ਅੱਜ ਦਾ ਇਤਿਹਾਸ 10 ਦਸੰਬਰ

ਵਿਚਾਰ, ਵਿਸ਼ੇਸ਼ ਲੇਖ

1705 - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਤੋਂ ਮਾਲਵਾ ਵਾਸਤੇ ਚੱਲ ਪਏ।  


ਤਿੰਨ ਦਿਨ ਮਾਛੀਵਾੜਾ ਵਿੱਚ ਭਾਈ ਜੀਵਨ ਸਿੰਘ ਦੇ ਘਰ ਰਹਿਣ ਮਗਰੋਂ 10 ਦਸੰਬਰ 1705 ਦੇ ਦਿਨ ਗੁਰੂ ਸਾਹਿਬ ਮੁਸਲਮਾਨਾਂ ਦੇ ਪੀਰਾਂ ਵਾਲੇ ਹਰੇ ਰੰਗ ਦੇ (ਮੁਸਲਮਾਨ ਇਨ੍ਹਾਂ ਹਰੇ ਕਪੜਿਆਂ ਨੂੰ ਨੀਲ-ਬਸਤਰ ਕਹਿੰਦੇ ਸਨ; ਨੀਲ ਦਾ ਲਫ਼ਜ਼ੀ ਮਾਅਨਾ ਹੈ 'ਰੰਗਦਾਰ' ਨਾ ਕਿ ਨੀਲਾ) ਪਹਿਨ ਕੇ ਅਜਨੇਰ ਦੇ ਕਾਜ਼ੀ ਚਰਾਗ਼ ਦੀਨ ਅਤੇ ਚਾਰ ਹੋਰ ਮੁਸਲਮਾਨ ਮੁਰੀਦਾਂ (ਇਨਾਇਤ ਅਲੀ ਨੂਰਪੁਰ, ਕਾਜ਼ੀ ਪੀਰ ਮੁਹੰਮਦ ਸਲੋਹ, ਸੁਬੇਗ ਸ਼ਾਹ ਹਲਵਾਰਾ ਅਤੇ ਹਸਨ ਅਲੀ ਮੋਠੂ ਮਾਜਰਾ) ਨਾਲ ਮਾਛੀਵਾੜਾ ਤੋਂ ਦੀਨਾ ਕਾਂਗੜ ਵੱਲ ਚੱਲ ਪਏ। ਆਪ ਨੇ ਪਹਿਲੀ ਰਾਤ ਅਜਨੇਰ ਵਿੱਚ ਬਿਤਾਈ ਇਸ ਤੇ ਬਾਅਦ ਲੱਲ, ਕਟਾਣੀ, ਰਾਮਪੁਰ, ਦੋਰਾਹਾ ਅਤੇ ਹੋਰ ਪਿੰਡਾਂ ਵਿਚੋਂ ਹੁੰਦੇ ਹੋਏ ਆਲਮਗੀਰ ਪੁੱਜੇ। ਇੱਥੇ ਆਪ ਨੇ ਆਪ ਦੇ ਨਾਲ ਆਏ ਪੰਜ ਮੁਸਲਮਾਨ ਮੁਰੀਦਾਂ ਨੂੰ ਅਲਵਿਦਾ ਆਖੀ ਅਤੇ ਆਪ ਘੋੜੇ 'ਤੇ ਸਵਾਰ ਹੋ ਕੇ ਦੀਨਾ ਕਾਂਗੜ ਪਹੁੰਚੇ।

1710 - ਬਾਦਸ਼ਾਹ ਬਹਾਦਰ ਸ਼ਾਹ ਨੇ ਫ਼ੁਰਮਾਨ ਜਾਰੀ ਕੀਤਾ ਕਿ ਸਿੱਖ ਜਿੱਥੇ ਵੀ ਮਿਲੇ ਕਤਲ ਕਰ ਦਿੱਤਾ ਜਾਵੇ।  

