ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜਦੋਂ ਵੀ ਸ੍ਰੀ ਗੁਰੂ ਅਮਰਦਾਸ ਜੀ ਪਿੰਡ ਬਾਸਰਕੇ ਆਉਂਦੇ, ਉਦੋਂ ਉਹ ਆਪ ਜੀ ਨਾਲ ਬਹੁਤ ਸਨੇਹ ਪਿਆਰ ਕਰਦੇ। ਕੁਝ ਸਮਾਂ ਪਾ ਕੇ ਆਪ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆ ਗਏ

Guru Ramdas Ji

ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਲਾਹੌਰ ਸ਼ਹਿਰ ਦੀ ਚੂਨਾ ਮੰਡੀ ਦੇ ਵਸਨੀਕ ਭਾਈ ਹਰਿਦਾਸ ਜੀ ਅਤੇ ਮਾਤਾ ਦਇਆ ਕੌਰ ਦੇ ਘਰ ਹੋਇਆ। ਆਪ ਜੀ ਦਾ ਬਚਪਨ ਦਾ ਨਾਮ ”ਜੇਠਾ” ਸੀ। ਬਚਪਨ ਵਿਚ ਹੀ ਆਪ ਜੀ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉੱਠ ਗਿਆ ਅਤੇ ਆਪ ਆਪਣੇ ਨਾਨਕੇ ਪਿੰਡ ਬਾਸਰਕੇ (ਅੰਮ੍ਰਿਤਸਰ) ਵਿਖੇ ਆ ਗਏ। ਆਪ ਜੀ ਨੂੰ ਛੋਟੀ ਉਮਰੇ ਕਿਰਤ ਕਮਾਈ ਵਿਚ ਲਗ ਗਏ ਤੇ ਘੁੰਗਣੀਆਂ ਵੇਚ ਕੇ ਘਰ ਦੇ ਨਿਰਬਾਹ ਵਿਚ ਹਿੱਸਾ ਪਾਉਂਦੇ ਸਨ। ਆਪ ਕਈ ਵਾਰ ਗਰੀਬਾਂ ਨੂੰ ਮੁਫਤ ਘੁੰਗਣੀਆਂ ਵੰਡ ਕੇ ਦਾਨ ਤੇ ਧਰਮ ਦੇ ਕੰਮ ਕਰਦੇ।

ਬਾਸਰਕੇ ਸ੍ਰੀ ਗੁਰੂ ਅਮਰਦਾਸ ਜੀ ਦੀ ਜਨਮ-ਨਗਰੀ ਸੀ ਅਤੇ ਇਥੋਂ ਦੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਅਕਸਰ ਗੋਇੰਦਵਾਲ ਜਾਇਆ ਕਰਦੀ ਸੀ ਅਤੇ ਕਈ ਵਾਰ ਸ੍ਰੀ ਗੁਰੂ ਅਮਰਦਾਸ ਜੀ ਖੁਦ ਇਸ ਪਿੰਡ ਆ ਕੇ ਸਗਤਾਂ ਨੂੰ ਦਰਸ਼ਨ ਦਿੰਦੇ ਸਨ। ਜਦੋਂ ਵੀ ਸ੍ਰੀ ਗੁਰੂ ਅਮਰਦਾਸ ਜੀ ਪਿੰਡ ਬਾਸਰਕੇ ਆਉਂਦੇ, ਉਦੋਂ ਉਹ ਆਪ ਜੀ ਨਾਲ ਬਹੁਤ ਸਨੇਹ ਪਿਆਰ ਕਰਦੇ। ਕੁਝ ਸਮਾਂ ਪਾ ਕੇ ਆਪ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆ ਗਏ। ਇਥੇ ਆ ਕੇ ਆਪ ਜੀ ਆਪਣੇ ਨਿਰਬਾਹ ਲਈ ਘੁੰਗਣੀਆਂ ਵੇਚਣ ਤੋਂ ਇਲਾਵਾ ਗੁਰੂ-ਘਰ ਦੀ ਸੇਵਾ ਵਿਚ ਜੁਟ ਗਏ।

