ਹਾੜਾ ਉਏ ਪੰਜਾਬ ਵਿਚ ਨਸ਼ਿਆਂ ਨਾਲ ਬਲ ਰਹੇ ਸਿਵਿਆਂ ਨੂੰ ਰੋਕ ਲਉ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਜਾਬ ਹੁਣ ਪੰਜ ਦਰਿਆਵਾਂ ਦੀ ਧਰਤੀ ਨਹੀਂ ਰਿਹਾ, ਹੁਣ ਇਸ ਵਿਚ ਛੇਵਾਂ ਦਰਿਆ ਨਸ਼ਿਆਂ ਦਾ ਵੱਗ ਪਿਆ ਹੈ...................

Drugs

ਪੰਜਾਬ ਹੁਣ ਪੰਜ ਦਰਿਆਵਾਂ ਦੀ ਧਰਤੀ ਨਹੀਂ ਰਿਹਾ, ਹੁਣ ਇਸ ਵਿਚ ਛੇਵਾਂ ਦਰਿਆ ਨਸ਼ਿਆਂ ਦਾ ਵੱਗ ਪਿਆ ਹੈ। ਇਹ ਵੀ ਕੋਈ ਅਪਣੇ ਆਪ ਨਹੀਂ ਵਗਿਆ ਅਤੇ ਨਾ ਹੀ ਇਸ ਨੂੰ ਕੋਈ ਬਾਹਰਲੀ ਬਾਦਸ਼ਾਹੀ ਨੇ ਵਗਾਇਆ। ਇਹ ਲੀਡਰ ਲੋਕ ਖ਼ੁਦ ਦੁੱਧ ਧੋਤੇ ਬਣਨ ਲਈ ਬਾਹਰਲੀ ਬਾਦਸ਼ਾਹੀ ਉਤੇ ਦੋਸ਼ ਮੜ੍ਹ ਦਿੰਦੇ ਹਨ। ਇਹ ਦਰਿਆ ਰਾਜਨੀਤਕ ਲੋਕਾਂ ਨੇ ਅਪਣੀ ਦੇਖ-ਰੇਖ ਹੇਠ ਲਾਲਚਵਸ ਚਲਾਇਆ ਹੈ। ਸਹੀ ਮਾਇਨਿਆਂ ਵਿਚ ਵੇਖਿਆ ਜਾਵੇ ਤਾਂ ਸ਼ਰਾਬ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ। ਪਰ ਸਰਕਾਰ ਨੇ ਪਿੰਡਾਂ ਤੇ ਸ਼ਹਿਰਾਂ ਵਿਚ ਥਾਂ-ਥਾਂ ਤੇ ਠੇਕੇ ਖੋਲ੍ਹੇ ਹੋਏ ਹਨ। ਸਰਕਾਰ ਨੂੰ ਆਬਕਾਰੀ ਵਿਭਾਗ ਤੋਂ ਅਮਦਨ ਵੀ ਕਾਫ਼ੀ ਹੈ

ਜਿਸ ਕਰ ਕੇ ਸ਼ਰਾਬ ਸਰਕਾਰ ਦੀ ਦੇਖ ਰੇਖ ਹੇਠ ਧੜੱਲੇ ਨਾਲ ਵਿਕ ਰਹੀ ਹੈ। ਪੰਜਾਬ ਵਿਚ ਬੀਤੇ ਸਮੇਂ ਉਸ ਸਮੇਂ ਦੀ ਸਰਕਾਰ ਨੇ ਸਿਖਿਆ ਵਿਭਾਗ ਵਿਚ ਸੁਧਾਰ ਲਿਆਉਣ ਲਈ ਇਕ ਰੁਪਿਆ ਟੈਕਸ ਸ਼ਰਾਬ ਦੀ ਬੋਤਲ ਉਤੇ ਲਗਾਇਆ ਸੀ। ਇਸੇ ਉਤੇ ਇਕ ਗੱਲ ਢੁਕਦੀ ਹੈ ਕਿ ਇਕ ਵਿਅਕਤੀ ਜ਼ਿਆਦਾ ਸ਼ਰਾਬ ਪੀਂਦਾ ਸੀ। ਉਸ ਦੇ ਬਾਰ੍ਹਵੀਂ ਕਰਦੇ ਜਵਾਨ ਪੁੱਤਰ ਨੇ ਉਸ ਨੂੰ ਸਮਝਾਇਆ ਕਿ ਪਾਪਾ ਜੀ ਤੁਸੀਂ ਸ਼ਰਾਬ ਛੱਡ ਕਿਉਂ ਨਹੀਂ ਦਿੰਦੇ, ਤਾਂ ਉਸ ਨੇ ਅਪਣੇ ਪੁੱਤਰ ਨੂੰ ਬੜਾ ਹੈਰਾਨੀ ਵਾਲਾ ਜਵਾਬ ਦਿਤਾ ਅਤੇ ਕਹਿੰਦਾ, ''ਇਹ ਵੀ ਪੁਤਰਾ ਮੈਂ ਤੇਰੇ ਕਰ ਕੇ ਹੀ ਪੀਂਦਾ ਹਾਂ।

