ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਮਾਗਮ ਬਨਾਮ ਸਿੱਖੀ ਸਿਧਾਂਤਾ ਦੀ ਅਣਦੇਖੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਥਕ ਧਿਰਾਂ ਦਾ ਲੰਮੇ ਸਮੇਂ ਤੋਂ ਇਹ ਵਰਤਾਰਾ ਆਮ ਸਿੱਖਾਂ ਨੂੰ ਨਿਰਾਸ਼ ਕਰਦਾ ਆ ਰਿਹਾ ਹੈ।

File photo

ਨਵੀਂ ਦਿੱਲੀ: 15 ਨਵੰਬਰ 1920 ਨੂੰ  ਹੋਂਦ ਵਿਚ ਆਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅਪਣਾ ਇਕ ਸਦੀ ਦਾ ਜੀਵਨ ਹੰਢਾਅ ਲਿਆ ਹੈ। ਇਸ ਸੌ ਸਾਲ ਵਿਚ ਸ਼੍ਰੋਮਣੀ ਕਮੇਟੀ ਨੇ ਬਹੁਤ ਉਤਰਾਅ ਚੜਾਅ ਵੇਖ ਲਏ ਹਨ। ਜੇਕਰ ਇਸ ਦੀ ਕਾਰਜਸ਼ੈਲੀ ਦੀ ਗੱਲ ਕੀਤੀ ਜਾਵੇ ਤਾਂ ਇਹ ਗੱਲ ਪਹਿਲਾਂ ਵੀ ਬਹੁਤ ਵਾਰ ਲਿਖੀ ਜਾ ਚੁੱਕੀ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਸ ਕਾਰਜ ਲਈ ਬਣਾਈ ਗਈ ਸੀ, ਉਸ ਆਸ਼ੇ ਤੋਂ ਪਾਸਾ ਵੱਟ ਚੁੱਕੀ ਹੈ। ਜੇਕਰ ਇਹ ਕਿਹਾ ਜਾਵੇ ਕਿ ਅਪਣੇ ਮੁਢਲੇ ਸਾਲਾਂ ਨੂੰ ਛੱਡ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਗੁਰਦਵਾਰਿਆਂ ਦੇ ਪ੍ਰਬੰਧ ਵਲ ਘੱਟ ਤੇ ਰਾਜਨੀਤਕ ਪ੍ਰਬੰਧਾਂ ਵਿਚ ਜ਼ਿਆਦਾ ਮਸ਼ਰੂਫ਼ ਰਹੀ ਹੈ ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਦਰ ਜਿਸ ਤਰ੍ਹਾਂ ਪ੍ਰਵਾਰਵਾਦ ਭਾਰੂ ਹੈ ਤੇ ਜਿਸ ਤਰ੍ਹਾਂ ਕਮੇਟੀ ਦਾ ਸਿਆਸੀਕਰਨ ਕਰ ਕੇ ਉਸ ਨੂੰ ਨਿਜੀ ਸਿਆਸੀ ਮੁਫ਼ਾਦਾਂ ਲਈ ਵਰਤਿਆ ਜਾ ਰਿਹਾ ਹੈ ਤੇ ਜਿਸ ਤਰ੍ਹਾਂ ਗੁਰੂ ਦੀ ਗੋਲਕ ਦਾ ਦੁਰਉਪਯੋਗ ਹੋ ਰਿਹਾ ਹੈ, ਇਹ ਗੁਰਦਵਾਰਾ ਸਾਹਿਬ ਦੇ ਪ੍ਰਬੰਧਾਂ ਤੋਂ ਬਿਲਕੁਲ ਉਲਟ ਦਾ ਵਰਤਾਰਾ ਹੈ, ਜਿਹੜਾ ਕਿਸੇ ਆਮ ਸਿੱਖ ਤੋਂ ਵੀ ਲੁਕਿਆ ਨਹੀਂ ਰਿਹਾ। 