ਤਕਰੀਬਨ ਬਾਕੀ ਸਾਰੇ ਪਾਸਿਓਂ ਸਿੱਖਾਂ ਨੂੰ ਖਦੇੜਨ ਮਗਰੋਂ ਮੁਗ਼ਲ ਫ਼ੌਜਾਂ ਨੇ ਬਾਦਸ਼ਾਹ ਦੀ ਅਗਵਾਈ ਵਿਚ ਕਿਲ੍ਹਾ ਲੋਹਗੜ੍ਹ ਵਲ ਕੂਚ ਕਰ ਦਿਤਾ। 29 ਨਵੰਬਰ ਬੁੱਧਵਾਰ ਦੇ ਦਿਨ ਬਾਦਸ਼ਾਹ, ਲੋਹਗੜ੍ਹ ਕਿਲ੍ਹੇ ਤੋਂ ਕੁਝ ਫ਼ਰਲਾਂਗ ਦੂਰ, ਸੋਮ ਨਦੀ ਦੇ ਕੰਢੇ 'ਤੇ, ਪਿੰਡ ਕੰਪੋ ਦੀ ਹੱਦ ਵਿਚ ਪੁੱਜ ਗਿਆ। ਹਾਲਾਤ ਵੇਖ ਕੇ ਉਸ ਨੇ ਹੁਕਮ ਦਿਤਾ ਕਿ ਖਾਨਖਾਨਾ ਅਤੇ ਮਹਾਬਤ ਖ਼ਾਨ ਅਗਲੇ ਦਿਨ ਸਿੱਖਾਂ ਦੇ ਪਹਾੜਾਂ 'ਤੇ ਬਣੇ ਮੋਰਚਿਆਂ ਦਾ ਜਾਇਜ਼ਾ ਲੈਣ। ਇਹੀ ਹੁਕਮ ਰਫ਼ੀਉੱਸ਼ਾਨ ਸ਼ਹਿਜ਼ਾਦਾ ਨੂੰ ਵੀ ਦਿਤਾ ਗਿਆ। 30 ਨਵੰਬਰ ਨੂੰ ਸਾਰਾ ਜਾਇਜ਼ਾ ਲੈ ਕੇ ਮੁਗ਼ਲ ਫ਼ੌਜਾਂ ਨੇ ਲੋਹਗੜ੍ਹ ਨੂੰ ਇੰਞ ਘੇਰਾ ਪਾਇਆ -

 (1) ਰਫ਼ੀਉੱਸ਼ਾਨ ਪਰਬਤ-ਪੱਲੇ ਤੋਂ ਇਕ ਕਿਲੋਮੀਟਰ ਹਟਵੇਂ, ਬੰਦਾ ਸਿੰਘ ਦੇ ਡੇਰੇ ਵਲ ਭੇਜਿਆ ਗਿਆ। ਉਸ ਦੇ ਨਾਲ ਬਖ਼ਸ਼ੀ-ਉਲ-ਮੁਲਕ ਜ਼ੁਲਫ਼ਿਕਾਰ ਖ਼ਾਨ ਦੀ ਡਿਊਟੀ ਲਾਈ ਗਈ।

(2) ਖ਼ਾਨਖ਼ਾਨਾ ਅਤੇ ਬਖ਼ਸ਼ੀ ਮਹਾਬਤ ਖ਼ਾਨ ਤੇ ਖ਼ਾਨ ਜ਼ਮਾਨ ਬਹਾਦਰ (ਤਿੰਨੇ ਪਿਓ-ਪੁੱਤਰ) ਉਸ ਇਲਾਕੇ ਦੇ ਜਾਣੂਆਂ ਪਿੱਛੇ ਲਗ ਕੇ ਪਰਬਤ ਦੀ ਢਾਕੇ (ਕਮਰ) ਦਾਖਿਲ ਹੋਏ।

(3) ਹਿੰਦੂ ਰਾਜਾ ਛਤਰਸਾਲ ਬੁੰਦੇਲਾ ਤੇ ਇਸਲਾਮ ਖ਼ਾਨ 'ਮੀਰ ਆਤਿਸ਼' ਖ਼ਾਨਖ਼ਾਨਾ ਦੀ ਮੁਹਰੈਲੀ ਫ਼ੌਜ ਬਣ ਕੇ ਅਗਾਂਹ ਵਧੇ।

(4) ਹਮੀਦ-ਉਦ-ਦੀਨ ਖ਼ਾਨ, ਅਜ਼ੀਮੁੱਸ਼ਾਨ ਸ਼ਾਹ ਬਹਾਦਰ ਦੇ ਸਾਥੀ ਤੇ ਜਹਾਨ ਸ਼ਾਹ ਬਹਾਦੁਰ ਦੇ ਚਾਕਰ, ਉੱਪਰ ਜ਼ਿਕਰ ਕੀਤੇ ਤਿੰਨਾਂ ਦਲਾਂ ਦੀ ਮਦਦ ਵਾਸਤੇ, ਮਗਰ-ਮਗਰ ਟੁਰੇ।