'' ਜਦੋਂ ਬੱਚੇ ਨੂੰ ਅਪਣੇ ਪਿਤਾ ਦੇ ਗੋਲ ਮੋਲ ਜਵਾਬ ਦੀ ਸਮਝ ਨਾ ਆਈ ਤਾਂ ਉਸ ਨੇ ਦੁਬਾਰਾ ਪੁਛਿਆ ਤਾਂ ਪਿਤਾ ਨੇ ਹੱਸ ਕੇ ਜਵਾਬ ਦਿਤਾ “ਕਮਲਿਆ ਜੇ ਮੈਂ ਵੱਧ ਤੋਂ ਵੱਧ ਸ਼ਰਾਬ ਪੀਵਾਂਗਾ ਤਾਂ ਹੀ ਸਰਕਾਰ ਸ਼ਰਾਬ ਉਤੇ ਲਗਾਏ ਟੈਕਸ ਨਾਲ ਤੇਰੀ ਸਿਖਿਆ ਵਿਚ ਸੁਧਾਰ ਲਿਆਵੇਗੀ।''  ਪੰਜਾਬ ਵਿਚ ਇਕ ਕਿਲੋ ਦੁੱਧ ਲੈਣ ਲਈ ਸਾਰਾ ਪਿੰਡ ਘੁੰਮਣਾ ਤਾਂ ਪੈ ਜਾਂਦਾ ਹੈ ਪਰ ਸ਼ਰਾਬ ਦੀ ਬੋਤਲ ਪਿੰਡ ਦੇ ਹਰ ਮੋੜ ਉਤੇ ਮਿਲ ਜਾਵੇਗੀ। ਪੰਜਾਬ ਵਿਚ ਬੀੜੀ, ਸਿਗਰਟ, ਤਮਾਕੂ ਕਰਿਆਨੇ ਵਾਲੀਆਂ ਦੁਕਾਨਾਂ ਤੋਂ ਆਮ ਹੀ ਮਿਲ ਜਾਂਦਾ ਹੈ, ਸਰਕਾਰ ਤਾਂ ਉਨ੍ਹਾਂ ਦੀ ਰੋਕਥਾਮ ਨਹੀਂ ਕਰ ਰਹੀ।

ਸਰਕਾਰ ਦੀ ਨੀਤੀ ਕਮਲੇ ਨੂੰ ਮਾਰੋ ਕਮਲੇ ਦੀ ਮਾਂ ਨਾ ਮਾਰੋ ਵਾਲੀ ਹੋ ਗਈ ਹੈ। ਪੰਜਾਬ ਵਿਚ ਨਸ਼ਾ ਫੈਲਣ ਦਾ ਕਾਰਨ  ਬੇਰੁਜ਼ਗਾਰੀ ਵੀ ਹੈ। ਕਹਿੰਦੇ ਹਨ ਕਿ ਵਿਹਲਾ ਆਦਮੀ ਸ਼ੈਤਾਨ ਦੀ ਟੂਟੀ ਹੁੰਦਾ ਹੈ। ਵਿਹਲੇ ਫਿਰਦੇ ਬੱਚੇ ਨੂੰ ਸਮੱਗਲਰ ਨਸ਼ਿਆਂ ਉਤੇ ਪਾ ਲੈਂਦੇ ਹਨ, ਫਿਰ ਉਸ ਨੂੰ ਥੋੜਾ ਬਹੁਤਾ ਨਸ਼ਾ ਮੁਫ਼ਤ ਦੇ ਕੇ ਨਸ਼ਿਆਂ ਦੀ ਸਪਲਾਈ ਕਰਾਉਣ ਲੱਗ ਜਾਂਦੇ ਹਨ। ਫਿਰ ਇਹ ਬੱਚਾ ਨਸ਼ਿਆਂ ਦੇ ਦਰਿਆ ਵਿਚੋਂ ਨਿਕਲ ਨਹੀਂ ਸਕਦਾ, ਜੇ ਉਹ ਸਮਗਲਰਾਂ ਨਾਲੋਂ ਸਬੰਧ ਤੋੜਦਾ ਤਾਂ ਨਸ਼ਾ ਮਹਿੰਗਾ ਹੋਣ ਕਰ ਕੇ ਅਪਣੇ ਨਸ਼ੇ ਦੀ ਪੂਰਤੀ ਲਈ ਲੁੱਟਾਂ ਖੋਹਾਂ ਕਰਦਾ ਹੈ।

