅਤੇ ਵੱਡੀ ਰੋਟੀ ਕੀਤੀ ਤੇ ਲੱਖਾਂ ਰੁਪਏ ਖ਼ਰਚ ਕੀਤੇ। ਗੁਰਬਾਣੀ ਦੀ ਸਿਖਿਆ, 'ਜੀਵਤ ਪਿਤਰ ਨ ਪੂਜੇ ਕੋਈ, ਮੂਏ ਸਰਾਧ ਕਰਾਹੀ' ਇਸ ਮਾਮਲੇ ਵਿਚ ਕਿੰਨੀ ਢੁੱਕਵੀਂ ਹੈ।

ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹੋਰ ਵੀ ਹਨ ਜਿੱਥੇ ਗਜ਼ਟਿਡ ਨੌਕਰੀਆਂ ਕਰਦੇ ਧੀਆਂ-ਪੁੱਤਰ ਚਾਰਟਰਡ ਬੱਸਾਂ ਉਤੇ ਚੜ੍ਹ ਕੇ ਤੇ ਪੂਰੀ-ਪੂਰੀ ਬੱਸ ਭਰ ਕੇ ਬਿਰਧ ਘਰ ਦਿਨ ਕੱਟਦੇ ਮਾਪਿਆਂ ਦੇ ਭੋਗਾਂ ਉਤੇ ਪੁੱਜਦੇ ਹਨ ਕਿਉਂਕਿ ਵਡੇਰਿਆਂ ਦਾ ਸਤਿਕਾਰ ਤੇ ਆਸ਼ੀਰਵਾਦ ਹੁਣ ਲੈਣ ਦੀ ਲੋੜ ਨਹੀਂ ਸਮਝੀ ਜਾ ਰਹੀ। ਜਿਊਂਦੀਆਂ ਲਾਸ਼ਾਂ ਬਣ ਕੇ ਵਿਚਰ ਰਹੇ, ਅਪਣੀਆਂ ਸੋਚਾਂ, ਵਲਵਲਿਆਂ ਤੇ ਸਿਆਣਪਾਂ ਨੂੰ ਅੰਦਰੇ ਦਫ਼ਨ ਕਰ ਕੇ ਜੀਅ ਰਹੇ ਅਤੇ ਪਲ-ਪਲ ਮੌਤ ਦੀਆਂ ਘੜੀਆਂ ਗਿਣ ਰਹੇ ਲਾਚਾਰ, ਹਰ ਗਲੀ, ਕੂਚੇ ਤੇ ਨਗਰ ਵਿਚ ਮੌਜੂਦ ਹਨ।

ਪੁਤਰਾਂ ਹੱਥੋਂ ਮਾਪੇ ਕਤਲ ਹੋਣ ਦੇ ਮਾਮਲਿਆਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ ਕਿਉਂਕਿ ਕਿਸਾਨੀ-ਪਿਛੋਕੜ ਵਾਲੇ ਪੁੱਤਰ ਮਾਪਿਆਂ ਦੀ ਮੌਤ ਤਕ ਉਡੀਕ ਨਹੀਂ ਕਰ ਸਕਦੇ ਤੇ ਛੇਤੀ ਜਾਇਦਾਦ ਵੰਡਾਉਣ ਦੀ ਲੋਚਾ ਅਕਸਰ ਹੀ ਉਨ੍ਹਾਂ ਨੂੰ ਕਾਲ-ਕੋਠੜੀਆਂ ਤਕ ਪਹੁੰਚਾਉਣ ਦਾ ਸਬੱਬ ਬਣ ਜਾਂਦੀ ਹੈ।
ਅਸੀ ਧੀਆਂ ਨੂੰ ਸਦਾ ਸਾਊ, ਵਿਚਾਰੀਆਂ, ਮਾਪਿਆਂ ਦੀ ਜਿੰਦ ਜਾਨ ਤੇ ਸੁਹਿਰਦਤਾ ਦਾ ਮੁਜੱਸਮਾ ਮੰਨਦੇ ਆ ਰਹੇ ਹਾਂ ਪਰ ਅਜੋਕੇ ਸਮੇਂ ਵਿਚ ਇਹ ਵੀ ਭਰਾਵਾਂ ਤੋਂ ਪਿੱਛੇ ਨਹੀਂ ਹਨ। ਡਿਪਰੈਸ਼ਨ ਦਾ ਸ਼ਿਕਾਰ ਇਕ ਡੰਗਰ-ਡਾਕਟਰ ਜੋੜਾ ਚਿਰਾਂ ਤੋਂ ਇਕੱਲ ਭੋਗਣ ਕਰ ਕੇ ਘਰ ਅੰਦਰ ਬੰਦ ਸੀ ਕਿਉਂਕਿ ਪੁੱਤਰ ਕੈਨੇਡਾ ਪੜ੍ਹਨ ਚਲਾ ਗਿਆ, ਧੀ ਵਿਆਹੀ ਗਈ ਸੀ।

ਉਨ੍ਹਾਂ ਦੀ ਦੇਖ ਭਾਲ ਕਰਨ ਵਾਲਾ ਕੋਈ ਨਹੀਂ ਸੀ ਰਿਹਾ। ਇਸ ਗੱਲ ਦੀ ਸੂਚਨਾ ਜਦੋਂ ਸਮਾਜਸੇਵੀ ਜਥੇਬੰਦੀਆਂ ਨੂੰ ਮਿਲੀ ਤਾਂ ਅਸੀ ਜ਼ਬਰਦਸਤੀ ਬਜ਼ੁਰਗਾਂ ਦੇ ਘਰ ਅੰਦਰ ਦਾਖਲ ਹੋ ਗਏ ਪਰ ਘਰ ਦਾ ਮੰਜ਼ਰ ਬਿਆਨ ਤੋਂ ਬਾਹਰ ਸੀ। ਛੇ-ਛੇ ਮਹੀਨਿਆਂ ਤੋਂ ਨਾ ਨਹਾਉਣ ਕਰ ਕੇ ਵਾਲਾਂ ਦੀਆਂ ਜਟਾਂ ਬਣ ਚੁਕੀਆਂ ਸਨ, ਚਾਰੇ ਪਾਸੇ ਬਦਬੂ। ਹਰ ਕੋਨੇ ਗੰਦਗੀ। ਜਾਲੇ, ਮੱਕੜੀਆਂ, ਕੂੜਾ, ਕਿਰਲੀਆਂ। ਅਸੀ ਪੱਚੀ ਸੇਵਾਦਾਰਾਂ ਨੇ ਕੋਈ ਪੰਜ ਘੰਟੇ ਲਗਾ ਕੇ ਘਰ ਦੀ ਸਫ਼ਾਈ ਕੀਤੀ।

ਸਾਰੇ ਬਿਸਤਰੇ ਬਾਹਰ ਲਿਜਾ ਕੇ ਸਾੜੇ। ਮਹਾਰਾਜ ਜੀ ਦੇ ਸਰੂਪ ਚੁਕਵਾਏ, ਬਜ਼ੁਰਗਾਂ ਨੂੰ ਨੁਹਾਇਆ, ਕਪੜੇ ਬਦਲੇ। ਪਤਾ ਲੱਗਾ ਕਿ ਇਨ੍ਹਾਂ ਦੀ ਬੇਟੀ ਜੋ ਕੋਟਕਪੂਰੇ ਡਾਕਟਰ ਹੈ, ਆ ਕੇ ਬਾਹਰੋ ਬਾਹਰ ਸੈਂਟਰੋ ਕਾਰ ਲੈ ਗਈ ਸੀ ਪਰ ਘਰ ਦੇ ਅੰਦਰ ਮਾਪਿਆਂ ਦੀ ਸੁੱਖ ਸਾਂਦ ਪੁੱਛਣ ਨਹੀਂ ਆਈ। ਮੇਰੇ ਸ਼ਹਿਰ ਦੀ ਹੀ ਇਕ ਮਾਤਾ ਨੇ ਗੋਡਿਆਂ ਦੇ ਆਪਰੇਸ਼ਨ ਪਿੱਛੋਂ ਸਾਂਭ ਸੰਭਾਲ ਲਈ ਮਦਦ ਮੰਗੀ। ਪੈਸੇ ਦੀ ਉਸ ਕੋਲ ਘਾਟ ਨਹੀਂ ਸੀ ਪ੍ਰੰਤੂ ਪੁੱਤਰ ਨੂੰਹ ਵਲੋਂ ਮੁੱਖ ਮੋੜਨ ਕਰ ਕੇ ਉਸ ਨੂੰ ਇੱਧਰ ਵੇਖਣ ਵਾਲਾ ਕੋਈ ਨਹੀਂ ਸੀ ਜਾਪਦਾ।