ਲੋਹਗੜ੍ਹ ਵਿਚ ਇਸ ਵੇਲੇ ਨਾ ਤਾਂ ਬਹੁਤੀ ਸਿੱਖ ਫ਼ੌਜ ਸੀ, ਨਾ ਅਸਲਾ ਤੇ ਨਾ ਰਾਸ਼ਨ। ਸ਼ੁਰੂ-ਸ਼ੁਰੂ ਵਿਚ ਸਿੱਖਾਂ ਤੇ ਸ਼ਾਹੀ ਫ਼ੌਜਾਂ ਵਿਚ ਛੋਟੀ-ਮੋਟੀ ਜੰਗ ਚਲਦੀ ਰਹੀ। ਜਿਹੜਾ ਸਿੱਖ ਵੀ ਕਿਲ੍ਹੇ 'ਚੋਂ ਬਾਹਰ ਨਿਕਲਦਾ ਸੀ ਉਹ ਮੁਗ਼ਲ ਫ਼ੌਜਾਂ ਨਾਲ ਭਿੜ ਕੇ, ਚੰਗੀ ਜੱਦੋਜਹਿਦ ਮਗਰੋਂ, ਮਾਰਿਆ ਜਾਂਦਾ ਸੀ। ਬਹੁਤ ਸਾਰੇ ਮੁਗ਼ਲ ਫ਼ੌਜੀ ਵੀ ਮਰ ਰਹੇ ਸਨ।ਸਿੱਖ, ਅਸਲਾ ਥੋੜ੍ਹਾ ਹੋਣ ਕਰ ਕੇ, ਇਕ-ਇਕ ਕਰ ਕੇ ਗੋਲੇ ਸੁੱਟ ਰਹੇ ਸਨ। ਮੁਗ਼ਲ ਫ਼ੌਜਾਂ ਦੇ ਜਰਨੈਲਾਂ ਨੇ ਇਸ ਤੋਂ ਅੰਦਾਜ਼ਾ ਲਾ ਲਿਆ ਸੀ ਕਿ ਸਿੱਖਾਂ ਕੋਲ ਬਾਰੂਦ ਥੋੜ੍ਹਾ ਹੈ। ਉਹੀ ਗੱਲ ਹੋਈ। ਸ਼ਾਮ ਤੋਂ ਪਹਿਲਾਂ ਹੀ ਸਿੱਖਾਂ ਦਾ ਬਾਰੂਦ ਮੁੱਕ ਗਿਆ। ਹੁਣ ਉਹ ਮੋਰਚਿਆਂ ਵਿਚੋਂ ਨਿਕਲੇ ਅਤੇ ਉਨ੍ਹਾਂ ਨੇ ਮੁਗ਼ਲ ਫ਼ੌਜਾਂ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇੰਞ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ। ਇਸ ਵੇਲੇ ਬੰਦਾ ਸਿੰਘ ਲੋਹਗੜ੍ਹ ਕਿਲ੍ਹੇ ਤੋਂ ਉੱਪਰ, ਨਾਲ ਵਾਲੀ ਪਹਾੜੀ 'ਤੇ ਬਣੇ ਇਕ ਹੋਰ ਕਿਲ੍ਹੇ ਸਿਤਾਰਗੜ੍ਹ ਵਿਚ, ਬੈਠਾ ਸੀ। ਸ਼ਾਹੀ ਫ਼ੌਜ ਲੋਹਗੜ੍ਹ ਨੂੰ ਘੇਰੀ ਬੈਠੀ ਸੀ ਤੇ ਕਿਸੇ ਵੇਲੇ ਵੀ ਇਸ 'ਤੇ ਕਬਜ਼ਾ ਕਰ ਸਕਦੀ ਸੀ। ਸਿੱਖਾਂ ਨੂੰ ਹੁਣ ਅਹਿਸਾਸ ਹੋ ਗਿਆ ਸੀ ਉਨ੍ਹਾਂ ਦਾ ਭਲਾ ਕਿਲ੍ਹੇ 'ਚੋਂ ਨਿਕਲ ਜਾਣ ਵਿਚ ਹੀ ਹੈ। ਰਾਤ ਵੇਲੇ ਉਨ੍ਹਾਂ ਨੇ ਬਹੁਤ ਸਾਰਾ ਬਾਰੂਦ ਭਰ ਕੇ ਇਮਲੀ ਦੀ ਗੇਲੀ ਨਾਲ ਬਣਾਈ ਬੂੰਦਕ ਚਲਾਈ ਜਿਸ ਨਾਲ ਧਰਤੀ ਕੰਬ ਗਈ। ਇਸ ਧਮਾਕੇ ਨਾਲ ਸਾਰੇ ਸ਼ਾਹੀ ਫ਼ੌਜੀ ਡਰ ਕੇ ਲੁਕ ਗਏ। ਸਿੱਖਾਂ ਨੇ ਇਸ ਦਾ ਫ਼ਾਇਦਾ ਉਠਾਇਆ ਅਤੇ ਕਿਲ੍ਹੇ ਵਿੱਚੋਂ ਨਿਕਲ ਕੇ ਪਹਾੜਾਂ ਵਲ ਚਲੇ ਗਏ। ਇਨ੍ਹਾਂ ਵਿਚ ਹੀ ਬੰਦਾ ਸਿੰਘ ਵੀ ਸੀ। ਇਸ ਲੜਾਈ ਵਿਚ 1500 ਸਿੱਖ ਤੇ ਉਨ੍ਹਾਂ ਦੇ ਦੋ ਸਿਰਦਾਰ ਮਾਰੇ ਗਏ ਸਨ।