ਆਪੇ ਰੋਗ ਲਾਉਣੇ ਆਪੇ ਦੇਣੀਆਂ ਦਵਾਵਾਂ,
ਜਾ ਉਏ ਅਸੀ ਵੇਖ ਲਈਆਂ ਤੇਰੀਆਂ ਵਫ਼ਾਵਾਂ।

ਪਿਛਲੀ ਸਰਕਾਰ ਨੇ ਤਾਂ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਵੀ ਵਿਧਾਇਕ ਬਣਾਇਆ ਸੀ। ਹੁਣ ਤੁਸੀਂ ਆਪ ਹੀ ਸੋਚੋ ਕੀ ਉਹ ਤੁਹਾਡੇ ਵਿਕਾਸ ਲਈ ਅਪਣਾ ਕਾਰੋਬਾਰ ਕਿਵੇਂ ਬੰਦ ਕਰ ਦੇਵੇਗਾ? ਕਦੇ ਵੀ ਨਹੀਂ ਉਹ ਤਾਂ ਸਗੋਂ ਹਿੱਕ ਦੇ ਜ਼ੋਰ ਨਾਲ ਸੱਭ ਕੁੱਝ ਬੜੇ ਧੜੱਲੇ ਨਾਲ ਵੇਚੇਗਾ।

ਪਰ ਜਿਥੇ ਵੀ ਲੀਡਰ ਚਾਰ ਬੰਦਿਆਂ ਵਿਚ ਜਾਂਦੇ ਹਨ, ਉੱਥੇ ਇਨ੍ਹਾਂ ਨੇ ਇਹ ਜ਼ਰੂਰ ਕਹਿਣਾ ਹੁੰਦਾ ਹੈ ਕਿ ''ਪੰਜਾਬ ਵਿਚ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ।'' ਇਹਨਾਂ ਭਲੇਮਾਣਸਾਂ ਨੂੰ ਦੱਸਣ ਵਾਲਾ ਹੋਵੇ ਕਿ ਛੇਵਾਂ ਦਰਿਆ ਵੀ ਤੁਹਾਡੀ ਕ੍ਰਿਪਾ ਨਾਲ ਹੀ ਵਗਦਾ ਹੈ। ਇਹ ਲੀਡਰ ਤੇ ਇਨ੍ਹਾਂ ਦੇ ਪਿੰਡਾਂ ਵਿਚਲੇ ਘੜੰਮ ਚੌਧਰੀ ਅਪਣੀਆਂ ਵੋਟਾਂ ਘਟਣ ਦੇ ਡਰੋਂ ਜਾਂ ਲਾਲਚ ਵਿਚ ਆ ਕੇ ਨਸ਼ਾ ਵੇਚਣ ਵਾਲਿਆਂ ਨੂੰ ਛਡਾਉਂਦੇ ਹਨ। ਪੁਲਿਸ ਸਮੱਗਲਰ ਨੂੰ ਲੈ ਕੇ ਅਜੇ ਥਾਣੇ ਵਿਚ ਨਹੀਂ ਪਹੁੰਚੀ ਹੁੰਦੀ ਕਿ ਮਗਰ ਹੀ ਇਨ੍ਹਾਂ ਲੀਡਰਾਂ ਦੇ ਥਾਣੇਦਾਰ ਨੂੰ ਫ਼ੋਨ ਆਉਣ ਲੱਗ ਜਾਂਦੇ ਹਨ ਕਿ “ਥਾਣੇਦਾਰ ਸਾਹਬ ਇਹ ਕਾਕਾ ਜੀ ਤਾਂ ਅਪਣੇ ਬੰਦੇ ਨੇ।

