ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਗਿਆ ਪਰ ਮੈਂ ਵੀ ਛੋਟਾ ਕਿਸਾਨ ਹਾਂ, ਮੇਰਾ ਕਰਜ਼ਾ ਕਿਉਂ ਨਹੀਂ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਗਿਆ ਪਰ ਮੈਂ ਵੀ ਛੋਟਾ ਕਿਸਾਨ ਹਾਂ, ਮੇਰਾ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਗਿਆ?

Punjab farmers

ਅਖ਼ਬਾਰਾਂ ਵਿਚ ਸਰਕਾਰੀ ਬਿਆਨ ਆਉਂਦੇ ਰਹਿੰਦੇ ਹਨ ਕਿ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਚੁੱਕਾ ਹੈ, ਉਨ੍ਹਾਂ ਨੂੰ ਕਰਜ਼ਾ ਮੋੜਨ ਦੀ ਲੋੜ ਨਹੀਂ। ਸੱਚਾਈ ਦਾ ਪਤਾ ਤਾਂ ਉਨ੍ਹਾਂ ਨੂੰ ਹੋਵੇਗਾ ਜਿਨ੍ਹਾਂ ਲੋਕਾਂ ਦਾ ਕਰਜ਼ਾ ਮਾਫ਼ ਹੋਇਆ ਹੈ। ਪਰ ਮੇਰਾ ਕਰਜ਼ਾ ਅਜੇ ਤਕ ਮਾਫ਼ ਨਹੀਂ ਹੋਇਆ। ਮੈਂ ਕੁੱਝ ਸਾਲ ਪਹਿਲਾਂ ਮੌੜ ਮੰਡੀ ਦੇ ਪੰਜਾਬ ਐਂਡ ਸਿੰਧ ਬੈਂਕ ਤੋਂ ਦੋ ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜੋ ਕਿ ਮੈਂ ਕੁੱਝ ਸਮਾਂ ਤਾਂ ਔਖਾ-ਸੌਖਾ ਭਰਦਾ ਰਿਹਾ ਤੇ ਵਿਆਜ ਕਟਾ ਕੇ ਦੁਬਾਰਾ ਦੋ ਲੱਖ ਰੁਪਏ ਵਾਪਸ ਲੈ ਲੈਂਦਾ ਸੀ।

ਜਿਸ ਕੰਮ ਉਤੇ ਇਹ ਪੈਸਾ ਲਗਾਇਆ ਸੀ, ਉਹ ਕੰਮ ਮੇਰਾ ਫ਼ੇਲ੍ਹ ਹੋ ਗਿਆ। ਇਸ ਤਰ੍ਹਾਂ ਮੈਂ ਬੜੀ ਮੁਸ਼ਕਲ ਨਾਲ ਸਮਾਂ ਲੰਘਾ ਰਿਹਾ ਹਾਂ। ਪਰ ਜਦੋਂ ਸਰਕਾਰ ਨੇ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਕੀਤੀ ਤਾਂ ਕੁੱਝ ਸੁੱਖ ਦਾ ਸਾਹ ਆਉਣ ਦੀ ਉਮੀਦ ਬੱਝੀ। ਪਰ ਮੇਰੇ ਲਈ ਤਾਂ ਦਿੱਲੀ ਫਿਰ ਵੀ ਦੂਰ ਹੀ ਰਹੀ। ਕਿਸ ਦਾ ਕਰਜ਼ਾ ਮਾਫ਼ ਹੋਇਆ, ਕਿੰਨਾ ਹੋਇਆ, ਕਿਵੇਂ ਹੋਇਆ, ਇਸ ਬਾਰੇ ਤਾਂ ਮੈਨੂੰ ਪਤਾ ਨਹੀਂ ਪਰ ਮੇਰਾ ਕਰਜ਼ਾ ਅਜੇ ਤਕ ਮਾਫ਼ ਨਹੀਂ ਹੋਇਆ। ਮੈਨੂੰ ਬੈਂਕ ਵਾਲਿਆਂ ਦੇ ਫ਼ੋਨ ਵਾਰ-ਵਾਰ ਆ ਰਹੇ ਹਨ ਕਿ ਲਿਮਟ ਭਰੋ। 