ਜਦੋਂ ਬੰਦਾ ਸਿੰਘ ਦੇ ਬਚ ਕੇ ਨਿਕਲ ਜਾਣ ਦੀ ਖ਼ਬਰ ਬਹਾਦਰ ਸ਼ਾਹ ਨੂੰ ਮਿਲੀ ਤਾਂ ਉਹ ਬੜਾ ਗੁੱਸੇ ਵਿਚ ਆਇਆ ਅਤੇ ਉਸ ਨੇ ਕਿਹਾ "ਐਨੇ ਕੁੱਤਿਆਂ ਦੇ ਘੇਰੇ 'ਚੋਂ ਗਿੱਦੜ ਬਚ ਕੇ ਨਿਕਲ ਗਿਆ?" ਬਾਦਸ਼ਾਹ ਦੇ ਇਸ ਗੁੱਸੇ ਦਾ ਇਸ਼ਾਰਾ ਖ਼ਾਨਖ਼ਾਨਾ (ਮੁਨਾਇਮ ਖ਼ਾਨ) ਵਲ ਸੀ ਕਿਉਂ ਕਿ ਉਸ ਨੇ ਹੀ ਬਾਦਸ਼ਾਹ ਦੇ ਹੁਕਮ ਦੀ ਪਰਵਾਹ ਕੀਤੇ ਬਿਨਾਂ, ਆਪਣੀ ਮਰਜ਼ੀ ਨਾਲ, ਹੱਲਾ ਬੋਲ ਦਿਤਾ ਸੀ। ਬੰਦਾ ਸਿੰਘ ਦੇ ਬਚ ਨਿਕਲਣ ਦੇ ਅਫ਼ਸੋਸ ਵਜੋਂ ਬਾਦਸ਼ਾਹ ਨੇ ਢੋਲ, ਨਗਾਰੇ ਤੇ ਨਾਚ-ਗਾਣਾ ਬੰਦ ਕਰਵਾ ਦਿੱਤੇ ਅਤੇ ਉਹ ਅਫ਼ਸੋਸ-ਜ਼ਦਾ ਹੋ ਕੇ ਬੈਠ ਗਿਆ।ਐਤਵਾਰ, 3 ਦਸੰਬਰ 1710 ਨੂੰ, ਬਾਦਸ਼ਾਹ ਨੇ ਦਰਬਾਰ ਲਾਇਆ ਅਤੇ ਸਿੱਖਾਂ ਦੇ ਖ਼ਿਲਾਫ਼ ਲੜਾਈ ਵਿਚ ਰੋਲ ਅਦਾ ਕਰਨ ਵਾਲਿਆਂ ਨੂੰ ਈਨਾਮ ਦਿੱਤੇ। ਜਮਦਾਤ-ਉਲ-ਮੁਲਕ ਅਤੇ ਬਖ਼ਸ਼ੀ-ਉਲ-ਮੁਮਾਲਿਕ ਨੂੰ ਖਿੱਲਤ ਤੇ ਦਸਤਾਰ, ਹਮੀਦ-ਉਦ-ਖ਼ਾਨ ਨੂੰ ਕਪੜੇ ਦੇ ਚਾਰ ਥਾਨ ਦੀ ਖਿੱਲਤ, ਬਖ਼ਸ਼ੀ-ਉਲ-ਮੁਲਕ, ਮਹਾਬਤ ਖ਼ਾਨ ਅਤੇ ਇਸਲਾਮ ਖ਼ਾਨ ਬਹਾਦਰ ਨੂੰ ਸਪੈਸ਼ਲ ਖਿੱਲਤ ਤੇ ਰਾਜਾ ਉਦਿਤ ਸਿੰਹ ਨੂੰ ਵੀ ਵਧੀਆ ਖਿੱਲਤ ਦਿੱਤੀ ਗਈ। ਰਾਜਾ ਛਤਰ ਸਾਲ ਨੂੰ ਜਿਗ੍ਹਾ ਕਲਗੀ ਤੇ ਚੂੜਾਮਣੀ ਜੱਟ (ਇਹ ਹਿੰਦੂ ਜਰਨੈਲ ਚੂੜਾਮਣੀ ਜੱਟ ਉਹੀ ਸੀ ਜੋ ਬਹਾਦਰ ਸ਼ਾਹ ਦੇ ਬਾਗ਼ੀ ਭਰਾ ਤਾਰਾ ਆਜ਼ਮ ਦਾ ਸਾਥੀ ਸੀ। ਪਰ ਜਨਵਰੀ 1705 ਦੀ ਲੜਾਈ ਵਿਚ ਤਾਰਾ ਆਜ਼ਮ ਦੀ ਹਾਰ ਤੇ ਮੌਤ ਮਗਰੋਂ ਇਸ ਨੇ ਤਾਰਾ ਆਜ਼ਮ ਦਾ ਖ਼ਜ਼ਾਨਾ ਲੁੱਟ ਲਿਆ ਸੀ ਤੇ ਬਹਾਦਰ ਸ਼ਾਹ ਨਾਲ ਆ ਰਲਿਆ ਸੀ) ਨੂੰ ਹਾਥੀ ਬਖ਼ਸ਼ਿਆ ਗਿਆ। ਹਾਮਿਦ ਖ਼ਾਨ ਨੂੰ ਜੋੜਾ-ਜਾਮਾ ਭੇਟ ਕੀਤਾ ਗਿਆ। 10 ਦਸੰਬਰ 1710 ਨੂੰ ਬਾਦਸ਼ਾਹ ਨੇ ਬਖ਼ਸ਼ੀ-ਉਲ-ਮੁਮਾਲਿਕ ਮਹਾਬਤ ਖ਼ਾਨ ਨੂੰ ਹੁਕਮ ਜਾਰੀ ਕੀਤਾ ਕਿ ਉਸ (ਬਾਦਸ਼ਾਹ) ਦੇ ਨਾਂ 'ਤੇ ਸ਼ਾਹਜਹਾਨਾਬਾਦ (ਦਿੱਲੀ) ਦੇ ਆਲੇ-ਦੁਆਲੇ ਦੇ ਫ਼ੌਜਦਾਰਾਂ ਨੂੰ ਫ਼ੁਰਮਾਨ ਜਾਰੀ ਕਰੇ ਕਿ "ਜਿੱਥੇ ਵੀ ਕੋਈ ਨਾਨਕ-ਪ੍ਰਸਤ (ਸਿੱਖ) ਨਜ਼ਰ ਆਵੇ ਉਸ ਨੂੰ ਕਤਲ ਕਰ ਦਿੱਤਾ ਜਾਵੇ।" (ਮਗਰੋਂ 26 ਮਾਰਚ 1711 ਨੂੰ ਬਾਦਸ਼ਾਹ ਨੇ ਇਹ ਹੁਕਮ ਵੀ ਜਾਰੀ ਕੀਤਾ ਕਿ ਸਿੱਖਾਂ ਨੂੰ 'ਸਿੱਖ' ਨਹੀਂ ਬਲਕਿ 'ਸਿੱਖ-ਚੋਰ' ਲਿਖਿਆ ਜਾਇਆ ਕਰੇ)।

