ਸਿੱਖ ਸੰਘਰਸ਼ ਵੇਲੇ ਦਾ ਸੱਭ ਤੋਂ ਮਹੱਤਵਪੂਰਨ ਕਿਲ੍ਹਾ ਰਾਮ ਰੌਣੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਿੱਖ ਇਤਿਹਾਸ ਦਾ ਪਹਿਲਾ ਵੱਡਾ ਖ਼ੂਨੀ ਕਾਂਡ ਛੋਟਾ ਘੱਲੂਘਾਰਾ, ਮਾਰਚ 1746 ਤੋਂ ਲੈ ਕੇ ਜੂਨ 1746 ਤਕ ਚਲਿਆ ਸੀ ਤੇ ਇਸ ਵਿਚ ਕਰੀਬ 10-12 ਹਜ਼ਾਰ ਸਿੱਖ

Qila Ram Rauni at Ramgarh

ਸਿੱਖ ਇਤਿਹਾਸ ਦਾ ਪਹਿਲਾ ਵੱਡਾ ਖ਼ੂਨੀ ਕਾਂਡ ਛੋਟਾ ਘੱਲੂਘਾਰਾ, ਮਾਰਚ 1746 ਤੋਂ ਲੈ ਕੇ ਜੂਨ 1746 ਤਕ ਚਲਿਆ ਸੀ ਤੇ ਇਸ ਵਿਚ ਕਰੀਬ 10-12 ਹਜ਼ਾਰ ਸਿੱਖ ਸ਼ਹੀਦ ਹੋਏ ਸਨ। ਇਸ ਤੋਂ ਬਾਅਦ ਲਾਹੌਰ ਦੀਆਂ ਫ਼ੌਜਾਂ ਸੰਨ 1747 ਨੂੰ ਅਬਦਾਲੀ ਦੇ ਪਹਿਲੇ ਹਮਲੇ ਵਿਚ ਉਲਝ ਗਈਆਂ ਤੇ ਸਿੱਖਾਂ ਨੂੰ ਕੁੱਝ ਸਮੇਂ ਲਈ ਸਾਹ ਮਿਲ ਗਿਆ।  ਅਬਦਾਲੀ ਲਾਹੌਰ ਉਤੇ ਕਬਜ਼ਾ ਜਮਾ ਕੇ ਦਿੱਲੀ ਵਲ ਵਧਿਆ।

ਪਰ ਖੰਨੇ ਨੇੜੇ 11 ਮਾਰਚ 1747 ਨੂੰ ਮਾਨੂੰਪੁਰ ਦੇ ਸਥਾਨ ਉਤੇ ਮੀਰ ਮੰਨੂ ਦੀ ਅਗਵਾਈ ਹੇਠ ਲੜ ਰਹੀ ਮੁਗ਼ਲ ਫ਼ੌਜ ਤੋਂ ਹਾਰ ਕੇ ਵਾਪਸ ਅਫ਼ਗਾਨਿਸਤਾਨ ਭੱਜ ਗਿਆ। ਇਨ੍ਹਾਂ ਛੇ-ਸੱਤ ਮਹੀਨਿਆਂ ਵਿਚ ਸਿੱਖ ਮੁੜ ਸੰਗਠਤ ਹੋ ਕੇ ਪੱਕੇ ਪੈਰੀਂ ਹੋ ਗਏ। 29 ਮਾਰਚ 1748 ਨੂੰ ਵਿਸਾਖੀ ਵਾਲੇ ਦਿਨ ਸਿੱਖ ਜਥੇ ਜੰਗਲਾਂ ਪਹਾੜਾਂ ਤੋਂ ਹਰਿਮੰਦਰ ਸਾਹਿਬ ਵਿਖੇ ਵਿਸਾਖੀ ਮਨਾਉਣ ਲਈ ਆਣ ਇਕੱਠੇ ਹੋਏ।

ਛੋਟੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਨੇ ਇਕ ਗੱਲ ਸਿਖ ਲਈ ਸੀ ਕਿ ਛੋਟੇ-ਛੋਟੇ ਜਥਿਆਂ ਦੀ ਬਜਾਏ ਪੰਥ ਦੀ ਇਕ ਪੱਕੀ ਤੇ ਮਜ਼ਬੂਤ ਜਥੇਬੰਦੀ ਹੋਣੀ ਜ਼ਰੂਰੀ ਹੈ, ਜੋ ਇਕ ਜਥੇਦਾਰ ਦੇ ਹੁਕਮ ਵਿਚ ਹੋਵੇ ਤੇ ਵੱਡੀ ਭੀੜ ਪੈਣ ਸਮੇਂ ਉਸ ਦੇ ਹੁਕਮ ਅਨੁਸਾਰ ਚੱਲੇ। ਇਥੋਂ ਹੀ ਮਿਸਲਾਂ ਦਾ ਮੁੱਢ ਬੱਝਾ। ਦੂਜਾ ਸੱਭ ਨੇ ਸੋਚਿਆ ਕਿ ਪੰਥ ਕੋਲ ਬਾਹਰੀ ਹਮਲੇ ਤੋਂ ਬਚਾਅ ਕਰਨ ਲਈ ਕੋਈ ਕਿਲ੍ਹਾ ਵੀ ਜ਼ਰੂਰ ਹੋਣਾ ਚਾਹੀਦਾ ਹੈ।

