ਦਿੱਲੀ ਦੇ ਸਰਦਾਰ-ਅਸਰਦਾਰ 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਾਹਮਣੇ ਮੌਤ ਵੇਖ ਕੇ ਜਦ ਸਕੇ ਸਬੰਧੀ ਸੱਭ ਭੱਜ ਗਏ ਤਾਂ ਦਿੱਲੀ ਦੇ ਸਰਦਾਰ ਮੁੰਡੇ ਡੱਟ ਗਏ।

langar  of oxygen

ਸਾਹਮਣੇ ਮੌਤ ਵੇਖ ਕੇ ਜਦ ਸਕੇ ਸਬੰਧੀ ਸੱਭ ਭੱਜ ਗਏ ਤਾਂ ਦਿੱਲੀ ਦੇ ਸਰਦਾਰ ਮੁੰਡੇ ਡੱਟ ਗਏ। ਜਿਹੜੀ ਦਿੱਲੀ ਨੇ ਸਾਡੇ ਨਾਲ ਕਦੇ ਵਫ਼ਾ ਨਹੀਂ ਕੀਤੀ, ਅੱਜ ਉਹੀ ਦਿੱਲੀ ਸਿੱਖਾਂ ਦੀ ਖੁਲ੍ਹਦਿਲੀ ਤੇ ਦਰਿਆ ਦਿਲੀ ਵੇਖ ਰਹੀ ਹੈ। 1984 ਦਿੱਲੀ ਰੇਲਵੇ ਸਟੇਸ਼ਨ ਦੀ ਇਕ ਫ਼ੋਟੋ ਹੈ, ਜਿਹਦੇ ਵਿਚ ਸਿੱਖਾਂ ਦੀਆਂ ਲਾਸ਼ਾਂ ਉਨ੍ਹਾਂ ਠੇਲਿਆਂ ਉਪਰ ਢੋਈਆਂ ਜਾ ਰਹੀਆਂ ਸਨ, ਜਿਨ੍ਹਾਂ ਉਪਰ ਲੱਦੇ ਭਾਰੇ ਅਟੈਚੀ, ਗੱਡੀ ਚੜ੍ਹਾਏ ਜਾਂ ਲਾਹੇ ਜਾਂਦੇ ਹਨ।

ਵਪਾਰੀ ਸਿੱਖ, ਫ਼ੌਜੀ ਸਿੱਖ, ਬੱਚੇ-ਬੁਢੇ ਸੱਭ ਨਗਰ-ਨਿਗਮ ਦੇ ਟਰੱਕਾਂ ਵਿਚ ਵਗਾਹ ਕੇ ਸੁੱਟੇ ਗਏ, ਦਿੱਲੀ ਤਮਾਸ਼ਬੀਨ ਬਣੀ ਰਹੀ। ਸਿੱਖਾਂ ਦੀ ਆਦਤ ਹੈ, ਸੁਭਾਅ ਹੈ ਕਿ ਇਹ ਹਰ ਮੁਸ਼ਕਲ ਬਾਅਦ ਛੇਤੀ ਸੰਭਲ ਜਾਂਦੇ ਹਨ। ਦਿੱਲੀ ਦੇ ਸ਼ੋਅਰੂਮਾਂ, ਮਾਰਕੀਟਾਂ, ਬਿਜ਼ਨਸਾਂ ਉਪਰ ਸਿੱਖਾਂ ਦਾ ਕਬਜ਼ਾ 1984 ਤੋਂ ਵੀ ਜ਼ਿਆਦਾ ਹੈ। ਸੋਹਣੀਆਂ ਕਾਰਾਂ-ਕੋਠੀਆਂ ਦਿੱਲੀ ਵਿਚ ਸਰਦਾਰਾਂ ਕੋਲ ਹਨ। 

ਕੋਰੋਨਾ ਦੀਆਂ ਭੱਜਦੌੜੀਆਂ ਨਿਭਾਉਣ ਵਾਲੇ ਲਾਸ਼ਾਂ ਟਿਕਾਣੇ ਲਾਉਣ ਵਾਲੇ ਕਿੰਨੇ ਸਰਦਾਰ ਮੁੰਡਿਆਂ ਨੇ 1984 ਵਿਚ ਮਾਂ-ਪਿਉ, ਚਾਚਾ-ਤਾਇਆ ਜਾਂ ਭਰਾ-ਰਿਸ਼ਤੇਦਾਰ ਗਵਾਏ ਹੋਣਗੇ। ਦਿੱਲੀ ਦੀਆਂ ਸੜਕਾਂ ਉਤੇ ਅੱਜ ਸਿੱਖਾਂ ਨੇ, ਬਿਨਾਂ ਭੇਦ ਭਾਵ ਦੇ, ਦਿੱਲੀ ਨਾਲ ਫਿਰ ਵਫ਼ਾ ਕੀਤੀ ਹੈ। ਵਿਸ਼ਵਾਸ ਹੋਰ ਪੱਕਾ ਹੁੰਦਾ ਹੈ ਕਿ ਸਿੱਖ ਹੋਰ ਹੀ ਮਿੱਟੀ ਦੇ ਬਣੇ ਹਨ।

ਇਹ ਗੁਰੂ ਨਾਨਕ ਦਾ ਡੀ.ਐਨ.ਏ. ਸੇਵਾ ਦਾ ਜੋਸ਼ ਫੜਦਾ ਹੈ, ਹਾਲਾਤ ਕਿੰਨੇ ਵੀ ਬਦਤਰ ਹੋਣ। ਦਿੱਲੀ ਕਮੇਟੀ ਗੁਰਦੁਆਰੇ, ਪ੍ਰਾਈਵੇਟ ਜਥੇਬੰਦੀਆਂ ਤੇ ਇਕੱਲੀਆਂ ਕਹਿਰੀਆਂ ਫ਼ੈਮਿਲੀਆਂ ਨੇ ਵੀ ਅਪਣੀਆਂ ਪ੍ਰਾਈਵੇਟ ਕਾਰਾਂ ਐਂਬੂਲੈਂਸ ਵਾਗੂੰ ਵਰਤੀਆਂ, ਪਾਰਕਾਂ ਵਿਚ ਬੈੱਡ ਲਾ ਕੇ ਆਕਸੀਜਨ ਪੂਰੀ ਕੀਤੀ। ਝੁੱਕ ਕੇ ਸਲਾਮ ਹੈ, ਦਿੱਲੀ ਦੇ ਨੌਜੁਆਨ ਮੁੰਡਿਆਂ ਤੇ ਕੁੜੀਆਂ ਨੂੰ।
ਸੁਖਪ੍ਰੀਤ ਸਿੰਘ ਆਰਟਿਸਟ
ਸੰਪਰਕ: 0161-2774789