ਜੇਕਰ ਸਰਕਾਰ ਨੇ ਮੇਰਾ ਕਰਜ਼ਾ ਨਾ ਵੀ ਮਾਫ਼ ਕੀਤਾ ਤਾਂ ਮੈਂ ਹੋਰ ਕਿਸਾਨਾਂ ਵਾਂਗ ਖ਼ੁਦਕੁਸ਼ੀ ਨਹੀਂ ਕਰਾਂਗਾ ਕਿਉਂਕਿ ਖ਼ੁਦਕੁਸ਼ੀ ਕਰਨਾ ਵੀ ਇਕ ਪਾਪ ਤੇ ਗ਼ੈਰ ਕਾਨੂੰਨੀ ਕੰਮ ਹੈ। ਗੁਰਬਾਣੀ ਅਨੁਸਾਰ ਨਾ ਤਾਂ ਇਹ ਸ੍ਰੀਰ ਮੇਰਾ ਹੈ ਤੇ ਨਾ ਇਸ ਵਿਚਲੀ ਜਿੰਦ ਜਾਨ ਮੇਰੀ ਹੈ। ਸੋ ਮੈਂ ਖ਼ੁਦਕੁਸ਼ੀ ਭਾਵੇਂ ਨਹੀਂ ਕਰਾਂਗਾ ਪਰ ਜੇ ਮੇਰੇ ਘਰ ਤੇ ਜ਼ਮੀਨ ਦੀ ਕੁਰਕੀ ਹੋਈ ਤਾਂ ਇਹ ਸਰਕਾਰ ਦੇ ਨਾਂ ਉਤੇ ਧੱਬਾ ਜ਼ਰੂਰ ਲੱਗੇਗਾ। ਜੇਕਰ ਮੇਰਾ ਕਰਜ਼ਾ ਮਾਫ਼ ਕਰਨ ਨਾਲ ਸਰਕਾਰ ਉਤੇ ਬੋਝ ਪੈਂਦਾ ਹੈ ਤੇ ਸਰਕਾਰ ਦਾ ਖ਼ਜ਼ਾਨਾ ਖ਼ਾਲੀ ਹੁੰਦਾ ਹੈ ਤਾਂ ਬੇਸ਼ੱਕ ਮੇਰਾ ਕਰਜ਼ਾ ਮਾਫ਼ ਨਾ ਕਰੋ ਪਰ ਕ੍ਰਿਪਾ ਕਰ ਕੇ ਏਨਾ ਰਹਿਮ ਜ਼ਰੂਰ ਕਰ ਦਿਉ ਕਿ ਬਿਨਾਂ ਵਿਆਜ ਤੋਂ ਦੋ ਲੱਖ ਰੁਪਏ ਦੀਆਂ ਆਸਾਨ ਕਿਸਤਾਂ ਕਰਵਾ ਦਿਉ ਤਾਕਿ ਮੈਂ ਹੌਲੀ-ਹੌਲੀ ਇਹ ਕਰਜ਼ਾ ਮੋੜ ਸਕਾਂ।

ਉਪਰੋਕਤ ਸਾਰੀ ਚਿੱਠੀ ਮੈਂ ਮਿਤੀ 11-02-2019 ਨੂੰ ਮੁੱਖ ਮੰਤਰੀ ਸਾਹਬ ਦੇ ਨਾਂ ਤੇ ਡਾਕ ਰਾਹੀਂ ਰਜਿਸ਼ਟਰੀ ਕਰਵਾ ਕੇ ਭੇਜੀ ਸੀ ਤੇ ਨਾਲ ਹੀ ਈਮੇਲ ਵੀ ਕਰਵਾਈ ਸੀ। ਉਸ ਤੋਂ ਕੁੱਝ ਦਿਨਾਂ ਬਾਅਦ ਮੈਨੂੰ ਇਕ ਫ਼ੋਨ ਆਇਆ ਜਿਸ ਵਿਚ ਸ. ਅਮਰਿੰਦਰ ਸਿੰਘ ਮੁੱਖ ਮੰਤਰੀ ਸਾਹਬ ਦੀ ਆਵਾਜ਼ ਸੀ ਤੇ ਕਹਿ ਰਹੇ ਸਨ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਬੋਲ ਰਿਹਾ ਹਾਂ, ਤੁਹਾਡਾ ਕਰਜ਼ਾ ਮਾਫ਼ ਹੋ ਚੁਕਾ ਹੈ। ਤੁਹਾਨੂੰ ਕਰਜ਼ਾ ਮੋੜਨ ਦੀ ਲੋੜ ਨਹੀਂ। ਉਸ ਤੋਂ ਬਾਅਦ ਤਿੰਨ ਕੁ ਮਹੀਨੇ ਤਕ ਬੈਂਕ ਤੋਂ ਮੈਨੂੰ ਕੋਈ ਫ਼ੋਨ ਨਾ ਆਇਆ। ਮੈਂ ਸਮਝਿਆ ਕਿ ਸੱਚਮੁੱਚ ਹੀ ਮੇਰਾ ਕਰਜ਼ਾ ਮਾਫ਼ ਹੋ ਚੁਕਾ ਹੈ। ਪਰ ਹੁਣ ਫਿਰ ਬੈਂਕ ਤੋਂ ਵਾਰ-ਵਾਰ ਫ਼ੋਨ ਆ ਰਹੇ ਹਨ ਕਿ ਲਿਮਟ ਭਰੋ ਨਹੀਂ ਤਾਂ ਤੁਹਾਡਾ ਵਿਆਜ ਬਹੁਤ ਵੱਧ ਜਾਵੇਗਾ।

ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕੀ ਹੋ ਰਿਹਾ ਹੈ? ਮੈਂ ਫਿਰ ਫ਼ਿਕਰ ਵਿਚ ਪੈ ਗਿਆ ਹਾਂ ਕਿ ਜੇ ਹੋਰ ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਗਿਐ ਤਾਂ ਫਿਰ ਮੇਰਾ ਕਰਜ਼ਾ ਮਾਫ਼ ਕਿਉਂ ਨਹੀਂ ਹੋਇਆ? ਮੈਂ ਇਕ ਵਾਰ ਫਿਰ ਦੁਬਾਰਾ ਮੁੱਖ ਮੰਤਰੀ ਸਾਹਬ ਨੂੰ ਬੇਨਤੀ ਕਰਦਾ ਹਾਂ ਕਿ ਕ੍ਰਿਪਾ ਕਰ ਕੇ ਮੇਰੀ ਇਸ ਚਿੱਠੀ ਵਲ ਧਿਆਨ ਜ਼ਰੂਰ ਦਿਉ ਜੀ। ਜੇਕਰ ਤੁਸੀ ਚਾਹੋ ਤਾਂ ਮੇਰੀ ਜਾਇਦਾਦ ਦੀ ਪੜਤਾਲ ਕਰਵਾ ਸਕਦੇ ਹੋ। ਜੇਕਰ ਮੈਂ ਕੁੱਝ ਵੀ ਝੂਠ ਲਿਖਿਆ ਹੋਇਆ ਤਾਂ ਮੈਨੂੰ ਜੋ ਮਰਜ਼ੀ ਸਜ਼ਾ ਦੇ ਦੇਣਾ, ਮੈਂ ਸਿਰ ਮੱਥੇ ਮੰਨਾਂਗਾ। ਪੜਤਾਲ ਕਰਨ ਤੇ ਜੇ ਮੈਂ ਕਰਜ਼ਾ ਮੋੜਨ ਦੇ ਸਮਰੱਥ ਪਾਇਆ ਗਿਆ ਤਾਂ ਮੇਰਾ ਇਕ ਰੁਪਈਆ ਵੀ ਮਾਫ਼ ਨਾ ਕੀਤਾ ਜਾਵੇ ਜਾਂ ਤੁਸੀ ਮੇਰੇ ਪੁੱਤਰ ਨੂੰ ਸਰਕਾਰੀ ਨੌਕਰੀ ਹੀ ਦੇ ਦਿਉ ਅਤੇ ਤਨਖ਼ਾਹ ਵਿਚੋਂ ਮੇਰੇ ਦੋ ਲੱਖ ਰੁਪਏ ਕੱਟ ਲੈਣਾ। ਨਾਲੇ ਤੁਹਾਡਾ ਨੌਕਰੀ ਦੇਣ ਵਾਲਾ ਵਾਅਦਾ ਵੀ ਪੂਰਾ ਹੋ ਜਾਵੇਗਾ। 
- ਬਲਵਿੰਦਰ ਸਿੰਘ ਖ਼ਾਲਸਾ, ਪਿੰਡ ਚਨਾਰਥਲ, ਜ਼ਿਲ੍ਹਾ ਬਠਿੰਡਾ, ਸੰਪਰਕ : 97802-64599, ਖ਼ਾਤਾ ਨੰਬਰ : 1399-1000-000520