ਤੀਜੇ ਦਿਨ ਹੀ ਉਸ ਅਭਾਗਣ ਮਾਂ ਦਾ ਫਿਰ ਸੁਨੇਹਾ ਆ ਗਿਆ ਕਿ ਇੱਧਰ ਰਹਿੰਦੇ ਮੇਰੇ ਪੁੱਤਰ ਨੂੰਹ ਨੇ ਮੈਨੂੰ ਰੱਜ ਕੇ ਡਰਾਇਆ ਤੇ ਧਮਕਾਇਆ ਹੈ ਕਿ 'ਸਾਡੇ ਹੁੰਦਿਆਂ ਤੂੰ ਕਿਸੇ ਨੂੰ ਘਰ ਬੁਲਾ ਕੇ ਵੇਖ।' ਵਿਚਾਰੀ ਮਾਤਾ ਦੂਜੇ ਪੁੱਤਰ ਕੋਲ ਬਾਹਰ ਜਾ ਕੇ ਆਪਰੇਸ਼ਨ ਕਰਵਾ ਕੇ ਪਰਤੀ ਹੈ। ਇਹ ਦਸ਼ਾ ਹੈ ਬਜ਼ੁਰਗਾਂ ਦੀ। ਮਿਹਨਤ ਨਾਲ ਬਣਾਏ ਅਪਣੇ ਘਰ ਵਿਚ ਭਲਾ ਕੌਣ ਨਹੀਂ ਰਹਿਣਾ ਚਾਹੁੰਦਾ? ਵਡੇਰਿਆਂ ਨੂੰ ਸਕੂਨ ਵੀ ਚਾਹੀਦਾ ਹੈ, ਤਵੱਜੋ ਵੀ, ਮਾਣ ਤੇ ਸਤਿਕਾਰ ਵੀ ਤੇ ਰੌਣਕ ਮੇਲਾ ਵੀ ਪ੍ਰੰਤੂ ਆਧੁਨਕ ਤਰਜ਼ੇ-ਜੀਵਨ ਵਿਚ ਬਹੁਤ ਕੁੱਝ ਖ਼ਤਮ ਹੋ ਰਿਹਾ ਹੈ।

ਨਿੱਜਵਾਦ, ਲਾਲਸਾ, ਹੈਂਕੜ, ਵਿਖਾਵਾ, ਕਬਜ਼ੇ ਦੀ ਭਾਵਨਾ ਅਤੇ ਸੱਭ ਕੁੱਝ ਅਪਣੀ ਮੁੱਠੀ ਵਿਚ ਬੰਦ ਕਰ ਲੈਣ ਦੀ ਖ਼ਾਹਿਸ਼ ਕਰ ਕੇ ਬਜ਼ੁਰਗਾਂ ਦਾ ਰੁਤਬਾ ਨਿਸ਼ਚੇ ਹੀ ਘਟਿਆ ਹੈ। ਇੰਜ ਪਹਿਲੇ ਸਰਵੇਖਣਾਂ ਵਿਚ ਸਹੁਰਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਿਚ ਮੋਹਰੀ ਭੂਮਿਕਾ ਨੂੰਹਾਂ ਨਿਭਾਉਂਦੀਆਂ ਰਹੀਆਂ ਹਨ ਪ੍ਰੰਤੂ ਹੁਣ ਉਨ੍ਹਾਂ ਦੇ ਅਪਣੇ ਪੁੱਤਰ ਇਹ ਨਖਿੱਧ ਕੰਮ ਕਰ ਰਹੇ ਹਨ।

