ਸ਼ਹੀਦ ਊਧਮ ਸਿੰਘ ਦੀ ਬਰਸੀ 'ਤੇ ਵਿਸ਼ੇਸ਼: 21 ਸਾਲਾਂ ਬਾਅਦ ਲੰਡਨ ਦੇ ਕੈਕਸਟਨ ਹਾਲ 'ਚ ਜਲ੍ਹਿਆਂ ਵਾਲੇ ਬਾਗ਼ ਦਾ ਲਿਆ ਬਦਲਾ
ਊਧਮ ਸਿੰਘ ਦੇ ਪਿਤਾ ਦਾ ਰਿਸ਼ਤੇਦਾਰ ਚੰਚਲ ਸਿੰਘ ਨਾਮੀ ਵਿਅਕਤੀ ਸੀ ਜੋ ਪ੍ਰਚਾਰਕ ਜੱਥੇ ਨਾਲ ਸੀ।
21 ਸਾਲਾਂ ਦੀ ਘੋਰ ਤਪੱਸਿਆ ਤੋਂ ਬਾਅਦ ਜਲ੍ਹਿਆਂ ਵਾਲੇ ਬਾਗ਼ ਦਾ ਬਦਲਾ ਲੈਣ ਵਾਲੇ ਊਧਮ ਸਿੰਘ ਮਹਾਨ ਕ੍ਰਾਂਤੀਕਾਰੀ ਯੋਧੇ ਦਾ ਜਨਮ ਮਾਤਾ ਨਰੈਣ ਕੌਰ ਉਰਫ਼ ਹਰਨਾਮ ਕੌਰ ਦੀ ਕੁੱਖੋਂ, ਪਿਤਾ ਚੂਹੜ ਸਿੰਘ ਉਰਫ਼ ਟਹਿਲ ਸਿੰਘ ਦੇ ਘਰ, ਦਾਦਾ ਵਸਾਉ ਸਿੰਘ ਦੇ ਵਿਹੜੇ, ਪੜਦਾਦਾ ਜੋਧ ਸਿੰਘ ਦੇ ਖੇੜੇ, ਲੱਕੜਦਾਦਾ ਹਰੀਆ ਸਿੰਘ ਦੇ ਸ਼ਹਿਰ ਵਿਖੇ 26 ਦਸੰਬਰ, 1899 ਈ: ਨੂੰ ਪੰਜਾਬ ਦੇ ਉਘੇ ਸ਼ਹਿਰ ਸੁਨਾਮ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਊਧਮ ਸਿੰਘ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ ਅਤੇ ਉਨ੍ਹਾਂ ਦਾ ਵੱਡਾ ਭਰਾ ਸਾਧੂ ਸਿੰਘ ਸੀ। ਇਨ੍ਹਾਂ ਦਾ ਗੋਤ ਜੰਮੂ ਤੇ ਬਿਰਾਦਰੀ ਕੰਬੋਜ ਹੈ। ਇਸ ਪ੍ਰਵਾਰ ਦਾ ਜੀਵਨ ਬੜਾ ਮੁਸ਼ਕਲਾਂ ਭਰਿਆ ਸੀ।
ਊਧਮ ਸਿੰਘ ਦੀ ਮਾਤਾ 1907 ਵਿਚ, ਪਿਤਾ 1913 ਵਿਚ ਰੱਬ ਨੂੰ ਪਿਆਰੇ ਹੋ ਗਏ। ਊਧਮ ਸਿੰਘ ਦੇ ਪਿਤਾ ਦਾ ਰਿਸ਼ਤੇਦਾਰ ਚੰਚਲ ਸਿੰਘ ਨਾਮੀ ਵਿਅਕਤੀ ਸੀ ਜੋ ਪ੍ਰਚਾਰਕ ਜੱਥੇ ਨਾਲ ਸੀ। ਉਸ ਨੇ ਦੋਵੇਂ ਮਾਸੂਮ ਬੱਚਿਆਂ ਨੂੰ ਕੇਂਦਰੀ ਖ਼ਾਲਸਾ ਯਤੀਮ-ਘਰ ਪੁਤਲੀ-ਘਰ, ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾ ਦਿਤਾ। ਊਧਮ ਸਿੰਘ ਚੁਸਤੀ-ਫੁਰਤੀ ਵਾਲਾ ਹੋਣ ਕਰ ਕੇ ਮੁੰਡਿਆਂ ’ਚ ਮੋਹਰੀ ਬਣ ਗਿਆ ਤੇ ਤਰਖਾਣਾ ਵਾਲਾ ਕੰਮ ਵੀ ਸਿਖ ਗਿਆ ਪਰ ਉਹ ਵੱਧ ਕੰਮ ਇਲੈਕਟ੍ਰੀਸ਼ਨ ਦਾ ਕਰਦਾ ਸੀ। ਜਦ 1917 ਨੂੰ ਉਸ ਦੇ ਵੱਡੇ ਭਰਾ ਸਾਧੂ ਸਿੰਘ ਉਰਫ਼ ਮੁਕੰਦ ਸਿੰਘ ਉਰਫ਼ ਮੁੱਖਾ ਸਿੰਘ ਦੀ ਨਮੂਨੀਏ ਨਾਲ ਮੌਤ ਹੋ ਗਈ ਤਾਂ ਉਧਮ ਸਿੰਘ ’ਤੇ ਹੋਰ ਵੱਡਾ ਦੁੱਖਾਂ ਦਾ ਪਹਾੜ ਟੁੱਟ ਪਿਆ। ਛੋਟੀ ਉਮਰ ਵਿਚ ਵੱਡੇ ਦੁੱਖਾਂ ਦਾ ਸਾਹਮਣਾ ਕਰਦਾ ਹੋਇਆ ਵੀ ਊਧਮ ਸਿੰਘ 1918 ਵਿਚ ਦਸਵੀਂ ਜਮਾਤ ਪਾਸ ਕਰ ਗਿਆ।
ਊਧਮ ਸਿੰਘ ਦੇ ਮਨ ’ਤੇ ਸੰਨ 1914-15 ਵਿਚ ਗਦਰ ਦਾ ਗਹਿਰਾ ਪ੍ਰਭਾਵ ਪਿਆ। ਜਦ ਗਦਰੀ ਸੂਰਮੇ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਸਰਧਾਂਜਲੀ ਦੇ ਰਹੇ ਸੀ ਤਾਂ ਇਹ ਗੱਲ ਊਧਮ ਸਿੰਘ ਦੇ ਮਨ ਵਿਚ ਘਰ ਕਰ ਚੁੱਕੀ ਸੀ ਕਿ ਹਥਿਆਰਬੰਦ ਇਨਕਲਾਬ ਹੀ ਦੁਸ਼ਮਣਾਂ ਨਾਲ ਟੱਕਰ ਲੈ ਸਕਦਾ ਹੈ। ਵਿਸਾਖੀ ਵਾਲੇ ਦਿਨ 13 ਅਪ੍ਰੈਲ, 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂ ਵਾਲੇ ਬਾਗ਼ ਵਿਖੇ ਭਾਰਤੀ ਆਗੂ ਸੈਫ਼-ਉਦ-ਦੀਨ ਕਿਚਲੂ ਤੇ ਸੱਤਪਾਲ ਦੀ ਅਗਵਾਈ ਵਿਚ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਹਜ਼ਾਰਾਂ ਦੀ ਵੱਡੀ ਗਿਣਤੀ ਵਿਚ ਲੋਕ ਸਨ। ਉਸ ਮੁਜ਼ਾਹਰੇ ਵਿਚ ਕੇਂਦਰੀ ਖ਼ਾਲਸਾ ਯਤੀਮਖ਼ਾਨੇ ਵਲੋਂ ਊਧਮ ਸਿੰਘ ਤੇ ਉਸ ਦੇ ਸਾਥੀ ਪਾਣੀ ਦੀ ਸੇਵਾ ਨਿਭਾਅ ਰਹੇ ਸਨ। ਲੋਕਾਂ ਦੇ ਭਾਰੀ ਇਕੱਠ ’ਤੇ ਬਰਤਾਨਵੀ ਸਰਕਾਰ ਦੇ ਮਾਈਕਲ ਉਡਵਾਇਰ ਦੇ ਆਰਡਰ ’ਤੇ ਜਨਰਲ ਡਾਇਰ ਨੇ ਨਿਹੱਥੇ ਲੋਕਾਂ ਤੇ ਅੰਨ੍ਹੇਵਾਹ ਗੋਲੀਆਂ ਦੀ ਬਾਰਸ਼ ਕਰ ਦਿਤੀ।
ਹਫੜਾ-ਦਫੜੀ ਮੱਚਦੀ ’ਚ ਬਹੁਤ ਸਾਰੇ ਲੋਕ ਉੱਥੇ ਜੋ ਖੂਹ ਸੀ, ਉਸ ਵਿਚ ਹੇਠਾਂ-ਉਪਰ ਡਿੱਗ ਕੇ ਦਮ ਤੋੜ ਗਏ, ਕੁਝ ਗੋਲੀਆਂ ਲੱਗਣ ਨਾਲ ਮਾਰੇ ਗਏ। ਮਾਰੇ ਗਏ ਲੋਕਾਂ ਦੀ ਗਿਣਤੀ 400 ਦੇ ਨੇੜੇ ਪਹੁੰਚੀ ਤੇ 1200 ਦੇ ਲੱਗਭਗ ਜ਼ਖ਼ਮੀ ਹੋ ਗਏ। ਬਰਤਾਨਵੀ ਪੁਲੀਸ ਵਲੋਂ 9-10 ਮਿੰਟ ਗੋਲੀਆਂ ਦੀ ਵਾਛੜ ਕੀਤੀ ਗਈ। ਇਸ ਮਾੜੀ ਘਟਨਾ ਨੇ ਉਧਮ ਸਿੰਘ ਦੇ ਲੂੰ-ਕੰਡੇ ਖੜੇ ਕਰ ਦਿਤੇ। ਇਸ ਮੌਕੇ ਦੇ ਭਿਆਨਕ ਦ੍ਰਿਸ਼ ਨੂੰ ਤੱਕ ਕੇ ਸੂਰਮੇ ਦੇ ਨੇਤਰਾਂ ਵਿਚ ਖ਼ੂਨ ਉਤਰ ਆਇਆ। ਉਸੇ ਸਮੇਂ ਹੀ ਊਧਮ ਸਿੰਘ ਭਾਰਤ ਮਾਤਾ ਦੇ ਅਣਖੀਲੇ ਸ਼ੇਰ ਨੇ ਸ਼ਹੀਦਾਂ ਦਾ ਖ਼ੂਨ ਮੱਥੇ ਨਾਲ ਲਾ ਕੇ ਇਸ ਦਿਲ ਨੂੰ ਕੰਬਾਉਣ ਵਾਲੇ ਖ਼ੂਨੀ ਸਾਕੇ ਦਾ ਦੁਸ਼ਮਣ ਗੋਰਿਆਂ ਤੋਂ ਬਦਲਾ ਲੈਣ ਲਈ ਪ੍ਰਣ ਕਰ ਲਿਆ।
ਊਧਮ ਸਿੰਘ ਨੇ ਕੇਂਦਰੀ ਯਤੀਮ-ਘਰ ਅੰਮ੍ਰਿਤਸਰ ਛਡਿਆ। ਅਨਾਥ ਘਰ ਵਾਲਿਆਂ ਨੇ ਉਸ ਲਈ ਰੇਲ ਡਰਾਈਵਰ ਦੀ ਅਪ੍ਰੈਂਟਰਸ਼ਿਪ ਦਾ ਪ੍ਰਬੰਧ ਕਰ ਦਿਤਾ ਤੇ ਕੁਝ ਸਮੇਂ ਬਾਅਦ ਉਸ ਨੇ ਇਹ ਨੌਕਰੀ ਵੀ ਛੱਡ ਦਿਤੀ। ਊਧਮ ਸਿੰਘ ਅਨੇਕਾਂ ਦੇਸ਼ਾਂ ’ਚ ਘੁੰਮਿਆ ਜਿਵੇਂ ਕਨੈਡਾ, ਜਰਮਨੀ, ਮੈਕਸਿਕੋ, ਇਟਲੀ, ਇਰਾਨ, ਜਪਾਨ, ਅਫ਼ਗਾਨਿਸਤਾਨ, ਮਲਾਇਆ, ਬਰਮਾ, ਸਿੰਗਾਪੁਰ, ਅਮਰੀਕਾ, ਸ਼ਿਕਾਗੋ, ਨਿਊਯਾਰਕ, ਫਰਾਂਸਿਸਕੋ, ਬੈਲਜੀਅਮ, ਨਾਰਵੇ, ਪੋਲੈਂਡ, ਹੰਗਰੀ, ਫ਼ਰਾਂਸ, ਸਵੀਡਨ, ਹਾਲੈਂਡ, ਇੰਗਲੈਂਡ, ਅਸਟ੍ਰੇਲੀਆ ਆਦਿ।