1966 - ਅਕਾਲੀ ਕਾਨਫ਼ਰੰਸ ਲੁਧਿਆਣਾ ਨੇ ਸਿੱਖ ਹੋਮਲੈਂਡ (ਸਿੱਖ ਸਟੇਟ / ਖਾਲਿਸਤਾਨ) ਦਾ ਮਤਾ ਪਾਸ ਕੀਤਾ।  


10-11 ਦਸੰਬਰ 1966 ਨੂੰ ਲੁਧਿਆਣੇ ਵਿਖੇ ਅਕਾਲੀ ਦਲ (ਮਾਸਟਰ) ਦੀ ਸਾਲਾਨਾ ਕਾਨਫ਼ਰੰਸ ਹੋਈ। ਇਸ ਵਿਚ ''ਸਿੱਖ ਹੋਮਲੈਂਡ" ਦਾ ਮਤਾ ਪਾਸ ਕੀਤਾ ਗਿਆ। ਅਕਾਲੀ ਦਲ ਨੇ ਐਲਾਨ ਕੀਤਾ ਕਿ ਦਲ ਨੂੰ ਮਿਲੀ ਵੋਟ ਸਿੱਖ ਹੋਮਲੈਂਡ ਦੀ ਵੋਟ ਹੋਵੇਗੀ, ਇਸ ਤੋਂ ਇਲਾਵਾ ਇਹ ਮਤੇ ਵੀ ਪਾਸ ਹੋਏ -