ਭਾਵੇਂ ਸਿੱਖਾਂ ਨੇ ਗੁਰਦਵਾਰਾ ਪ੍ਰਬੰਧ ਨੂੰ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਅਪਣੇ ਹੱਥ ਵਿਚ ਲੈਣ ਲਈ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਹੋਂਦ ਕਾਇਮ ਕੀਤੀ ਸੀ ਪਰ ਇਸ ਤੋਂ ਪਹਿਲਾਂ 1919 ਦੀ ਜਲਿਆਂ ਵਾਲੇ ਬਾਗ਼ ਦੀ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਉਸ ਮੌਕੇ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਅੰਗਰੇਜ਼ ਜ਼ਾਲਮ ਅਫ਼ਸਰ ਜਨਰਲ ਡਾਇਰ ਨੂੰ ਸਨਮਾਨਿਆ, ਉਸ ਤੋਂ ਪ੍ਰਤੱਖ ਹੁੰਦਾ ਹੈ ਕਿ ਉਸ ਮੌਕੇ ਜਥੇਦਾਰ ਸਿੱਖਾਂ ਦੀ ਨੁਮਾਇੰਦਗੀ ਨਹੀਂ ਸੀ ਕਰਦਾ, ਬਲਕਿ ਸਮੇਂ ਦੀਆਂ ਤਾਕਤਾਂ ਦੀ ਵਫ਼ਾਦਾਰੀ ਨਿਭਾਅ ਰਿਹਾ ਸੀ। ਜੇਕਰ ਉਸ ਸਮੇਂ ਨੂੰ ਮੌਜੂਦਾ ਸਮੇਂ ਨਾਲ ਮੇਲ ਕੇ ਵੇਖਿਆ ਜਾਵੇ ਤਾਂ ਅੱਜ ਵੀ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ, ਬਲਕਿ ਨਿਘਾਰ ਗਹਿਰਾ ਹੋਇਆ ਪ੍ਰਤੀਤ ਹੁੰਦਾ ਹੈ। ਜੂਨ 1984 ਦੇ ਭਾਰਤੀ ਫ਼ੌਜ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲੇ ਤੋਂ ਬਾਅਦ ਢਹਿ ਢੇਰੀ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੌਮ ਦੇ ਨਾਮ ਸੱਭ ਅੱਛਾ ਦਾ ਸੰਦੇਸ਼ ਜਾਰੀ ਕਰ ਕੇ ਹਕੂਮਤ ਦੀ ਅਧੀਨਗੀ ਦਾ ਅਹਿਸਾਸ ਕਰਵਾਉਂਦਿਆਂ ਇਹ ਸਪੱਸ਼ਟ ਸੁਨੇਹਾ ਸਿੱਖ ਕੌਮ ਨੂੰ ਦਿਤਾ ਸੀ ਕਿ ਜਿਵੇਂ ਹਕੂਮਤਾਂ ਦੇ ਰੰਗ ਬਦਲਣ ਤੋਂ ਸਿਵਾਏ ਹੋਰ ਕੁੱਝ ਨਹੀਂ ਬਦਲਿਆ, ਠੀਕ ਉਸੇ ਤਰ੍ਹਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰਾਂ ਦੀ ਜ਼ਹਿਨੀਅਤ ਵਿਚੋਂ ਵੀ ਗ਼ੁਲਾਮੀ ਦਾ ਭੈਅ ਨਿਕਲ ਨਹੀਂ ਸਕਿਆ ਜਿਸ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੇਵਾ ਨਿਭਾਉਣ ਵਾਲੇ ਸਿੱਖਾਂ ਦੀ ਸੋਚ ਅੰਗਰੇਜ਼ੀ ਰਾਜ ਦੇ ਸਮੇਂ ਨਾਲ ਮੇਲ ਖਾਣੀ ਸੁਭਾਵਕ ਹੈ। 