'' ਕਾਕਾ ਘੰਟੇ ਦੋ ਘੰਟੇ ਬਾਅਦ ਪਿੰਡ ਆ ਜਾਂਦਾ ਹੈ। ਫਿਰ ਉਹੀ ਤਕੜੀ ਤੇ ਉਹੀ ਮਾਲ। ਇਸ ਕਰ ਕੇ ਪੁਲਿਸ ਕਿਸੇ ਦੇ ਦਬਾਅ ਹੇਠ ਨਾ ਹੋਵੇ, ਇਸ ਨੂੰ ਦਬਾਅ ਮੁਕਤ ਕੀਤਾ ਜਾਵੇ। ਹਾਂ ਜੇਕਰ ਕੋਈ ਪੁਲਿਸ ਅਧਿਕਾਰੀ ਲਾਲਚਵਸ ਹੋ ਕੇ ਸਮੱਗਲਰ ਨੂੰ ਛਡਦਾ ਹੈ ਤਾਂ ਉਸ ਉਤੇ ਵੀ ਸਖ਼ਤੀ ਕੀਤੀ ਜਾਵੇ।  ਹੁਣ ਪੰਜਾਬ ਵਿਚ ਪਿਛਲੇ ਦਿਨਾਂ ਵਿਚ ਚਿੱਟੇ ਨਾਲ ਜਾਂ ਟੀਕਿਆਂ ਨਾਲ ਲਗਭਗ 27-28 ਮੌਤਾਂ ਹੋ ਗਈਆਂ ਹਨ। ਬਾਦਲ ਸਰਕਾਰ ਨਾਲੋਂ ਕੈਪਟਨ ਸਰਕਾਰ ਨਸ਼ਿਆਂ ਵਿਰੁਧ ਅਪਣੀ ਭੂਮਿਕਾ ਵੱਧ ਨਿਭਾ ਰਹੀ ਹੈ। ਉਸ ਨੇ ਤਰੁੰਤ ਅਪਣੇ ਵਿਧਾਇਕਾਂ ਨਾਲ ਮੀਟਿੰਗ ਕਰ ਕੇ ਸਮੱਗਲਰਾਂ ਉਤੇ ਨਕੇਲ ਕਸੀ ਹੈ।

ਉਸ ਨੇ ਨਸ਼ਾ ਤੇ ਹੋਰ ਸਬੂਤ ਮਿਲਣ ਤੇ ਸਮੱਗਲਰ ਨੂੰ ਸਖ਼ਤ ਸਜ਼ਾ ਜਾਂ ਫਾਸੀ ਲਾਉਣ ਦੀ ਕੇਂਦਰ ਸਰਕਾਰ ਕੋਲ ਸਿਫ਼ਾਰਿਸ਼ ਭੇਜਣ ਤੇ ਕਾਨੂੰਨ ਬਣਾਉਣ ਲਈ ਵੀ ਕਿਹਾ। ਜੇਕਰ ਕੋਈ ਸਰਕਾਰ ਕਾਨੂੰਨ ਬਣਾਉਂਦੀ ਹੈ, ਉਸ ਨੂੰ ਅਮਲੀ ਰੂਪ ਵਿਚ ਲਾਗੂ ਵੀ ਕੀਤਾ ਜਾਣਾ ਲਾਜ਼ਮੀ ਹੋਵੇ। ਕੈਪਟਨ ਅਮਰਿੰਦਰ ਸਿੰਘ ਉਤੇ ਲੋਕਾਂ ਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਉਹ ਜੋ ਕਹਿੰਦੇ ਹਨ, ਉਸ ਨੂੰ ਕਰ ਕੇ ਜ਼ਰੂਰ ਵਿਖਾਉਂਦੇ ਹਨ। ਕਾਨੂੰਨ ਤਾਂ ਇਹ ਵੀ ਹੋਣਾ ਚਾਹੀਦਾ ਹੈ ਕਿ ਪੰਚਾਇਤ ਮੈਂਬਰ ਤੋਂ ਲੈ ਕੇ ਪ੍ਰਧਾਨ ਮੰਤਰੀ ਤਕ ਡੋਪ ਟੈਸਟ ਜ਼ਰੂਰੀ ਕੀਤਾ ਜਾਵੇ। ਇਸ ਨਾਲ ਰਾਜਨੀਤੀ ਵਿਚ ਆਉਣ ਵਾਲੇ ਲੋਕਾਂ ਵਿਚ ਸੁਧਾਰ ਆ  ਜਾਵੇਗਾ।

ਪ੍ਰਸ਼ਾਸਨ ਵਿਚ ਵੀ ਹਰ ਛੇ ਮਹੀਨਿਆਂ ਬਾਅਦ ਡੋਪ ਟੈਸਟ ਜ਼ਰੂਰੀ ਕੀਤਾ ਜਾਣਾ ਚਾਹੀਦਾ ਹੈ ਤਾਕਿ ਸਰਕਾਰੀ ਨੌਕਰੀ ਤੇ ਲੱਗਣ ਲਈ ਜਾਂ ਨੌਕਰੀ ਉਤੇ ਲੱਗੇ ਲੋਕ ਜਿਹੜੇ ਨਸ਼ੇ ਕਰਦੇ ਹਨ, ਨੌਕਰੀ ਛੁੱਟਣ ਦੇ ਡਰੋਂ ਨਸ਼ਿਆਂ ਤੋਂ ਪ੍ਰਹੇਜ਼ ਕਰਨ ਲੱਗ ਪੈਣ। ਜੇਕਰ ਸਰਕਾਰ ਵੀ ਪੰਜਾਬ ਨੂੰ ਸੱਚੇ ਦਿਲੋਂ ਨਸ਼ਾ ਮੁਕਤ ਕਰਨਾ ਚਾਹੁੰਦੀ ਹੈ ਤਾਂ ਹਰ ਸਰਕਾਰੀ ਹਸਪਤਾਲ ਵਿਚੋਂ ਨਸ਼ਾ ਛੱਡਣ ਵਾਲੀ ਦਵਾਈ ਮੁਫ਼ਤ ਮਿਲਣੀ ਚਾਹੀਦੀ ਹੈ। ਜੇਕਰ ਕੋਈ ਗ਼ਰੀਬ ਆਦਮੀ ਨਸ਼ਾ ਛਡਣਾ ਚਾਹੁੰਦਾ ਹੋਵੇ ਤਾਂ ਬਿਨਾਂ ਤਕਲੀਫ਼ ਤੋਂ ਬੜੀ ਅਸਾਨੀ ਨਾਲ ਛੱਡ ਸਕੇ। 

ਸੋ ਅਖ਼ੀਰ ਵਿਚ ਸਰਕਾਰਾਂ ਤੇ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਅੱਗੇ ਮੇਰੀ ਬੇਨਤੀ ਹੈ ਕਿ ਸ਼ਰਾਬ ਦੀ ਬੋਤਲ ਉਤੇ ਲਿਖ ਦੇਣਾ ''ਸਿਹਤ ਲਈ ਹਾਨੀਕਾਰਕ ਹੈ'' ਅਤੇ ਤਮਾਕੂ ਦੀ ਪੁੜੀ ਉਤੇ ਲਿਖ ਦੇਣਾ ਕਿ ''ਤਮਾਕੂ ਸੇ ਕੈਂਸਰ ਹੋਤਾ ਹੈ” ਇਸ ਨਾਲ ਤੁਸੀਂ ਅਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਜੇਕਰ ਤੁਸੀ ਜ਼ਿੰਮੇਵਾਰੀ ਤੋਂ ਭਜਣਾ ਹੈ ਤਾਂ ਲੋਕਾਂ ਵਿਚ ਜਾ ਕੇ ਇਹ ਕਹਿਣਾ ਬੰਦ ਕਰ ਦਿਉ ਕਿ ਪੰਜਾਬ ਵਿਚ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਹੈ। ਇਸ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਲੋਕਾਂ ਦੇ ਸਹਿਯੋਗ ਤੇ ਕਾਨੂੰਨ ਦੀਆਂ ਕਹੀਆਂ ਨਾਲ ਬੰਨ੍ਹ ਲਾਇਆ ਜਾ ਸਕਦਾ ਹੈ।

ਅੱਜ ਲੋਕਾਂ ਦੇ ਪੁਤਰਾਂ ਦੇ ਬਲ ਰਹੇ ਸਿਵਿਆਂ ਦਾ ਸੇਕ ਕੱਲ ਨੂੰ ਤਹਾਡੇ ਬੂਹੇ ਦੀ ਦਹਿਲੀਜ਼ ਉਤੇ ਆ ਕੇ ਤੁਹਾਡੇ ਬੱਚੇ ਦੀ ਅਰਥੀ ਦੀ ਉਡੀਕ ਕਰੇਗਾ। ਹੁਣ ਫ਼ੈਸਲਾ ਤੁਸੀਂ ਕਰਨਾ ਹੈ ਕਿ ਇਸ ਨਸ਼ਿਆਂ ਦੇ ਦਰਿਆ ਨੂੰ ਰੋਕ ਕੇ ਅਪਣਾ ਨਾਂ ਸੁਨਿਹਰੀ ਅੱਖਰਾਂ ਵਿਚ ਲਿਖਵਾਉਣਾ ਹੈ ਜਾਂ ਨੌਜੁਆਨਾਂ ਦੀਆਂ ਲਾਸ਼ਾਂ ਨਾਲ ਸਿਵੇ ਬਾਲ ਕੇ ਗ਼ਦਾਰਾਂ ਦੀ ਸੂਚੀ ਵਿਚ ਪਵਾਉਣਾ।
ਸੰਪਰਕ  : 98553-63234