ਦੁਨੀਆਂ ਦੇ ਸੱਭ ਤੋਂ ਅਮੀਰ ਸਿੱਖ ਨੇ ਭੇਜੀ ਭਾਰਤ ’ਚ ਆਕਸੀਜਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮੈਨੂੰ ਪੰਜਾਬ ਦਾ ਬਿਲ ਗੇਟਸ ਨਾ ਕਿਹਾ ਜਾਵੇ ਤਾਂ ਚੰਗਾ ਰਹੇਗਾ : ਪ੍ਰੋ. ਪੀਟਰ ਵਿਰਦੀ ਨਾਲ ਵਿਸ਼ੇਸ਼ ਗੱਲਬਾਤ, ਦਸਤਾਰ ਸਾਡੀ ਪਗੜੀ ਹੀ ਨਹੀਂ, ਸਿਰ ਦਾ ਤਾਜ ਹੈ

Prof. Peter Virdi

ਚੰਡੀਗੜ੍ਹ, 30 ਮਈ (ਸਪੋਕਸਮੈਨ ਟੀਵੀ) : ਕੋਰੋਨਾ ਕਾਲ ’ਚ ਜਦੋਂ ਸਰਕਾਰਾਂ ਨੇ ਲੋਕਾਂ ਦੀ ਮਦਦ ਕਰਨ ਦੀ ਬਜਾਏ ਮਰਨ ਲਈ ਬੇਸਹਾਰਾ ਕਰ ਕੇ ਛੱਡ ਦਿਤਾ ਸੀ, ਅਜਿਹੇ ਸਮੇਂ ’ਚ ਸਮਾਜ ਸੇਵੀਆਂ ਅਤੇ ਵਿਦੇਸ਼ਾਂ ਤੋਂ ਮਦਦ ਲਈ ਬਹੁਤ ਸਾਰੇ ਲੋਕਾਂ ਨੇ ਅਪਣੇ ਹੱਥ ਅੱਗੇ ਵਧਾਏ ਸਨ। ਇਸੇ ਬਾਰੇ ਲੰਡਨ ਤੋਂ ਪ੍ਰੋ. ਪੀਟਰ ਵਿਰਦੀ ਨੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਸਵਾਲ : ਜਦੋਂ ਪੰਜਾਬ ’ਚ ਆਕਸੀਜਨ ਦੀ ਕਮੀ ਆਈ ਸੀ, ਉਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਹਾਡੇ ਤੋਂ ਮਦਦ ਮੰਗ ਸੀ ਅਤੇ ਤੁਸੀਂ ਆਕਸੀਜਨ ਕੰਸਨਟ੍ਰੇਟਰ ਭੇਜੇ ਸਨ। ਤੁਸੀ ਇਸ ਵੱਡੀ ਸੇਵਾ ਅਤੇ ਖੁਲ੍ਹਦਿਲੀ ਬਾਰੇ ਕੀ ਕਹੋਗੇ?
ਜਵਾਬ :
ਮੇਰੀ ਜਨਮ ਭੂਮੀ ਭਾਵੇਂ ਇਗਲੈਂਡ ਦੀ ਹੈ ਪਰ ਮੇਰਾ ਪੂਰਾ ਪਰਵਾਰ ਪੰਜਾਬ ਨਾਲ ਜੁੜਿਆ ਹੋਇਆ ਹੈ ਤੇ ਮੇਰੀ ਪਿਤਰੀ ਭੂਮੀ ਪੰਜਾਬ ਹੀ ਹੈ। ਜਦੋਂ ਅਜਿਹੀ ਬਿਪਤਾ ਅਤੇ ਮੁਸੀਬਤ ਦਾ ਸਮਾਂ ਹੋਵੇ ਤਾਂ ਸਾਡੇ ਸਾਰਿਆਂ ਦਾ ਫ਼ਰਜ਼ ਬਣ ਜਾਂਦਾ ਹੈ ਕਿ ਅਪਣੇ ਲੋਕਾਂ ਦੀ ਮਦਦ ਕਰੀਏ। 

ਸਵਾਲ : ਤੁਹਾਨੂੰ ਪੰਜਾਬ ਦਾ ਬਿਲ ਗੇਟਸ ਕਿਹਾ ਜਾਂਦਾ ਹੈ। ਤੁਹਾਡੇ ਅੰਦਰ ਦਾਨ ਸੇਵਾ ਦੀ ਭਾਵਨਾ ਕਿਥੋਂ ਆਈ? ਤੁਸੀਂ ਪੰਜਾਬ ਹੀ ਨਹੀਂ ਅਫ਼ਰੀਕਾ ਤੇ ਲੰਡਨ ’ਚ ਵੀ ਸੇਵਾ ਕੀਤੀ ਹੈ।
ਜਵਾਬ :
ਮੈਨੂੰ ਪੰਜਾਬ ਦਾ ਬਿਲ ਗੇਟਸ ਨਾ ਕਿਹਾ ਜਾਵੇ ਤਾਂ ਹੀ ਚੰਗਾ ਹੋਵੇਗਾ ਕਿਉਂਕਿ ਉਸ ਦਾ ਤਲਾਕ ਹੋਣ ਵਾਲਾ ਹੈ। ਮੇਰਾ ਵਿਆਹ ਹਾਲੇ ਸਲਾਮਤ ਹੈ। ਫਿਰ ਵੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਸੇਵਾ ਪ੍ਰਮਾਤਮਾ ਦੀ ਬਖ਼ਸ਼ਿਸ਼ ਹੈ। ਦਿਲ ਵੱਡੇ ਜਾਂ ਛੋਟੇ ਦੀ ਗੱਲ ਨਹੀਂ, ਇਹ ਤਾਂ ਪ੍ਰਮਾਤਮਾ ਵਲੋਂ ਸਾਡੇ ਲਈ ਲਗਾਈ ਗਈ ਸੇਵਾ ਹੈ। ਇਸ ’ਚ ਕਿਸੇ ਸ਼ਖ਼ਸ ਦਾ ਕੰਟਰੋਲ ਨਹੀਂ ਹੁੰਦਾ। 

ਸਵਾਲ : ਜਦੋਂ ਤੁਹਾਨੂੰ ਮੁੱਖ ਮੰਤਰੀ ਵਲੋਂ ਆਕਸੀਜਨ ਕੰਸਨਟ੍ਰੇਟਰ ਭੇਜਣ ਲਈ ਕਿਹਾ ਗਿਆ, ਉਦੋਂ ਕਿਵੇਂ ਇਹ ਸੇਵਾ ਨਿਭਾਈ ਗਈ?
ਜਵਾਬ :