(1) ਸਿੱਖਾਂ ਨਾਲ ਆਜ਼ਾਦ ਭਾਰਤ 'ਚ ਕੀਤੇ ਜਾ ਰਹੇ ਵਿਤਕਰੇ ਖ਼ਤਮ ਹੋਣ

(2) ਪੰਜਾਬੀ ਸੂਬੇ ਦੇ ਬਾਕੀ ਇਲਾਕੇ ਵਾਪਿਸ ਦਿਤੇ ਜਾਣ

(3) ਫਤਹਿ ਸਿੰਘ ਦੇ ਮਰਨ ਵਰਤ ਦੀ ਹਿਮਾਇਤ ਕੀਤੀ ਗਈ।


1988 - ਬਲਵੰਤ ਸਿੰਘ ਖੁਖਰਾਣਾ ਦੀ ਨਕਲੀ ਮੁਕਾਬਲੇ ਵਿੱਚ ਸ਼ਹੀਦੀ ਹੋਈ।  

10 ਦਸੰਬਰ 1988 ਦੇ ਦਿਨ ਪੰਜਾਬ ਪੁਲਸ ਨੇ ਬਲਵੰਤ ਸਿੰਘ (ਭਰਾ ਭਾਈ ਕੁਲਵੰਤ ਸਿੰਘ ਖੁਖਰਾਣਾ, ਵਾਸੀ ਮੋਗਾ) ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।


1990 - ਜਸਵੰਤ ਸਿੰਘ ਜੱਸਾ 'ਤੇ ਗੁਰਤੇਜ ਸਿੰਘ ਸੈਨੇਵਾਲਾ ਦੀ ਨਕਲੀ ਮੁਕਾਬਲੇ ਵਿੱਚ ਸ਼ਹੀਦੀ ਹੋਈ।   

10 ਦਸੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਜਸਵੰਤ ਸਿੰਘ ਜੱਸਾ ਤੇ ਗੁਰਤੇਜ ਸਿੰਘ ਵਾਸੀ ਸੈਨੇਵਾਲਾ, ਬਠਿੰਡਾ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।


1991 - ਗੁਲਜ਼ਾਰ ਸਿੰਘ ਫੇਰੂਮਾਨ ਦੀ ਨਕਲੀ ਮੁਕਾਬਲੇ ਵਿੱਚ ਸ਼ਹੀਦੀ ਹੋਈ।

10 ਦਸੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਗੁਲਜ਼ਾਰ ਸਿੰਘ ਪੁੱਤਰ ਮਹਿੰਦਰ ਸਿੰਘ, ਵਾਸੀ ਧਾਂਦਰਾ, ਜ਼ਿਲ੍ਹਾ ਸੰਗਰੂਰ ਨੂੰ ਇੱਕ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।


1992 - ਗੁਰਨਾਮ ਸਿੰਘ ਧਮਾਕਾ, ਨਿਰਮਲ ਸਿੰਘ ਅਤੇ ਨਿਸ਼ਾਨ ਸਿੰਘ ਸਿਪਾਹੀ ਨੂੰ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ ਗਿਆ।  

10 ਦਸੰਬਰ 1992 ਨੂੰ ਪੰਜਾਬ ਪੁਲਿਸ ਨੇ ਗੁਰਨਾਮ ਸਿੰਘ ਧਮਾਕਾ ਤੇ ਨਿਰਮਲ ਸਿੰਘ (ਦੋਵੇਂ ਵਾਸੀ ਰਾਮ ਦੀਵਾਲੀ) ਅਤੇ ਨਿਸ਼ਾਨ ਸਿੰਘ ਸਿਪਾਹੀ ਨੂੰ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ।