ਪੰਜਾਬ ਦਿਵਸ ‘ਤੇ ਵਿਸ਼ੇਸ਼

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

‘ਪੰਜਾਬ’ ਫਾਰਸੀ ਦੇ ਦੋ ਸ਼ਬਦਾਂ ਪੰਜ ਅਤੇ ਆਬ ਦੇ ਸੁਮੇਲ ਨਾਲ ਬਣਿਆ ਹੈ।

Punjab

‘ਪੰਜਾਬ’ ਫਾਰਸੀ ਦੇ ਦੋ ਸ਼ਬਦਾਂ ਪੰਜ ਅਤੇ ਆਬ ਦੇ ਸੁਮੇਲ ਨਾਲ ਬਣਿਆ ਹੈ। 1947 ਦੀ ਭਾਰਤ-ਵੰਡ ਤੋਂ ਬਾਅਦ ਬਰਤਾਨਈ ਭਾਰਤ ਦੇ ਪੰਜਾਬ ਸੂਬੇ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਵੰਡ ਦਿੱਤਾ। 1 ਨਵੰਬਰ 1966 ਵਿਚ ਫੇਰ ਪੰਜਾਬ ਦੀ ਵੰਡ ਹੋਈ ਜਿੱਥੇ ਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਹੋਂਦ ਵਿਚ ਦੋ ਨਵੇਂ ਰਾਜ ਆਏ। ਯੂਨਾਨੀ ਲੋਕ ਪੰਜਾਬ ਨੂੰ ਪੈਂਟਾਪੋਟਾਮੀਆਂ ਨਾਂ ਨਾਲ ਜਾਣਦੇ ਸਨ ਜੋ ਕਿ ਪੰਜ ਇੱਕਠੇ ਹੁੰਦੇ ਦਰਿਆਵਾਂ ਦਾ ਅੰਦਰੂਨੀ ਡੈਲਟਾ ਹੈ।

ਇਤਿਹਾਸਕ ਤੌਰ ਤੇ ਪੰਜਾਬ ਯੂਨਾਨੀਆਂ, ਮੱਧ ਏਸ਼ੀਆਈਆਂ, ਅਫਗਾਨੀਆਂ ਅਤੇ ਇਰਾਨੀਆਂ ਲਈ ਭਾਰਤੀ ਉਪ-ਮਹਾਂਦੀਪ ਦਾ ਪ੍ਰਵੇਸ਼-ਦੁਆਰ ਰਿਹਾ ਹੈ। ਖੇਤੀਬਾੜੀ ਪੰਜਾਬ ਦਾ ਸਭ ਤੋਂ ਵੱਡਾ ਉਦਯੋਗ ਹੈ। ਇਹ ਭਾਰਤ ਦਾ ਸਭ ਤੋ ਵੱਡਾ ਕਣਕ ਉਤਪਾਦਕ ਹੈ। ਕਣਕ ਦੀ ਸਭ ਤੋਂ ਵੱਧ ਪੈਦਾਵਾਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਚ ਹੁੰਦੀ ਹੈ। ਪੰਜਾਬ ਵਿਚ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਹੈ।

ਸ਼ਬਦ ਉਤਪਤੀ
ਪੰਜਾਬ ਫਾਰਸੀ ਭਾਸ਼ਾ ਦੇ ਦੋ ਸ਼ਬਦਾ ‘ਪੰਜ’ ਅਤੇ ‘ਆਬ’ ਦਾ ਮੇਲ ਹੈ। ਜਿਸ ਦਾ ਸ਼ਾਬਦਿਕ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ। ਇਹ ਪੰਜ ਦਰਿਆਂ ਹਨ:- ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜਿਹਲਮ।

ਇਤਿਹਾਸ
ਮਹਾਂਭਾਰਤ ਸਮੇਂ ਦੌਰਾਨ ਪੰਜਾਬ ਨੂੰ ਪੰਚਨਦ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਹੜੱਪਾ (ਇਸ ਸਮੇਂ ਪੰਜਾਬ, ਪਾਕਿਸਤਾਨ ਵਿਚ) ਜਿਹੇ ਸ਼ਹਿਰਾਂ ਕਰਕੇ ਸਿੰਧੂ-ਘਾਟੀ ਸੱਭਿਅਤਾ ਪੰਜਾਬ ਇਲਾਕੇ ਦੇ ਕਾਫੀ ਵੱਡੇ ਹਿੱਸੇ ’ਚ ਫੈਲੀ ਹੋਈ ਸੀ। ਵੇਦੀ ਸੱਭਿਅਤਾ ਸਰਸਵਤੀ ਦੇ ਕਿਨਾਰੇ ਪੰਜਾਬ ਸਮੇਤ ਲਗਭਗ ਪੂਰੇ ਉੱਤਰੀ ਭਾਰਤ ’ਚ ਫੈਲੀ ਹੋਈ ਸੀ। ਪੰਜਾਬ ਗੰਧਾਰ, ਮਹਾਜਨਪਦ, ਨੰਦ, ਮੌਰੀਆਂ, ਸ਼ੁੰਗ, ਕੁਸ਼ਾਨ, ਗੁਪਤ ਖਾਨਦਾਨ ਸਮੇਤ ਮਹਾਨ ਪ੍ਰਾਚੀਨ ਸਾਮਰਾਜ ਦਾ ਹਿੱਸਾ ਸੀ।