ਸੋ ਜਥੇਦਾਰ ਅਰੂੜ ਸਿੰਘ ਤੋਂ ਲੈ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਨਿਯੁਕਤ ਕੀਤੇ ਜਾਂਦੇ ਰਹੇ ਜਥੇਦਾਰਾਂ ਸਮੇਤ ਮੌਜੂਦਾ ਜਥੇਦਾਰ ਤਕ ਦਾ ਕਿਰਦਾਰ ਸ਼ੱਕੀ ਹੈ। ਇਸ ਦਾ ਕਾਰਨ ਸਪੱਸ਼ਟ ਹੈ ਕਿ 1925 ਦਾ ਗੁਰਦਵਾਰਾ ਐਕਟ ਜਿਥੇ ਸਿੱਖਾਂ ਵਿਚ ਬਣਦਿਆਂ ਹੀ ਢੜੇਬੰਦੀ ਪੈਦਾ ਕਰ ਗਿਆ, ਉਥੇ ਸਿੱਖਾਂ ਦੇ ਗੁਰਦਵਾਰਾ ਪ੍ਰਬੰਧ ਨੂੰ ਮੁਕੰਮਲ ਤੇ ਸਦੀਵੀ ਤੌਰ ਉਤੇ ਦਿੱਲੀ ਦਾ ਗ਼ੁਲਾਮ ਬਣਾ ਗਿਆ। ਹੁਣ ਸਿੱਖ ਚਾਹ ਕੇ ਵੀ ਇਸ ਚੁੰਗਲ ਵਿਚੋ ਨਿਕਲ ਨਹੀਂ ਸਕਦੇ। ਜੇਕਰ ਇਹ ਕਿਹਾ ਜਾਵੇ ਕਿ ਅੰਗਰੇਜ਼ ਹਾਕਮ ਜਾਣ ਤੋਂ ਚਿਰੋਕਣਾ ਸਮਾਂ ਪਹਿਲਾਂ ਹੀ ਸਿੱਖਾਂ ਦੀ ਤਾਕਤ ਨੂੰ ਕਮਜ਼ੋਰ ਕਰ ਕੇ ਗੁਰਦਵਾਰਾ ਪ੍ਰਬੰਧ ਨੂੰ ਆਜ਼ਾਦ ਕਰਨ ਦੀ ਬਜਾਏ ਮੁਲਕ ਦੇ ਬਣਨ ਵਾਲੇ ਹਾਕਮਾਂ ਦੇ ਸਦੀਵੀ ਅਧੀਨ ਕਰ ਗਿਆ ਤਾਂ ਕੁੱਝ ਗ਼ਲਤ ਨਹੀਂ। ਇਹੀ ਕਾਰਨ ਹੈ ਕਿ ਇਥੇ ਸੇਵਾ ਨਿਭਾਉਣ ਵਾਲੇ ਪ੍ਰਧਾਨ ਜਥੇਦਾਰ ਦਿੱਲੀ ਨਾਗਪੁਰ ਦੇ ਹੁਕਮਾਂ ਨੂੰ ਹੀ ਇਲਾਹੀ ਹੁਕਮ ਸਮਝਦੇ ਹੋਏ ਅੱਖਾਂ ਬੰਦ ਕਰ ਕੇ ਅਮਲ ਕਰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣ ਸਿਸਟਮ ਕਦੇ ਵੀ ਸਿੱਖਾਂ ਨੂੰ ਇਕ ਨਹੀਂ ਹੋਣ ਦੇਵੇਗਾ, ਸਗੋਂ ਇਸ ਸਿਸਟਮ ਨੇ ਧੜੇਬੰਦੀਆਂ ਦੀ ਕਦੇ ਵੀ ਨਾ ਮਿਟਣ ਵਾਲੀ ਅਜਿਹੀ ਲਕੀਰ ਖਿੱਚ ਦਿਤੀ ਹੈ, ਜਿਹੜੀ ਹੁਣ ਲਕੀਰ ਤੋਂ ਭਿਆਨਕ ਦਰਾੜ ਬਣ ਚੁੱਕੀ ਹੈ। ਪ੍ਰੋਫ਼ੈਸਰ ਸਾਹਿਬ ਸਿੰਘ ਲਿਖਦੇ ਹਨ ਕਿ ‘9 ਜੁਲਾਈ 1925 ਦੇ ਦਿਨ ਜਦੋਂ ਇਹ ਗੁਰਦਵਾਰਾ ਕਾਨੂੰਨ ਬਣਿਆ ਸੀ, ਉਸ ਦਿਨ ਹੀ ਧੜੇਬੰਦੀ ਪੈਦਾ ਹੋ ਗਈ ਸੀ। ਇਸ ਕਰ ਕੇ ਹੀ ਮਈ 1926 ਵਿਚ ਸਿੱਖਾਂ ਦੀ ਜਿਸ ਤਰਾਂ ਦੀ ਧੜੇਬੰਦੀ ਨੇ ਵਿਰਾਟ ਰੂਪ ਧਾਰ ਕੇ ਸ੍ਰੀ ਹਰਮਿੰਦਰ ਸਾਹਿਬ ਕੰਪਲੈਕਸ ਅੰਦਰ ਖ਼ੂਨ ਦੀ ਹੋਲੀ ਖੇਡੀ, ਉਹ ਸਿੱਖਾਂ ਲਈ ਬੇਹੱਦ ਨਿਰਾਸ਼ਾ ਵਾਲਾ ਕਾਰਨਾਮਾ ਸੀ। ਪਰ ਮੌਜੂਦਾ ਸਮੇਂ ਅੰਦਰ ਤਾਂ ਸ਼੍ਰੋਮਣੀ ਕਮੇਟੀ ਵਲੋਂ ਅਜਿਹੇ ਕਾਰਨਾਮੇ ਆਏ ਦਿਨ ਸਾਹਮਣੇ  ਆ ਰਹੇ ਹਨ ਜਿਸ ਤੇ ਅਫ਼ਸੋਸ ਹੀ ਪ੍ਰਗਟ ਕੀਤਾ ਜਾ ਸਕਦਾ ਹੈ। 

ਗੱਲ ਇਥੇ ਹੀ ਖ਼ਤਮ ਨਹੀਂ ਹੁੰਦੀ ਤੇ ਨਾ ਹੀ ਚੋਣ ਸਿਸਟਮ ਨਾਲ ਪੈਦਾ ਹੋਈ ਧੜੇਬੰਦੀ ਤਕ ਹੀ ਸੀਮਤ ਹੈ, ਸਗੋਂ ਸਿੱਖ ਦੁਸ਼ਮਣ ਤਾਕਤਾਂ ਦੀ ਗੁਰਦਵਾਰਾ ਪ੍ਰਬੰਧ ਅੰਦਰ ਦਖ਼ਲਅੰਦਾਜ਼ੀ ਸਿੱਖੀ ਸਬੰਧੀ ਫ਼ੈਸਲਿਆਂ ਨੂੰ ਸ਼ਰੇਆਮ ਪ੍ਰਭਾਵਤ ਕਰਦੀ ਹੈ ਪਰ ਇਹ ਦੁਖਾਂਤ ਹੈ ਕਿ ਇਸ ਨੂੰ ਦੂਰ ਕਰਨ ਲਈ ਨਾ ਹੀ ਸਿੱਖ ਸੁਹਿਰਦਤਾ ਨਾਲ ਸੋਚਦੇ ਹਨ ਤੇ ਨਾ ਹੀ ਇਕ ਪਲੇਟ ਫ਼ਾਰਮ ਤੇ ਇਕੱਠੇ ਹੁੰਦੇ ਵਿਖਾਈ ਦਿੰਦੇ ਹਨ। ਗੁਰਦਵਾਰਾ ਪ੍ਰਬੰਧ ਵਿਚ ਆਏ ਨਿਘਾਰ ਨੂੰ ਖ਼ਤਮ ਕਰਨ ਲਈ ਸਿੱਖਾਂ ਨੂੰ ਉਹੀ ਚੋਣ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ ਜਿਹੜੀ ਸਿੱਖਾਂ ਨੂੰ ਅਪਣੇ ਅੰਦਰੂਨੀ ਧਾਰਮਕ ਮਸਲਿਆਂ ਵਿਚ ਬੇ-ਲੋੜੀ ਦਖ਼ਲਅੰਦਾਜ਼ੀ ਨਾਲ ਮਾਨਸਕ ਗ਼ੁਲਾਮੀ ਦਾ ਅਹਿਸਾਸ ਕਰਵਾਉਂਦੀ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਦੇ ਵੀ ਸਿੱਖਾਂ ਦੀ ਮਰਜ਼ੀ ਨਾਲ ਨਹੀਂ ਬਲਕਿ ਕੇਂਦਰ ਦੀ ਮਰਜ਼ੀ ਨਾਲ ਹੁੰਦੀਆਂ ਹਨ ਤੇ ਫਿਰ ਕੇਂਦਰ ਦੀ ਮਰਜ਼ੀ ਨਾਲ ਹੋਈਆਂ ਚੋਣਾਂ ਵਿਚ ਸਿੱਖ ਕਮੇਟੀ ਅਪਣੀ ਮਰਜ਼ੀ ਦੀ ਤਾਂ ਹੀ ਚੁਣ ਸਕਦੇ ਹਨ, ਜੇਕਰ ਪੰਥਕ ਏਕਤਾ ਹੋਵੇ, ਜਿਹੜੀ ਪਿੱਛੇ ਝਾਤ ਮਾਰਦਿਆਂ ਤੇ ਮੌਜੂਦਾ ਹਾਲਾਤ ਨੂੰ ਵੇਖਦਿਆਂ ਸੰਭਵ ਨਹੀਂ ਜਾਪਦੀ। ਜਿਸ ਤਰ੍ਹਾਂ ਪੰਜਾਬ ਦੀ ਸਰਕਾਰ ਬਣਨ ਲਈ ਕੇਂਦਰ ਦੀ ਸਹਿਮਤੀ ਜ਼ਰੂਰੀ ਹੈ, ਠੀਕ ਉਸ ਤਰ੍ਹਾਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਵੀ ਉਹ ਲੋਕ ਹੀ ਜਿੱਤ ਕੇ ਕਾਬਜ਼ ਹੋ ਰਹੇ ਹਨ, ਜਿਹੜੇ ਚੋਣਾਂ ਤੋਂ ਪਹਿਲਾਂ ਕੇਂਦਰ ਦੀ ਵਫ਼ਾਦਾਰੀ ਦੀ ਕਸਮ ਚੁਕਦੇ ਹਨ। 

