ਸਿੱਖੀ ਤੇ ਚੜ੍ਹੀ ਅਮਰਵੇਲ 3

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਆਮ ਲੋਕਾਂ ਦੀ ਅਗਿਆਨਤਾ ਤੇ ਸਰਕਾਰ ਦੀ ਮਿਲੀਭੁਗਤ ਨਾਲ ਹੀ ਪੁਜਾਰੀ ਤਬਕਾ ਕੀਤਾ ਜਾਂਦਾ ਹੈ ਪੈਦਾ

Sikh

ਅਕਾਲ ਤਖ਼ਤ ਮਹਾਨ ਹੈ, ਮਹਾਨ ਹੈ ਕੂਕਣ ਵਾਲੇ ਕੰਨ ਖੋਲ੍ਹ ਕੇ, ਅੱਖਾਂ ਖੋਲ੍ਹ ਕੇ ਪੜ੍ਹ ਸੁਣ ਲੈਣ। ਇਹ ਹੁਕਮਨਾਮਾ ਉਤਾਰਾ ਹੋ ਕੇ ਜਦੋਂ ਪ੍ਰਕਾਸ਼ ਸਿੰਘ ਬਾਦਲ ਕੋਲ ਪਹੁੰਚਿਆ, ਉਸ ਨੇ ਤੁਰਤ ਭਾਈ ਰਣਜੀਤ ਸਿੰਘ ਨੂੰ ਜਥੇਦਾਰੀ ਤੋਂ ਲਾਂਭੇ ਕਰ ਦਿਤਾ। ਉਸੇ ਵਕਤ ਪੂਰਨ ਸਿੰਘ ਨਾਮ ਦੇ ਇਕ ਪੁਜਾਰੀ ਨੂੰ ਜਥੇਦਾਰ ਥਾਪ ਦਿਤਾ। ਹੁਣ ਤੁਸੀ ਦੱਸੋ ਪ੍ਰਕਾਸ਼ ਸਿੰਘ ਬਾਦਲ ਵੱਡਾ ਹੈ ਜਾਂ ਅਕਾਲ ਤਖ਼ਤ ਦਾ ਜਥੇਦਾਰ ਵੱਡਾ ਹੈ? ਪੂਰਨ ਸਿੰਘ ਨੇ ਦੋ ਮਹੀਨੇ ਜਥੇਦਾਰ ਰਹਿ ਕੇ ਖ਼ੂਬ ਤਮਾਸ਼ਾ ਕੀਤਾ, ਸਿੱਖਾਂ ਦਾ ਦੁਨੀਆਂ ਵਿਚ ਜਲੂਸ ਕਢਿਆ। ਇਸ ਤੋਂ ਬਾਅਦ ਲਗਾਇਆ ਜੋਗਿੰਦਰ ਸਿੰਘ ਵੇਦਾਂਤੀ ਨੂੰ ਅਕਾਲ ਤਖ਼ਤ ਦਾ ਜਥੇਦਾਰ। ਇਸ ਨੇ ਆਉਂਦੀਆਂ ਹੀ ਪੂਰਨ ਸਿੰਘ ਵਾਲੇ ਸਾਰੇ ਹੁਕਮਨਾਮੇ ਰੱਦ ਕਰ ਦਿਤੇ। ਅਖੇ ਇਹ ਹੁਕਮਨਾਮੇ ਪੂਰੀ ਮਰਿਆਦਾ ਮੁਤਾਬਕ ਜਾਰੀ ਨਹੀਂ ਕੀਤੇ ਗਏ। ਉਏ ਪੁਜਾਰੀਉ! ਦੱਸੋ ਤਾਂ ਸਹੀ ਹੁਕਮਨਾਮੇ ਜਾਰੀ ਕਰਨ ਵਾਲੀ ਮਰਿਆਦਾ ਹੈ ਕਿਥੇ? ਕਿਸ ਨੇ ਲਿਖੀ ਹੈ, ਕਿਸ ਕਿਤਾਬ ਹੈ ਵਿਚ? ਮਰਿਆਦਾ ਤਾਂ ਸਾਰੀ ਪ੍ਰਕਾਸ਼ ਸਿੰਘ ਬਾਦਲ ਦੀ ਮੁੱਠੀ ਵਿਚ ਹੈ। ਮਰਿਆਦਾ, ਇਤਿਹਾਸ, ਧਰਮ, ਹੁਕਮਨਾਮੇ ਰਾਜਨੇਤਾ ਤੇ ਜਥੇਦਾਰ, ਸਾਰੇ ਬਾਦਲ ਦੇ ਚਰਨਾਂ ਵਿਚ ਬੈਠੇ ਬਾਹਰ ਨਿਕਲਣ ਦੀ ਉਡੀਕ ਵਿਚ ਹੁੰਦੇ ਹਨ। ਮਹਾਨ ਸ਼ਖ਼ਸੀਅਤ ਬਾਦਲ ਨੇ ਤਾਂ ਗੁਰੂ ਨਾਲੋਂ ਵੀ ਵੱਡਾ ਰੁਤਬਾ ਹਾਸਲ ਕਰ ਲਿਆ ਹੈ। ਗੁਰੂ ਦੀ ਆਖੀ ਗੱਲ ਕੋਈ ਮੰਨੇ ਚਾਹੇ ਨਾ ਮੰਨੇ ਪਰ ਬਾਦਲ ਦੀ ਆਖੀ ਜੇਕਰ ਨਾ ਮੰਨੀ ਤਾਂ ਖ਼ੈਰ ਨਹੀਂ। ਕੋਈ ਵੀ ਅਣਹੋਣੀ ਵਾਪਰ ਸਕਦੀ ਹੈ।

ਜੋਗਿੰਦਰ ਸਿੰਘ ਵੇਦਾਂਤੀ ਤੇ ਸਿੱਖ ਸ਼ਹੀਦ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਨੇ ਰਲ ਕੇ ਕਿਤਾਬ ਤਿਆਰ ਕੀਤੀ ਗੁਰਬਿਲਾਸ ਪਾਤਿਸ਼ਾਹੀ ਛੇਵੀਂ। ਇਸ ਕਿਤਾਬ ਵਿਚ ਗੁਰੂ ਸਾਹਿਬ ਜੀ ਦਾ ਘੋਰ ਅਪਮਾਨ ਕੀਤਾ ਗਿਆ ਹੈ। ਇਸ ਦਾ ਲੇਖਾਰੀ ਹੈ ਅਕਾਲ ਤਖ਼ਤ ਦਾ ਜਥੇਦਾਰ (ਅਸਲ ਵਿਚ ਪੁਜਾਰੀ) ਜੋਗਿੰਦਰ ਸਿੰਘ ਵੇਦਾਂਤੀ। ਉਸ ਦਾ ਸਹਿਯੋਗੀ, ਸਿੱਖ ਸ਼ਹੀਦ ਮਿਸ਼ਨਰੀ ਕਾਲਜ ਤਲਵੰਡੀ ਸਾਬੋ ਦਾ ਪ੍ਰਿੰਸੀਪਲ ਅਮਰਜੀਤ ਸਿੰਘ। ਯਾਦ ਰਹੇ, ਇਹ ਕਾਲਜ ਸ਼੍ਰੋਮਣੀ ਕਮੇਟੀ ਦੇ ਅਧੀਨ ਚੱਲ ਰਿਹਾ ਹੈ। ਏਨੇ ਵੱਡੇ ਅਹੁਦਿਆਂ ਤੇ ਬੈਠੇ, ਅੰਮ੍ਰਿਤਧਾਰੀ, ਲੰਮੀਆਂ ਦਾੜ੍ਹੀਆਂ, ਪੋਚਵੀਆਂ ਦਸਤਾਰਾਂ, ਗਾਤਰੇ, ਕ੍ਰਿਪਾਨਾਂ ਤੇ ਕਰਤੂਤਾਂ ਪੰਥ ਦੋਖੀਆਂ ਵਾਲੀਆਂ। ਇਸ ਕਿਤਾਬ ਦੀ ਪ੍ਰਸ਼ੰਸਾ ਕਰਨ ਵਾਲਿਆਂ ਦੇ ਪ੍ਰਸ਼ੰਸਾ ਪੱਤਰ ਕਿਤਾਬ ਦੇ ਪਹਿਲੇ ਪੰਨਿਆਂ ਤੇ ਛਪੇ ਹੋਏ ਵੇਖੇ ਜਾ ਸਕਦੇ ਹਨ। ਵਡਿਆਈ ਕਰਨ ਵਾਲੇ ਹਨ - ਪ੍ਰੋ. ਮਨਜੀਤ ਸਿੰਘ, ਜਥੇਦਾਰ ਕੇਸਗੜ੍ਹ ਸਾਹਿਬ ਅਨੰਦਪੁਰ, ਮਨਜੀਤ ਸਿੰਘ ਕਲਕੱਤਾ। ਗਿਆਨੀ ਕੇਵਲ ਸਿੰਘ, ਗਿਆਨੀ ਸੰਤ ਸਿੰਘ ਮਸਕੀਨ। ਜਦੋਂ ਸ੍ਰ. ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੇ ਇਸ ਕਿਤਾਬ ਦਾ ਕੁਫ਼ਰ ਲੋਕਾਂ ਸਾਹਮਣੇ ਲਿਆਂਦਾ ਤਾਂ ਵੇਦਾਂਤੀ ਪੁਜਾਰੀ ਨੇ ਗੁਰਬਖ਼ਸ਼ ਸਿੰਘ ਨੂੰ ਵੀ ਪੰਥ ਵਿਚੋਂ ਛੇਕ ਦਿਤਾ। ਅਖ਼ਬਾਰਾਂ ਵਿਚ ਤਾਂ ਇਹ ਖ਼ਬਰਾਂ ਵੀ ਛਪਦੀਆਂ ਰਹੀਆਂ ਹਨ ਕਿ ਅਜਿਹੇ ਪਾਪ ਕਰਮ ਕਰਨ ਬਦਲੇ ਵੇਦਾਂਤੀ ਪੁਜਾਰੀ ਨੂੰ ਕਰੋੜਾਂ ਰੁਪਏ ਮਿਲਦੇ ਰਹੇ।

11, 12 ਤੇ 13 ਨਵੰਬਰ 2006 ਨੂੰ ਦਿਆਲਪੁਰਾ ਭਾਈਕਾ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਵਰਗੀਆਂ ਕੰਜਰ ਕਵਿਤਾਵਾਂ ਦਾ ਅਖੰਡ ਪਾਠ ਕਰਵਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲਾ ਮਹਾਨ ਅਕਾਲ ਤਖ਼ਤ ਦਾ ਮੁੱਖ ਪੁਜਾਰੀ ਜੋਗਿੰਦਰ ਸਿੰਘ ਵੇਦਾਂਤੀ। ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ (ਪੁਜਾਰੀ) ਗੁਰਬਚਨ ਸਿੰਘ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਵਤਾਰ ਸਿੰਘ ਮੱਕੜ। ਮਹਿਤੇ ਵਾਲੇ ਡੇਰੇ ਦਾ ਮੁਖੀ ਹਰਨਾਮ ਸਿੰਘ ਧੁੰਮਾ। ਹੋਰ ਬਹੁਤ ਸਾਰੇ ਡੇਰਿਆਂ ਦੇ ਸਾਧ ਤੇ ਨਿਹੰਗ ਟੋਲੇ ਗੁਰੂ ਗ੍ਰੰਥ ਸਾਹਿਬ ਦਾ ਖ਼ੁਦ ਅਪਮਾਨ ਕਰ ਰਹੇ ਸਨ। ਜਦੋਂ ਜੋਗਿੰਦਰ ਸਿਘ ਵੇਦਾਂਤੀ ਪੁਜਾਰੀ ਪੂਰੀ ਤਰ੍ਹਾਂ ਬਦਨਾਮ ਹੋ ਗਿਆ ਤਾ ਬਾਦਲ ਪ੍ਰਵਾਰ ਨੇ ਇਸ ਨੂੰ ਕੰਨੋ ਫੜ ਕੇ ਲਾਂਭੇ ਕਰ ਦਿਤਾ। ਖ਼ਾਲੀ ਥਾਂ ਪੁਰ ਕਰਨ ਵਾਸਤੇ ਆਟੇ ਦਾ ਬਾਵਾ ਇਕ ਹੋਰ ਪੁਜਾਰੀ ਲੈ ਆਂਦਾ। ਇਸ ਦਾ ਨਾਮ ਸੀ ਗੁਰਬਚਨ ਸਿੰਘ। ਇਹ ਸ਼ਖ਼ਸ ਸ਼੍ਰੋਮਣੀ ਕਮੇਟੀ ਵਿਚ ਇਕ ਗ੍ਰੰਥੀ ਦੇ ਕੰਮ ਲਈ ਭਰਤੀ ਹੋਇਆ ਸੀ। ਬਿਨਾਂ ਖ਼ਾਸ ਯੋਗਤਾ ਦੇ ਰਾਜ ਆਗੂਆਂ ਦੀਆਂ ਚਾਪਲੂਸੀਆਂ ਕਰ ਕੇ ਪਹਿਲਾਂ ਦਰਬਾਰ ਸਾਹਿਬ ਦਾ ਗ੍ਰੰਥੀ ਲਗਿਆ, ਫਿਰ ਹੈੱਡ ਗ੍ਰੰਥੀ ਲਗਿਆ।

