ਮੈਂ ਸ਼ਰਨ ਕੌਰ ਹਾਂ ਸ਼ਹੀਦ ਭਾਈ ਪ੍ਰੀਤਮ ਸਿੰਘ ਦੀ ਸਿੰਘਣੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਪੁੱਤਰੀ ਸ਼ਹੀਦਾਂ ਦਾ ਸਸਕਾਰ ਕਰਦੀ ਹੋਈ ਖ਼ੁਦ ਸ਼ਹੀਦ ਹੋ ਗਈ
ਮੁਹਾਲੀ: ਰੋਪੜ ਦੇ ਦੱਖਣ ਵਿਚ ਰੋਪੜ ਨਹਿਰ ਕਿਨਾਰੇ ਗੁਰਦਵਾਰਾ ਚਮਕੌਰ ਸਾਹਿਬ ਹੈ। ਇਹ ਅਮਰ ਤੇ ਸ਼੍ਰੋਮਣੀ ਸ਼ਹੀਦਾਂ ਦੀ ਯਾਦ ਹੈ। 1704 ਈ. ਵਿਚ ਇਥੇ ਮੁਗ਼ਲ ਸੈਨਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਦੋਹਾਂ ਸਾਹਿਬਜ਼ਾਦਿਆਂ ਵਿਚਾਲੇ ਵੱਡੀ ਲੜਾਈ ਹੋਈ ਸੀ। ਇਕ ਪਾਸੇ ਸਿਰਫ਼ ਚਾਲੀ ਸਿੰਘ ਤੇ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਵਿਚ ਮੁਗ਼ਲ ਸੈਨਾ ਤੇ ਮੁਗ਼ਲ ਸੈਨਾ ਦੇ ਸਹਾਇਕ ਸਨ। ਕੱਚੀ ਗੜ੍ਹੀ ਵਿਚ ਸਤਿਗੁਰੂ ਜੀ ਨੇ ਡੇਰੇ ਲਗਾਏ ਸਨ। ਉਥੋਂ ਹੀ ਦੁਸ਼ਮਣ ਦਾ ਮੁਕਾਬਲਾ ਕੀਤਾ ਸੀ। ਵਾਰੀ-ਵਾਰੀ ਦੋਹਾਂ ਪੁਤਰਾਂ ਨੂੰ ਜੰਗ ਨੂੰ ਤੋਰਿਆ ਸੀ ਜਦੋਂ ਕਿ ਜਿਊਂਦੇ ਮੁੜਨ ਦੀ ਕੋਈ ਆਸ ਨਹੀਂ ਸੀ। ਦੁਸ਼ਮਣ ਦੀ ਗਿਣਤੀ ਬੇਅੰਤ ਸੀ। ਅੱਧੀ ਰਾਤ ਨੂੰ ਪੰਥ ਦਾ ਹੁਕਮ ਮੰਨ ਕੇ ਗੁਰੂ ਜੀ ਆਪ ਕੱਚੀ ਗੜ੍ਹੀ ਵਿਚੋਂ ਨਿਕਲ ਕੇ ਅੱਗੇ ਲੰਘ ਗਏ ਸਨ।