ਕੈਪਟਨ ਸਾਬ੍ਹ ਮੇਰੇ ਬੜੇ ਵਧੀਆ ਦੋਸਤ ਹਨ। ਮੈਂ ਉਨ੍ਹਾਂ ਨੂੰ ਫ਼ੋਨ ਕੀਤਾ ਸੀ। ਉਦੋਂ ਉਨ੍ਹਾਂ ਮੈਨੂੰ ਦਸਿਆ ਕਿ ਪੰਜਾਬ ’ਚ ਹਾਲਾਤ ਬਹੁਤ ਖ਼ਰਾਬ ਹਨ। ਮੈਂ ਇਸ ਤੋਂ ਪਹਿਲਾਂ ਉਨ੍ਹਾਂ ਦੇ ਮੂੰਹੋਂ ਕਦੇ ਨਹੀਂ ਸੀ ਸੁਣਿਆ ਕਿ ਹਾਲਾਤ ਇੰਨੇ ਖ਼ਰਾਬ ਹਨ। ਉਦੋਂ ਮੇਰੇ ਮਨ ’ਚ ਆਇਆ ਕਿ ਅਸੀਂ ਕੀ ਕਰ ਸਕਦੇ ਹਾਂ? ਉਨ੍ਹਾਂ ਮੈਨੂੰ ਕਿਹਾ ਕਿ ਜੇ ਕੰਸਨਟ੍ਰੇਟਰ ਦਾ ਪ੍ਰਬੰਧ ਹੁੰਦਾ ਹੈ ਤਾਂ ਉਹ ਪੰਜਾਬ ਨੂੰ ਭੇਜੇ ਜਾਣ। ਇਸ ਮਗਰੋਂ ਮੈਂ ਚੀਨ ’ਚ ਅਪਣੇ ਕੁੱਝ ਦੋਸਤਾਂ ਨਾਲ ਗੱਲਬਾਤ ਕੀਤੀ ਅਤੇ ਫਿਰ ਅਸੀਂ ਕੰਸਨਟ੍ਰੇਟਰਾਂ ਦਾ ਪ੍ਰਬੰਧ ਕਰਨਾ ਸ਼ੁਰੂ ਕੀਤਾ।

ਉਦੋਂ ਚੀਨੀ ਸਰਕਾਰ ਦੇ ਆਦੇਸ਼ ’ਤੇ ਕੰਸਨਟ੍ਰੇਟਰਾਂ ਨੂੰ ਫ਼ੈਕਟਰੀ ’ਚ ਸੀਜ਼ ਕਰ ਦਿਤਾ ਗਿਆ ਸੀ। ਇਸ ਮਗਰੋਂ ਅਸੀਂ ਹੋਰ ਪਾਸੀਉਂ ਮਸ਼ੀਨਾਂ ਦਾ ਪ੍ਰਬੰਧ ਕਰਨਾ ਸ਼ੁਰੂ ਕੀਤਾ। ਉਦੋਂ ਇਨ੍ਹਾਂ ਦੀ ਕੀਮਤ ਲਗਾਤਾਰ ਵੱਧ ਰਹੀ ਸੀ। ਜਿਵੇਂ 400 ਡਾਲਰ ਦੀ ਮਸ਼ੀਨ 1200 ਡਾਲਰ ’ਚ ਮਿਲ ਰਹੀ ਸੀ। ਖ਼ੁਸ਼ਕਿਸਮਤੀ ਨਾਲ ਸਾਨੂੰ ਇਹ ਮਸ਼ੀਨਾਂ ਇਕ ਤੈਅਸ਼ੁਦਾ ਕੀਮਤ ’ਤੇ ਮਿਲ ਗਈਆਂ ਅਤੇ ਇਸ ਮਗਰੋਂ ਇਹ ਪੰਜਾਬ ਨੂੰ ਭੇਜੀਆਂ ਗਈਆਂ।

ਸਵਾਲ : ਤੁਹਾਡੇ ਵਲੋਂ ਭੇਜੇ 500 ਕੰਸਨਟ੍ਰੇਟਰ ਆ ਚੁੱਕੇ ਹਨ, ਜੋ ਕਾਫ਼ੀ ਵਧੀਆ ਕੁਆਲਿਟੀ ਦੇ ਹਨ। ਭਵਿੱਖ ’ਚ ਕੀ ਯੋਜਨਾ ਬਣਾਈ ਜਾ ਰਹੀ ਹੈ?
ਜਵਾਬ :
ਫ਼ਿਲਹਾਲ ਇਨ੍ਹਾਂ ਮਸ਼ੀਨਾਂ ਦੀ ਵੰਡ ਦਾ ਕੰਮ ਚੱਲ ਰਿਹਾ ਹੈ। ਕੋਰੋਨਾ ਕਾਰਨ ਹਰ ਪਾਸੇ ਭਾਜੜ ਮਚੀ ਹੋਈ ਹੈ। ਮਸ਼ੀਨਾਂ ਦੀ ਵੰਡ ਦਾ ਕੰਮ ਕਾਫ਼ੀ ਗੁੰਝਲਦਾਰ ਸੀ ਪਰ ਸਾਡੇ ਕੁੱਝ ਸਾਥੀਆਂ ਨੇ ਬਹੁਤ ਵਧੀਆ ਕੰਮ ਕੀਤਾ। ਇਨ੍ਹਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੇ ਸਾਰੇ ਅਧਿਕਾਰੀ ਅਤੇ ਮੁਲਾਜ਼ਮ ਇਨ੍ਹਾਂ ਸਾਥੀਆਂ ਵਰਗੇ ਹੋ ਜਾਣ ਤਾਂ ਭਾਰਤ ਬਹੁਤ ਵਧੀਆ ਦੇਸ਼ ਬਣ ਜਾਵੇਗਾ।
ਸਵਾਲ : ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਵਿਦੇਸ਼ ਤੋਂ ਜਿਹੜੇ ਲੋਕ ਭਾਰਤ ’ਚ ਕੰਮ ਕਰਨ ਆਉਂਦੇ ਹਨ, ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਆਉਂਦੀਆਂ ਹਨ?
ਜਵਾਬ :
ਮੈਂ ਕਿਸੇ ਵੀ ਦੇਸ਼ ’ਚ ਇੰਨਾ ਸੁਖਾਲਾ ਮਾਹੌਲ ਨਹੀਂ ਵੇਖਿਆ, ਜਿੰਨਾ ਭਾਰਤ ’ਚ ਮਿਲਦਾ ਹੈ। ਕੋਰੋਨਾ ਕਾਲ ’ਚ ਤਾਂ ਇਸ ਦੀ ਅਨੋਖੀ ਮਿਸਾਲ ਵਿਖਾਈ ਦਿਤੀ। ਮੈਂ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਰਵਨੀਤ ਅਤੇ ਸੰਦੀਪ ਦੇ ਕੰਮ ਦੀ ਤਾਰੀਫ਼ ਕਰਨੀ ਚਾਹੁੰਦਾ ਹਾਂ। ਕਤਰ ਏਅਰਵੇਜ਼ ਨੇ ਭਾਰਤ ’ਚ ਸਾਡੀਆਂ ਦੋ ਸ਼ਿੱਪਮੈਂਟਾਂ ਮੁਫ਼ਤ ਡਿਲਿਵਰ ਕੀਤੀਆਂ, ਜਦਕਿ ਸਪਾਈਸਜੈੱਟ ਨੇ ਸਾਡੇ ਤੋਂ ਖ਼ੂਬ ਪੈਸੇ ਲਏ ਅਤੇ ਸਾਡਾ ਮਾਲ ਦਿੱਲੀ ਰੋਕ ਦਿਤਾ।

ਕਸਟਮ ਨੇ ਕਲੀਅਰ ਕਰ ਦਿਤਾ ਪਰ ਸਪਾਈਸਜੈੱਟ ਨੇ ਕਲੀਅਰ ਨਾ ਕੀਤਾ। ਇਸ ਮਗਰੋਂ ਸਪਾਈਸਜੈੱਟ ਨੂੰ ਰਵਨੀਤ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਮਝਾਇਆ ਕਿ ਇਹ ਹਰਕਤ ਬਹੁਤ ਗ਼ਲਤ ਹੈ। ਲੋਕ ਇਨ੍ਹਾਂ ਕੰਸਨਟ੍ਰੇਟਰਾਂ ਤੋਂ ਬਗ਼ੈਰ ਮਰ ਰਹੇ ਸਨ ਅਤੇ ਕੰਪਨੀ ਵਾਲੇ ਇਸ ਨੂੰ ਰਿਲੀਜ਼ ਨਹੀਂ ਕਰ ਰਹੇ ਸਨ। ਇਨ੍ਹਾਂ ਨੇ 77 ਕੰਸਨਟ੍ਰੇਟਰ ਮਸ਼ੀਨਾਂ ਬਗ਼ੈਰ ਕਿਸੇ ਕਾਰਨ ਰੋਕ ਲਈਆਂ। ਇਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਤਾਂ ਕਹਿੰਦਾ ਕਿ ਜੇ ਸਪਾਈਸਜੈੱਟ ਨੇ ਹੋਰ ਪੈਸੇ ਲੈਣੇ ਸੀ ਤਾਂ ਲੈ ਲੈਂਦੇ ਪਰ ਕੰਸਨਟ੍ਰੇਟਰਾਂ ਨੂੰ ਤਾਂ ਨਹੀਂ ਰੋਕਣਾ ਬਣਦਾ ਸੀ।

ਸਵਾਲ : ਜਦੋਂ ਕੋਈ ਐਨਜੀਓ ਸੇਵਾ ਕਰਦੀ ਹੈ ਤਾਂ ਉਸ ’ਤੇ ਸਵਾਲ ਚੁੱਕੇ ਜਾਂਦੇ ਹਨ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ? ਤੁਹਾਨੂੰ ਕਿਹੋ ਜਿਹੀਆਂ ਮੁਸ਼ਕਲਾਂ ਪੇਸ਼ ਆਈਆਂ?