ਮਿਹਨਤੀ ਜੀਵਨ ਅਤੇ ਗੁਰੂ-ਘਰ ਦੀ ਸੇਵਾ-ਘਾਲਣਾ ਸਦਕਾ ਆਪ ਜੀ ਦਾ ਵਿਆਹ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਨਾਲ ਰਚਾਇਆ। ਵਿਆਹ ਪਿੱਛੋਂ ਆਪ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੀ ਟਿਕ ਗਏ। ਇਥੇ ਆਪ ਜੀ ਗੁਰੂ-ਘਰ ਦੇ ਇਕ ਨਿਮਾਣੇ ਜਿਹੇ ਸਿੱਖ ਸੇਵਕ ਵਾਂਗ ਜੀਵਨ ਬਸਰ ਕਰਦੇ ਰਹੇ, ਇਕ ਜਵਾਈ ਵਾਂਗਰ ਨਹੀਂ। ਇਸ ਤਰ੍ਹਾਂ ਆਪ ਸੰਸਾਰਕ ਬੰਧਨਾਂ ਤੋਂ ਉਪਰ ਉਠ ਕੇ ਅਤੇ ਨਿਰਾਧਾਰ ਲੋਕ-ਲੱਜਾ ਦੀ ਪ੍ਰਵਾਹ ਨਾ ਕਰਦੇ ਹੋਏ ਗੁਰੂ-ਘਰ ਦੀ ਸੇਵਾ-ਘਾਲ ਵਿਚ ਲੱਗੇ ਰਹੇ। ਸਿੱਖ ਪ੍ਰੰਪਰਿਕ ਕਥਾਵਾਂ ਅਨੁਸਾਰ ਜਦੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦੀ ਸੇਵਾ ਕਾਰਜ ਆਰੰਭ ਕੀਤਾ ਉਦੋਂ ਇਸ ਦਾ ਸਾਰਾ ਪ੍ਰਬੰਧ ਆਪ ਸੰਗਤਾਂ ਨਾਲ ਖੁਦ ਕਾਰ-ਸੇਵਾ ਦੀ ਟੋਕਰੀ ਢੋਅ ਕੇ ਕਰਿਆ ਕਰਦੇ ਸਨ।

ਇਸ ਸਮੇਂ ਦੌਰਾਨ ਲਾਹੌਰ ਤੋਂ ਆਪ ਜੀ ਦੇ ਸ਼ਰੀਕੇ ਦੇ ਕੁਝ ਰਿਸ਼ਤੇਦਾਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਏ ਅਤੇ ਉਨ੍ਹਾਂ ਨੂੰ ਇਹ ਗੱਲ ਬਹੁਤ ਚੰਗੀ ਨਾ ਲੱਗੀ। ਇਹ ਵੇਖ ਕੇ ਉਨ੍ਹਾਂ ਨੇ ਆਪਣੀ ਬੇਇਜ਼ਤੀ ਮਹਿਸੂਸ ਕੀਤੀ ਅਤੇ ਕਈ ਕੌੜੇ ਫਿੱਕੇ ਬਚਨ ਬੋਲਦੇ ਸ੍ਰੀ ਗੁਰੂ ਅਮਰਦਾਸ ਜੀ ਪਾਸ ਪੁੱਜੇ ਅਤੇ ਇਸ ਗੱਲ ਦਾ ਗਿਲ੍ਹਾ ਕੀਤਾ ਤਾਂ ਅੱਗੋਂ ਗੁਰੂ ਸਾਹਿਬ ਜੀ ਨੇ ਮੁਸਕਰਾ ਕੇ ਕਿਹਾ; ਭੋਲਿਓ, ਸ੍ਰੀ ਰਾਮਦਾਸ ਜੀ ਦੇ ਸਿਰ ਉਪਰ ਗਾਰੇ-ਮਿੱਟੀ ਦੀ ਟੋਕਰੀ ਨਹੀਂ, ਸਗੋਂ ਦੀਨ ਦੁਨੀ ਦਾ ਛੱਤਰ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰ-ਗੱਦੀ ਤਿਆਗਣ ਤੋਂ ਪਹਿਲਾਂ ਆਪਣੇ ਸਿੱਖਾਂ ਸੇਵਕਾਂ ਦੀਆਂ ਕਈ ਤਰ੍ਹਾਂ ਦੀਆਂ ਪ੍ਰੀਖਿਆਵਾਂ ਲਈਆਂ ਅਤੇ ਇਨ੍ਹਾਂ ਸਾਰੀਆਂ ਵਿਚੋਂ ਸ੍ਰੀ ਰਾਮਦਾਸ ਜੀ ਹੀ ਸਫਲ ਹੋਏ। ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਜੀ ਨੂੰ ਗੁਰਗੱਦੀ ਦੀ ਜਿੰਮੇਵਾਰੀ ਸੌਂਪ ਦਿੱਤੀ।