ਊਧਮ ਸਿੰਘ ਸੰਨ 1923 ਨੂੰ ਦਖਣੀ ਅਫ਼ਰੀਕਾ ਰਾਹੀਂ ਇੰਗਲੈਂਡ ਪਹੁੰਚ ਗਿਆ। ਤੁਰਦਾ-ਫਿਰਦਾ ਇਰਾਕ ਪਹੁੰਚ ਗਿਆ। ਦੋ ਸਾਲ ਪੂਰਬੀ ਅਫ਼ਰੀਕਾ ਵਿਚ ਗੁਜ਼ਾਰੇ। ਸਮੇਂ-ਸਮੇਂ ਤੇ ਊਧਮ ਸਿੰਘ ਗਦਰੀ ਦੇਸ਼ ਭਗਤਾਂ ਨੂੰ ਵੀ ਮਿਲਦਾ ਰਿਹਾ। ਭਗਤ ਸਿੰਘ ਦਾ ਪ੍ਰਭਾਵ ਵੀ ਕਬੂਲਿਆ। ਸੰਨ 1928 ਵਿਚ ਭਗਤ ਸਿੰਘ ਦੇ ਬੁਲਾਵੇ ’ਤੇ ਭਾਰਤ ਵਲ ਮੋੜੇ ਪਾ ਦਿਤੇ। ਜਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਲਾਹੌਰ ’ਚ ਮੀਟਿੰਗ ਕੀਤੀ ਤਾਂ ਊਧਮ ਸਿੰਘ ਨੇ ਉਸ ਮੀਟਿੰਗ ਵਿਚ ਭਾਗ ਲਿਆ। ਅਸਲਾ ਐਕਟ ਅਧੀਨ ਲਾਹੌਰ ’ਚ ਊਧਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਲਾਹੌਰ ਜੇਲ੍ਹ ਵਿਚੋਂ ਉਹ 1932 ਵਿਚ ਰਿਹਾਅ ਹੋ ਕੇ ਬਾਹਰ ਆਇਆ। ਊਧਮ ਸਿੰਘ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਸੰਪਰਕ ’ਚ ਵੀ ਆਇਆ ਸੀ। ਜਲ੍ਹਿਆਂ ਵਾਲੇ ਬਾਗ਼ ਦੀ ਘਟਨਾ ਹਮੇਸ਼ਾਂ ਦਿਮਾਗ਼ ’ਚ ਘੁੰਮਦੀ ਤੇ ਅੱਖੀਆਂ ਅੱਗੇ ਭੱਬੂਆਂ ਵਾਂਗ ਚੱਕਰ ਕਟਦੀ ਰਹਿੰਦੀ। ਉਹ ਅਪਣਾ ਸ਼ਿਕਾਰ ਲੱਭਣ ਲਈ ਤਰਲੋ-ਮੱਛੀ ਹੋਇਆ ਰਹਿੰਦਾ ਸੀ ਪਰ ਦੁਸ਼ਮਣ ਕੋਲ ਪਹੁੰਚਣ ਵਾਲਾ ਰਾਹ ਵੀ ਕੰਡਿਆਲਾ ਸੀ।
ਊਧਮ ਸਿੰਘ 1933 ’ਚ ਬਰਲਿਨ (ਜਰਮਨੀ) ਤੇ ਕਈ ਦੇਸ਼ਾਂ ’ਚ ਹੁੰਦਾ ਹੋਇਆ ਲੰਡਨ ਪਹੁੰਚ ਗਿਆ। ਉੱਥੇ ਅਨੇਕਾਂ ਛੋਟੇ-ਛੋਟੇ ਕੰਮ ਕਰਦਾ ਰਿਹਾ, ਅਪਣੀ ਪਛਾਣ ਲੁਕਾਉਂਦਾ ਰਿਹਾ ਤੇ ਇਨਕਲਾਬ ਦਾ ਕੰਮ ਜਾਰੀ ਰਖਿਆ। ਉੱਥੇ ਉਦੈ ਸਿੰਘ, ਸ਼ੇਰ ਸਿੰਘ, ਫਰੇਕ ਬਰਾਜਲ, ਰਾਮ ਮੁਹੰਮਦ ਸਿੰਘ ਅਜ਼ਾਦ, ਬਾਵਾ, ਯੂ.ਐੱਸ ਸਿੱਧੂ, ਫਰੈਕ, ਬਰਾਜ਼ੀਲ, ਊਧਨ ਸਿੰਘ ਤੇ ਊਧਮ ਸਿੰਘ ਆਦਿ ਨਾਵਾਂ ਦੀ ਸੂਚੀ ਅਪਣਾਈ। ਅਪਣੇ ਮਿਸ਼ਨ ਦੀ ਖ਼ਾਤਰ ਲੈਨਿਨ ਗਰਾਦ ਤੇ ਯੂਰਪੀ ਦੇਸ਼ਾਂ ’ਚ ਉਹ ਫਿਰਦਾ ਰਹਿੰਦਾ। ਊਧਮ ਸਿੰਘ ਨੇ ਬਸਰੇ ’ਚ ਡੇਢ ਸਾਲ ਫ਼ੌਜ ਦੀ ਨੌਕਰੀ ਕੀਤੀ ਤੇ ਪੂਰਬੀ ਅਫਰੀਕਾ ’ਚ ਦੋ ਸਾਲ ਉਸ ਨੇ ਜਹਾਜ਼ ਵਿਚ ਵੀ ਨੌਕਰੀ ਕੀਤੀ ਤੇ ਸ.ਸ ਜਲਪਾ ਦੇ ਨਾਂ ਹੇਠ ਤਰਖਾਣ ਵਜੋਂ ਵੀ ਨੌਕਰੀ ਕੀਤੀ। ਇਕ-ਦੋ ਫ਼ਿਲਮਾਂ ’ਚ ਕੰਮ ਵੀ ਕੀਤਾ।
Shaheed Udham Singh
ਇਸ ਤਰ੍ਹਾਂ ਊਧਮ ਸਿੰਘ ਨੂੰ ਜ਼ਿੰਦਗੀ ’ਚ ਅਨੇਕਾਂ ਕੰਮ ਬਦਲਣੇ ਪਏ। ਉਥੇ ਮੌਕੇ ਦੀ ਹਕੂਮਤ ਨੂੰ ਧੋਖੇ ਵਿਚ ਪਾਉਣ ਲਈ ਕਈ ਢੰਗ ਵੀ ਰਚਦਾ ਰਹਿੰਦਾ। ਭਾਰਤ ਦੀ ਅਜ਼ਾਦੀ ਲਈ ਉਸ ਨੇ, ‘ਆਜ਼ਾਦ ਲੀਗ’ ਕਾਇਮ ਕੀਤੀ। ਆਜ਼ਾਦੀ ਘੁਲਾਟੀਆਂ ਲਈ ਉਸ ਨੇ ਧਨ ਵੀ ਇਕੱਠਾ ਕੀਤਾ। ਊਧਮ ਸਿੰਘ ਨੂੰ ਸਭ ਤੋਂ ਵੱਡਾ ਪਛਤਾਵਾ ਉਸ ਸਮੇਂ ਹੋਇਆ ਜਦ ਭਾਰਤ ਦਾ ਦੁਸ਼ਮਣ ਜਨਰਲ ਡਾਇਰ ਅੰਤ ਨੂੰ ਪਾਗਲ ਹੋ ਕੇ ਮਰਿਆ ਸੀ ਤਾਂ ਊਧਮ ਸਿੰਘ ਦੇ ਦਿਲ ਵਿਚ ਹੀ ਰਹਿ ਗਈ ਕਿ ਜਰਨਲ ਡਾਇਰ ਦੀ ਮੌਤ ਮੇਰੇ ਹੱਥੋਂ ਕਿਉਂ ਨਾ ਹੋਈ। ਪਰ ਮਾਈਕਲ ਉਡਵਾਇਰ ਦੇ ਨੇੜੇ ਰਹਿਣ ਦਾ ਮੌਕਾ ਊਧਮ ਸਿੰਘ ਨੂੰ ਮਿਲਿਆ। ਕਈ ਵਾਰ ਉਡਵਾਇਰ ਨੂੰ ਮਾਰਨ ਦਾ ਮੌਕਾ ਵੀ ਮਿਲਿਆ ਪਰ ਉਸ ਨੇ ਇਹ ਮੌਕੇ ਹੱਥੋਂ ਇਸ ਲਈ ਲੰਘਾਏ ਕਿ ਲੋਕ ਇਸ ਤਰ੍ਹਾਂ ਸੋਚਣ ਲਈ ਮਜਬੂਰ ਹੋਣਗੇ ਕਿ ਮਾਲਕ ਦੇ ਘਰ ਖਾ ਕੇ ਨੌਕਰ ਨੇ ਨਮਕ ਹਰਾਮ ਕੀਤਾ।
Michael O'Dwyer
ਉਹ ਚਾਹੁੰਦਾ ਸੀ ਕਿ ਸੰਸਾਰ ਨੂੰ ਇਸ ਤਰ੍ਹਾਂ ਪਤਾ ਚੱਲੇ ਕਿ ਪਾਪੀ ਨੂੰ ਜਲ੍ਹਿਆਂ ਵਾਲੇ ਬਾਗ਼ ਦੀ ਸਜ਼ਾ ਮੌਤ ਮਿਲੀ ਹੈ। ਪਾਪੀ ਤੋਂ ਬਦਲਾ ਲੈਣ ਦਾ ਸਮਾਂ ਤਾਂ ਭਾਵੇ ਅੱਗੇ ਹੀ ਅੱਗੇ ਤੁਰਿਆ ਜਾ ਰਿਹਾ ਸੀ। ਹਜ਼ਾਰਾਂ ਦਿਨ ਸੈਂਕੜੇ ਮਹੀਨੇ ਅਨੇਕਾਂ ਸਾਲ ਬੀਤਦੇ ਜਾ ਰਹੇ ਸਨ ਪਰ ਊਧਮ ਸਿੰਘ ਨੂੰ 13 ਅਪ੍ਰੈਲ, 1919 ਦੀ ਦਿਲ ਹਿਲਾ ਦੇਣ ਵਾਲੀ ਖ਼ੂਨੀ ਘਟਨਾ ਹਮੇਸ਼ਾ ਤਾਜ਼ੀ ਹੀ ਲਗਦੀ ਸੀ। ਉਸ ਵੇਲੇ ਲੋਕ ਚੀਕ-ਚੰਘਿਆੜਾ ਪਾਉਂਦੇ, ਤੜਫ-ਤੜਪ ਕੇ ਮਰਦੇ, ਦਮ ਤੋੜਦੇ ਹਰ ਵੇਲੇ ਸੂਰਮੇ ਦੇ ਖ਼ੂਨ ਨੂੰ ਉਬਾਲਾ ਦਿਵਾਉਂਦੇ ਰਹਿੰਦੇ।
13 ਮਾਰਚ, 1940 ਦਿਨ ਬੁੱਧਵਾਰ ਨੂੰ ਸ਼ਾਮ ਦੇ ਤਿੰਨ ਵਜੇ ਈਸਟ ਇੰਡੀਆ ਐਸ਼ੋਸੀਏਸ਼ਨ ਤੇ ‘ਰਾਇਲ ਸ਼ੈਂਟਰਲ ਸੁਸਾਇਟੀ ਏਸ਼ੀਅਨ’ ਦੀ ਮੀਟਿੰਗ ਕੈਕਸਟਨ ਹਾਲ ’ਚ ਰੱਖੀ ਗਈ ਸੀ। ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਉੱਥੇ ਗੋਸ਼ਟੀ (ਵਿਚਾਰ-ਚਰਚਾ) ਹੋ ਰਹੀ ਸੀ। ਇਸ ਮੀਟਿੰਗ ਦੀ ਪ੍ਰਧਾਨਗੀ ਲਾਰਡ ਜੈੱਟਲੈਂਡ ਕਰ ਰਿਹਾ ਸੀ। ਬ੍ਰਿਗੇਡੀਅਰ ਜਨਰਲ ਸਰ ਪਰਸੀ ਸਾਇਕਸ ਨੇ ਅਫ਼ਗਾਨਿਸਤਾਨ ਬਾਰੇ ਚਾਨਣਾ ਪਾਇਆ। ਸਰ ਲੂਈਡੇਨ, ਲਾਰਡ ਲੈਮਿੰਗਟਨ ਤੇ ਸਰ ਮਾਈਕਲ ਉਡਵਾਇਰ ਸ਼ਾਮਲ ਸਨ। ਇਸ ਮੌਕੇ ਲਗਭਗ ਡੇਢ ਸੌ ਲੋਕ ਮੀਟਿੰਗ ਵਿਚ ਹਾਜ਼ਰ ਸਨ ਤੇ ਸੀਟਾਂ ਹਾਲ ’ਚ ਬੈਠਣ ਲਈ ਕੁਲ 130 ਸਨ। ਬਾਕੀ ਲੋਕ ਕੰਧਾਂ ਨਾਲ ਖੜੇ ਸਨ। ਊਧਮ ਸਿੰਘ ਸੱਜੇ ਪਾਸੇ ਵਾਲੀ ਪਹਿਲੀ ਲਾਈਨ ਦੇ ਬਿਲਕੁਲ ਨੇੜੇ ਹੋਰ ਲੋਕਾਂ ਵਿਚ ਖੜਾ ਸੀ।
ਦੂਸਰੇ ਬੁਲਾਰਿਆਂ ਤੋਂ ਬਾਅਦ ਜਦ ਸਰ ਮਾਈਕਲ ਉਡਵਾਇਰ ਭਾਸ਼ਣ ਦੇ ਕੇ ਹਟਿਆ ਤਾਂ ਸੱਜੇ ਪਾਸੇ ਖੜੇ ਊਧਮ ਸਿੰਘ ਨੇ ਪਿਸਤੌਲ ਕਢਿਆ ਤੇ ਘੋੜਾ ਦੱਬ ਦਿਤਾ। ਸਰ ਮਾਈਕਲ ਉਡਵਾਇਰ ਨੂੰ ਦੋ ਗੋਲੀਆਂ ਛਾਤੀ ’ਚ ਲੱਗੀਆਂ ਤਾਂ ਉਹ ਥਾਏਂ ਢੇਰੀ ਹੋ ਗਿਆ। ਲਾਰਡ ਲੈਮਿੰਗਟਨ, ਲਾਰਡ ਜੈੱਟਲੈਂਡ, ਸਰ ਲੂਈਡੇਨ ਵੀ ਜ਼ਖ਼ਮੀ ਹੋ ਗਏ। ਊਧਮ ਸਿੰਘ ਭਜਿਆ ਨਹੀਂ ਸਗੋਂ ਮੌਕੇ ’ਤੇ ਗ੍ਰਿਫ਼ਤਾਰੀ ਦੇ ਦਿਤੀ। ਊਧਮ ਸਿੰਘ ਨੂੰ ਇਸ ਕੇਸ ਵਿਚ ਬਰਿਕਸਟਨ ਜੇਲ੍ਹ ਭੇਜ ਦਿਤਾ। ਮੁਕੱਦਮਾ ਚਲਿਆ ਤੇ ਅਖ਼ੀਰ 31 ਜੁਲਾਈ, 1940 ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿਖੇ ਫਾਂਸੀ ਦੇ ਦਿਤੀ। ਊਧਮ ਸਿੰਘ ਦੀਆਂ ਅਸਥੀਆਂ ਵੀ ਜੇਲ੍ਹ ਵਿਚ ਹੀ ਦਫ਼ਨਾਈਆਂ ਗਈਆਂ।
ਸ਼ਹੀਦ ਊਧਮ ਸਿੰਘ ਕ੍ਰਾਂਤੀਕਾਰੀ ਯੋਧੇ ਦੀ ਕੁਰਬਾਨੀ ਤੇ ਅੱਜ ਸਾਰਾ ਭਾਰਤ ਮਾਣ ਮਹਿਸੂਸ ਕਰ ਰਿਹਾ ਹੈ। ਸ਼ਹੀਦ ਊਧਮ ਸਿੰਘ ਦਾ ਨਾਂ ਰਹਿੰਦੀ ਦੁਨੀਆਂ ਤਕ ਧਰੂ ਤਾਰੇ ਵਾਂਗ ਪੂਰੇ ਆਲਮ ’ਚ ਚਮਕਦਾ ਰਹੇਗਾ।
ਪਿੰਡ ਤੇ ਡਾਕ ਘਰ ਰਾਮਪੁਰਾ, ਜ਼ਿਲ੍ਹਾ ਬਠਿੰਡਾ
ਦਰਸ਼ਨ ਸਿੰਘ ਪ੍ਰੀਤੀਮਾਨ
ਮੋ : 98786-06963