ਜਵਾਬ :
ਜਦੋਂ ਕੋਈ ਸੇਵਾ ਕਰ ਰਿਹਾ ਹੁੰਦਾ ਹੈ ਤਾਂ ਹੋਰ ਬੰਦੇ ਵੀ ਉਸ ਨਾਲ ਜੁੜ ਜਾਂਦੇ ਹਨ ਤੇ ਕੋਈ ਉਸ ਦਾ ਰਸਤਾ ਨਹੀਂ ਰੋਕਦਾ। ਮੈਨੂੰ ਕਦੇ ਅਜਿਹੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ। ਭਾਵੇਂ ਕਦੇ-ਕਦੇ ਦੇਰੀ ਹੋ ਜਾਂਦੀ ਹੈ। ਮੈਂ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੁੰਦਾ।
ਸਵਾਲ : ਤੁਸੀਂ ਜਿਹੜੇ ਮੁਕਾਮ ’ਤੇ ਪਹੁੰਚੇ ਹੋ, ਉਥੇ ਪਹੁੰਚਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਤੁਸੀਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ?
ਜਵਾਬ :
ਸੱਭ ਤੋਂ ਪਹਿਲਾਂ ਤੁਹਾਨੂੰ ਅਪਣੇ ਆਈਡੀਆ ਅਤੇ ਸੋਚ ’ਤੇ ਕਾਇਮ ਰਹਿਣਾ ਪਵੇਗਾ ਕਿ ਜੇ ਇਸ ਕੰਮ ਨੂੰ ਹੱਥ ਪਾਇਆ ਤਾਂ ਸਿਰੇ ਚਾੜ੍ਹ ਕੇ ਰਹਾਂਗਾ। ਅਪਣੇ ਪਰਵਾਰ ਨਾਲ ਵੀ ਸਲਾਹ ਕਰ ਲਉ। ਮੈਂ ਦਸਣਾ ਚਾਹੁੰਦਾ ਹਾਂ ਕਿ ਭਾਰਤ ’ਚ ਭਵਿੱਖ ’ਚ ਕਰੋੜਾਂ-ਅਰਬਾਂ ਰੁਪਏ ਦਾ ਨਿਵੇਸ਼ ਅਤੇ ਕਾਰੋਬਾਰ ਆ ਰਿਹਾ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਸਟਾਰਟਅਪ ਬੰਦ ਹੋ ਗਿਆ ਹੈ ਜਾਂ ਖੜੋਤ ਆ ਗਈ ਹੈ। ਹਰ ਚੀਜ਼ ਦਾ ਸਮਾਂ ਹੁੰਦਾ ਹੈ। ਜਦੋਂ ਮੈਂ ਅਪਣਾ ਕੰਮ ਸ਼ੁਰੂ ਕੀਤਾ ਸੀ ਤਾਂ ਸੱਭ ਤੋਂ ਵੱਡੀ ਦਿੱਕਤ ਚਮੜੀ ਦੇ ਰੰਗ ਦੀ ਆਈ, ਕਿਉਂਕਿ ਸਾਡਾ ਰੰਗ ਗੋਰਿਆਂ ਦੇ ਰੰਗ ਨਾਲੋਂ ਵੱਖ ਹੈ। ਇਸ ਮਗਰੋਂ ਦਸਤਾਰ ਅਤੇ ਦਿੱਖ ਕਾਰਨ ਵੀ ਔਕੜਾਂ ਆਈਆਂ। ਸਾਨੂੰ ਇੰਗਲੈਂਡ ’ਚ ਖ਼ੁਦ ਨੂੰ ਬਿਹਤਰ ਬਣਾਉਣ ਲਈ ਗੋਰਿਉਂ ਨਾਲੋਂ ਦੁਗਣੀ ਪਰਫਾਰਮੈਂਸ ਦੇਣੀ ਪੈਂਦੀ ਹੈ ਤਾਂ ਹੀ ਨਾਂਅ ਹੁੰਦਾ ਹੈ। 

ਸਵਾਲ : ਇੰਗਲੈਂਡ ’ਚ ਤੁਸੀਂ ਜਿਵੇਂ ਸਿੱਖੀ ਸਰੂਪ ਨੂੰ ਕਾਇਮ ਰਖਿਆ। ਇਸ ਬਾਰੇ ਕੀ-ਕੀ ਪ੍ਰੇਸ਼ਾਨੀਆਂ ਝਲਣੀਆਂ ਪਈਆਂ?
ਜਵਾਬ :
ਜੇ ਬੰਦੇ ਨੇ ਦਸਤਾਰ ਬੰਨ੍ਹ ਕੇ ਵਿਦੇਸ਼ਾਂ ’ਚ ਨਾਮਣਾ ਖਟਿਆ ਹੈ ਤਾਂ ਉਸ ਨੂੰ ਬਹੁਤ ਕੱੁਝ ਝਲਣਾ ਵੀ ਪੈਂਦਾ ਹੈ। ਇਹ ਕਾਫ਼ੀ ਮੁਸ਼ਕਲ ਵੀ ਹੈ। ਸਾਨੂੰ ਅਪਣੇ ਗੁਰੂਆਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਮਿਲਦੀ ਰਹਿੰਦੀ ਹੈ ਅਤੇ ਹਰ ਰੋਜ਼ ਨਵੇਂ ਹੌਸਲੇ ਨਾਲ ਗੋਰਿਆਂ ਵਿਚਕਾਰ ਵਿਚਰਦੇ ਹਾਂ। ਮੈਂ ਕਦੇ ਅਜਿਹਾ ਨਹੀਂ ਕਰ ਸਕਦਾ ਕਿ ਅਪਣੇ ਕੇਸ ਕਟਵਾ ਕੇ ਗੋਰਿਆਂ ਵਰਗੀ ਦਿੱਖ ਬਣਾ ਲਵਾਂ। ਮੇਰਾ ਤਾਂ ਇਹੀ ਅਸੂਲ ਹੈ ਕਿ ਜੇ ਕਿਸੇ ਨੇ ਸਾਡੇ ਨਾਲ ਕੰਮ ਕਰਨਾ ਹੈ ਤਾਂ ਠੀਕ ਹੈ, ਨਹੀਂ ਤਾਂ ਕੋਈ ਗੱਲ ਨਹੀਂ। ਮੈਂ ਤਾਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਦਸਤਾਰ ਮੇਰੀ ਪਛਾਣ ਬਣੀ ਹੈ। ਜਦੋਂ ਤੁਸੀ ਕਿਸੇ ਵੱਡੇ ਮੁਕਾਮ ’ਤੇ ਪਹੁੰਚ ਜਾਂਦੇ ਹੋ ਤਾਂ ਤੁਹਾਡੀ ਦਸਤਾਰ ਬਹੁਤ ਵੱਡੀ ਪਛਾਣ ਅਤੇ ਸਤਿਕਾਰ ਬਣਾ ਲੈਂਦੀ ਹੈ।
ਸਵਾਲ : ਕੀ ਤੁਹਾਨੂੰ ਨਫ਼ਰਤੀ ਹਿੰਸਾ ਦਾ ਸਾਹਮਣਾ ਕਰਨਾ ਪਿਆ?
