Gilli danda Game News: ਅਲੋਪ ਹੋਇਆ ਗੁੱਲੀ ਡੰਡਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

Gilli danda Game News: ਗੁੱਲੀ ਦੇ ਦੋਵੇਂ ਸਿਰੇ ਤਰਾਸ਼ੇ ਹੋਏ ਤੇ ਨੋਕਦਾਰ ਹੁੰਦੇ ਸਨ| ਅਸੀਂ ਗੁੱਲੀ ਤੇ ਡੰਡਾ ਅਪਣੇ ਪਿੰਡ ਦੇ ਤਰਖ਼ਾਣ ਪਾਸੋਂ ਘੜਾਉਂਦੇ ਸੀ| 

Gilli danda Game News

The missing Gillidanda : ਜਦੋਂ ਅਸੀਂ ਛੋਟੇ ਸੀ, ਬੱਚਿਆਂ ਲਈ ਮਨੋਰੰਜਨ ਤੇ ਖੇਡਾਂ ਦੇ ਕੋਈ ਸਾਧਨ ਨਹੀਂ ਸਨ| ਮੁੰਡੇ ਪਿੰਡਾਂ ਵਿਚ ਖਿੱਦੋ ਖੂੰਡੀ, ਕਾਨਾ ਘੋੜੀ, ਪਿੰਨੀ ਪਿੱਚੀ, ਪਿੱਠੂ ਗਰਮ, ਬੰਟੇ, ਲੁਕਣਮੀਟੀ ਆਦਿ ਖੇਡਦੇ ਸੀ| ਇਨ੍ਹਾਂ ਵਿਚ ਇਕ ਖੇਡ ਗੁੱਲੀ ਡੰਡਾ ਬਹੁਤ ਪ੍ਰਚਲਤ ਸੀ| ਇਹ ਇਕ ਡੰਡੇ ਤੇ ਗੁੱਲੀ ਦੀ ਮਦਦ ਨਾਲ ਖੁੱਲੇ੍ਹ ਮੈਦਾਨ ਵਿਚ ਖੇਡੀ ਜਾਂਦੀ ਸੀ ਖਿਡਾਰੀਆਂ ਦੀ ਤਾਦਾਦ ਉਤੇ ਕੋਈ ਰੋਕ ਨਹੀਂ ਸੀ| ਡੰਡਾ ਕਿਸੇ ਵੀ ਮਾਪ ਦਾ ਹੋ ਸਕਦਾ ਸੀ| ਗੁੱਲੀ,ਡੰਡੇ ਨਾਲ ਖੇਡੀ ਜਾਂਦੀ ਸੀ| ਜਿਸ ਦੀ ਲੰਬਾਈ 9 ਇੰਚ ਦੇ ਲਗਭਗ ਹੁੰਦੀ ਸੀ| ਗੁੱਲੀ ਦੇ ਦੋਵੇਂ ਸਿਰੇ ਤਰਾਸ਼ੇ ਹੋਏ ਤੇ ਨੋਕਦਾਰ ਹੁੰਦੇ ਸਨ| ਅਸੀਂ ਗੁੱਲੀ ਤੇ ਡੰਡਾ ਅਪਣੇ ਪਿੰਡ ਦੇ ਤਰਖ਼ਾਣ ਪਾਸੋਂ ਘੜਾਉਂਦੇ ਸੀ| 

