ਹਿਲਜੁਲ ਸ਼ੁਰੂ ਹੋ ਰਹੀ ਹੈ...
ਅਜੇ ਵਾਢੀ ਚੱਲ ਰਹੀ ਹੈ, ਇਸ ਕਰ ਕੇ ਥੋੜੀ ਸ਼ਾਂਤੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਹਿਲਜੁਲ ਨਹੀਂ ਹੋਈ।...
ਅਜੇ ਵਾਢੀ ਚੱਲ ਰਹੀ ਹੈ, ਇਸ ਕਰ ਕੇ ਥੋੜੀ ਸ਼ਾਂਤੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਹਿਲਜੁਲ ਨਹੀਂ ਹੋਈ। ਚਾਹਵਾਨ ਸਿਰ ਚੁੱਕ ਰਹੇ ਹਨ, ਅਸਰ ਰਸੂਖ ਵਾਲੇ ਘੁਸਰ ਮੁਸਰ ਕਰਨ ਲੱਗੇ ਹਨ। ਪਰ ਫ਼ਿਕਰ ਹੈ ਹੁਣ ਫਿਰ ਵੰਡੀਆਂ ਪੈਣਗੀਆਂ, ਫਿਰ ਸਿਆਸਤ ਚਮਕੇਗੀ, ਹੁਣ ਫਿਰ ਹਰ ਪਿੰਡ ਮਿੰਨੀ ਦਿੱਲੀ ਬਣੇਗਾ।
ਮੇਰਾ ਮਤਲਬ ਹੈ ਪੰਚਾਇਤੀ ਚੋਣਾਂ ਆਉਣ ਵਾਲੀਆਂ ਹਨ। ਪੰਚੀ, ਸਰਪੰਚੀ ਦੇ ਚਾਹਵਾਨਾਂ ਲਈ ਇਹ ਬੜੀ ਖ਼ੁਸ਼ੀ ਦੀ ਖ਼ਬਰ ਹੈ, ਅਮਲੀਆਂ, ਸ਼ਰਾਬੀਆਂ ਲਈ ਸਾਉਣ ਦੇ ਛਰਾਟਿਆਂ ਦੀ ਤਰ੍ਹਾਂ ਨੇ।
ਚੁਗਲਖੋਰਾਂ, ਲੜਾਕਿਆਂ ਲਈ ਅਪਣੀਆਂ ਪੁਰਾਣੀਆਂ ਕਿੜਾਂ ਕੱਢਣ ਲਈ ਸੁਨਹਿਰੀ ਦਿਨ ਹਨ, ਪਰ ਇਕ ਗ਼ਰੀਬ, ਦਿਹਾੜੀਦਾਰ ਲਈ ਬੜੀ ਚਿੰਤਾ ਦਾ ਵਿਸ਼ਾ ਹੈ। ਕਿਸੇ ਨੇ ਕਦੇ ਥੋੜੀ, ਬਹੁਤੀ ਮਦਦ ਵੀ ਕੀਤੀ ਹੋਵੇਗੀ ਤਾਂ ਅਹਿਸਾਨ ਜਤਾਇਆ ਜਾਵੇਗਾ। ਜਿਹੜੇ ਲੋਕ ਕਿਸੇ ਇਕ ਪਾਰਟੀ ਨਾਲ ਬੱਝੇ ਹੁੰਦੇ ਹਨ, ਉਨ੍ਹਾਂ ਲਈ ਏਨੀ ਮੁਸ਼ਕਲ ਨਹੀਂ ਹੁੰਦੀ। ਮੁਸ਼ਕਲ ਹੁੰਦੀ ਹੈ, ਉਨ੍ਹਾਂ ਲਈ ਜਿਹੜੇ ਉਂਝ ਕਿਸੇ ਪਾਰਟੀ ਦੇ ਨਹੀਂ ਹੁੰਦੇ, ਪਰ ਵੋਟਾਂ ਵੇਲੇ ਉਨ੍ਹਾਂ ਦੀ ਖਿੱਚ ਧੂਹ ਬਹੁਤ ਹੁੰਦੀ ਹੈ।
ਪਿਛਲੀਆਂ ਚੋਣਾਂ ਵਿਚ ਪ੍ਰਵਾਰਾਂ ਨਾਲੋਂ ਪ੍ਰਵਾਰ ਟੁਟਦੇ ਵੇਖੇ। ਭਰਾ, ਭਰਾ ਦੇ ਵਿਰੁਧ, ਦਰਾਣੀ ਜੇਠਾਣੀ ਦੇ ਵਿਰੁਧ, ਨੂੰਹ ਸੱਸ ਦੇ ਵਿਰੁਧ ਖੜੇ ਵੇਖੇ। ਇਕ ਦੀ ਹਾਰ ਜਿੱਤ ਤਾਂ ਹੁੰਦੀ ਹੀ ਹੈ, ਪਰ ਦਿਲਾਂ ਵਿਚ ਫਾਸਲੇ ਉਮਰਾਂ ਤਕ ਪੈ ਜਾਂਦੇ ਹਨ। ਸਿਰਫ਼ ਇਕ 'ਸਰਪੰਚ ਸਾਬ੍ਹ' ਕਹਾਉਣ ਲਈ ਅਸੀ ਅਪਣਿਆਂ ਤੋਂ ਨਾਤੇ ਤੋੜ ਲੈਂਦੇ ਹਾਂ। ਨਫ਼ਰਤਾਂ, ਜ਼ਿੱਦਾਂ, ਸਿਆਸਤਾਂ ਸਦੀਆਂ ਤਕ ਚਲਦੀਆਂ ਹਨ। ਪਿਛਲੀਆਂ ਚੋਣਾਂ ਵਿਚ ਕਈ ਪ੍ਰਵਾਰਾਂ ਨੇ ਅਪਣੇ ਪੁੱਤਰ ਤਕ ਗੁਆ ਲਏ। ਇਹ ਸਿਆਸਤ ਏਨੀ ਗੰਦੀ ਖੇਡ ਹੈ ਕਿ ਅਪਣਿਆਂ ਤੋਂ ਅਪਣੇ ਹੀ ਕਤਲ ਕਰਵਾ ਦਿੰਦੀ ਹੈ।