ਜਵਾਬ :
ਸ਼ੁਰੂਆਤ ’ਚ ਜ਼ਰੂਰ ਇਸ ਦਾ ਸਾਹਮਣਾ ਕਰਨਾ ਪਿਆ। ਮੈਂ ਬਹੁਤ ਮਜ਼ਬੂਤ ਸ਼ਖ਼ਸੀਅਤ ਵਾਲਾ ਸ਼ਖਸ ਹਾਂ। ਮੈਂ ਖ਼ੁਦ ਨੂੰ ਦਿਮਾਗੀ ਤੌਰ ’ਤੇ ਕਾਫ਼ੀ ਮਜ਼ਬੂਤ ਕੀਤਾ। ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਦਿਮਾਗੀ ਅਤੇ ਸਰੀਰਕ ਤੌਰ ’ਤੇ ਮਜ਼ਬੂਤ ਕਰਨਾ ਚਾਹੀਦਾ ਹੈ। ਭਾਰਤ ’ਚ ਬੱਚਿਆਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਪਰ ਵਿਦੇਸ਼ਾਂ ’ਚ ਗੱਲ ਹੋਰ ਹੈ। ਇਥੇ ਤੁਹਾਨੂੰ ਖ਼ੁਦ ਨੂੰ ਹਮੇਸ਼ਾ ਖ਼ਾਸ ਬਣਾਉਂਦਾ ਪੈਂਦਾ ਹੈ। ਤੁਹਾਡੇ ਦਿਮਾਗ ’ਚ ਇਹੀ ਗੱਲ ਹੋਣੀ ਚਾਹੀਦੀ ਹੈ ਕਿ ਦਸਤਾਰ ਮੇਰੇ ਸਿਰ ਦਾ ਤਾਜ ਹੈ।

ਸਵਾਲ : ਪੰਜਾਬ ਦੀ ਜਵਾਨੀ ਅੱਜ ਨਸ਼ਿਆਂ ਅਤੇ ਬੇਰੁਜ਼ਗਾਰੀ ਦੇ ਦਲਦਲ ’ਚ ਫਸੀ ਹੋਈ ਹੈ?
ਜਵਾਬ :
ਮੈਂ ਤਾਂ ਨਸ਼ੇ ਦੇ ਬਹੁਤ ਵਿਰੁਧ ਹਾਂ। ਨਸ਼ਾ ਤਾਂ ਜਵਾਨੀ, ਜੋਸ਼ ਅਤੇ ਸਿੱਖੀ ਦਾ ਹੋਣਾ ਚਾਹੀਦਾ ਹੈ। ਮੈਂ ਅਰਦਾਸ ਕਰਦਾ ਹਾਂ ਕਿ ਪੰਜਾਬ ਨੂੰ ਇਸ ਅਲਾਮਤ ਤੋਂ ਬਚਾਇਆ ਜਾਵੇ ਕਿਉਂਕਿ ਪੰਜਾਬ ਨਾਲ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਲਗਦਾ ਹੈ। ਇਸੇ ਕਾਰਨ ਉੱਥੋਂ ਵੀ ਜਿਹੜਾ ਨਸ਼ਾ ਆਉਂਦਾ ਹੈ ਉਹ ਪੰਜਾਬ ’ਚ ਹੋ ਕੇ ਜਾਂਦਾ ਹੈ। ਇਸੇ ਕਾਰਨ ਹਾਲਾਤ ਜ਼ਿਆਦਾ ਖ਼ਰਾਬ ਹਨ। ਮੈਂ ਮੰਨਦਾ ਹਾਂ ਕਿ ਹੁਣ ਨੌਜਵਾਨਾਂ ’ਚ ਕਾਫ਼ੀ ਜਾਗਰੂਕਤਾ ਆ ਗਈ ਹੈ।

ਸਵਾਲ : ਤੁਸੀਂ ਕਾਫ਼ੀ ਫੈਸ਼ਨੇਬਲ ਹੋ। ਕੰਮ, ਸਮਾਜ ਸੇਵਾ ਅਤੇ ਫ਼ੈਸ਼ਨ ਨੂੰ ਕਿਵੇਂ ਮੈਨਟੇਨ ਕਰਦੇ ਹੋ?
ਜਵਾਬ :
ਮੈਂ ਬਹੁਤ ਘੱਟ ਸਰਦਾਰ ਵੇਖੇ ਹਨ, ਜੋ ਫ਼ੈਸ਼ਨੇਬਲ ਨਾ ਹੋਣ। ਪੰਜਾਬੀ ਹਮੇਸ਼ਾ ਫ਼ੈਸ਼ਨ ’ਚ ਰਹਿੰਦਾ ਹੈ। ਪੰਜਾਬੀ ਜਦੋਂ ਵੀ ਸਵੇਰੇ ਅਪਣੀ ਦਸਤਾਰ ਬੰਨ੍ਹਦਾ ਹੈ ਤਾਂ ਉਹ ਹਮੇਸ਼ਾ ਸੋਚਦਾ ਹੈ ਕਿ ਇਸ ਦੇ ਨਾਲ ਕਿਹੜੇ ਕਪੜੇ ਜਚਣਗੇ। ਅਪਣੇ ਪੱਧਰ ’ਤੇ ਹਰ ਪੰਜਾਬੀ ਸਰਦਾਰ ਬਿਲਕੁਲ ਵਧੀਆ ਤਰੀਕੇ ਨਾਲ ਰਹਿੰਦਾ ਹੈ।

ਸਵਾਲ : ਵਿਦੇਸ਼ ’ਚ ਵੀ ਰਹਿ ਕੇ ਪੰਜਾਬ ਨਾਲ ਇੰਨਾ ਲਗਾਅ ਕਿਵੇਂ ਰਿਹਾ?
ਜਵਾਬ :
ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਨਾਲ ਦੇ ਗੋਰੇ ਦੋਸਤ ਸਪੇਨ, ਪੁਰਤਗਾਲ, ਇਟਲੀ ਆਦਿ ਥਾਵਾਂ ’ਤੇ ਛੁੱਟੀਆਂ ਕੱਟਣ ਜਾਂਦੇ ਸਨ ਪਰ ਮੇਰੇ ਮਾਪੇ ਮੈਨੂੰ ਪੰਜਾਬ ਲਿਆਉਂਦੇ ਸਨ। ਇਸੇ ਕਾਰਨ ਮੇਰੀ ਪੰਜਾਬ ਨਾਲ ਵਧੀਆ ਸੁਰ-ਤਾਲ ਬਣੀ ਰਹੀ। ਮੈਂ ਜਦੋਂ 2 ਸਾਲ ਦਾ ਸੀ, ਉਦੋਂ ਪਹਿਲੀ ਵਾਰ ਪੰਜਾਬ ਆਇਆ ਸੀ। ਜਦੋਂ ਵੀ ਮੈਨੂੰ ਸਕੂਲ ’ਚ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸਨ, ਮੈਂ ਹਮੇਸ਼ਾ ਪੰਜਾਬ ਆਉਂਦਾ ਸੀ। ਮੈਂ ਅਪਣੇ ਬੱਚਿਆਂ ਨੂੰ ਵੀ ਪੰਜਾਬ ਘੁਮਾਉਣ ਲਿਆਉਂਦਾ ਹਾਂ। ਮੇਰਾ ਕਪੂਰਥਲਾ ਨੇੜੇ ਪਿੰਡ ਕੋਲੀਆਂਵਾਲ ਹੈ। ਮੇਰੇ ਪਿਤਾ ਜੀ ਪੰਜਾਬ ’ਚ ਹੀ ਰਹਿੰਦੇ ਹਨ।