ਤੁਰਤ ਗੁਰਮਤਾ ਪ੍ਰਵਾਨ ਹੋ ਗਿਆ ਕਿ ਅੰਮ੍ਰਿਤਸਰ ਤੋਂ ਵਧੀਆ ਥਾਂ ਹੋਰ ਕਿਹੜੀ ਹੋ ਸਕਦੀ ਸੀ? ਪੰਜ ਪਿਆਰਿਆਂ ਨੇ ਅਰਦਾਸਾ ਸੋਧ ਕੇ ਕਿਲ੍ਹੇ ਦੀ ਉਸਾਰੀ ਦੀ ਆਰੰਭਤਾ ਸ਼ੁਰੂ ਕਰ ਦਿਤੀ ਤੇ ਸ੍ਰੀ ਗੁਰੂ ਰਾਮ ਦਾਸ ਦੇ ਨਾਮ ਉਤੇ ਇਸ ਦਾ ਨਾਮ ਰਾਮ ਰੌਣੀ ਰਖਿਆ ਗਿਆ। ਰਾਮਸਰ ਦੇ ਨੇੜੇ ਗੁਰੂ ਸਾਹਿਬ ਨੇ ਇਕ ਖੂਹੀ ਪੁਟਵਾਈ ਸੀ, ਉਸੇ ਦੇ ਦੁਆਲੇ ਕੱਚੀ ਗੜ੍ਹੀ ਦੀ ਨੀਂਹ ਰੱਖੀ ਗਈ।

ਮਿਸਤਰੀ ਤੇ ਮਜ਼ਦੂਰ ਸਿੱਖ ਖ਼ੁਦ ਹੀ ਸਨ, ਦਿਨਾਂ ਵਿਚ ਹੀ ਹੱਥੋ ਹੱਥੀ ਕੱਚੀ ਗੜ੍ਹੀ ਉਸਾਰ ਦਿਤੀ ਗਈ। ਇਸ ਦੀਆਂ ਦੀਵਾਰਾਂ ਚਾਰ ਹੱਥ ਚੌੜੀਆਂ ਤੇ ਛੇ-ਸੱਤ ਹੱਥ ਉੱਚੀਆਂ ਸਨ। ਇਸ ਅੰਦਰ ਏਨੀ ਕੁ ਥਾਂ ਸੀ ਕਿ 500-600 ਘੁੜਸਵਾਰ ਅਰਾਮ ਨਾਲ ਰਹਿ ਸਕਦੇ ਸਨ। ਮਾਨੂੰਪੁਰ ਦੀ ਲੜਾਈ ਤੋਂ ਬਾਅਦ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਨੇ ਮੀਰ ਮੰਨੂ ਨੂੰ ਲਾਹੌਰ ਦਾ ਸੂਬੇਦਾਰ ਥਾਪ ਦਿਤਾ। ਸਾਲ ਛੇ ਮਹੀਨੇ ਬਾਅਦ ਜਦੋਂ ਉਸ ਦਾ ਰਾਜ ਪੱਕੇ ਪੈਰੀਂ ਹੋ ਗਿਆ ਤਾਂ ਉਸ ਨੇ ਅਪਣਾ ਧਿਆਨ ਸਿੱਖਾਂ ਵਲ ਕਰ ਲਿਆ। ਸਮਾਂ ਵਿਚਾਰ ਕੇ ਉਸ ਨੇ ਸਿੱਖਾਂ ਉਤੇ ਹਮਲਾ ਸ਼ੁਰੂ ਕਰ ਦਿਤਾ।