ਆਪਣੇ ਭੂਗੋਲਕ ਟਿਕਾਣੇ ਕਰਕੇ ਪੰਜਾਬ ਦਾ ਇਲਾਕਾ ਪੱਛਮ ਅਤੇ ਪੂਰਬ ਵੱਲੋਂ ਲਗਾਤਾਰ ਹਮਲਿਆਂ ਅਤੇ ਹੱਲਿਆਂ ਹੇਠ ਰਿਹਾ। ਪੰਜਾਬ ਨੂੰ ਫਾਰਸੀਆਂ, ਯੂਨਾਨੀਆਂ, ਤੁਰਕਾ ਅਤੇ ਅਫਗਾਨੀਆਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਅਤੇ ਕਈ ਫਾਰਸੀ ਸਾਮਰਾਜਾਂ ਦੇ ਵਿਚ ਸੰਪਰਕ ਦਾ ਉਹ ਸਮਾਂ ਵਿਸ਼ੇਸ਼ ਮਹੱਤਵ ਰੱਖਦਾ ਹੈ ਜਦੋਂ ਇਸ ਦੇ ਕੁੱਝ ਹਿੱਸੇ ਸਾਮਰਾਜ ਦੇ ਨਾਲ ਹੀ ਰਲ਼ ਗਏ। ਆਉਣ ਵਾਲੀਆਂ ਸਦੀਆਂ ਵਿਚ ਜਦੋਂ ਫਾਰਸੀ ਮੁਗਲ ਸਰਕਾਰ ਦੀ ਭਾਸ਼ਾ ਬਣ ਗਈ। ਫਾਰਸੀ ਵਾਸਤੂਕਲਾ, ਕਵਿਤਾ, ਕਲਾ ਅਤੇ ਸੰਗੀਤ ਖੇਤਰ ਦੇ ਸੱਭਿਆਚਾਰ ਦਾ ਇੱਕ ਅਨਿੱਖੜ ਹਿੱਸਾ ਸਨ।

ਪ੍ਰਾਚੀਨ ਦੀ ਕਹਾਣੀ 
ਪ੍ਰਾਚੀਨ ਪੰਜਾਬ ਦੀਆਂ ਭੂਗੋਲਿਕ ਹੱਦਾਂ ਤੇ ਸਰਹੱਦਾਂ ਦੋ ਦਰਿਆਵਾਂ ਨਾਲ ਚੱਲਦੀਆਂ ਹਨ: ਪੂਰਬ (ਚੜ੍ਹਦੇ) ਵੱਲ ਅਤੇ ਪੱਛਮ(ਲਹਿੰਦੇ) ਵੱਲ। ਪੁਰਾਣਾ ਪੰਜਾਬ ਬਹੁਤ ਵੱਡਾ ਸੀ ਜਿਸ ਵਿਚ ਲਹਿੰਦਾ ਪੰਜਾਬ, ਜੰਮੂ ਕਸ਼ਮੀਰ, ਹਿਮਾਚਲ, ਹਰਿਆਣਾ, ਰਾਜਸਥਾਨ, ਦਿੱਲੀ ਵੀ ਆਉਂਦਾ ਸੀ। ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਸੰਨ 1947 ਨੂੰ ਇਹਨਾਂ ਸਿਆਸਤਦਾਨਾਂ ਨੇ ਪੰਜਾਬ ਦੇ 2 ਹਿੱਸੇ ਕਰ ਦਿੱਤੇ ਇਕ ਹਿੱਸਾ ਪਾਕਿਸਤਾਨ ਦਾ ਬਣ ਗਿਆ ਤੇ ਇਕ ਭਾਰਤ ਵਿਚ ਰਲਾ ਲਿਆ ਗਿਆ ਤੇ ਫਿਰ ਪੰਜਾਬ ਵੀ ਹੋਰ ਛੋਟਾ ਕਰ ਦਿੱਤਾ ਗਿਆ। ਜਿਸ ਵਿਚੋਂ ਰਾਜਸਥਾਨ, ਜੰਮੂ, ਕਸ਼ਮੀਰ ਤੇ ਦਿੱਲੀ ਕੱਢ ਦਿੱਤੇ ਗਏ। ਆਖਿਰ ਸੰਨ 1 ਨਵੰਬਰ 1966 ਨੂੰ ਪੰਜਾਬ ਦੇ ਫੇਰ ਟੁਕੜੇ ਕਰ ਦਿੱਤੇ ਗਏ ਜਿਸ ਵਿਚੋਂ ਹਰਿਆਣਾ, ਹਿਮਾਚਲ ਬਣਾ ਦਿੱਤਾ ਗਿਆ। ਸੰਨ 1 ਨਵੰਬਰ 1966 ਨੂੰ ਪੰਜਾਬ ਇਕ ਵੱਖਰੀ ਹੋਂਦ ਵਿਚ ਆਇਆ।

ਹਰਮਿੰਦਰ ਸਿੰਘ(ਵਾਸੀ ਸ਼ਹਿਰ ਸਮਾਨਾ )
ਸੰਪਰਕ-98765-55781