ਬੁਢਾਪੇ ਨੂੰ ਕਿਵੇਂ ਖੁਸ਼ਗਵਾਰ ਬਣਾਇਆ ਜਾਵੇ?
ਹਰ ਮਨੁੱਖ ਬੁੱਢਾ ਹੋਣ ਤੋਂ ਡਰਦਾ ਹੈ ਪਰ ਬੁਢਾਪਾ ਤਾਂ ਆਉਣਾ ਹੀ ਆਉਣਾ ਹੈ। ਜਿਸ ਵੇਲੇ ਇਨਸਾਨ ਉਤੇ ਬੁਢਾਪਾ ਆ ਜਾਂਦਾ ਹੈ, ਉਸ ਦੀ ਕਦਰ ਘੱਟ ਹੋ ਜਾਂਦੀ ਹੈ। ਪਰ...
ਹਰ ਮਨੁੱਖ ਬੁੱਢਾ ਹੋਣ ਤੋਂ ਡਰਦਾ ਹੈ ਪਰ ਬੁਢਾਪਾ ਤਾਂ ਆਉਣਾ ਹੀ ਆਉਣਾ ਹੈ। ਜਿਸ ਵੇਲੇ ਇਨਸਾਨ ਉਤੇ ਬੁਢਾਪਾ ਆ ਜਾਂਦਾ ਹੈ, ਉਸ ਦੀ ਕਦਰ ਘੱਟ ਹੋ ਜਾਂਦੀ ਹੈ। ਪਰ ਅਜਿਹੀ ਹਾਲਤ ਵਿਚੋਂ ਲੰਘਦੇ ਕਈ ਬਜ਼ੁਰਗ ਅਪਣੀਆਂ ਚੰਗੀਆਂ ਆਦਤਾਂ ਨਾਲ ਜਵਾਨੀ ਵਾਲੀ ਟੌਹਰ ਨਾਲ ਜੀਵਨ ਬਤੀਤ ਕਰਦੇ ਹਨ। ਇਸ ਤਰ੍ਹਾਂ ਦੇ ਇਨਸਾਨ ਬੁੱਢੇ ਹੋ ਕੇ ਵੀ ਜਵਾਨ ਬਣੇ ਰਹਿੰਦੇ ਹਨ। ਜਵਾਨੀ ਵਾਲੇ ਸਾਰੇ ਦਿਲੀ ਵਲਵਲੇ, ਖ਼ਾਹਿਸ਼ਾਂ ਅਤੇ ਖ਼ੁਸ਼ੀਆਂ, ਪ੍ਰੇਮ, ਸਬਰ, ਸੰਤੋਖ ਅਤੇ ਹਮਦਰਦੀ ਅਪਣੇ ਦਿਲ ਵਿਚ ਸਮਾਈ ਰਖਦੇ ਹਨ।
ਮੇਰਾ ਜੀਵਨ ਅੱਜ ਬਜ਼ੁਰਗੀ ਦੀ ਰੇਖਾ ਉਤੇ ਚਲ ਰਿਹਾ ਹੈ। ਮੈਂ ਸਵੇਰੇ ਠੀਕ 4 ਵਜੇ ਉਠ ਪੈਂਦਾ ਹਾਂ। ਕਈ ਵਾਰ ਤਾਂ ਅੱਧੀ ਰਾਤ 12 ਵਜੇ ਤੋਂ ਬਾਅਦ ਹੀ ਉਠ ਪੈਂਦਾ ਹਾਂ। ਕੋਈ ਰਚਨਾ ਲਿਖਣੀ ਹੋਵੇ ਤਾਂ ਮੇਰਾ ਸਮਾਂ 12 ਵਜੇ ਤੋਂ ਬਾਅਦ ਦਾ ਹੈ। ਰੋਜ਼ਾਨਾ 4 ਵਜੇ ਇਸ਼ਨਾਨ ਕਰ ਕੇ ਪਾਠ-ਪੂਜਾ ਕਰ ਲੈਣੀ ਹੁੰਦੀ ਹੈ। ਲਾਗੇ ਪਏ ਰੇਡੀਉ ਦਾ ਸਵਿੱਚ ਆਨ ਕਰ ਲੈਣਾ ਮੇਰਾ ਰੋਜ਼ ਦਾ ਕੰਮ ਹੈ। ਅੰਮ੍ਰਿਤਸਰ ਸਾਹਿਬ ਤੋਂ ਰਸਭਿੰਨਾ ਕੀਰਤਨ ਸੁਣਨਾ ਮੇਰੀ 1965 ਤੋਂ ਆਦਤ ਹੈ। ਮੈਂ ਰੇਡੀਉ ਤਕਰੀਬਨ 1965-66 ਤੋਂ ਸੁਣਦਾ ਆ ਰਿਹਾ ਹਾਂ। ਜੇ ਮੈਂ ਸਵੇਰੇ ਗੁਰਬਾਣੀ ਨਹੀਂ ਸੁਣਦਾ ਤਾਂ ਸਾਰਾ ਦਿਨ ਕੁੱਝ ਗੁਆਚਿਆ ਮਹਿਸੂਸ ਕਰਦਾ ਹਾਂ। 