31 ਅਕਤੂਬਰ 1984 -  38 ਸਾਲ ਪਹਿਲਾਂ ਅੱਜ ਦੇ ਦਿਨ ਹੋਇਆ ਸੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਯੂਨਾਨੀ ਮਿਥਿਹਾਸ ਦੇ ਅੰਦਰ ਇੱਕ ਫੀਨਿਕਸ ਪੰਛੀ ਦਾ ਜ਼ਿਕਰ ਆਉਂਦਾ ਹੈ। ਜਦੋਂ ਇਸ ਪੰਛੀ ਦਾ ਅੰਤ ਸਮਾਂ ਆਉਂਦਾ ਹੈ ਤਾਂ ਇਹ ਆਪ ਹੀ ਆਪਣੇ ਖੰਭਾਂ ਨੂੰ ਅੱਗ ਲਾ ਲੈਂਦਾ ਹੈ

31 October 1984 -  Former Prime Minister Indira Gandhi was assassinated 38 years ago today

ਯੂਨਾਨੀ ਮਿਥਿਹਾਸ ਦੇ ਅੰਦਰ ਇੱਕ ਫੀਨਿਕਸ ਪੰਛੀ ਦਾ ਜ਼ਿਕਰ ਆਉਂਦਾ ਹੈ। ਕਹਿੰਦੇ ਨੇ ਕਿ ਜਦੋਂ ਇਸ ਪੰਛੀ ਦਾ ਅੰਤ ਸਮਾਂ ਆਉਂਦਾ ਹੈ ਤਾਂ ਇਹ ਆਪ ਹੀ ਆਪਣੇ ਖੰਭਾਂ ਨੂੰ ਅੱਗ ਲਾ ਲੈਂਦਾ ਹੈ ਤੇ ਸੜ ਕੇ ਸੁਆਹ ਹੋ ਜਾਂਦਾ ਹੈ। ਜਦੋਂ ਉਸ ਦੀ ਸੁਆਹ ਨੂੰ ਫਰੋਲਿਆ ਜਾਂਦਾ ਹੈ ਤਾਂ ਉਸ ਵਿੱਚੋਂ ਇੱਕ ਅੰਡਾ ਨਿੱਕਲਦਾ ਹੈ ਜਿਸ ਵਿਚੋਂ ਫੀਨਿਕਸ ਪੰਛੀ ਨਿਕਲ ਕੇ ਅਕਾਸ਼ ਵਿਚ ਉਡਾਰੀ ਮਾਰ ਜਾਂਦਾ ਹੈ। ਇਹ ਕਹਾਣੀ ਤਾਂ ਮਿਥਿਹਾਸਕ ਹੈ ਪਰ ਦੁਨੀਆਂ ਦੇ ਇਤਿਹਾਸ ਦੇ ਅੰਦਰ ਸਿੱਖ ਕੌਮ ਇੱਕ ਜਿਊਂਦੀ ਜਾਗਦੀ ਕੌਮ ਹੈ, ਜਿਸ ਦਾ ਜਨਮ ਹੀ ਖੰਡੇ ਦੀ ਧਾਰ ਤੋਂ ਹੋਇਆ ਹੈ।

ਕੁਰਬਾਨੀ ਦੇ ਸੰਕਲਪ ’ਚੋਂ ਹੀ ਸਿੱਖ ਦੀ ਅਸਲ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਜ਼ੁਲਮ ਕਰਨ ਵਾਲਿਆਂ ਨੇ ਜੇ ਜ਼ੁਲਮ ਦੀ ਅਖੀਰ ਕੀਤੀ, ਤਾਂ ਗੁਰੂ ਕਲਗੀਧਰ ਦੇ ਲਾਡਲੇ ਪੁੱਤਰ-ਪੁੱਤਰੀਆਂ ਸੱਚ ਦੇ ਹੱਕ 'ਚ ਡਟ ਕੇ ਖੜ੍ਹੇ ਅਤੇ ਖ਼ਾਲਸਾਈ ਨਿਸ਼ਾਨ ਸਾਹਿਬ ਨੂੰ ਉੱਚਾ ਹੀ ਉੱਚਾ ਕੀਤਾ। 

ਜੂਨ 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਧਾਮਾਂ ’ਤੇ ਟੈਂਕਾਂ-ਤੋਪਾਂ ਨਾਲ ਹਮਲੇ ਨੇ ਸਿੱਖ ਮਾਨਸਿਕਤਾ ਨੂੰ ਬੜਾ ਦੁਖਦਾਈ ਅਨੁਭਵ ਕਰਵਾਇਆ। ਇਸੇ ਮਾਨਸਿਕ ਪੀੜ ਵਿੱਚੋਂ ਉਪਜੇ ਨਤੀਜਿਆਂ ਵਿੱਚ ਇੰਦਰਾ ਗਾਂਧੀ ਦਾ ਕਤਲ ਹੋਇਆ, ਅਤੇ ਇੱਕ ਬੇਹੱਦ ਘਿਨਾਉਣੇ ਤੇ ਦਰਦਨਾਕ ਘਟਨਾਕ੍ਰਮ ਦਾ ਮੁੱਢ ਬੰਨ੍ਹਿਆ ਗਿਆ। 31 ਅਕਤੂਬਰ, 1984 ਨੂੰ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਆਪਣੇ ਵੱਲੋਂ ਉਸ ਵੇਲੇ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਕੀਤੇ ਦੀ ਬਣਦੀ ਸਜ਼ਾ ਦਿੱਤੀ। 