ਦੁਸ਼ਮਣ ਥੱਕ ਟੁੱਟ ਕੇ ਬੈਠ ਗਿਆ ਸੀ। ਕਾਲੀ ਬੋਲੀ ਰਾਤ ਸ਼ਾਂ-ਸ਼ਾਂ ਕਰਨ ਲੱਗ ਪਈ ਸੀ। ਉਸ ਵੇਲੇ ਮਹਾਂ ਪਰਲੋ ਦੇ ਸਮੇਂ ਇਕ ਸਿੱਖ ਬੀਬੀ ਹੱਥ ਵਿਚ ਦੀਵੇ ਦੀ ਰੋਸ਼ਨੀ ਲਈ ਮੈਦਾਨ-ਏ-ਜੰਗ ਵਿਚ ਇਕੱਲੀ ਫਿਰ ਰਹੀ ਸੀ, ਉਸ ਨੂੰ ਡਰ ਨਹੀਂ ਸੀ ਲਗਦਾ। ਉੱਚੀਆਂ-ਨੀਵੀਆਂ ਥਾਵਾਂ ਤੇ ਪਈਆਂ ਲੋਥਾਂ ਨੂੰ ਪਛਾਣਦੀ ਸੀ। ਜੋ ਕਿਸੇ ਸਿੰਘ ਦੀ ਲੋਥ ਪ੍ਰਤੀਤ ਹੁੰਦੀ ਸੀ ਉਸ ਨੂੰ ਚੁੱਕ ਕੇ ਦੂਰ ਰੱਖ ਆਉਂਦੀ ਸੀ, ਜਿਥੇ ਇਕ ਅਯਾਲੀ ਦਾ ਬੜਾ ਵੱਡਾ ਵਾੜਾ ਸੀ, ਛਾਪਿਆਂ ਦੀਆਂ ਉੱਚੀਆਂ ਕੰਧਾਂ ਸਨ। ਬੇਅੰਤ ਬਾਲਣ ਸੀ ਪਰ ਉਹ ਲੜਾਈ ਤੋਂ ਡਰਦਾ ਵਾੜਾ ਸੁੰਨਾ ਛੱਡ ਗਿਆ ਹੋਇਆ ਸੀ। ਇਸ ਤਰ੍ਹਾਂ ਲਭਦਿਆਂ ਹੋਇਆਂ ਉਸ ਬੀਬੀ ਨੇ ਤੀਹ ਸਿੰਘ ਲੱਭ ਲਏ। ਦੋਹਾਂ ਸਾਹਿਬਜ਼ਾਦਿਆਂ ਦੀਆਂ ਦੇਹਾਂ ਭਾਲੀਆਂ। ਉਨ੍ਹਾਂ ਨੂੰ ਬਹੁਤ ਸਤਿਕਾਰ ਨਾਲ ਚੁੱਕ ਲਿਆਈ, ਸ਼ਹੀਦਾਂ ਦੀਆਂ ਦੇਹਾਂ ਲਭਦਿਆਂ ਹੋਇਆਂ ਉਸ ਦੀਆਂ ਲੱਤਾਂ ਥੱਕ ਗਈਆਂ, ਸ੍ਰੀਰ ਹੱਫ ਗਿਆ ਪਰ ਦਿਲ ਤਕੜਾ ਰਿਹਾ।
ਉਸ ਨੇ ਹੋਰਾਂ ਸਿੰਘਾਂ ਦੇ ਸ੍ਰੀਰ ਭਾਲਣ ਦਾ ਯਤਨ ਕੀਤਾ ਪਰ ਉਸ ਨੂੰ ਹੱਥ ਨਾ ਆਏ। ਲੋਥ ਉਤੇ ਲੋਥ ਚੜ੍ਹੀ ਹੋਈ ਸੀ। ਕੋਈ ਪਤਾ ਨਹੀਂ ਸੀ ਲਗਦਾ। ਆਖ਼ਰ ਇਕ ਦੇਹ ਉਸ ਨੂੰ ਲੱਭ ਹੀ ਪਈ, ਉਸ ਦੇ ਲਾਗੇ ਸੌ ਮੁਸਲਮਾਨ ਮਾਰਿਆ ਪਿਆ ਸੀ। ਉਸ ਨੇ ਲੋਥ ਨੂੰ ਚੁਕਿਆ ਤੇ ਪਛਾਣਿਆ। ਦੀਵੇ ਦੀ ਰੋਸ਼ਨੀ ਆਸਰੇ ਚਿਹਰੇ ਨੂੰ ਚੰਗੀ ਤਰ੍ਹਾਂ ਵੇਖਿਆ। ਪਛਾਣ ਕੇ ਉਹ ਹੌਲੀ ਜਹੀ ਬੋਲੀ, ਵਾਹ! ਮੇਰੇ ਸ਼ਹੀਦ ਪਤੀ! ਆਪ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਹਜ਼ੂਰੀ ਵਿਚ ਸ਼ਹੀਦੀ ਪ੍ਰਾਪਤ ਕੀਤੀ ਹੈ। ਮੈਨੂੰ ਇਹੀ ਆਸ ਸੀ। ਮੈਂ ਘਰੋਂ ਤੁਰਦੇ ਨੂੰ ਜੋ ਕੁੱਝ ਆਖਿਆ ਸੀ, ਸੋ ਕੁੱਝ ਹੋਇਆ। ਮੇਰੇ ਧੰਨ ਭਾਗ ਮੇਰਾ ਪਤੀ ਸ਼ਹੀਦ ਹੋਇਆ।
ਅਪਣੇ ਪਤੀ ਦੀ ਲੋਥ ਨੂੰ ਚੁੱਕ ਕੇ ਉਸੇ ਥਾਂ ਲੈ ਆਈ ਜਿਥੇ ਹੋਰ ਲੋਥਾਂ ਸਨ। ਛਾਪਿਆਂ ਵਿਚ ਸਾਰੀਆਂ ਲੋਥਾਂ ਰੱਖ ਕੇ ਦੀਵੇ ਦੀ ਲਾਟ ਨਾਲ ਉਸ ਨੇ ਅੱਗ ਲਗਾ ਦਿਤੀ। ਸੁੱਕਾ ਬਾਲਣ ਸੀ। ਪਲਾਂ ਵਿਚ ਹੀ ਅੱਗ ਦੇ ਭਾਂਬੜ ਮੱਚ ਪਏ। ਅੱਗ ਦੇ ਭਾਂਬੜਾਂ ਨਾਲ ਦੂਰ-ਦੂਰ ਤਕ ਚਾਨਣ ਹੋ ਗਿਆ। ਮੁਗ਼ਲ ਫ਼ੌਜ ਦੇ ਸਿਪਾਹੀ ਮੈਦਾਨ-ਏ-ਜੰਗ ਵਿਚ ਅੱਗ ਬਲਦੀ ਵੇਖ ਕੇ ਬਹੁਤ ਹੈਰਾਨ ਹੋਏ। ਉਹ ਝੱਟ ਦੌੜੇ ਆਏ। ਆ ਕੇ ਕੀ ਵੇਖਦੇ ਨੇ, ਮਰਦਾਂ ਦੀਆਂ ਲੋਥਾਂ ਸੜ ਰਹੀਆਂ ਹਨ। ਇਕੱਲੀ ਔਰਤ ਕੋਲ ਖਲੋਤੀ ਹੈ, ਵੱਡੀ ਸਾਰੀ ਲੱਕੜ ਨਾਲ ਹਿਲਾ-ਹਿਲਾ ਕੇ ਬੇ-ਫ਼ਿਕਰੀ ਤੇ ਨਿਰਭੈਤਾ ਨਾਲ ਸਾੜ ਰਹੀ ਹੈ।
ਇਹ ਵੇਖ ਸਿਪਾਹੀ ਬਹੁਤ ਹੈਰਾਨ ਹੋਏ। ਅੱਧੀ ਰਾਤ ਸਮੇਂ ਲੜਾਈ ਦੇ ਮੈਦਾਨ ਵਿਚ ਇਕ ਔਰਤ ਨੂੰ ਕਿਵੇਂ ਹੌਂਸਲਾ ਪਿਆ। ਉਨ੍ਹਾਂ ਨੇ ਡਰਦਿਆਂ ਡਰਦਿਆਂ ਦੂਰੋਂ ਹੀ ਪੁਛਿਆ, ‘‘ਤੂੰ ਕੌਣ ਏਂ?’’ ਬੀਬੀ ਨੇ ਕਿਹਾ, ‘‘ਮੈਂ ਸ਼ਰਨ ਕੌਰ ਹਾਂ! ਸ਼ਹੀਦ ਭਾਈ ਪ੍ਰੀਤਮ ਸਿੰਘ ਦੀ ਸਿੰਘਣੀ!’’ ਬੀਬੀ ਨੇ ਉਨ੍ਹਾਂ ਵਲ ਵੇਖੇ ਬਿਨਾਂ ਹੀ ਉਤਰ ਦਿਤਾ, ਉਹ ਡਰੀ ਨਹੀਂ ਡੋਲੀ ਨਹੀਂ। ‘‘ਇਥੇ ਕੀ ਕਰਨ ਆਈ ਏਂ?’’ ਸਿਪਾਹੀ ਨੇ ਪੁਛਿਆ। ਬੀਬੀ ਨੇ ਉਤਰ ਦਿਤਾ, ‘‘ਸ਼ਹੀਦ ਸਿੰਘਾਂ ਦਾ ਸਸਕਾਰ ਕਰਨ ਵਾਸਤੇ।’’ ‘‘ਤੈਨੂੰ ਡਰ ਨਹੀਂ ਲਗਦਾ?’’ ਸਿਪਾਹੀ ਨੇ ਮੁੜ ਪੁਛਿਆ। ‘‘ਕਿਸ ਗੱਲ ਦਾ? ਮੁਗ਼ਲ ਰਾਜ ਦਾ ਜਾਂ ਸੈਨਾ ਦਾ? ਮੈਨੂੰ ਕਿਸੇ ਦਾ ਡਰ ਨਹੀਂ ਮੈਂ ਅਪਣਾ ਫ਼ਰਜ਼ ਪੂਰਾ ਕਰਨ ਵਾਸਤੇ ਆਈ ਸਾਂ ਸੋ ਕਰ ਲਿਆ ਹੈ। ਜੇ ਜੀਅ ਕਰਦਾ ਹੈ ਤਾਂ ਮਾਰ ਸੁੱਟੋ।’’ ਬੀਬੀ ਨੇ ਗਰਜ ਕੇ ਆਖਿਆ। ਇਹ ਸੁਣ ਕੇ ਸਿਪਾਹੀਆਂ ਨੇ ਬੀਬੀ ਸ਼ਰਨ ਕੌਰ ਉਤੇ ਹਮਲਾ ਕਰ ਦਿਤਾ ਤੇ ਬੀਬੀ ਸ਼ਰਨ ਕੌਰ ਲੜਦੀ ਹੋਈ ਜ਼ਖ਼ਮੀ ਹੋ ਗਈ। ਜ਼ਖ਼ਮੀ ਹੋਈ ਬੀਬੀ ਨੂੰ ਚੁੱਕ ਕੇ ਸਿਪਾਹੀਆਂ ਨੇ ਅੱਗ ਦੇ ਮਚਦੇ ਭਾਂਬੜ ਵਿਚ ਸੁੱਟ ਦਿਤਾ। ਅੱਗ ਨੇ ਉਸ ਦੇ ਸ੍ਰੀਰ ਨੂੰ ਲਪੇਟ ਵਿਚ ਲੈ ਲਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਪੁੱਤਰੀ ਸ਼ਹੀਦਾਂ ਦਾ ਸਸਕਾਰ ਕਰਦੀ ਹੋਈ ਖ਼ੁਦ ਸ਼ਹੀਦ ਹੋ ਗਈ। ਉਸ ਦੀ ਰੋਸ਼ਨੀ ਉਸ ਦੇ ਪਤੀ ਦੀ ਰੂਹ ਨਾਲ ਜਾ ਮਿਲੀ। ਮੁਗ਼ਲ ਸਿਪਾਹੀ ਹੈਰਾਨ ਸਨ, ਉਹ ਆਪਸ ਵਿਚ ਦੀ ਗੱਲਾਂ ਕਰਦੇ ਤੁਰੇ ਜਾ ਰਹੇ ਸਨ ਕਿ ‘‘ਪਤਾ ਨਹੀਂ ਸਿੰਘ ਕਿਸ ਮਿੱਟੀ ਦੇ ਬਣੇ ਹੋਏ ਹਨ। ਮੌਤ ਦੀ ਕੱਖ ਪ੍ਰਵਾਹ ਨਹੀਂ ਕਰਦੇ। ਵੇਖੋ ਨਾ ਇਸ ਔਰਤ ਦਾ ਹੌਸਲਾ ਕਈਆਂ ਮਰਦਾਂ ਦੇ ਹੌਸਲੇ ਨਾਲੋਂ ਵੀ ਵੱਡਾ ਹੈ। ਜੋ ਕੰਮ ਇਕੱਲੀ ਨੇ ਕੀਤਾ ਹੈ ਇਹ ਕੰਮ ਕੋਈ ਮਰਦ ਵੀ ਨਹੀਂ ਕਰ ਸਕਦਾ।’’
ਸੁਰਜੀਤ ਸਿੰਘ ਦਿਲਾ ਰਾਮ,ਸੰਪਰਕ : 99147-22933