ਕਿੰਨੇ ਸੁਭਾਗੇ ਨੇ ਉਹ ਪਿੰਡ ਜਿਹੜੇ ਬੈਠ ਕੇ ਸਰਬਸੰਮਤੀ ਨਾਲ ਅਪਣੀ ਪੰਚਾਇਤ ਚੁਣਦੇ ਹਨ। ਸਰਕਾਰ ਕੋਲੋਂ ਗ੍ਰਾਟਾਂ ਵੀ ਲੈਂਦੇ ਹਨ ਅਤੇ ਸ਼ੋਭਾ ਵੀ ਖਟਦੇ ਹਨ, ਪਰ ਕਿੰਨੇ ਅਭਾਗੇ ਨੇ ਉਹ ਪਿੰਡ ਜਿਹੜੇ ਸਿਆਸਤਾਂ ਦੀ ਬਲੀ ਚੜ੍ਹਦੇ ਹਨ। ਕੁੱਝ ਪਲਾਂ ਦੀ ਭੜਕਾਹਟ, ਨਫ਼ਰਤ, ਜ਼ਿੱਦ ਕਿਸੇ ਦੀ ਜ਼ਿੰਦਗੀ ਲੈ ਲੈਂਦੀ ਹੈ ਅਤੇ ਬਾਕੀ ਜੇਲਾਂ ਵਿਚ ਉਮਰਾਂ ਗੁਜ਼ਾਰ ਦਿੰਦੇ ਹਨ। ਮਿਲਦਾ ਕਿਸੇ ਨੂੰ ਕੁੱਝ ਵੀ ਨਹੀਂ। ਬਸ ਚੌਧਰ ਦੇ ਭੁੱਖੇ ਲੋਕ ਭਾਈਚਾਰਿਆਂ ਤੋਂ ਭਾਈਚਾਰੇ ਨਿਖੇੜ ਦਿੰਦੇ ਹਨ। ਕਿੰਨਾ ਚੰਗਾ ਹੋਵੇ ਜੇ ਇਸ ਤਰ੍ਹਾਂ ਦਾ ਕੁੱਝ ਵੀ ਨਾ ਹੋਵੇ। ਲੋਕਤੰਤਰ ਦੀ ਸੱਭ ਤੋਂ ਛੋਟੀ ਇਕਾਈ ਕਹਿ ਕੇ ਪੰਚਾਇਤੀ ਰਾਜ ਨੂੰ ਵਡਿਆਇਆ ਜਾਂਦਾ ਹੈ।
ਪਰ ਇਸ ਇਕਾਈ ਨੇ ਪਿੰਡਾਂ ਦੀਆਂ ਤਸਵੀਰਾਂ ਹੀ ਧੁੰਦਲੀਆਂ ਕਰ ਕੇ ਰੱਖ ਦਿਤੀਆਂ। ਇਕ ਪਿੰਡ ਦੇ ਲੋਕ ਇਕ ਸ਼ਰੀਕੇ, ਇਕ ਭਾਈਚਾਰੇ ਦੀ ਤਰ੍ਹਾਂ ਹੀ ਹੁੰਦੇ ਹਨ। ਖ਼ੁਸ਼ੀਆਂ, ਗ਼ਮੀਆਂ ਮੌਕੇ ਇਕੱਠੇ ਹੋਣ ਵਾਲੇ ਕਿੱਦਾਂ ਵੰਡੇ ਜਾਂਦੇ ਹਨ। ਫਿਰ ਤੋਂ ਚੋਣਾਂ ਦੇ ਮਾਹੌਲ ਵਿਚ ਬਹੁਤ ਕੁੱਝ ਹੋਵੇਗਾ। ਬਸ ਇਕ ਬੇਨਤੀ ਹੈ, ਸਦਭਾਵਨਾ ਨਾ ਭੁਲਿਉ। ਚੋਣਾਂ ਦਾ ਕੀ ਹੈ,
ਆਉਂਦੀਆਂ ਹੀ ਰਹਿੰਦੀਆਂ ਹਨ ਅਤੇ ਜ਼ਿੰਦਗੀ ਦੇ ਨਾਲ ਹਾਰ ਜਿੱਤ ਵੀ ਹੁੰਦੀ ਹੀ ਰਹਿੰਦੀ ਹੈ। ਨਸ਼ਿਆਂ ਤੋਂ ਬਚ ਕੇ ਰਹੋ। ਆਪਸੀ ਏਕਤਾ ਭਾਈਚਾਰਾ ਬਣਾਈ ਰਖੋ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਚੋਣਾਂ ਸੁੱਖ-ਸਵੱਲੀ ਲੰਘ ਜਾਣ। ਹਰ ਘਰ ਦਾ ਦੀਵਾ ਬਲਦਾ ਰਹੇ। ਮੇਰੇ ਪੰਜਾਬ ਦਾ ਹਰ ਪਿੰਡ, ਹਰ ਸ਼ਹਿਰ ਅਤੇ ਹਰ ਵਾਸੀ ਖ਼ੁਸ਼ੀਆਂ ਖੇੜੇ ਮਾਣਦਾ ਰਹੇ।
ਸੰਪਰਕ : 73409-23044