ਸਰਕਾਰ ਨੂੰ ਲੱਗਿਆ ਕਿ ਸਿਰਫ਼ ਦੋ ਸਧਾਰਨ ਜਿਹੇ ਪੁਲਿਸ ਮੁਲਾਜ਼ਮਾਂ ਦੇ ਹੱਥੋਂ ਮਾਰੇ ਜਾਣ ਨਾਲ ਇੰਦਰਾ ਗਾਂਧੀ ਦੀ ‘ਮਹਾਨਤਾ’ ਪ੍ਰਗਟ ਨਹੀਂ ਹੁੰਦੀ, ਇਸ ਲਈ ਇਸ ਨੂੰ ਡੂੰਘੀ ਸਾਜ਼ਿਸ਼ ਬਣਾਇਆ ਜਾਵੇ। ਅਮਰੀਕਨ ਖੂਫ਼ੀਆ ਏਜੰਸੀ ਸੀ.ਆਈ.ਏ. ਨੂੰ ਇੰਦਰਾ ਗਾਂਧੀ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਬਜ਼ੁਰਗ ਕੇਹਰ ਸਿੰਘ, ਜੋ ਭਾਈ ਬੇਅੰਤ ਸਿੰਘ ਹੁਰਾਂ ਦੇ ਰਿਸ਼ਤੇਦਾਰ ਸਨ ਤੇ ਦਿੱਲੀ ਪੁਲਿਸ ਦੇ ਇੰਸਪੈਕਟਰ ਬਲਬੀਰ ਸਿੰਘ ਨੂੰ ਵੀ ਸਾਜ਼ਿਸ਼ ’ਚ ਸ਼ਾਮਲ ਕਰਕੇ ਦਿੱਲੀ ਹਾਈਕੋਰਟ ਨੇ ਉਨ੍ਹਾਂ ਨੂੰ ਵੀ ਸਜ਼ਾ-ਏ-ਮੌਤ ਸੁਣਾ ਦਿੱਤੀ।

ਸਾਰੇ ਮੁਕੱਦਮੇ ਦੀ ਸੁਣਵਾਈ ਦੌਰਾਨ ਜੱਜਾਂ ਵਲੋਂ ਇੱਕ ਪਾਸੜ ਰੁਝਾਨ ਹੀ ਸੀ। ਸਫ਼ਾਈ ਪੱਖ ਦੇ ਵਕੀਲ ਨੂੰ ਉਸ ਵਲੋਂ ਮੰਗੀ ਗਈ ਜਾਣਕਾਰੀ ਕਦੇ ਵੀ ਮੁਹੱਈਆ ਨਹੀਂ ਕੀਤੀ ਗਈ। ਸੁਪਰੀਮ ਕੋਰਟ ਨੇ ਭਾਈ ਬਲਬੀਰ ਸਿੰਘ ਨੂੰ ਬਰੀ ਕਰ ਦਿੱਤਾ ਪਰ ਮੁੜ ਉਸ ਨੂੰ ਨੌਕਰੀ ’ਤੇ ਬਹਾਲ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਦੀ ਪਿਛਲੀ ਬਣਦੀ ਤਨਖ਼ਾਹ ਉਸ ਨੂੰ ਦਿੱਤੀ ਗਈ।

ਦੁਨੀਆ ਦੇ ਪ੍ਰਮੁੱਖ ਕਨੂੰਨਦਾਨਾਂ ਦੀ ਰਾਇ ਸੀ ਕਿ ਭਾਈ ਕੇਹਰ ਸਿੰਘ ਨੂੰ ਫਾਂਸੀ ਬਿਲਕੁਲ ਨਜਾਇਜ਼ ਦਿੱਤੀ ਗਈ ਜਦੋਂ ਕਿ ਉਹਨਾਂ ਦਾ ਇੰਦਰਾ ਗਾਂਧੀ ਕਤਲ ਵਿਚ ਕੋਈ ਹੱਥ ਸਾਬਤ ਨਹੀਂ ਹੁੰਦਾ। ਭਾਈ ਸਤਵੰਤ ਸਿੰਘ ਦਾ ਜ਼ਿਕਰ ਕਰਦਿਆਂ ਬੀਬੀ ਸੁਰਿੰਦਰ ਕੌਰ ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਜਿਸ ਦੀ ਮੰਗਣੀ ਭਾਈ ਸਤਵੰਤ ਸਿੰਘ ਹੋਰਾਂ ਨਾਲ ਹੋਈ ਹੋਈ ਸੀ ਜਦੋਂ ਇਹ ਕਤਲ ਕਾਂਡ ਵਾਪਰਿਆ। 

