1920 - ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਕਾਇਮ ਹੋਈ।
ਨਵੰਬਰ ਦੇ ਤੀਜੇ ਹਫ਼ਤੇ ਪੰਜਾ ਸਾਹਿਬ ਗੁਰਦੁਆਰੇ 'ਤੇ ਕਬਜ਼ਾ ਕਰਨ ਵੇਲੇ ਕਰਤਾਰ ਸਿੰਘ ਝੱਬਰ ਨੇ ਮਹਿਸੂਸ ਕੀਤਾ ਕਿ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਤੋਂ ਮਗਰੋਂ ਇਸ ਨੂੰ ਕਾਇਮ ਰੱਖਣ ਵਾਸਤੇ ਇਕ ਪੱਕੇ ਜਥੇ ਦੀ ਜ਼ਰੂਰਤ ਹੈ। ਜਦੋਂ ਵੀ ਲੋੜ ਮਹਿਸੂਸ ਹੋਵੇ, ਇਸ ਜਥੇ ਨੂੰ ਬੁਲਾ ਲਿਆ ਜਾਵੇ। ਕਿਉਂ ਕਿ ਪੰਜਾ ਸਾਹਿਬ 'ਚ ਮਹੰਤ ਦੀ ਵਿਧਵਾ ਨੇ ਔਰਤਾਂ ਤੋਂ ਵੀ ਹਮਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਇਸ ਕਰ ਕੇ ਇਸ 'ਅਕਾਲੀ ਫੌਜ' ਵਿਚ ਕੁਝ ਬੀਬੀਆਂ ਵੀ ਸ਼ਾਮਿਲ ਕੀਤੀਆਂ ਜਾਣ। ''ਪੰਚ'' ਅਖ਼ਬਾਰ ਮੁਤਾਬਿਕ ਮਾਸਟਰ ਮੋਤਾ ਸਿੰਘ ਨੇ ਇਹ ਸੁਝਾਅ ਦਿੱਤਾ ਸੀ ਕਿ ਅਖ਼ਬਾਰ 'ਚ ਅਪੀਲ ਛਾਪ ਕੇ ਇਕ 'ਗੁਰਦੁਆਰਾ ਸੇਵਕ ਦਲ' ਕਾਇਮ ਕੀਤਾ ਜਾਏ। ਇਹ ਅਪੀਲ ਇੰਞ ਸੀ -
ਗੁਰਦੁਆਰਾ ਸੇਵਕ ਦਲ - ਪੰਜ ਸੌ ਸਿੰਘਾਂ ਦੀ ਲੋੜ
''175 ਮੈਂਬਰ ਬਣਨ ਤੋਂ ਬਾਅਦ ਮਾਸਟਰ ਮੋਤਾ ਸਿੰਘ ਨੇ ਇਹ ਤਜਵੀਜ਼ ਕੀਤੀ ਹੈ ਕਿ ਕਮੇਟੀ ਦੇ ਨਾਲ ਇਕ ਗੁਰਦੁਆਰਾ ਸੇਵਕ ਦਲ ਬਣਾਇਆ ਜਾਏ, ਜਿਹੜਾ ਮਹੰਤਾਂ ਤੋਂ ਇੰਤਜ਼ਾਮ ਲਵੇ। ਇਹ ਕੁਲ 500 ਸਿੰਘ ਹੋਣ। ਇਨ੍ਹਾਂ ਵਿੱਚੋਂ 100 ਤਿਆਰ-ਬਰ-ਤਿਆਰ ਤਨਖ਼ਾਹਦਾਰ ਹੋਣ ਅਤੇ 400 ਰੀਜ਼ਰਵ ਹੋਣ, ਬਗ਼ੈਰ ਤਨਖ਼ਾਹ ਤੋਂ। ਜਿੱਥੇ ਹਾਲਤ ਵਿਗੜਦੀ ਹੋਈ ਦਿਸਦੀ ਹੋਵੇ, ਉਸ ਗੁਰਦੁਆਰੇ ਲਈ ਅਕਾਲ ਤਖ਼ਤ ਸਾਹਿਬ 'ਤੇ ਸੱਦ ਕੇ ਜਥਾ ਟੋਰ ਦਿੱਤਾ ਜਾਵੇ। ਇਹ ਡਿਊਟੀ ਇਕ ਕਮੇਟੀ ਲਵੇ, ਜੋ 175 ਵਿੱਚੋਂ 25 ਮੈਂਬਰ ਚੁਣ ਕੇ ਬਣੇ। ਇਸ ਦਲ ਦੇ ਐਕਸ਼ਨ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ।'' (ਪੰਚ, 24 ਨਵੰਬਰ 1920)।
26 ਨਵੰਬਰ ਦੇ ਦਿਨ ਪੰਜਾ ਸਾਹਿਬ ਦੇ ਇਕੱਠ ਵਿਚ ਇਸ ਦਾ ਮੁੱਢ ਵੀ ਬੰਨ੍ਹਿਆ ਗਿਆ ਸੀ। ਉਸੇ ਵੇਲੇ ਹੀ 50 ਸਿੰਘਾਂ ਨੇ ਆਪਣੇ ਆਪ ਨੂੰ ਪੇਸ਼ ਵੀ ਕੀਤਾ ਸੀ। ਇਸ ''ਗੁਰਦੁਆਰਾ ਸੇਵਕ ਦਲ'' ਜਾਂ ''ਅਕਾਲੀ ਦਲ'' ਦੀ ਸੈਂਟਰਲ ਬਾਡੀ ਦੀ ਕਾਇਮੀ ਵਾਸਤੇ ਇਕ ਇਕੱਠ 14 ਦਸੰਬਰ 1920 ਦੇ ਦਿਨ ਅਕਾਲ ਤਖ਼ਤ ਸਾਹਿਬ 'ਤੇ ਬੁਲਾ ਲਿਆ ਗਿਆ। ਇਸ ਇਕੱਠ ਵਿਚ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਤਜਵੀਜ਼ ਕੀਤੀ: ''ਸਮਾਂ ਸਾਨੂੰ ਮਜਬੂਰ ਕਰ ਰਿਹਾ ਹੈ ਕਿ ਗੁਰਦੁਆਰਿਆਂ ਦਾ ਸੁਧਾਰ ਝੱਟ-ਪਟ ਕੀਤਾ ਜਾਵੇ ਅਤੇ ਇਸ ਲਈ ਹਰ ਇਕ ਦੀ ਕੁਰਬਾਨੀ ਦੀ ਲੋੜ ਹੈ। ਸੋ ਇਸ ਤਰ੍ਹਾਂ ਕੀਤਾ ਜਾਵੇ ਕਿ ਅਕਾਲੀ ਦਲ ਕਾਇਮ ਕੀਤਾ ਜਾਵੇ। ਇਸ ਦੇ ਸੇਵਕ ਘੱਟੋ-ਘੱਟ ਇਕ ਮਹੀਨਾ ਸਾਲ ਵਿਚ ਪੰਥ ਨੂੰ ਅਰਪਣ ਕਰਨ। ਕੇਂਦਰ ਅੰਮ੍ਰਿਤਸਰ ਹੋਵੇ, ਜਿਥੇ ਹਰ ਵੇਲੇ 100 ਸਿੰਘ ਹਾਜ਼ਰ ਰਹਿਣ ਅਤੇ ਜਿੱਥੇ ਜਿਤਨੇ ਸਿੰਘ ਲੋੜ ਪਵੇ ਭੇਜੇ ਜਾਣ। ਇਲਾਕਿਆਂ ਵਿਚ ਇਸ ਦੀਆਂ ਸ਼ਾਖਾ ਬਣਾਈਆਂ ਜਾਣ।'' ਇਸ 'ਤੇ ਇਕੱਠ ਨੇ ਇਕ-ਰਾਇ ਨਾਲ ਮਤਾ ਪਾਸ ਕੀਤਾ ਕਿ 23 ਜਨਵਰੀ ਨੂੰ ਸੰਗਤਾਂ ਤਖ਼ਤ ਅਕਾਲ ਬੁੰਗੇ ਹੁੰਮ-ਹੁੰਮਾ ਕੇ ਆਉਣ ਤੇ ਜਥਾ ਕਾਇਮ ਕੀਤਾ ਜਾਵੇ।