ਦਰਅਸਲ, ਪਛਮੀ ਸਭਿਆਚਾਰ ਦੇ ਕਈ ਸਾਕਾਰਤਮਕ ਪੱਖਾਂ ਨੂੰ ਅਣਗੌਲਦਿਆਂ ਅਸੀ ਉਥੋਂ ਦੇ ਨਾਕਾਰਤਮਕ ਪਹਿਲੂਆਂ ਨੂੰ ਜ਼ੋਰ ਸ਼ੋਰ ਨਾਲ ਅਪਣਾ ਰਹੇ ਹਾਂ। 16 ਸਾਲਾਂ ਤੋਂ ਬਾਅਦ (ਸਵੀਟ ਸਿਕਸਟੀਨ ਮਨਾ ਕੇ) ਉੱਧਰ ਜੰਮੇ ਬੱਚੇ ਜਿਥੇ ਮਰਜ਼ੀ ਜਾਣ, ਜਿਸ ਨਾਲ ਮਰਜ਼ੀ ਖੇਹ ਖਾਣ, ਜਿਹੜੇ ਮਰਜ਼ੀ ਗੁੱਲ ਖਿੜਾਉਣ, ਬੱਸ 'ਮਦਰ ਡੇ' ਤੇ 'ਫ਼ਾਦਰ ਡੇ' ਤੇ ਜ਼ਰੂਰ ਆ ਧਮਕਦੇ ਹਨ। ਅਸੀ ਵੀ ਉਹੀ ਚੱਜ ਆਚਾਰ ਅਪਣਾਉਣ ਲਈ ਉਤਾਰੂ ਹਾਂ।

ਉਧਰਲੇ ਨਰਸਿੰਗ ਹੋਮਾਂ ਤੇ ਓਲਡ ਏਜ ਆਸ਼ਰਮਾਂ ਦੀ ਤਰਜ਼ ਉਤੇ ਖੁੱਲ੍ਹ ਰਹੇ ਸਾਡੇ ਬਿਰਧ ਆਸ਼ਰਮ ਬਹੁਤ ਵਾਰ ਕੋਈ ਉੱÎਚ ਪੱਧਰੀ ਤਸਵੀਰ ਵੀ ਨਹੀਂ ਪੇਸ਼ ਕਰਦੇ। ਸਾਡੀ ਨਵੀਂ ਪੀੜ੍ਹੀ ਦੀ ਆਜ਼ਾਦੀ ਦੀ ਲਾਲਸਾ ਨੇ ਉਨ੍ਹਾਂ ਨੂੰ ਲਾਪ੍ਰਵਾਹ, ਨਸ਼ੇੜੀ, ਗ਼ੈਰ ਜ਼ਿੰਮੇਵਾਰ, ਆਪ ਹੁਦਰੇ ਤੇ ਮਾਪਿਆਂ ਤੋਂ ਗਾਫ਼ਲ ਕਰ ਦਿਤਾ ਹੈ। ਭਵਿੱਖ ਕੋਈ ਚੰਗਾ ਨਜ਼ਰ ਨਹੀਂ ਆ ਰਿਹਾ।

ਆਉ! ਸੰਭਲੀਏ ਤੇ ਅਪਣੀ ਔਲਾਦ ਨੂੰ ਪਹਿਲਾਂ ਤੋਂ ਹੀ ਅਪਣੀਆਂ ਗੌਰਵਮਈ ਤੇ ਫ਼ਖਰਯੋਗ ਕਦਰਾਂ ਕੀਮਤਾਂ ਨਾਲ ਜੋੜਨ ਦਾ ਉਪਰਾਲਾ ਕਰੀਏ ਤਾਂ ਜੋ ਵੱਡੇ ਹੋ ਕੇ ਸਾਡੇ ਸਾਹ ਨਾਲ ਸਾਹ ਲੈਣ ਵਾਲੇ ਬਣ ਸਕਣ। ਸਾਡੇ ਵਲੋਂ ਅੱਖਾਂ ਨਾ ਮੋੜਨ। 
ਸੰਪਰਕ : 98156-20515