Diwali Special Article : ਦੀਵਿਆਂ ਦੀ ਲੋਅ ਹੇਠ ਖ਼ੁਸ਼ੀਆਂ ਦੀ ਵੰਡ
Diwali Special Article : ਦੀਵਿਆਂ ਦੀ ਲੋਅ ’ਚ ਗਿਆਨ ਦੀ ਰੌਸ਼ਨੀ ਜਗਾਉਣ ਦੀ ਥਾਂ ਅਗਿਆਨਤਾ, ਊਚ-ਨੀਚ ਤੇ ਫ਼ਿਰਕਾ-
Diwali Special Article : ਭਾਰਤ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ। ਅਜਿਹਾ ਕੋਈ ਮਹੀਨਾ ਜਾਂ ਦਿਨ ਨਹੀਂ ਹੁੰਦਾ ਜਿਸ ਦਿਨ ਦੇਸ਼ ਦੇ ਕਿਸੇ ਕੋਨੇ ’ਚ ਤਿਉਹਾਰ ਜਾਂ ਮੇਲਾ ਨਹੀਂ ਮਨਾਇਆ ਜਾਂਦਾ। ਦੀਵਾਲੀ ਇਕ ਅਜਿਹਾ ਤਿਉਹਾਰ ਹੈ ਜਿਸ ਦੀ ਉਡੀਕ ਹਰ ਉਮਰ ਦੇ ਵਿਅਕਤੀ ਨੂੰ ਬੇਸਬਰੀ ਨਾਲ ਰਹਿੰਦੀ ਹੈ। ਦੀਵਾਲੀ ਨੂੰ ਹਰ ਧਰਮ ’ਚ ਅਪਣੀ-ਅਪਣੀ ਸ਼ਰਧਾ ਤੇ ਰੀਤੀ ਰਿਵਾਜਾਂ ਅਨੁਸਾਰ ਮਨਾਇਆ ਜਾਂਦਾ ਹੈ।
ਦੀਵਾਲੀ ਸ਼ਬਦ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ - ਦੀਵਾ ਅਤੇ ਵਾਲੀ ਭਾਵ ਦੀਵਿਆਂ ਦੀ ਕਤਾਰ। ਸਦੀਆਂ ਤੋਂ ਪੂਰੀ ਦੁਨੀਆਂ ਵਲੋਂ ਕੱਤਕ ਦੀ ਹਨੇਰੀ (ਮੱਸਿਆ ਦੀ) ਰਾਤ ਨੂੰ ਦੀਵਿਆਂ ਦੀ ਰੌਸ਼ਨੀ ਨਾਲ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਦਾ ਸੁਨੇਹਾ ਦਿਤਾ ਜਾਂਦਾ ਹੈ। ਵੱਖ-ਵੱਖ ਧਰਮਾਂ ਵਿਚ ਦੀਵਾਲੀ ਦੀ ਮਹੱਤਤਾ ਵੱਖੋ ਵੱਖ ਹੈ। ਹਿੰਦੂ ਧਰਮ ਵਿਚ ਇਹ ਸ੍ਰੀ ਰਾਮਚੰਦਰ ਜੀ ਦੇ 14 ਸਾਲਾਂ ਦੇ ਬਨਵਾਸ ਕੱਟਣ ਉਪਰੰਤ ਅਯੋਧਿਆ ਵਾਪਸੀ ਦੀ ਖ਼ੁਸ਼ੀ ਵਿਚ, ਸਿੱਖ ਧਰਮ ਵਿਚ ਛੇਵੇਂ ਪਾਤਸਾਹ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਦੁਆਰਾ ਗੁਵਾਲੀਅਰ ਦੇ ਕਿਲ੍ਹੇ ਵਿਚੋਂ ਬਵੰਜਾ ਰਾਜਿਆਂ ਨਾਲ ਰਿਹਾਅ ਹੋ ਕੇ ਅੰਮਿ੍ਰਤਸਰ ਪਹੁੰਚਣ ਦੀ ਖ਼ੁਸ਼ੀ ਵਿਚ ‘ਬੰਦੀ ਛੋਡ ਦਿਵਸ’ ਵਜੋਂ ਤੇ ਜੈਨ ਧਰਮ ’ਚ ਜੈਨ ਧਰਮ ਦੇ ਚੌਵੀਵੇਂ ਤੀਰਥੰਕਰ ਭਗਵਾਨ ਮਹਾਂਵੀਰ ਜੀ ਨੂੰ ਗਿਆਨ ਪ੍ਰਾਪਤੀ ਦੇ ਪ੍ਰਤੀਕ ਵਜੋਂ ਮਨਾਈ ਜਾਂਦੀ ਹੈ। ਦੀਵਾਲੀ ਕਿਸੇ ਫ਼ਿਰਕੇ, ਧਰਮ, ਜਾਤ-ਪਾਤ ਤੋਂ ਉਪਰ ਉਠ ਕੇ ਪੂਰੀ ਦੁਨੀਆਂ ’ਚ ਸ਼ਰਧਾ ਭਾਵਨਾ ਤੇ ਹੁਲਾਸ ਨਾਲ ਮਨਾਈ ਜਾਂਦੀ ਹੈ।
ਸਮੇਂ ਦੇ ਬੀਤਣ, ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਅਤੇ ਪਛਮੀ ਸਭਿਅਤਾ ਦੇ ਵੱਧ ਰਹੇ ਪ੍ਰਭਾਵ ਕਰ ਕੇ ਦੀਵਾਲੀ ਨੂੰ ਮਨਾਉਣ ਦੇ ਤੌਰ ਤਰੀਕਿਆਂ ਵਿਚ ਵੀ ਬਦਲਾਅ ਵੇਖਣ ਨੂੰ ਮਿਲਿਆ ਹੈ। ਅੱਜ ਤੋਂ ਤੀਹ-ਚਾਲੀ ਸਾਲ ਪਿੱਛੇ ਝਾਤ ਮਾਰੀਏ ਤਾਂ ਅੱਜ ਨਾਲੋਂ ਦੀਵਾਲੀ ਵਖਰੀ ਸੀ। ਤਿਉਹਾਰਾਂ ਨੂੰ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਨਾਲ ਮਨਾਇਆ ਜਾਂਦਾ ਸੀ। ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਘਰ ਦੀਆਂ ਸੁਆਣੀਆਂ ਵਲੋਂ ਘਰ ਦੀਆਂ ਸਾਫ਼ ਸਫ਼ਾਈਆਂ ਸ਼ੁਰੂ ਕੀਤੀਆਂ ਜਾਂਦੀਆਂ। ਘਰ ਕੱਚੇ ਹੁੰਦੇ ਸਨ ਪਰੰਤੂ ਮੋਹ ਦੀਆਂ ਤੰਦਾਂ ਪੱਕੀਆਂ ਸਨ। ਘਰਾਂ ਨੂੰ ਕੱਚੀ ਮਿੱਟੀ ਨਾਲ ਲਿੱਪਿਆ ਪੋਚਿਆ ਜਾਂਦਾ ਸੀ, ਉਹ ਵੀ ਖ਼ੁਸ਼ੀ-ਖ਼ੁਸ਼ੀ, ਅੱਜ ਵਾਂਗ ਮਿੱਟੀ ਤੋਂ ਕਿਸੇ ਨੂੰ ਐਲਰਜੀ ਨਹੀਂ ਸੀ ਹੁੰਦੀ। ਇਹ ਸਮੇਂ ਦੀ ਹੋਣੀ ਹੀ ਹੈ ਕਿ ਅਸੀਂ ਜ਼ਿਆਦਾ ਪੜ੍ਹ ਲਿਖ ਕੇ ਅਪਣੀ ਹੀ ਮਿੱਟੀ ਤੋਂ ਦੂਰ ਹੋ ਗਏ ਹਾਂ। ਅੱਜ ਵਾਂਗ ਪਹਿਲਾਂ ਮਠਿਆਈਆਂ ਨੂੰ ਕੋਈ ਨਹੀਂ ਸੀ ਜਾਣਦਾ, ਕਦੇ ਵਿਆਹ ਸ਼ਾਦੀਆਂ ’ਤੇ ਹੀ ਮਠਿਆਈ ਖਾਣ ਨੂੰ ਮਿਲਦੀ। ਕੋਈ ਵਿਰਲਾ ਘਰ ਹੀ ਮਠਿਆਈ ਲਿਆਉਂਦਾ। ਪਿੰਡਾਂ ਵਿਚ ਬਹੁਤੇ ਘਰ ਅਜਿਹੇ ਸਨ ਜੋ ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਭੱਠ ਤੋਂ ਬਿਸਕੁਟ ਕਢਵਾ ਲੈਂਦੇ। ਦੀਵਾਲੀ ਤੋਂ ਪਹਿਲਾਂ ਹੀ ਵਿਆਹੀਆਂ ਕੁੜੀਆਂ ਨੂੰ ਮਾਤਾ ਪਿਤਾ ਜਾਂ ਭਰਾ ਵਲੋਂ ਕੁੜੀ ਦੇ ਸਹੁਰੇ ਘਰ ਕਪੜਿਆਂ ਦੇ ਨਾਲ ਬਿਸਕੁਟਾਂ ਦੇ ਰੂਪ ਵਿਚ ਮਿੱਠਾ ਪਹੁੰਚਾਇਆ ਜਾਂਦਾ।
ਦੀਵਾਲੀ ’ਤੇ ਘਰਾਂ ਵਿਚ ਗੁਲਗੁਲੇ ਅਤੇ ਪਕੌੜੇ ਪਕਦੇ। ਸਰੋ੍ਹਂ ਘਰ ਦੀ ਹੋਣ ਕਰ ਕੇ ਤੇਲ ਵਿਚ ਕੋਈ ਮਿਲਾਵਟ ਨਹੀਂ ਸੀ ਹੁੰਦੀ। ਹਰ ਘਰੇਲੂ ਲੋੜੀਂਦਾ ਸਮਾਨ ਘਰ ਵਿਚ ਹੀ ਆਮ ਮਿਲ ਜਾਂਦਾ ਸੀ। ਇਹ ਸਮਾਂ ਦਿਖਾਵੇ ਤੋਂ ਬਹੁਤ ਦੂਰ, ਮੁਹੱਬਤ ਦੇ ਕਰੀਬ ਸੀ। ਜੋ ਪਕਦਾ ਆਂਢ ਗੁਆਂਢ ਵਿਚ ਵੰਡ ਕੇ ਖਾਧਾ ਜਾਂਦਾ। ਬਾਬੇ ਨਾਨਕ ਦਾ ਫ਼ਲਸਫ਼ਾ ‘ਵੰਡ ਛਕੋ’ ਕਾਇਮ ਸੀ। ਦੀਵਾਲੀ ਦੀ ਰਾਤ ਨੂੰ ਦੀਵੇ ਬਾਲੇ ਜਾਂਦੇ। ਇਹ ਮਿੱਟੀ ਦੇ ਹੁੰਦੇ ਸਨ ਜੋ ਘੁਮਿਆਰ ਭਾਈਚਾਰਾ ਘਰਾਂ ਵਿਚ ਹੀ ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਦੇ ਜਾਂਦਾ ਅਤੇ ਬਦਲੇ ਵਿਚ ਉਸ ਨੂੰ ਕੁੱਝ ਕਣਕ ਦੇ ਦਾਣੇ, ਗੁੜ, ਖੰਡ ਅਤੇ ਥੋੜ੍ਹੇ ਪੈਸੇ ਦੇ ਦਿਤੇ ਜਾਂਦੇ।