ਇਸੇ ਖ਼ਬਰ ਹੇਠਾਂ ਜ਼ਰੂਰੀ ਅਪੀਲ 'ਚ ਕਿਹਾ ਗਿਆ ਸੀ ਕਿ ''ਜਥੇ, ਸਭਾਵਾਂ ਤੇ ਦੀਵਾਨਾਂ ਦੇ ਸੇਵਕਾਂ ਅਤੇ ਜਥੇਦਾਰਾਂ ਅੱਗੇ ਜ਼ਰੂਰੀ ਅਰਜ਼ ਹੈ ਕਿ ਉਹ ਦਰਸ਼ਨ ਦੇਣ। ਇਕ ਦਿਨ ਪਹਿਲੋਂ ਆਵਣ ਤੇ ਹੁਣ ਤਨ-ਮਨ ਤੇ ਧਨ ਦੀ ਕੁਰਬਾਨੀ ਕਰ ਕੇ ਜਨਮ ਸਫ਼ਲ ਕਰਨ।'' ਇਹ ਅਪੀਲ ਤੇਜਾ ਸਿੰਘ (ਭੁੱਚਰ) ਦੇ ਨਾਂ ਹੇਠ ਜਾਰੀ ਕੀਤੀ ਗਈ ਸੀ।
14 ਦਸੰਬਰ 1920 ਦੇ ਇਕੱਠ ਤੋਂ ਪਹਿਲਾਂ ਅਤੇ ਮਗਰੋਂ ਵੀ ਕਈ ਅਕਾਲੀ ਜਥੇ ਕਾਇਮ ਹੋਏ। ਇਨ੍ਹਾਂ ਵਿੱਚੋਂ 'ਅਕਾਲੀ ਜਥਾ ਖਰਾ ਸੌਦਾ' (ਜਥੇਦਾਰ ਕਰਤਾਰ ਸਿੰਘ ਝੱਬਰ), 'ਗੜਗਜ ਅਕਾਲੀ ਜਥਾ ਤਰਨ ਤਾਰਨ' (ਜਥੇਦਾਰ ਤੇਜਾ ਸਿੰਘ ਭੁੱਚਰ), 'ਸ਼ਹੀਦੀ ਦੀਵਾਨ ਬਾਰ ਧਾਰੋਵਾਲੀ' (ਜਥੇਦਾਰ ਸੰਗਤ ਸਿੰਘ) ਮੁਖ ਜਥੇ ਸਨ। ਹੋਰ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਵੀ ਅਕਾਲੀ ਜਥੇ ਕਾਇਮ ਹੋਏ ਸਨ। 16 ਪੋਹ (30 ਦਸੰਬਰ) ਨੂੰ ਖਰਾ ਸੌਦਾ 'ਚ ਵੀ ਇਕ ਇਕੱਠ ਹੋਇਆ ਇਸ ਵਿਚ ਜ: ਝੱਬਰ ਨੇ ਮਤਾ ਪੇਸ਼ ਕੀਤਾ ਕਿ ਗੁਰਦੁਆਰਿਆਂ ਦੇ ਸੁਧਾਰ ਵਾਸਤੇ ਅਕਾਲੀ ਦਲ (ਜ਼ਿਲ੍ਹਾ ਸ਼ੇਖੂਪੁਰਾ) ਕਾਇਮ ਕੀਤਾ ਜਾਏ। ਲੱਖਾ ਸਿੰਘ ਨੇ ਇਸ ਦਾ ਤਾਈਦ ਕੀਤੀ। ਉਸੇ ਵੇਲੇ 31 ਸੱਜਣ ਭਰਤੀ ਹੋ ਗਏ। ਇਸ ਦਲ ਦਾ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਚੁਣਿਆ ਗਿਆ। ਮੀਤ ਜਥੇਦਾਰ ਲੱਖਾ ਸਿੰਘ, ਸੇਵਕ (ਸਕੱਤਰ) ਸੁੱਚਾ ਸਿੰਘ ਤੇ ਮੀਤ ਸੇਵਕ ਤੇਜਾ ਸਿੰਘ ਚੂਹੜਕਾਨਾ ਚੁਣੇ ਗਏ।
14 ਦਸੰਬਰ ਦੇ ਇਕੱਠ ਵਿਚ ਇਸ ''ਗੁਰਦੁਆਰਾ ਸੇਵਕ ਦਲ'' ਦੀ ਕਾਇਮੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਸਬੰਧ ਵਿਚ 23 ਜਨਵਰੀ 1921 ਦੇ ਦਿਨ ਅਕਾਲ ਤਖ਼ਤ ਸਾਹਿਬ 'ਤੇ ਇਕੱਠ ਬੁਲਾਇਆ ਗਿਆ ਸੀ। ਇਸ ਵਿਚ ਜਥੇਬੰਦੀ ਦਾ ਨਾਂ ਮਨਜ਼ੂਰ ਕਰਨਾ ਸੀ ਅਤੇ ਸੇਵਕ (ਅਹੁਦੇਦਾਰ) ਚੁਣੇ ਜਾਣੇ ਸਨ। ਇਹ ਮੀਟਿੰਗ ਦੋ ਦਿਨ ਚੱਲੀ।