ਮਾਤਾ-ਪਿਤਾ, ਸੱਸ-ਸਹੁਰਾ ਤੇ ਹੋਰਨਾਂ ਵਲੋਂ ਮਨ੍ਹਾ ਕਰਨ ਦੇ ਬਾਵਜੂਦ ਬੀਬੀ ਸੁਰਿੰਦਰ ਕੌਰ ਆਪਣੇ ਇਸ ਪ੍ਰਣ ’ਤੇ ਡਟੇ ਰਹੇ ਕਿ ਉਹ ਭਾਈ ਸਤਵੰਤ ਸਿੰਘ ਨੂੰ ਪਤੀ ਮੰਨਦੇ ਹਨ ਅਤੇ ਉਨ੍ਹਾਂ ਦੇ ਨਾਂ ’ਤੇ ਹੀ ਜ਼ਿੰਦਗੀ ਗੁਜ਼ਾਰਨਗੇ। ਜੇਲ੍ਹ ਅਧਿਕਾਰੀਆਂ ਵਲੋਂ ਵਿਆਹ ਦੀ ਆਗਿਆ ਨਾ ਦਿੱਤੇ ਜਾਣ ’ਤੇ ਬੀਬੀ ਸੁਰਿੰਦਰ ਕੌਰ ਨੇ ਭਾਈ ਸਤਵੰਤ ਸਿੰਘ ਦੀ ਫੋਟੋ ਨਾਲ ਚਾਰ ਲਾਵਾਂ ਲਈਆਂ। ਕੈਂਸਰ ਦੀ ਬਿਮਾਰੀ ਨਾਲ ਜੱਦੋ-ਜਹਿਦ ਕਰਦਿਆਂ ਬੀਬੀ ਸੁਰਿੰਦਰ ਕੌਰ ਅਕਾਲ ਚਲਾਣਾ ਕਰ ਚੁੱਕੇ ਹਨ। 

ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਨੂੰ 6 ਜਨਵਰੀ, 1989 ਦੀ ਸਵੇਰ ਨੂੰ ਤਿਹਾੜ ਜੇਲ੍ਹ ਵਿੱਚ ਫ਼ਾਂਸੀ ਦਿੱਤੀ ਗਈ। ਦਿੱਲੀ ਦਰਬਾਰ ਵੱਲੋਂ ਉਨ੍ਹਾਂ ਦਾ ਆਪ ਹੀ ਸਸਕਾਰ ਕਰਕੇ ਉਨ੍ਹਾਂ ਦੀ ਭਸਮ ਹਰਦੁਆਰ, ਗੰਗਾ ਨਦੀ ਵਿੱਚ ਪਾਈ ਗਈ, ਜਦੋਂ ਕਿ ਰਿਸ਼ਤੇਦਾਰਾਂ ਵਲੋਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਦੀ ਬੇਨਤੀ ਕੀਤੀ ਗਈ ਸੀ। 

ਇੱਕ ਪ੍ਰਧਾਨ ਮੰਤਰੀ ਨੂੰ ਇੱਕ ਘੱਟ-ਗਿਣਤੀ ਵਰਗ ਦੇ ਲੋਕਾਂ ਵੱਲੋਂ ਕਤਲ ਕੀਤਾ ਜਾਣਾ, ਪੂਰੇ ਸੰਸਾਰ ਦੇ ਲੋਕਾਂ ਨੂੰ ਚੌਂਕਾ ਦੇਣ ਵਾਲੀ ਘਟਨਾ ਸੀ। ਕਿਹਾ ਜਾਂਦਾ ਹੈ ਕਿ ਸਮੇਂ ਦੇ ਨਾਲ-ਨਾਲ ਇਤਿਹਾਸ ਦੇ ਕੁਝ ਅੰਸ਼ ਧੁੰਦਲੇ ਹੁੰਦੇ ਚਲੇ ਜਾਂਦੇ ਹਨ, ਪਰ ਇਸ ਕਤਲ ਤੋਂ ਪਹਿਲਾਂ ਅਤੇ ਇਸ ਤੋਂ ਬਾਅਦ ਦੋਵੇਂ ਪੱਖਾਂ ਨਾਲ ਜੁੜਿਆ ਇਤਿਹਾਸ ਸਿੱਖ ਕੌਮ ਦੇ ਚੇਤਿਆਂ 'ਚੋਂ ਕਦੇ ਵਿੱਸਰ ਨਹੀਂ ਸਕਦਾ।