ਸਿੱਖ ਜਥੇ ਲੜਦੇ ਭਿੜਦੇ ਮਾਲਵੇ ਤੇ ਜੰਗਲਾਂ ਪਹਾੜਾਂ ਵਲ ਨਿਕਲ ਗਏ। ਅਕਤੂਬਰ 1748 ਨੂੰ ਦੀਵਾਲੀ ਸਮੇਂ ਸਿੱਖ ਫਿਰ ਅੰਮ੍ਰਿਤਸਰ ਆਣ ਇਕੱਠੇ ਹੋਏ। ਹਰਿਮੰਦਰ ਸਾਹਿਬ ਵਿਚ ਪਾਠ ਕੀਰਤਨ ਤੇ ਦੀਪਮਾਲਾ ਕੀਤੀ ਗਈ। ਜਦੋਂ ਇਹ ਖ਼ਬਰ ਲਾਹੌਰ ਪਹੁੰਚੀ ਤਾਂ ਮੰਨੂ ਸੜ ਭੁੱਜ ਗਿਆ। ਲਾਹੌਰ ਦੇ ਨਜ਼ਦੀਕ ਬਣਿਆ ਕਿਲ੍ਹਾ ਰਾਮ ਰੌਣੀ ਪਹਿਲਾਂ ਹੀ ਉਸ ਦੀਆਂ ਅੱਖਾਂ ਵਿਚ ਰੜਕ ਰਿਹਾ ਸੀ।

ਉਸ ਨੇ ਦੀਵਾਨ ਕੌੜਾ ਮੱਲ ਨੂੰ ਜਲੰਧਰ ਦੀਵਾਨ ਦੇ ਫ਼ੌਜਦਾਰ ਅਦੀਨਾ ਬੇਗ ਸਮੇਤ ਸਿੱਖਾਂ ਨੂੰ ਖ਼ਤਮ ਕਰਨ ਲਈ ਅੰਮ੍ਰਿਤਸਰ ਵਲ ਤੋਰ ਦਿਤਾ। ਪੰਜ ਕੁ ਸੌ ਸਿੱਖਾਂ ਨੇ ਕਿਲ੍ਹਾ ਰਾਮ ਰੌਣੀ ਦੇ ਅੰਦਰ ਮੋਰਚੇ ਲਗਾ ਲਏ ਤੇ ਬਾਕੀ ਨਜ਼ਦੀਕੀ ਜੰਗਲਾਂ ਵਲ ਚਲੇ ਗਏ। ਦੋਵਾਂ ਪਾਸਿਆਂ ਤੋਂ  ਅੱਗ ਦਾ ਮੀਂਹ ਵਰ੍ਹਨ ਲੱਗਾ। ਸਿੱਖ ਕਿਲ੍ਹੇ ਤੋਂ ਬਾਹਰ ਨਿਕਲਦੇ ਤੇ ਜ਼ਰੂਰਤ ਦਾ ਸਮਾਨ ਪੱਠਾ ਖੋਹ ਕੇ ਫਿਰ ਅੰਦਰ ਜਾ ਵੜਦੇ। ਕਦੇ ਜੰਗਲ ਵਿਚੋਂ ਸਿੱਖ ਜਥੇ ਆਣ ਕੇ ਮੁਗ਼ਲ ਫ਼ੌਜ ਵਿਚ ਮਾਰ ਕਾਟ ਮਚਾ ਜਾਂਦੇ।

ਕਿਸੇ ਪਾਸੇ ਝੋਕ ਨਾ ਵਜੀ ਤੇ ਲੜਾਈ ਲੰਮੀ ਖਿੱਚੀ ਗਈ। ਤਿੰਨ ਮਹੀਨਆਂ ਦੇ ਘੇਰੇ ਤੋਂ ਬਾਅਦ ਅੰਦਰਲੇ 200 ਕੁ ਸਿੱਖ ਸ਼ਹੀਦੀ ਪਾ ਚੁੱਕੇ ਸਨ ਤੇ ਉਨ੍ਹਾਂ ਦੇ ਘੋੜੇ ਭੁੱਖੇ ਮਰਨ ਲੱਗੇ। ਬਾਕੀਆਂ ਨੇ ਅਗਲੇ ਦਿਨ ਆਖ਼ਰੀ ਲੜਾਈ ਕਰ ਕੇ ਮੈਦਾਨ ਵਿਚ ਸ਼ਹੀਦੀ ਪਾਉਣ ਦਾ ਮਤਾ ਬਣਾ ਲਿਆ। ਫ਼ੌਜ ਦੇ ਨਾਲ ਆਇਆ ਦੀਵਾਨ ਕੌੜਾ ਮੱਲ ਸਿੱਖਾਂ ਨਾਲ ਦਿਲੋਂ ਹਮਦਰਦੀ ਰਖਦਾ ਸੀ। ਉਸ ਤੋਂ ਇਲਾਵਾ ਅਦੀਨਾ ਬੇਗ਼ ਦੀ ਫ਼ੌਜ ਵਿਚ ਮੁਲਾਜ਼ਮ ਸ. ਜੱਸਾ ਸਿੰਘ ਵੀ ਅਪਣੇ ਸੌ ਸਿਪਾਹੀਆਂ ਨਾਲ ਜੰਗ ਵਿਚ ਹਾਜ਼ਰ ਸੀ।

ਰਾਤ ਨੂੰ ਗੜ੍ਹੀ ਵਿਚਲੇ ਸਿੱਖਾਂ ਵਿਚੋਂ ਇਕ ਸਿੰਘ ਭੇਸ ਬਦਲ ਕੇ ਭੇਦ ਲੈਣ ਲਈ ਅਦੀਨਾ ਬੇਗ ਦੀ ਫ਼ੌਜ ਵਿਚ ਘੁੰਮ ਰਿਹਾ ਸੀ ਤਾਂ ਉਸ ਦਾ ਸ. ਜੱਸਾ ਸਿੰਘ ਨਾਲ ਟਾਕਰਾ ਹੋ ਗਿਆ। ਉਸ ਨੇ ਜੱਸਾ ਸਿੰਘ ਨੂੰ ਮਿਹਣਾ ਮਾਰਿਆ ਕਿ 'ਉਹ ਵੀ ਰਾਮ ਰੌਣੀ ਦੇ ਸਿੱਖਾਂ ਦੇ ਕਾਤਲਾਂ ਦਾ ਸਾਥ ਦੇ ਰਿਹਾ ਹੈ।' ਇਹ ਸੁਣ ਕੇ ਕਿ ਅੰਦਰਲੇ ਸਿੰਘ ਸ਼ਹੀਦੀ ਲਈ ਤਿਆਰ ਹੋਏ ਬੈਠੇ ਹਨ, ਜੱਸਾ ਸਿੰਘ ਦੇ ਦਿਲ ਉਤੇ ਭਾਰੀ ਸੱਟ ਵੱਜੀ।

ਕੁੱਝ ਦੇਰ ਦੀ ਸੋਚ ਵਿਚਾਰ ਤੋਂ ਬਾਅਦ ਉਸ ਨੇ ਤੀਰ ਨਾਲ ਚਿੱਠੀ ਬੰਨ੍ਹ ਕੇ ਕਿਲ੍ਹੇ ਅੰਦਰ ਭੇਜੀ ਕਿ ਜੇ ਪੰਥ ਮੇਰੀ ਭੁੱਲ ਬਖ਼ਸ਼ ਦੇਵੇ ਤਾਂ ਮੈਂ ਵੈਰੀ ਦਾ ਸਾਥ ਛੱਡ ਕੇ ਆਉਣ ਲਈ ਤਿਆਰ ਹਾਂ। ਸਿੰਘਾਂ ਨੇ ਅੰਦਰੋਂ ਤੀਰ ਰਾਹੀਂ ਜਵਾਬ ਭੇਜਿਆ ਕਿ ਗੁਰੂ ਬਖ਼ਸ਼ਣਹਾਰ ਹੈ, ਤੂੰ ਚਾਹੇਂ ਤਾਂ ਇਸ ਵੇਲੇ ਪੰਥ ਦੀ ਸ਼ਰਨ ਵਿਚ ਆ ਸਕਦਾ ਹੈਂ। ਰਾਤੋ ਰਾਤ ਜੱਸਾ ਸਿੰਘ ਅਪਣੇ ਸਾਥੀਆਂ ਸਮੇਤ ਕੁੱਝ ਰਸਦ ਤੇ ਗੋਲੀ ਸਿੱਕਾ ਲੈ ਕੇ ਕਿਲ੍ਹੇ ਅੰਦਰ ਜਾ ਵੜਿਆ।

ਅੰਦਰਲੇ ਸਿੰਘਾਂ ਨੂੰ ਹੌਸਲਾ ਹੋ ਗਿਆ ਤੇ ਉਹ ਕੁੱਝ ਦਿਨ ਹੋਰ ਲੜਾਈ ਜਾਰੀ ਰੱਖਣ ਦੇ ਕਾਬਲ ਹੋ ਗਏ। ਜੱਸਾ ਸਿੰਘ ਨੇ ਅੰਦਰੋਂ ਦੀਵਾਨ ਕੌੜਾ ਮੱਲ ਨੂੰ ਸੁਨੇਹਾ ਭੇਜਿਆ ਕਿ ਜੇ ਤੂੰ ਕੋਈ ਚਾਰਾ ਕਰੇਂ ਤਾਂ ਤਿੰਨ ਸੌਂ ਸਿੰਘਾਂ ਦੀ ਜਾਨ ਬਚ ਸਕਦੀ ਹੈ। ਉਸ ਵੇਲੇ ਖ਼ਬਰਾਂ ਗਰਮ ਸਨ ਕਿ ਅਬਦਾਲੀ ਦੂਜਾ ਹਮਲਾ ਕਰਨ ਲਈ ਲਾਹੌਰ ਵਲ ਚੜ੍ਹਿਆ ਆ ਰਿਹਾ ਹੈ ਤੇ ਦਿੱਲੀ ਦੇ ਵਜ਼ੀਰ ਸਫ਼ਦਰਜੰਗ ਨੇ ਪੁਰਾਣੇ ਸੂਬੇਦਾਰ ਸ਼ਾਹਨਵਾਜ਼ ਨੂੰ ਮੁਲਤਾਨ ਦਾ ਸੂਬੇਦਾਰ ਬਣਾ ਕੇ ਭੇਜ ਦਿਤਾ ਹੈ।

ਇਨ੍ਹਾਂ ਖ਼ਬਰਾਂ ਦੀ ਰੌਸ਼ਨੀ ਵਿਚ ਕੌੜਾ ਮੱਲ ਨੇ ਮੀਰ ਮੰਨੂ ਨੂੰ ਸਲਾਹ ਦਿਤੀ ਕਿ ਰਾਮ ਰੌਣੀ ਦਾ ਘੇਰਾ ਉਠਾ ਕੇ ਸਿੱਖਾਂ ਨਾਲ ਸੁਲਾਹ ਕਰ ਲੈਣੀ ਚਾਹੀਦੀ ਹੈ। ਦੋਹਰੀ ਮੁਸੀਬਤ ਤੋਂ ਡਰੇ ਮੰਨੂ ਨੇ ਸਲਾਹ ਮੰਨ ਲਈ ਤੇ ਜਨਵਰੀ 1749 ਦੇ ਪਹਿਲੇ ਹਫ਼ਤੇ ਰਾਮ ਰੌਣੀ ਦਾ ਘੇਰਾ ਉਠਾ ਲਿਆ ਗਿਆ। ਇਸ ਸਫ਼ਲਤਾ ਕਾਰਨ ਕਿਲ੍ਹੇ ਦਾ ਨਾਮ ਬਦਲ ਕੇ ਰਾਮਗੜ੍ਹ ਰੱਖ ਦਿਤਾ ਗਿਆ ਤੇ ਸ. ਜੱਸਾ ਸਿੰਘ ਨੂੰ ਇਸ ਦਾ ਪਹਿਲਾ ਕਿਲ੍ਹੇਦਾਰ ਥਾਪ ਦਿਤਾ। ਇਸੇ ਕਾਰਨ ਉਸ ਦਾ ਨਾਮ ਜੱਸਾ ਸਿੰਘ ਰਾਮਗੜ੍ਹੀਆ ਪੱਕ ਗਿਆ।

ਇਸ ਤੋਂ ਬਾਅਦ ਤਾਂ ਇਹ ਕਿਲ੍ਹਾ ਸਿੱਖ ਸੰਘਰਸ਼ ਦਾ ਕੇਂਦਰ ਬਿੰਦੂ ਬਣ ਗਿਆ। ਇਸ ਤੇ ਕਈ ਹਮਲੇ ਹੋਏ ਪਰ ਇਹ ਹਰ ਵਾਰ ਦੁਸ਼ਮਣਾਂ ਦੇ ਦੰਦ ਖੱਟੇ ਕਰਦਾ ਰਿਹਾ। ਘਲੂਘਾਰੇ ਤੋਂ ਬਾਅਦ ਅਬਦਾਲੀ ਸਰਹੰਦ ਤੋਂ ਚਲਿਆ ਤੇ 1 ਮਾਰਚ 1762 ਨੂੰ ਅੰਮ੍ਰਿਤਸਰ ਪਹੁੰਚ ਗਿਆ। ਉਸ ਨੇ ਹਰਿਮੰਦਰ ਸਾਹਿਬ ਦੇ ਨਾਲ ਕਿਲ੍ਹਾ ਰਾਮਗੜ੍ਹ ਦੀਆਂ ਨੀਹਾਂ ਵਿਚ ਵੀ ਬਾਰੂਦ ਭਰ ਕੇ ਦੋਵੇਂ ਮੁੱਢੋਂ ਨਸ਼ਟ ਕਰ ਦਿਤੇ।
ਸੰਪਰਕ : 95011-00062, ਬਲਰਾਜ ਸਿੰਘ ਸਿੱਧੂ ਐਸ.ਪੀ.