ਉਪਰੰਤ ਹੈੱਡ ਗ੍ਰੰਥੀ ਤੋਂ ਅਕਾਲ ਤਖ਼ਤ ਦਾ ਜਥੇਦਾਰ (ਪੁਜਾਰੀ) ਬਣਾ ਦਿਤਾ ਗਿਆ। ਇਸ ਬੰਦੇ ਨੇ ਅਪਣੇ ਪ੍ਰਵਾਰ ਦੇ ਸਤਾਰਾਂ ਜੀਅ ਸ਼੍ਰੋਮਣੀ ਕਮੇਟੀ ਵਿਚ ਨੌਕਰੀਆਂ ਤੇ ਲਗਵਾ ਲਏ। ਮੁਕਤਸਰ ਦੇ ਇਲਾਕੇ ਵਿਚ ਇਸ ਦਾ ਪੁੱਤਰ ਸਰਕਾਰੀ ਠੇਕੇਦਾਰ ਬਣ ਗਿਆ। ਇਸ ਕੰਮ ਵਿਚੋਂ ਉਸ ਨੇ ਬੇਅੰਤ ਪੈਸਾ ਕਮਾਇਆ। ਮੁਕਤਸਰ ਵਿਚ ਗੁਰਬਚਨ ਸਿੰਘ ਨੇ ਆਲੀਸ਼ਾਨ ਹੋਟਲ ਬਣਾਇਆ ਹੈ। ਅਰਬਾਂ ਰੁਪਏ ਦੀ ਜਾਇਦਾਤ ਸਿੱਖ ਕੌਮ ਨੂੰ ਵੇਚ ਕੇ ਹੀ ਬਣਾਈ ਜਾ ਸਕਦੀ ਹੈ। ਇਸ ਪੁਜਾਰੀ ਨੂੰ ਸਟੇਜ ਤੇ ਅੱਛੇ ਢੰਗ ਨਾਲ ਬੋਲਣਾ ਤਕ ਨਹੀਂ ਆਉਂਦਾ। ਗੁਰਬਾਣੀ ਦੀ ਕਥਾ ਕਰਨ ਦੇ ਨਾਮ ਦੇ ਕਮਲ ਘੋਟਦਾ ਹੈ। ਬ੍ਰਾਹਮਣੀ ਗ੍ਰੰਥਾਂ ਵਾਲੀਆਂ ਕਥਾਵਾਂ ਸੁਣਾਉਂਦਾ ਹੈ ਜੋ ਗੁਰਮਤ ਦੀ ਗੱਲ ਇਸ ਦੇ ਨੇੜੇ ਤੇੜੇ ਵੀ ਨਹੀਂ ਹੈ। ਗੱਦੀਉ ਲਾਹੇ ਗਏ ਭਾਈ ਗੁਰਮੁਖ ਸਿੰਘ ਨੇ ਅਖ਼ਬਾਰਾਂ ਵਿਚ ਸਾਰੀ ਕਰਤੂਤ ਜੱਗ ਜ਼ਾਹਰ ਕਰ ਦਿਤੀ ਕਿ ਬਈ ਸਾਨੂੰ ਸਾਰਿਆਂ ਨੂੰ ਸੁਖਬੀਰ ਬਾਦਲ ਨੇ ਚੰਡੀਗੜ੍ਹ ਅਪਣੀ ਕੋਠੀ ਬੁਲਾਇਆ। ਗੁਰਬਚਨ ਸਿੰਘ ਨੂੰ ਇਕ ਚਿੱਠੀ ਦਿਤੀ ਅਤੇ ਕਿਹਾ ਕਿ ਸੌਦਾ ਸਾਧ ਵਿਰੁਧ ਜਾਰੀ ਕੀਤਾ ਹੁਕਮਨਾਮਾ ਵਾਪਸ ਲਿਆ ਜਾਏ। ਇਸੇ ਕਾਰਨ 2007 ਵਾਲਾ ਹੁਕਮਨਾਮਾ ਵਾਪਸ ਲਿਆ।