6 ਵਜੇ ਦਿੱਲੀ ਤੋਂ ਖ਼ਬਰਾਂ ਸੁਣਨੀਆਂ ਮੈਂ ਜ਼ਰੂਰੀ ਸਮਝਦਾ ਹਾਂ। ਇਸ ਤੋਂ ਬਾਅਦ 10 ਵਜੇ ਤਕ ਮੈਂ ਰੇਡੀਉ ਨਾਲ ਜੁੜਿਆ ਰਹਿੰਦਾ ਹਾਂ। ਮੈਨੂੰ ਅਪਣੇ ਆਪ ਵੇਲੇ ਸਿਰ ਚਾਹ-ਪਾਣੀ ਮਿਲਦਾ ਰਹਿੰਦਾ ਹੈ। ਕਿਸੇ ਨਾਲ ਗੁੱਸੇ ਹੋਣਾ ਜਾਂ ਕਿਸੇ ਨੂੰ ਭੱਦੀ ਭਾਸ਼ਾ 'ਚ ਬੋਲਣਾ ਮੇਰੀ ਜ਼ਿੰਦਗੀ ਦਾ ਹਿੱਸਾ ਘੱਟ ਹੀ ਰਿਹਾ ਹੈ। ਇਸੇ ਕਰ ਕੇ ਮੇਰਾ ਕੋਈ ਘਰ ਦਾ ਜੀਅ - ਲੜਕਾ, ਨੂੰਹ, ਪੋਤੇ ਸਾਰੇ ਮੇਰੇ ਨਾਲ ਬਹੁਤ ਪਿਆਰ ਨਾਲ ਬੋਲਦੇ ਹਨ। ਨਿੱਘੇ, ਮਿੱਠੇ ਸੁਭਾਅ ਨਾਲ ਚੰਗੇ ਸਬੰਧ ਬਣੇ ਰਹਿੰਦੇ ਹਨ। ਕਦੇ ਕਿਸੇ ਨਾਲ ਕੌੜਾ ਨਾ ਬੋਲੋ। ਜੇ ਬਿਰਧ ਆਦਮੀ ਸਾਰਿਆਂ ਨਾਲ ਚੰਗੇ ਸਬੰਧ ਬਣਾਈ ਰਖੇਗਾ ਤਾਂ ਇਸ ਅਵਸਥਾ ਵਿਚ ਇੱਜ਼ਤ ਅਤੇ ਮਾਣ ਹਾਸਲ ਕਰ ਸਕਦਾ ਹੈ। ਮੇਰੀ ਪਤਨੀ ਗੁਰਮੀਤ ਕੌਰ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹੇ ਨੂੰ 7ਵਾਂ ਵਰ੍ਹਾ ਜਾ ਰਿਹਾ ਹੈ। 2 ਸਾਲ ਤਾਂ ਮੈਂ ਕੁੱਝ ਉਦਾਸੀ 'ਚ ਰਿਹਾ ਪਰ ਮੈਨੂੰ ਘਰ ਦੇ ਜੀਆਂ ਤੋਂ ਬਹੁਤ ਪਿਆਰ ਮਿਲਿਆ। ਮੇਰੀ ਜ਼ਿੰਦਗੀ ਪਹਿਲਾਂ ਵਾਂਗ ਚੜ੍ਹਦੀ ਕਲਾ ਵਿਚ ਬਤੀਤ ਹੋ ਰਹੀ ਹੈ। ਉਸੇ ਤਰ੍ਹਾਂ ਜਵਾਨ ਵਲਵਲੇ, ਮਿੱਠੀਆਂ ਖ਼ਾਹਿਸ਼ਾਂ ਬਰਕਰਾਰ ਹਨ। ਜਦੋਂ ਪਤੀ ਜਾਂ ਪਤਨੀ ਵਿਚੋਂ ਇਕ ਦੀ ਮੌਤ ਹੋ ਗਈ ਹੋਵੇ, ਜਿਵੇਂ ਮੇਰਾ ਨਾਲ ਹੋਇਆ, ਤਾਂ ਜ਼ਿੰਦਗੀ ਬੇਰਸ, ਬੋਝਲ ਅਤੇ ਖ਼ੁਸ਼ੀਆਂ ਤੋਂ ਵਾਂਝੀ ਹੋ ਜਾਂਦੀ ਹੈ। ਬਹੁਤ ਫ਼ਰਕ ਪੈਂਦਾ ਹੈ। ਇਕਹਿਰੇ ਪ੍ਰਵਾਰ ਕਰ ਕੇ ਵਧੇਰੇ ਦੁੱਖ-ਮੁਸ਼ਕਲਾਂ ਆਉਂਦੀਆਂ ਹਨ। ਆਮ ਬਿਰਧ ਉਮਰ ਦੇ ਮਨੁੱਖ ਵੱਡੀ ਉਮਰ ਵਿਚ ਪਹੁੰਚ ਕੇ ਬੇਸਹਾਰਾ ਜਿਹਾ ਸਮਝ ਕੇ ਮੌਤ ਨੂੰ ਗਲ ਲਾ ਲੈਂਦੇ ਹਨ। ਕਈ ਬਜ਼ੁਰਗ ਮੈਂ ਵੇਖਿਆ ਹੈ ਜਦ ਪ੍ਰਵਾਰ ਉਨ੍ਹਾਂ ਨੂੰ ਵਿਸਾਰ ਦੇਣ ਤਾਂ ਉਹ ਖ਼ੁਦ ਹੀ ਬਿਰਧ ਆਸ਼ਰਮਾਂ 'ਚ ਚਲੇ ਜਾਂਦੇ ਹਨ। ਪਰ ਅਪਣੇ ਪ੍ਰਵਾਰ ਵਿਚ ਰਹਿ ਕੇ ਜੋ ਮਿਲਦਾ ਹੈ ਉਹ ਕਿਤੇ ਹੋਰ ਨਹੀਂ ਮਿਲਦਾ।
ਬੁਢੇਪੇ 'ਚ ਜਾ ਕੇ ਅਪਣੇ ਸ਼ੌਕ ਮਰਨ ਨਾ ਦਿਉ। ਸਦਾ ਜੀਵਨ ਦੀ ਚਮਕ ਦਾ ਦੀਵਾ ਜਗਾਈ ਰੱਖੋ ਤਾਂ ਤੁਸੀ 90 ਸਾਲ ਤਕ ਵੀ ਬਿਨਾਂ ਸਹਾਰੇ ਤੋਂ ਜੀ ਸਕਦੇ ਹੋ। ਬਿਨਾਂ ਨਾਗੇ ਤੋਂ ਥੋੜ੍ਹੀ ਜਿਹੀ ਸੈਰ ਅਤੇ ਜਿੰਨੀ ਕਸਰਤ ਕਰ ਸਕਦੇ ਹੋ ਕਰੋ। ਸੈਰ ਕਰਨ ਸਮੇਂ ਰੁੱਖਾਂ, ਬੂਟਿਆਂ, ਖਿੜੇ ਫੁੱਲਾਂ, ਚਹਿਕਦੇ ਪੰਛੀਆਂ ਅਤੇ ਉਡਦੇ ਪਰਿੰਦਿਆਂ ਨਾਲ ਅਪਣੇ ਮਨ ਨੂੰ ਤਰੋ ਤਾਜ਼ਾ ਕਰ ਸਕਦੇ ਹਾਂ। ਸਾਫ਼-ਸੁਥਰੇ ਕਪੜੇ ਪਹਿਨ ਕੇ ਅਪਣੇ ਆਪ ਨੂੰ ਤੰਦਰੁਸਤ ਸਮਝ ਕੇ ਨਾਂਹਪੱਖੀ ਰਸਤੇ ਤੋਂ ਹਾਂਪੱਖੀ ਰਸਤੇ ਉਤੇ ਜਾ ਸਕਦੇ ਹੋ।
ਬੁੱਢਾ ਤਾਂ ਹਰ ਕਿਸੇ ਨੇ ਇਕ ਦਿਨ ਹੋਣਾ ਹੀ ਹੈ। ਕਦੇ ਵੀ ਅਪਣੇ ਆਪ ਨੂੰ ਬੁੱਢਾ ਨਾ ਸਮਝੋ। ਜੇ ਇਸ ਤਰ੍ਹਾਂ ਸਮਝੋਗੇ ਤਾਂ ਜੀਣ ਦਾ ਕੋਈ ਹੱਜ ਨਹੀਂ ਰਹਿਣਾ। ਚਿਹਰੇ ਉਤੇ ਸਦਾ ਮੁਸਕਾਨ ਰੱਖੋ। ਝੁਰੜੀਆਂ ਭਰਿਆ ਚਿਹਰਾ ਵੀ ਹਸਤਾ ਹਮੇਸ਼ਾ ਦੂਜਿਆਂ ਲਈ ਹੌਸਲਾ ਦਿੰਦਾ ਰਹਿੰਦਾ ਹੈ। ਸੰਪਰਕ : 98551-43537