ਗੁਰਗੱਦੀ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦੱਸੇ ਸਥਾਨ ਅਤੇ ਪਤੇ ਮੁਤਾਬਿਕ (ਜਿਸ ਥਾਂ ਹੁਣ ਸ੍ਰੀ ਅੰਮ੍ਰਿਤਸਰ ਸ਼ਹਿਰ ਹੈ) ਜਾ ਕੇ ਇਕ ਸਰੋਵਰ (ਸੰਤੋਖਸਰ) ਦੀ ਖੁਦਵਾਈ ਆਰੰਭ ਕਰਵਾਈ ਅਤੇ ਬਾਅਦ ਵਿਚ ਆਸ-ਪਾਸ ਦੇ ਪਿੰਡਾਂ ਦੇ ਜ਼ਿਮੀਂਦਾਰਾਂ ਤੋਂ ਪੰਜ ਸੌ ਵਿੱਘੇ ਜ਼ਮੀਨ ਮੁੱਲ ਲੈ ਕੇ ‘ਗੁਰੂ ਦਾ ਚੱਕ’ (ਹੁਣ ਸ੍ਰੀ ਅੰਮ੍ਰਿਤਸਰ ਸ਼ਹਿਰ) ਵਸਾਉਣਾ ਸ਼ੁਰੂ ਕੀਤਾ। ਨਗਰ ਵਿਚ ਵਪਾਰ, ਰੋਟੀ ਰੋਜ਼ੀ ਅਤੇ ਕਿਰਤ ਕਮਾਈ ਦੇ ਸਾਧਨਾਂ ਨੂੰ ਤੋਰਨ ਅਤੇ ਮਜ਼ਬੂਤ ਕਰਨ ਲਈ ਦੂਰ-ਦੂਰ ਤੋਂ 52 ਕਿਸਮ ਦੇ ਕਿੱਤਿਆਂ ਦੇ ਕਾਰੀਗਰਾਂ ਅਤੇ ਵਪਾਰੀਆਂ ਨੂੰ ਵਸਾਇਆ।

ਗੁਰੂ ਸਾਹਿਬ ਜੀ ਨੇ ਜਿਸ ਪਹਿਲੇ ਬਾਜ਼ਾਰ ਨੂੰ ਸੰਚਾਲਿਤ ਕੀਤਾ ਉਸ ਦਾ ਨਾਂ ‘ਗੁਰੂ ਬਾਜ਼ਾਰ’ ਪ੍ਰਸਿੱਧ ਹੋਇਆ ਜੋ ਅੱਜ ਵੀ ਮੌਜੂਦ ਹੈ ਤੇ ਸੋਨੇ-ਚਾਂਦੀ ਦੇ ਜੇਵਰਾਂ ਦਾ ਅੰਤਰਰਾਸ਼ਟਰੀ ਬਾਜ਼ਾਰ ਹੈ। ਆਪ ਜੀ ਦੇ ਸਮੇਂ ਸਿੱਖੀ ਦੇ ਬੂਟਾ ਬਹੁਤ ਪ੍ਰਫੁੱਲਤ ਹੋਇਆ। ਗੁਰੂ ਸਾਹਿਬ ਜੀ ਨੇ ਸਾਰੇ ਦੇਸ਼ ਵਿਚ ਸਿੱਖੀ ਦੇ ਪ੍ਰਚਾਰ ਕੇਂਦਰ ਸਥਾਪਿਤ ਕੀਤੇ ਅਤੇ ਜੋ ਵਿਅਕਤੀ ਇਨ੍ਹਾਂ ਕੇਂਦਰਾਂ ਦਾ ਕੰਮ-ਕਾਰ ਅਤੇ ਸੰਚਾਲਣ ਕਰਨ ਲੱਗੇ ਉਨ੍ਹਾਂ ਨੂੰ ‘ਮਸੰਦ’ ਕਹਿ ਕੇ ਜਾਣਿਆ ਜਾਂਦਾ। ਸ੍ਰੀ ਗੁਰੂ ਰਾਮਦਾਸ ਜੀ ਨੇ ਧੁਰ ਕੀ ਬਾਣੀ ਦਾ ਅਮੁੱਲ ਤੇ ਵੱਡਾ ਭੰਡਾਰ ਮਨੁੱਖਤਾ ਦੀ ਝੋਲੀ ਪਾਇਆ। ਆਪ ਜੀ ਦੀ ਬਾਣੀ ਮਨੁੱਖ ਮਾਤਰ ਲਈ ਪ੍ਰੇਰਨ-ਸ੍ਰੋਤ ਹੈ। ਗਿਆਨੀ ਗਿਆਨ ਸਿੰਘ ਗੁਰੂ ਪਾਤਿਸ਼ਾਹ ਦੀ ਬਾਣੀ ਬਖਸ਼ਿਸ਼ ਸਬੰਧੀ ਲਿਖਦੇ ਹਨ:

ਗੁਰ ਉਚਰੈਂ ਬਾਨੀ ਅਮ੍ਰਤ ਸਾਂਨੀ ਬੇਦ ਅਧਕਾਨੀ ਸੁਖਦਾਨੀ।।
(ਪੰਥ ਪ੍ਰਕਾਸ਼)
ਆਪਣੀ ਸੱਚਖੰਡ ਵਾਪਸੀ ਦਾ ਸਮਾਂ ਨਜ਼ਦੀਕ ਜਾਣ ਕੇ ਸ੍ਰੀ ਗੁਰੂ ਰਾਮਦਾਸ ਜੀ ਪਰਵਾਰ ਸਮੇਤ ਸ੍ਰੀ ਗੋਇੰਦਵਾਲ ਚਲੇ ਗਏ ਅਤੇ ਇਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪ ਕੇ ਜੋਤੀ-ਜੋਤਿ ਸਮਾ ਗਏ। ਆਪ ਜੀ ਦਾ ਜੋਤੀ ਜੋਤ ਪੁਰਬ 4 ਸਤੰਬਰ ਨੂੰ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਸਾਨੂੰ ਗੁਰੂ ਸਾਹਿਬ ਜੀ ਵੱਲੋਂ ਦੱਸੀ ਗਈ ਜੀਵਨ ਜਾਚ ਅਨੁਸਾਰ ਜੀਵਨ ਬਤੀਤ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਸੋ ਆਓ, ਗੁਰੂ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰ ਕੇ ਆਪਣਾ ਜੀਵਨ ਸਫਲਾ ਕਰੀਏ।
-ਪ੍ਰੋ:ਕਿਰਪਾਲ ਸਿੰਘ ਬਡੂੰਗਰ