ਜਦੋਂ ਸਿੱਖ ਸਮਾਜ ਵਿਚ ਇਸ ਕਾਰਵਾਈ ਦਾ ਵੱਡਾ ਵਿਰੋਧ ਸ਼ੁਰੂ ਹੋਇਆ ਤਾਂ ਹੁਕਮਨਾਮੇ ਨੂੰ ਠੀਕ ਸਿੱਧ ਕਰਨ ਵਾਸਤੇ ਸੰਗਤਾਂ ਵਲੋਂ ਅਪਰਣ ਕੀਤੀ ਮਾਇਆ (ਗੋਲਕ) ਵਿਚੋਂ ਅਖ਼ਬਾਰ ਤੇ ਟੀ.ਵੀ. ਚੈਨਲਾਂ ਨੂੰ ਇਸ਼ਤਿਹਾਰ ਛਾਪਣ/ਪ੍ਰਸਾਰਤ ਕਰਨ ਲਈ 92 ਲੱਖ ਰੁਪਏ ਉਡਾ ਦਿਤੇ। (ਸਪੋਕਸਮੈਨ, 12-10-2015) ਜਦੋਂ ਸਿੱਖ ਸਮਾਜ ਦਾ ਗੁੱਸਾ ਫਿਰ ਵੀ ਨਾ ਘਟਿਆ ਤਾਂ ਸੌਦਾ ਸਾਧ ਨੂੰ ਦੋਸ਼ ਮੁਕਤ ਕਰਨ ਵਾਲਾ ਹੁਕਮਨਾਮਾ ਵਾਪਸ ਲੈ ਲਿਆ। ਇਨ੍ਹਾਂ ਨੀਚ ਹਰਕਤਾਂ ਕਾਰਨ ਬਾਦਲ ਸਰਕਾਰ ਵੀ ਹਵਾ ਵਿਚ ਉੱਡ ਗਈ। ਜਥੇਦਾਰਾਂ ਦੀ ਇੱਜ਼ਤ ਵੀ ਘੱਟੇ ਰੁਲ ਗਈ। ਇਸ ਤੋਂ ਮਗਰੋਂ ਜਥੇਦਾਰ (ਪੁਜਾਰੀ) ਸੰਗਤਾਂ ਵਿਚ ਵੀ ਮੂੰਹ ਨਾ ਵਿਖਾ ਸਕੇ। ਫ਼ੋਨ ਬੰਦ ਕਰ ਕੇ ਘਰ ਵਿਚ ਦਰਵਾਜ਼ੇ ਬੰਦ ਕਰ ਕੇ ਬੈਠ ਗਏ। ਨਵੰਬਰ 2018 ਨੂੰ ਗੁਰਬਚਨ ਸਿੰਘ ਨੂੰ ਗੱਦੀ ਤੋਂ ਉਤਾਰ ਕੇ, ਬਾਦਲ ਪ੍ਰਵਾਰ ਨੇ ਭਾਈ ਹਰਪ੍ਰੀਤ ਸਿੰਘ ਨੂੰ ਨਵਾਂ ਪੁਜਾਰੀ ਨਿਯੁਕਤ ਕਰ ਲਿਆ ਹੈ। ਆਮ ਲੋਕਾਂ ਦੀ ਅਗਿਆਨਤਾ ਤੇ ਸਰਕਾਰ ਦੀ ਮਿਲੀਭੁਗਤ ਨਾਲ ਹੀ ਪੁਜਾਰੀ ਤਬਕਾ ਪੈਦਾ ਕੀਤਾ ਜਾਂਦਾ ਹੈ, ਸੁਰੱਖਿਆ ਮਿਲਦੀ ਹੈ। ਧਰਮ ਸਥਾਨਾਂ ਵਲ ਚਲੇ ਜਾਣ ਲਈ ਸਰਕਾਰਾਂ ਉਤਸ਼ਾਹਤ ਕਰਦੀਆਂ ਹਨ। ਮੰਤਰੀ, ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਖ਼ੁਦ ਧਰਮ ਸਥਾਨਾਂ ਵਿਚ ਨਤਮਸਤਕ ਹੋਣ ਜਾਂਦੇ ਹਨ। ਪੁਜਾਰੀ ਉਨ੍ਹਾਂ ਨੂੰ ਸਨਮਾਨਤ ਕਰਦੇ ਹਨ। ਫਿਰ ਵੇਖਾ ਵੇਖੀ ਲੋਕਾਂ ਦੀਆਂ ਵਹੀਰਾਂ ਉਧਰ ਨੂੰ ਚੱਲ ਪੈਂਦੀਆਂ ਹਨ।
                                                                                  ਪ੍ਰੋ. ਇੰਦਰ ਸਿੰਘ ਘੱਗਾ ,ਸੰਪਰਕ : 98551-51699