ਸਮੇਂ ਦੀ ਅਜਿਹੀ ਹਨੇਰੀ ਝੁੱਲੀ ਕਿ ਸਭ ਕੱੁਝ ਉਡਾ ਕੇ ਲੈ ਗਈ। ਕਈ ਵਾਰ ਤਾਂ ਸੋਚਦਾ ਹਾਂ ਕਿ ਕੀ ਕਰਨਾ ਸੀ ਤਰੱਕੀ ਕਰ ਕੇ, ਜਿਸ ਨੇ ਸਾਥੋਂ ਸਾਡਾ ਵਿਰਸਾ, ਬੋਲੀ, ਇਤਿਹਾਸ, ਪਿਆਰ ਤੇ ਭਾਈਚਾਰਕ ਸਾਂਝ ਨੂੰ ਹੀ ਖੋਹ ਲਈ। ਅੱਜ ਖ਼ੁਸ਼ੀਆਂ ਦੀ ਵੰਡ ਨਹੀਂ ਸਗੋਂ ਖ਼ੁਸ਼ੀਆਂ ਖੋਈਆਂ ਜਾਂਦੀਆਂ ਹਨ। ਬਾਬੇ ਨਾਨਕ ਨੇ ਜਿਸ ਬਾਬਰ ਨੂੰ ਜਾਬਰ ਕਿਹਾ ਸੀ, ਅੱਜ ਉਹੀ ਬਾਬਰ ਬਣੇ ਲੋਕ ਪਿਆਰ ਨੂੰ ਭੁਲਾ ਕੇ ਨਫ਼ਰਤ ਨਾਲ ਹਕੂਮਤ ਕਾਇਮ ਕਰਨ ’ਤੇ ਤੁਲੇ ਹੋਏ ਹਨ। ਦਿਨੋਂ ਦਿਨ ਪੰਜਾਬ ਨਿਘਾਰ ਵਲ ਜਾ ਰਿਹਾ ਹੈ। ਦੀਵਿਆਂ ਦੀ ਲੋਅ ਵਿਚ ਗਿਆਨ ਦੀ ਰੌਸ਼ਨੀ ਜਗਾਉਣ ਦੀ ਬਜਾਏ ਅਗਿਆਨਤਾ, ਊਚ-ਨੀਚ ਤੇ ਫ਼ਿਰਕਾ-ਪ੍ਰਸਤੀ ਨੂੰ ਹੁੰਗਾਰਾ ਦਿਤਾ ਜਾ ਰਿਹਾ ਹੈ। ਦੀਵਿਆਂ ਦੀ ਲੋਅ ਕੇਵਲ ਅਮੀਰਾਂ ਦੇ ਘਰਾਂ ਦੀ ਰੌਸ਼ਨੀ ਬਣੇ, ਇਸੇ ਨਾਹਰੇ ’ਤੇ ਪਹਿਰਾ ਦਿਤਾ ਜਾ ਰਿਹਾ ਹੈ।
ਬਾਬੇ ਨਾਨਕ ਦੀ ਸਿਰਜੀ ਧਰਤੀ ’ਤੇ ਜਿਥੇ ਤੇਰਾ ਤੇਰਾ ਤੋਲਿਆ ਜਾਂਦਾ ਸੀ, ਉਥੇ ਹੁਣ ਥੋੜਾ ਘੱਟ ਹੀ ਤੋਲਿਆ ਜਾਂਦਾ ਹੈ ਅਤੇ ਜੋ ਤੋਲਿਆ ਜਾਂਦਾ ਹੈ, ਉਸ ਵਿਚ ਵੀ ਮਿਲਾਵਟ ਕੀਤੀ ਜਾਂਦੀ ਹੈ। ਇਹੀ ਮਿਲਾਵਟ ਸਾਨੂੰ ਸਾਡੇ ਵਿਰਸੇ ਤੋਂ ਦੂਰ ਖਿਚਦੀ ਹੋਈ ਸਿਹਤ ਪ੍ਰਣਾਲੀ ਵਿਚ ਗਿਰਾਵਟ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀ ਹੈ।
ਅਪਣੀ ਹੋਂਦ ਨੂੰ ਕਿਨਾਰੇ ਕਰ ਕੇ ਫੋਕੀ ਸ਼ੌਹਰਤ ਦੇ ਪਿੱਛੇ ਪੈ ਕੇ ਅਸੀਂ ਮਿੱਟੀ ਦੇ ਦੀਵੇ ਨਹੀਂ ਸਗੋਂ ਬਿਜਲੀ ਨਾਲ ਚੱਲਣ ਵਾਲੀਆਂ ਲੜੀਆਂ ਨੂੰ ਤਵੱਜੋ ਦੇਣੀ ਸ਼ੁਰੂ ਕਰ ਦਿਤੀ ਹੈ। ਦੀਵਾਲੀ ਤੋਂ ਪਹਿਲਾਂ ਹੀ ਘਰ ਲੜੀਆਂ ਨਾਲ ਜਗਮਗ-ਜਗਮਗ ਕਰਨਾ ਸ਼ੁਰੂ ਕਰ ਦਿੰਦੇ ਹਨ ਪ੍ਰੰਤੂ ਇਨ੍ਹਾਂ ਵਿਚੋਂ ਪਿਆਰ ਘੱਟ ਅਤੇ ਬਨਾਉਟੀ ਸ਼ੌਹਰਤ ਦੀ ਬੋਅ ਵੱਧ ਆਉਂਦੀ ਹੈ। ਸਰੋ੍ਹਂ ਦੇ ਤੇਲ ਦੇ ਦੀਵੇ ਜਿਥੇ ਵਾਤਾਵਰਣ ਨੂੰ ਸ਼ੁੱਧ ਕਰਦੇ ਸਨ ਉਥੇ ਗ਼ਰੀਬ ਘਰਾਂ ਦੇ ਚੁੱਲ੍ਹੇ ਵੀ ਬਾਲਦੇ ਸਨ। ਅੱਜ ਸੜਕਾਂ ਕਿਨਾਰੇ ਬੈਠੇ ਛੋਟੇ-ਛੋਟੇ ਬੱਚੇ ਮਿੱਟੀ ਦੇ ਭਾਂਡੇ ਅਤੇ ਦੀਵੇ ਲੈ ਕੇ ਕਿਸੇ ਰਾਹਗੀਰ ਦੀ ਰਾਹ ਤਕਦੇ ਹੋਏ ਸੋਚਦੇ ਹਨ ਕਿ ਸ਼ਾਇਦ ਕੋਈ ਇਨ੍ਹਾਂ ਨੂੰ ਖ਼ਰੀਦ ਕੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਹੀ ਪਾ ਜਾਵੇ ਅਤੇ ਘਰ ਜਾ ਕੇ ਅਸੀ ਵੀ ਦੀਵਾਲੀ ਦੀਆਂ ਖ਼ੁਸ਼ੀਆਂ ਅਪਣੇ ਪ੍ਰਵਾਰ ਨਾਲ ਸਾਂਝਾ ਕਰ ਸਕੀਏ।
ਮਨੁੱਖ ਇਕ ਸਮਾਜਕ ਪ੍ਰਾਣੀ ਹੈ। ਜਿਥੇ ਬੰਦਾ ਬੰਦੇ ਦੇ ਕੰਮ ਆਉਂਦੈ, ਉਥੇ ਕਈ ਵਾਰ ਪੈਸਾ ਕੰਮ ਨਹੀਂ ਆਉਂਦਾ। ਪੈਸੇ ਨੂੰ ਫ਼ਾਲਤੂ ਬਰਬਾਦ ਕਰਨ ਦੀ ਬਜਾਏ ਅਸੀ ਇਨ੍ਹਾਂ ਪੈਸਿਆਂ ਨਾਲ ਕਿਸੇ ਨੂੰ ਖ਼ੁਸ਼ੀ ਦੇ ਸਕਦੇ ਹਾਂ। ਦੀਵਾਲੀ ਤੇ ਕੁੱਝ ਪਲ ਦੀ ਖ਼ੁਸ਼ੀ ਲਈ ਚਲਾਏ ਜਾਂਦੇ ਪਟਾਕੇ ਜਿਥੇ ਪੈਸੇ ਦੀ ਬਰਬਾਦੀ ਹਨ ਉਥੇ ਹਵਾ ਪ੍ਰਦੂਸ਼ਣ ਅਤੇ ਸ਼ੋਰ ਪ੍ਰਦੂਸ਼ਣ ਵਿਚ ਵਾਧਾ ਕਰ ਕੇ ਵਾਤਾਵਰਣ ਨੂੰ ਪਲੀਤ ਕਰਨ ਦੇ ਨਾਲ-ਨਾਲ ਹਾਦਸਿਆਂ ਦਾ ਵੀ ਵੱਡਾ ਕਾਰਨ ਬਣਦੇ ਹਨ। ਗ਼ਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੁੰਦੀ ਹੈ। ਜਿਨ੍ਹਾਂ ਪੈਸਿਆਂ ਨਾਲ ਪਟਾਕੇ ਚਲਾਉਣੇ ਹਨ, ਉਨ੍ਹਾਂ ਪੈਸਿਆਂ ਨਾਲ ਕਿਸੇ ਲੋੜਵੰਦ ਪ੍ਰਵਾਰ ਨੂੰ ਮਠਿਆਈ ਤੇ ਕਪੜੇ ਦੇ ਕੇ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਇਸ ਨਾਲ ਜਿਥੇ ਕਿਸੇ ਲੋੜਵੰਦ ਦੀ ਜ਼ਰੂਰਤ ਪੂਰੀ ਹੋ ਜਾਵੇਗੀ, ਉਥੇ ਕਿਸੇ ਦੀ ਮਦਦ ਕਰ ਕੇ ਜੋ ਰੂਹ ਨੂੰ ਸਕੂਨ ਮਿਲਦਾ ਹੈ, ਉਸ ਦਾ ਵੀ ਆਨੰਦ ਮਾਣਿਆ ਜਾ ਸਕਦਾ ਹੈ।
ਭਾਰਤ ਹੱਥੀਂ ਕਿਰਤ ਕਰਨ ਵਾਲਿਆਂ ਦਾ ਦੇਸ਼ ਹੈ। ਚਾਹੇ ਅੰਗਰੇਜ਼ ਹਕੂਮਤ ਦੇ ਆਉਣ ਨਾਲ ਮਸ਼ੀਨੀਕਰਨ ਵਿਚ ਵਾਧਾ ਹੋਇਆ ਪ੍ਰੰਤੂ ਅੱਜ ਵੀ ਅਜਿਹੇ ਬਹੁਤ ਸਾਰੇ ਕਿਰਤੀ ਹਨ ਜੋ ਹੱਥੀਂ ਕਿਰਤ ਕਰਦੇ ਹੋਏ ਅਪਣੇ ਵਿਰਸੇ ਨਾਲ ਜੁੜੇ ਹੋਏ ਹਨ। ਸਾਡੇ ਹੱਥੀਂ ਕਿਰਤੀ ਕਲਾਕਾਰ ਇਸੇ ਲਈ ਦਮ ਤੋੜ ਰਹੇ ਹਨ ਕਿਉਂਕਿ ਅਸੀ ਉਨ੍ਹਾਂ ਤੋਂ ਮੂੰਹ ਮੋੜ ਕੇ ਪਛਮੀ ਸਭਿਆਚਾਰ ’ਤੇ ਡੁੱਲ੍ਹ ਚੁੱਕੇ ਹਾਂ। ਜੇਕਰ ਅਸੀਂ ਇਨ੍ਹਾਂ ਹੱਥੀਂ ਕਿਰਤਕਾਰਾਂ ਤੋਂ ਉਨ੍ਹਾਂ ਦਾ ਬਣਾਇਆ ਸਾਜੋ ਸਮਾਨ ਖ਼ਰੀਦਾਦਾਂਗੇ ਤਾਂ ਇਸ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੋਵੇਗਾ ਕਿ ਦੇਸ਼ ਦਾ ਪੈਸਾ ਦੇਸ਼ ਵਿਚ ਹੀ ਰਹੇਗਾ ਤੇ ਦੇਸ਼ ਦੀ ਆਰਥਕਤਾ ਵਿਚ ਸੁਧਾਰ ਹੋਵੇਗਾ। ਸਿਆਣੇ ਕਹਿੰਦੇ ਹਨ ਕਿ ਖ਼ਰਬੂਜੇ ਨੂੰ ਵੇਖ ਕੇ ਖ਼ਰਬੂਜਾ ਰੰਗ ਬਦਲਦਾ ਹੈ। ਸਨਅਤਕਾਰਾਂ ਨੂੰ ਹੁਲਾਰਾ ਮਿਲਦਾ ਵੇਖ ਕੇ ਬੇਰੋਜ਼ਗਾਰਾਂ ਲਈ ਨਵਾਂ ਰਾਹ ਖੁੱਲ੍ਹੇਗਾ। ਦੇਸ਼ ਵਿਚ ਹੀ ਰੋਜ਼ਗਾਰ ਦੀ ਰੌਸ਼ਨੀ ਦਿਖਣ ਨਾਲ ਪ੍ਰਵਾਸ ਘਟੇਗਾ। ਰੋਜ਼ੀ ਰੋਟੀ ਲਈ ਪ੍ਰਵਾਸ ਨੂੰ ਤਵੱਜੋ ਦੇਣ ਵਾਲਿਆਂ ਨੂੰ ਜਦੋਂ ਦੇਸ਼ ਵਿਚ ਹੀ ਰੋਜ਼ਗਾਰ ਮਿਲੇਗਾ ਤਾਂ ਉਹ ਪ੍ਰਵਾਸ ਦਾ ਖਿਆਲ ਵੀ ਨਹੀਂ ਕਰਨਗੇ। ਇਨ੍ਹਾਂ ਘਰੇਲੂ ਸਨਅਤਕਾਰਾਂ ਨੂੰ ਬਚਾਉਣ ਵਿਚ ਯੋਗਦਾਨ ਪਾਉਣਾ ਵੀ ਸਾਡਾ ਹੀ ਫ਼ਰਜ਼ ਹੈ। ਅਸੀ ਇਨ੍ਹਾਂ ਹੱਥੀਂ ਕਿਰਤਕਾਰਾਂ ਦੇ ਬਣੇ ਸਾਜੋ ਸਾਮਾਨ (ਮਿੱਟੀ ਦੇ ਦੀਵਿਆਂ ਅਤੇ ਹੋਰ ਘਰੇਲੂ ਲੋੜੀਂਦਾ ਸਮਾਨ) ਨੂੰ ਖ਼ਰੀਦ ਕੇ ਜਿਥੇ ਮੁੜ ਮਿੱਟੀ ਨਾਲ ਜੁੜਨ ਦੀ ਕੋਸ਼ਿਸ਼ ਕਰ ਸਕਦੇ ਹਾਂ ਉਥੇ ਇਸ ਦੀਵਾਲੀ ਦੇ ਪਵਿੱਤਰ ਤਿਉਹਾਰ ’ਤੇ ਕਿਸੇ ਲੋੜਵੰਦ ਦੀ ਮਦਦ ਕਰ ਕੇ ਉਸ ਦੇ ਚਿਹਰੇ ’ਤੇ ਇਕ ਮੁਸਕਰਾਹਟ ਲਿਆਉਣ ਦਾ ਜ਼ਰੀਆ ਵੀ ਬਣ ਸਕਦੇ ਹਾਂ।
ਆਉ ਅਸੀਂ ਸਾਰੇ ਪ੍ਰਣ ਕਰੀਏ ਕਿ ਦੀਵਾਲੀ ਦੇ ਤਿਉਹਾਰ ਮੌਕੇ ਜਾਤ-ਪਾਤ, ਮਜ਼੍ਹਬ ਅਤੇ ਫ਼ਿਰਕੇ ਦਾ ਭੇਦਭਾਵ ਮਿਟਾ ਕੇ, ਲੋੜਵੰਦ ਦੀ ਸਹਾਇਤਾ ਕਰਦੇ ਹੋਏ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਵਾਂਗੇ ਤਾਂ ਜੋ ਆਪਸੀ ਭਾਈਚਾਰਕ ਸਾਂਝ ਅਤੇ ਵਾਤਾਵਰਣ ਦੀ ਸ਼ੁਧਤਾ ਕਾਇਮ ਰੱਖੀ ਜਾ ਸਕੇ।
ਰਜਵਿੰਦਰ ਪਾਲ ਸ਼ਰਮਾ
ਮੋ. 708 7367969
(For more news apart from Sharing happiness under the lights News in Punjabi, stay tuned to Rozana Spokesman)