ਜਦ ਮੈਨੂੰ ਕਲਾਸ 'ਚੋਂ ਫ਼ਸਟ ਆਉਣ ਤੇ ਡੰਡੇ ਪਏ!
ਅਜੋਕੇ ਸਮੇਂ ਵਿਚ ਸਿਖਿਆ ਦੇ ਰਹੇ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਬਾਰੇ ਹਰ ਰੋਜ਼ ਅਖ਼ਬਾਰਾਂ ਵਿਚ ਕਹਿਣ ਸੁਣਨ ਨੂੰ ਮਿਲਦਾ ਹੈ। ਇਹ ਗੱਲ ਮਹਿਸੂਸ ਹੁੰਦੀ ਹੈ ਕਿ
ਅਜੋਕੇ ਸਮੇਂ ਵਿਚ ਸਿਖਿਆ ਦੇ ਰਹੇ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਬਾਰੇ ਹਰ ਰੋਜ਼ ਅਖ਼ਬਾਰਾਂ ਵਿਚ ਕਹਿਣ ਸੁਣਨ ਨੂੰ ਮਿਲਦਾ ਹੈ। ਇਹ ਗੱਲ ਮਹਿਸੂਸ ਹੁੰਦੀ ਹੈ ਕਿ ਸਾਰੇ ਸਿਸਟਮ ਵਿਚ ਕੋਈ ਨਾ ਕੋਈ ਚੀਜ਼ ਗ਼ਾਇਬ ਹੋ ਚੁੱਕੀ ਹੈ ਜਿਸ ਕਾਰਨ ਸਾਨੂੰ ਚੰਗੇ ਨਤੀਜੇ ਨਹੀਂ ਮਿਲ ਰਹੇ। ਭਾਰੀ ਫ਼ੀਸ, ਭਾਰੇ ਬਸਤੇ, ਵੱਡੀਆਂ ਆਲੀਸ਼ਾਨ ਇਮਾਰਤਾਂ ਪਰ ਨਤੀਜਾ ਕੁੱਝ ਵੀ ਨਹੀਂ। ਇਹ ਸੋਚਦੇ ਸੋਚਦੇ ਮੇਰੇ ਨਾਲ ਵਾਪਰੀ ਇਕ ਘਟਨਾ ਯਾਦ ਆ ਗਈ ਅਤੇ ਮੈਨੂੰ ਅਹਿਸਾਸ ਹੋ ਗਿਆ ਕਿ ਜੋ ਕੁੱਝ ਮੈਂ ਲੱਭਣ ਦੀ ਕੋਸ਼ਿਸ਼ ਕਰਦਾ ਸੀ, ਮਿਲ ਗਈ ਹੈ।
ਗੱਲ ਇਸ ਤਰ੍ਹਾਂ ਹੋਈ ਕਿ ਮੈਂ ਸਤਵੀਂ ਜਮਾਤ ਵਿਚ ਸਰਕਾਰੀ ਹਾਈ ਸਕੂਲ ਸ਼ਾਹਬਾਜ਼ਪੁਰਾ (ਹੁਣ ਜ਼ਿਲ੍ਹਾ ਤਰਨ ਤਾਰਨ) ਵਿਚ ਪੜ੍ਹਦਾ ਸੀ। ਅੰਗਰੇਜ਼ੀ ਤਾਂ ਉਸ ਵੇਲੇ ਛੇਵੀਂ ਜਮਾਤ ਤੋਂ ਸ਼ੁਰੂ ਕੀਤੀ ਜਾਂਦੀ ਸੀ। ਮੈਂ ਵੀ ਛੇਵੀਂ ਵਿਚ ਅੰਗਰੇਜ਼ੀ ਪੜ੍ਹਨੀ ਸ਼ੁਰੂ ਕੀਤੀ ਸੀ। ਪਿੰਡਾਂ ਦੇ ਵਿਦਿਆਰਥੀਆਂ ਵਾਸਤੇ ਇਹ ਔਖਾ ਵਿਸ਼ਾ ਮੰਨਿਆ ਜਾਂਦਾ ਸੀ। ਅੰਗਰੇਜ਼ੀ ਵਾਲੇ ਅਧਿਆਪਕ ਤੋਂ ਡਰ ਵੀ ਬਹੁਤ ਲਗਦਾ ਸੀ। ਸਤਵੀਂ ਜਮਾਤ ਵਿਚ ਸਾਨੂੰ ਗੁਰਦਾਸਪੁਰ ਜ਼ਿਲ੍ਹੇ ਤੋਂ ਬਦਲ ਕੇ ਆਏ ਇਕ ਵਧੀਆ ਪਰ ਸਖ਼ਤ ਅਧਿਆਪਕ ਸ. ਅਮਰੀਕ ਸਿੰਘ ਰੰਧਾਵਾ ਪੜ੍ਹਾਉਣ ਲੱਗੇ। ਸਾਡੇ ਸਕੂਲ ਵਿਚ ਕੱਚੇ ਪੇਪਰ ਹੋਏ। ਮੇਰੇ ਘਰ ਦਾ ਮਾਹੌਲ ਪੜ੍ਹਾਈ ਵਾਲਾ ਸੀ ਭਾਵੇਂ ਕਿ ਖੇਤੀ ਦਾ ਕੰਮ ਬਹੁਤ ਕਰਨਾ ਪੈਂਦਾ ਸੀ। ਮੇਰੇ ਛੇਵੀਂ ਜਮਾਤ ਦੇ ਨੰਬਰ ਵੀ ਵਧੀਆ ਸਨ। ਰੰਧਾਵਾ ਜੀ ਨੇ ਅੰਗਰੇਜ਼ੀ ਦੇ ਪੇਪਰ ਚੈੱਕ ਕਰ ਕੇ ਸਾਨੂੰ ਜਮਾਤ ਵਿਚ ਦਿਤੇ ਤਾਂ ਮੇਰੇ 100 ਵਿਚੋਂ 78 ਨੰਬਰ ਸਨ ਅਤੇ ਮੈਂ ਸਤਵੀਂ ਜਮਾਤ ਵਿਚੋਂ ਫ਼ਸਟ ਸੀ। ਵੇਖਣ ਵਾਲੀ ਗੱਲ ਇਹ ਸੀ ਕਿ ਕੋਈ ਵੀ ਵਿਦਿਆਰਥੀ ਪਾਸ ਵੀ ਨਾ ਹੋ ਸਕਿਆ। ਮੈਂ ਬੜਾ ਖ਼ੁਸ਼ ਹੋਇਆ। ਮਾਸਟਰ ਜੀ ਨੇ ਮੈਨੂੰ ਹੁਕਮ ਦਿਤਾ ਕਿ 'ਸਕੂਲ ਦੇ ਬਾਹਰੋਂ ਇਕ ਡੰਡਾ ਵੱਢ ਕੇ ਲਿਆ।' ਮੈਂ ਡੰਡਾ ਲੈਣ ਚਲਾ ਗਿਆ। ਪੂਰੀ ਰੀਝ ਨਾਲ ਇਕ ਮੋਟਾ ਡੰਡਾ ਲੈ ਕੇ ਆਇਆ ਕਿਉਂਕਿ ਮੈਨੂੰ ਪਤਾ ਸੀ ਕਿ ਮੈਨੂੰ ਕਿਹੜਾ ਕੁੱਟ ਪੈਣੀ ਹੈ। ਕੁੱਟ ਤਾਂ ਅੱਜ ਉਨ੍ਹਾਂ ਨੂੰ ਪੈਣੀ ਸੀ ਜੋ ਹਰ ਰੋਜ਼ ਮੈਨੂੰ ਪੜ੍ਹਾਕੂ ਕਹਿ ਕੇ ਛੇੜਦੇ ਸਨ।
ਮੈਂ ਡੰਡਾ ਮਾਸਟਰ ਜੀ ਨੂੰ ਫੜਾਇਆ। ਉਹ ਡੰਡਾ ਵੇਖ ਕੇ ਮੁਸਕੁਰਾਏ। ਸਾਰੀ ਜਮਾਤ ਸਹਿਮ ਗਈ ਸੀ। ਸੱਭ ਤੋਂ ਪਹਿਲਾਂ ਮੇਰਾ ਰੋਲ ਨੰਬਰ ਬੋਲਿਆ ਗਿਆ। ਮੈਂ ਸ਼ਾਬਾਸ਼ ਲੈਣ ਲਈ ਉਠਿਆ। ਮੇਰੀ ਹੈਰਾਨਗੀ ਦੀ ਹੱਦ ਨਾ ਰਹੀ ਜਦ ਮਾਸਟਰ ਜੀ ਨੇ ਮੇਰੇ ਦੋਹਾਂ ਹੱਥਾਂ ਉਤੇ ਦੋ-ਦੋ ਡੰਡੇ ਧਰ ਦਿਤੇ। ਉਹ ਵੀ ਪੂਰੇ ਜ਼ੋਰ ਨਾਲ ਅਤੇ ਡੰਡਾ ਪਾਸੇ ਰੱਖ ਦਿਤਾ। ਜਮਾਤ ਛੱਡ ਕੇ ਜਾਣ ਲੱਗੇ ਹਦਾਇਤ ਕਰ ਗਏ ਕਿ 'ਅੱਧੀ ਛੁੱਟੀ ਵੇਲੇ ਸਟਾਫ਼ ਰੂਮ ਵਿਚ ਆ ਜਾਵੀਂ।' ਵਿਦਿਆਰਥੀਆਂ ਨੇ ਮੇਰਾ ਪੂਰਾ ਮਖ਼ੌਲ ਉਡਾਇਆ ਕਿਉਂਕਿ ਕੁੱਟ ਮੈਨੂੰ ਇਕੱਲੇ ਨੂੰ ਹੀ ਪਈ ਸੀ। ਅੱਧੀ ਛੁੱਟੀ ਵੇਲੇ ਮੈਂ ਸਟਾਫ਼ ਰੂਮ ਵਿਚ ਗਿਆ। ਉਮੀਦ ਸੀ ਹੋਰ ਪੈਣਗੀਆਂ। ਪਰ ਕਾਰਨ ਦਾ ਪਤਾ ਨਹੀਂ ਸੀ ਲਗਦਾ। ਜਦ ਮੈਂ ਕਮਰੇ ਵਿਚ ਗਿਆ। ਮਾਸਟਰ ਜੀ ਨੇ ਮੈਨੂੰ ਗਲਵਕੜੀ ਵਿਚ ਲੈ ਕੇ ਪਿਆਰ ਕੀਤਾ ਅਤੇ ਕਿਹਾ, ''ਤੈਨੂੰ ਚਾਰ ਡੰਡੇ ਤਾਂ ਪਏ ਹਨ ਕਿ ਤੂੰ ਸਾਰਾ ਪੇਪਰ ਵਧੀਆ ਕੀਤਾ। ਪਰ ਚਾਰ ਗ਼ਲਤੀਆਂ ਕਿਉਂ ਕੀਤੀਆਂ? ਇਸ ਲਈ ਅੱਗੇ ਤੋਂ ਇਹ ਗ਼ਲਤੀਆਂ ਨਹੀਂ ਕਰਨੀਆਂ। ਬਾਕੀ ਵਿਦਿਆਰਥੀਆਂ ਨੂੰ ਮੈਂ ਕੁੱਝ ਨਾ ਕਿਹਾ ਕਿਉਂਕਿ ਮੈਨੂੰ ਪਤਾ ਸੀ, ਉਨ੍ਹਾਂ ਨੂੰ ਮਾਰਨ ਦਾ ਕੋਈ ਲਾਭ ਨਹੀਂ ਹੋਣਾ।''
ਮੈਨੂੰ ਪੂਰੀ ਜਮਾਤ ਵਿਚੋਂ ਫ਼ਸਟ ਆਉਣ ਤੇ ਮਾਸਟਰ ਜੀ ਨੇ ਇਕ ਰੁਪਿਆ ਵੀ ਦਿਤਾ ਜੋ ਉਸ ਵੇਲੇ ਵੱਡੀ ਰਕਮ ਲਗਦੀ ਸੀ। ਉਸ ਤੋਂ ਬਾਅਦ ਉਹ ਚਾਰ ਗ਼ਲਤੀਆਂ ਕਦੀ ਨਾ ਕੀਤੀਆਂ ਤੇ ਉਨ੍ਹਾਂ ਦੇ ਆਸ਼ੀਰਵਾਦ ਨਾਲ ਡਾਕਟਰ ਬਣ ਗਏ। ਅਜਕਲ ਇਸ ਤਰ੍ਹਾਂ ਦੇ ਅਧਿਆਪਕ ਸ਼ਾਇਦ ਹੀ ਕਿਤੇ ਮਿਲਣ। ਅੱਜ ਵੀ ਬਹੁਤ ਹੋਣਗੇ ਪਰ ਉਸ ਭਾਵਨਾ ਨੂੰ ਸਮਝਣ ਵਾਲੇ ਵਿਦਿਆਰਥੀ ਵੀ ਨਹੀਂ ਲਭਦੇ। ਜੇਕਰ ਅਧਿਆਪਕ ਅਤੇ ਵਿਦਿਆਰਥੀ ਵਿਚ ਇਹ ਭਾਵਨਾ ਮੌਜੂਦ ਹੋਵੇ ਤਾਂ ਸਾਡਾ ਸਮਾਜ ਕਿਤੇ ਦਾ ਕਿਤੇ ਪਹੁੰਚ ਸਕਦਾ ਹੈ। ਲੋੜ ਹੈ ਇਹ ਭਾਵਨਾ ਪੈਦਾ ਕਰਨ ਦੀ।
ਸੰਪਰਕ : 94173-57156