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੌ ਸਾਲਾ ਇਤਿਹਾਸ ਵਿਚ ਮੁਢਲੇ ਸਾਲਾਂ ਨੂੰ ਛੱਡ ਕੇ ਇਹ ਕਿਧਰੇ ਵੀ ਵਿਖਾਈ ਨਹੀਂ ਦਿੰਦਾ, ਜਿਥੇ ਗੁਰਦਵਾਰਾ ਪ੍ਰਬੰਧਕ ਕਮੇਟੀ ਨਿੱਡਰਤਾ ਨਾਲ ਸਿੱਖੀ ਸਿਧਾਂਤਾਂ ਤੇ ਪਹਿਰਾ ਦੇ ਰਹੀ ਹੋਵੇ, ਬਲਕਿ ਇਹ ਵਾਰ-ਵਾਰ ਵੇਖਣ ਵਿਚ ਆਉਂਦਾ ਹੈ ਕਿ ਵਿਰੋਧੀ ਤਾਕਤਾਂ ਦੇ ਇਸ਼ਾਰਿਆਂ ਤੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਲੋਕ ਖ਼ੁਦ ਹੀ ਸਿੱਖੀ ਸਿਧਾਂਤਾਂ ਦਾ ਸ਼ਰੇਆਮ ਇਸ ਤਰ੍ਹਾਂ ਘਾਣ ਕਰਦੇ ਹਨ, ਜਿਵੇਂ ਉਹ ਸਿੱਖ ਨਹੀਂ ਸਗੋਂ, ਮਸੰਦਾਂ ਤੇ ਮਹੰਤਾਂ ਦੇ ਪੀੜ੍ਹੀ ਦਰ ਪੀੜ੍ਹੀ ਚਲੇ ਆ ਰਹੇ ਵਾਰਸ ਹੋਣ।  ਸ਼੍ਰੋਮਣੀ ਕਮੇਟੀ ਦੇ ਚੱਲ ਰਹੇ ਸੌ ਸਾਲਾ ਸਮਾਗਮਾਂ ਮੌਕੇ ਲੱਗੀ ਪ੍ਰਦਰਸ਼ਣੀ ਵਿਚ ਪੰਡਤ ਜਵਾਹਰ ਲਾਲ ਨਹਿਰੂ ਦੀ ਫ਼ੋਟੋ ਪ੍ਰਦਸ਼ਤ ਕਰਨਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ। ਇਹ ਵੀ ਸੱਚ ਹੈ ਕਿ ਜਦੋਂ ਸਿੱਖ ਇਸ ਸਿਸਟਮ ਵਿਚ ਫੱਸ ਹੀ ਚੁੱਕੇ ਹਨ ਤਾਂ ਇਲਾਜ ਵੀ ਇਸ ਵਿਚ ਰਹਿ ਕੇ ਹੀ ਕੀਤਾ ਜਾ ਸਕਦਾ ਹੈ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਇਲਾਜ ਕਰਨ ਦੀ ਦੁਹਾਈ ਦੇਣ ਵਾਲੇ ਖ਼ੁਦ ਹੀ ਹਾਉਮੈ ਦੇ ਮਰੀਜ਼ ਹੋ ਕੇ ਕਈ ਦਰਜਨਾਂ ਧੜਿਆਂ ਵਿਚ ਇਸ ਕਦਰ ਵੰਡੇ ਹੋਏ ਹਨ ਕਿ ਉਹ ਅਪਸੀ ਏਕਤਾ ਕਰਨ ਨਾਲੋਂ ਹਾਰ ਜਾਣਾ ਪਸੰਦ ਕਰਦੇ ਹਨ ਤੇ ਦੁਸ਼ਮਣ ਤਾਕਤਾਂ ਨੂੰ ਮਾਤ ਦੇਣ ਦੀ ਬਜਾਏ ਇਕ ਦੂਜੇ ਨੂੰ ਮਾਤ ਦੇਣ ਤੇ ਸਾਰੀ ਤਾਕਤ ਝੋਕ ਦੇਣ ਵਿਚ ਮਾਣ ਮਹਿਸੂਸ ਕਰਦੇ ਹਨ ਜਿਸ ਕਰ ਕੇ ਵਾਰ-ਵਾਰ ਉਨ੍ਹਾਂ ਹੱਥਾਂ ਵਿਚ ਹੀ ਗੁਰਦਵਾਰਾ ਪ੍ਰਬੰਧ ਦੀ ਤਾਕਤ ਮਹਿਫ਼ੂਜ਼ ਰਹਿ ਜਾਂਦੀ ਹੈ, ਜਿਹੜੇ ਸਿੱਖ ਦੁਸ਼ਮਣ ਤਾਕਤਾਂ ਦੇ ਹੱਥਾਂ ਵਿਚ ਖੇਡ ਕੇ ਸਿੱਖੀ ਨੂੰ ਖੋਰਾ ਲਗਾਉਣ ਦੇ ਜ਼ਿੰਮੇਵਾਰ ਹੀ ਨਹੀਂ, ਸਗੋਂ ਬਜਰ ਗੁਨਾਹਗਾਰ ਹਨ।

ਪੰਥਕ ਧਿਰਾਂ ਦਾ ਲੰਮੇ ਸਮੇਂ ਤੋਂ ਇਹ ਵਰਤਾਰਾ ਆਮ ਸਿੱਖਾਂ ਨੂੰ ਨਿਰਾਸ਼ ਕਰਦਾ ਆ ਰਿਹਾ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੌ ਸਾਲ ਪੂਰੇ ਹੋਣ ਤੇ ਇਹ ਸੋਚਣਾ ਸਿੱਖਾਂ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਹੁਣ ਤਕ ਦੇ ਕਾਰਜਕਾਲ ਵਿਚ ਅਪਣੇ ਫ਼ਰਜ਼ਾਂ ਪ੍ਰਤੀ ਕਿੰਨੀ ਕੁ ਸੰਜੀਦਾ ਰਹੀ ਹੈ। ਜਦੋਂ ਧਨਾਢ ਸਿੱਖ ਆਗੂਆਂ ਦੇ ਦਲਾਂ ਦੀ ਦਲ ਦਲ ਵਿਚੋਂ ਨਿਕਲ ਕੇ ਸਿੱਖ ਖ਼ੁਦ ਸੌ ਸਾਲਾਂ ਦਾ ਲੇਖਾ ਜੋਖਾ ਕਰਨ ਦੀ ਸਮਝ ਪੈਦਾ ਕਰ ਲੈਣਗੇ ਤਾਂ ਇਸ ਮਹਾਨ ਸੰਸਥਾ ਤੇ ਕਾਬਜ਼ ਲੋਕਾਂ ਵਲੋਂ ਅਪਣੀਆਂ ਚੌਧਰਾਂ ਖ਼ਾਤਰ ਸਿੱਖੀ ਸਿਧਾਂਤਾਂ ਪ੍ਰਤੀ ਅਪਣਾਈ ਗ਼ੈਰਸੰਜੀਦਾ ਪਹੁੰਚ ਦੀ ਸਜ਼ਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚੋਂ ਬਾਹਰ ਕਰ ਕੇ ਦੇ ਸਕਣ ਦੇ ਸਮਰੱਥ ਵੀ ਹੋ ਜਾਣਗੇ, ਪ੍ਰੰਤੂ ਉਸ ਲਈ ਰਵਾਇਤੀ ਆਗੂਆਂ ਦਾ ਖਹਿੜਾ ਛੱਡ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਸਿੱਖਾਂ ਨੂੰ ਜਥੇਬੰਦ ਹੋਣਾ ਪਵੇਗਾ, ਫਿਰ ਹੀ ਇਸ ਮਹਾਨ ਸੰਸਥਾ ਦੀਆਂ ਸੌ ਸਾਲਾ ਸ਼ਤਾਬਦੀਆਂ ਮਨਾਉਣਾ ਸਾਰਥਕ ਸਿੱਧ ਹੋ ਸਕਣਗੀਆਂ।
                                                                                                ਬਘੇਲ ਸਿੰਘ ਧਾਲੀਵਾਲ,ਸੰਪਰਕ : 99142-58142