ਇਸ ਖੇਡ ਵਿਚ ਪਹਿਲੀ ਮੀਟੀ ਦਾ ਨਿਰਣਾ ਕਰਨ ਲਈ ਬੱਚੀਆਂ ਪਾਈਆਂ ਜਾਂਦੀਆਂ ਸਨ| ਵੱਧ ਬੱਚੀਆਂ ਪਾਉਣ ਵਾਲਾ ਖਿਡਾਰੀ ਪਹਿਲਾਂ ਵਾਰੀ ਲੈਂਦਾ ਸੀ| ਉਹ ਖੁੱਤੀ ਦੇ ਉਤੇ ਗੁੱਲੀ ਰੱਖ ਕੇ ਡੰਡੇ ਨਾਲ ਉਪਰ ਚੜ੍ਹਾਉਂਦਾ ਸੀ| ਵਿਰੋਧੀ ਖਿਡਾਰੀ ਉਸ ਗੁੱਲੀ ਨੂੰ ਚੁਕ ਕੇ ਖੁੱਤੀ ਵਲ ਸੁੱਟਦਾ ਸੀ| ਖੁੱਤੀ ਦੇ ਉਪਰ ਰੱਖੇ ਡੰਡੇ ਨੂੰ ਮਾਰਦਾ ਸੀ| ਡੰਡੇ ਵਿਚ ਨਿਸ਼ਾਨਾ ਲੱਗ ਜਾਵੇ ਜਾਂ ਖੁੱਤੀ ਕੋਲ ਮਿੱਥੇ ਖ਼ਾਨੇ ਵਿਚ ਪੈ ਜਾਵੇ ਤਾਂ ਦੂਸਰੀ ਧਿਰ ਦੀ ਵਾਰੀ ਆ ਜਾਂਦੀ ਸੀ| ਜਦੋਂ ਇਹ ਸਫ਼ਲਤਾ ਨਾ ਮਿਲੇ ਤਾਂ ਕਾਇਮ ਖਿਡਾਰੀ ਵਲੋਂ ਗੁੱਲੀ ਦੇ ਨੋਕਦਾਰ ਹਿੱਸੇ ਉਤੇ ਡੰਡਾ ਮਾਰਿਆ ਜਾਂਦਾ ਸੀ ਜਿਸ ਨਾਲ ਗੁੱਲੀ ਉੱਤੇ ਨੂੰ ਬੁੜ੍ਹਕਦੀ ਸੀ| ਇਸ ਦੌਰਾਨ ਜਦੋਂ ਉਹ ਹਵਾ ਵਿਚ ਹੁੰਦੀ ਗੁੱਲੀ ਨੂੰ ਪੂਰੇ ਜ਼ੋਰ ਨਾਲ ਡੰਡਾ ਮਾਰਦਾ ਸੀ| ਗੁੱਲੀ ਦੂਰ ਚਲੀ ਜਾਂਦੀ ਸੀ ਜਾਂ ਨੇੜੇ ਡਿੱਗ ਪੈਂਦੀ ਸੀ|

ਜੇਕਰ ਮੁਖ਼ਾਲਫ਼ ਪਾਰਟੀ ਇਸ ਗੁੱਲੀ ਨੂੰ ਹਵਾ ਵਿਚੋਂ ਬੁਚ ਲਵੇ ਜਿਸ ਤਰ੍ਹਾਂ ਕ੍ਰਿਕਟ ਵਿਚ ਕੈਚ ਲਿਆ ਜਾਂਦਾ ਹੈ ਜਾਂ ਉਸ ਨੂੰ ਖੁੱਤੀ ਕੋਲ ਨਿਸ਼ਾਨਦੇਹੀ ਵਾਲੀ ਥਾਂ ਥੋੜੀ ਜਿਹੀ ਖ਼ਾਸ ਥਾਂ ਤੇ ਸੁੱਟ ਦੇਵੇ ਤਾਂ ਡੰਡੇ ਨਾਲ ਗੁੱਲੀ ਮਾਰਨ ਵਾਲੇ ਮੁੰਡੇ ਦੀ ਵਾਰੀ ਖ਼ਤਮ ਹੋ ਜਾਂਦੀ ਸੀ| ਅਗਲੇ ਖਿਡਾਰੀ ਦੀ ਵਾਰੀ ਆ ਜਾਂਦੀ ਸੀ| ਸਾਡੇ ਮਾਸਟਰ ਜੀ ਬੱਚਿਆਂ ਨੂੰ ਅਕਸਰ ਗਲੀਆਂ ਵਿਚ ਖੇਡਣ ਦੀ ਬਜਾਏ ਖੁਲੇ੍ਹ ਗਰਾਊਂਡ ਵਿਚ ਖੇਡਣ ਲਈ ਕਹਿੰਦੇ ਸੀ ਤਾਂ ਜੋ ਰਾਹ ਵਿਚ ਜਾਂਦੇ ਕਿਸੇ ਵਿਅਕਤੀ ਨੂੰ ਗੁੱਲੀ ਨਾ ਵੱਜ ਜਾਵੇ| ਇਹ ਖੇਡਾਂ ਖੇਡਣ ਨਾਲ ਬੱਚੇ ਸਿਹਤ ਪੱਖੋਂ ਤੰਦਰੁਸਤ ਰਹਿੰਦੇ ਸੀ| ਬਾਲ ਸਭਾ ਵਿਚ ਬੋਲਣ ਲਈ ਅਕਸਰ ਸਾਡੇ ਮਾਸਟਰ ਜੀ ਸਾਨੂੰ ਸਿਖਿਆ ਦਾਇਕ ਗੀਤ ਕਵਿਤਾ ਲਿਖ ਕੇ ਦਿੰਦੇ ਸੀ| ਇਸੇ ਤਰ੍ਹਾਂ ਉਨ੍ਹਾਂ ਨੇ ਗੁੱਲੀ ਡੰਡੇ ਤੇ ਕਵਿਤਾ ਲਿਖ ਕੇ ਮੈਨੂੰ ਦਿਤੀ ਸੀ ਜੋ ਮੈਂ ਬਾਲ ਸਭਾ ਵਿਚ ਪੜ੍ਹੀ ਸੀ| ਜੋ ਮੈਨੂੰ ਹੁਣ ਵੀ ਯਾਦ ਹੈ|

ਇਕ ਦਿਨ ਸੀ ਕੁੱਝ ਮੌਸਮ ਠੰਢਾ,
ਯਾਰਾਂ ਖੇਡਿਆ ਗੁੱਲੀ ਡੰਡਾ
ਗੁੱਲੀ ਮੇਰੀ ਇਸ ਤਰ੍ਹਾਂ ਭੱਜੀ,
ਜਾ ਸਿੱਧੀ ਇਕ ਦੀ ਅੱਖ ਵਿਚ ਵੱਜੀ,
ਜ਼ੋਰ ਦਾ ਮੈਂ ਮਾਰਿਆ ਸੀ ਟੁਲ,
ਅੱਖ ਦਾ ਦੀਵਾ ਹੋ ਗਿਆ ਗੁਲ,
ਉਤੋਂ ਇਕ ਬੰਦਾ ਆਇਆ,
ਉਹ ਨੇ ਫੜ ਮੈਨੂੰ ਲੰਮਿਆਂ ਪਾਇਆ,
ਖਾ ਕੇ ਮਾਰ ਮੈਂ ਪੈ ਗਿਆ ਠੰਢਾ,
ਫਿਰ ਨਾ ਖੇਡਿਆ ਗੁੱਲੀ ਡੰਡਾ|

ਹੁਣ ਗੁੱਲੀ ਡੰਡਾ ਅਲੋਪ ਹੋ ਗਿਆ ਹੈ| ਇਸ ਦੀ ਥਾਂ ਮਹਿੰਗੀ ਖੇਡ ਕ੍ਰਿਕਟ ਨੇ ਲੈ ਲਈ ਹੈ| ਬੱਚੇ ਇਨ੍ਹਾਂ ਖੇਡਾਂ ਤੋਂ ਕੋਹਾਂ ਦੂਰ ਅਨਜਾਣ ਮੋਬਾਈਲ ਤੇ ਖੇਡਾਂ ਖੇਡ ਮਨੋਰੋਗੀ ਹੋ ਗਏ ਹਨ| ਨਵੀਂ ਪੀੜ੍ਹੀ ਨੂੰ ਇਸ ਬਾਰੇ ਦਸਣਾ ਚਾਹੀਦਾ ਹੈ ਤਾਂ ਜੋ ਇਸ ਵਿਰਸੇ ਨਾਲ ਜੁੜੇ ਰਹਿਣ|
-ਗੁਰਮੀਤ ਸਿੰਘ ਵੇਰਕਾ| 9878600221  

 (For more news apart from “The missing Gillidanda, ” stay tuned to Rozana Spokesman.)