ਇਸ ਮੀਟਿੰਗ ਵਿਚ ਭਾਈ ਅਰਜਨ ਸਿੰਘ ਧੀਰਕੇ ਨੇ ਸੁਝਾਅ ਦਿੱਤਾ ਕਿ ਜਥੇਬੰਦੀ ਦਾ ਨਾਂ "ਗੁਰਦੁਆਰਾ ਸੇਵਕ ਦਲ" ਰੱਖਿਆ ਜਾਵੇ ਪਰ ਅਖ਼ੀਰ ਇਸ ਦਾ ਨਾਂ 'ਅਕਾਲੀ ਦਲ' ਹੀ ਸਭ ਨੇ ਮਨਜ਼ੂਰ ਕੀਤਾ। ਇਸ ਦਲ ਦੇ ਪਹਿਲੇ ਜਥੇਦਾਰ ਸਰਮੁਖ ਸਿੰਘ ਝਬਾਲ ਚੁਣੇ ਗਏ। (ਮਗਰੋਂ 29 ਮਾਰਚ 1922 ਦੇ ਦਿਨ ਅਕਾਲੀ ਦਲ ਨੇ, ਆਪਣੇ ਛੇਵੇਂ ਮਤੇ ਮੁਤਾਬਿਕ, ਜਥੇਬੰਦੀ ਦਾ ਨਾਂ ''ਸ਼੍ਰੋਮਣੀ ਅਕਾਲੀ ਦਲ'' ਰੱਖ ਲਿਆ)। ਇਸ ਦੇ ਨਾਲ ਹੀ ਅਕਾਲੀ ਦਲ ਨੇ ਆਪਣਾ ਦੋ ਨੁਕਾਤੀ ਪ੍ਰੋਗਰਾਮ ਐਲਾਨਿਆ -
1. ਸਾਰੇ ਅਕਾਲੀ ਜਥਿਆਂ ਨੂੰ ਇਕੱਠੇ ਕਰ ਕੇ ਪੰਥ ਦੀ ਸੇਵਾ ਕਰਨੀ।
2. ਗੁਰਦੁਆਰਿਆਂ ਦੀ ਸੇਵਾ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮ ਉੱਤੇ ਅਮਲ ਕਰਨਾ।
1985 - ਦਰਬਾਰ ਸਾਹਿਬ ਵਿਚ ਪੰਜਵੀਂ ਵਾਰ ਪੁਲੀਸ ਫੇਰ ਤੋਂ ਦਾਖ਼ਲ ਹੋਈ।
ਸੁਰਜੀਤ ਬਰਨਾਲਾ ਦੀ ਹਕੂਮਤ ਵਿਚ ਪੁਲਸ ਵਾਰ ਵਾਰ ਦਰਬਾਰ ਸਾਹਿਬ ਵਿਖੇ ਛਾਪੇ ਮਾਰਦੀ ਰਹੀ। 14 ਦਸੰਬਰ 1985 ਨੂੰ ਦਰਬਾਰ ਸਾਹਿਬ 'ਚ ਪੁਲਿਸ ਪੰਜਵੀਂ ਵਾਰ ਦਾਖਿਲ ਹੋਈ ਅਤੇ ਬਹੁਤ ਸਾਰੇ ਸਿੱਖ ਨੌਜਵਾਨ ਗ੍ਰਿਫ਼ਤਾਰ ਕਰ ਲਏ।
1985 - ਸੀ.ਆਰ.ਪੀ.ਐਫ਼. ਨੇ ਰਣਜੀਤ ਸਿੰਘ ਨੂੰ ਬੇਵਜਹ ਕਤਲ ਕੀਤਾ।
14 ਦਸੰਬਰ 1985 ਦੇ ਦਿਨ ਸੀ.ਆਰ.ਪੀ.ਐਫ਼. ਦੇ ਇਕ ਸਿਪਾਹੀ ਨੇ ਗੁੱਸੇ ਵਿਚ ਆ ਕੇ ਸਿੱਖਾਂ ਨਾਲ ਨਫ਼ਰਤ ਦੀ ਸੋਚ ਨਾਲ ਜਲੰਧਰ 'ਚ ਇਕ ਸਿੱਖ ਰਣਜੀਤ ਸਿੰਘ ਨੂੰ ਬੇਵਜਹ ਮਾਰ ਦਿੱਤਾ।
1988 - ਖਾੜਕੂਆਂ ਨੇ ਪਟਿਆਲਾ ਵਿਚ ਪੁਲਸ ਦੇ ਐਸ.ਐਸ.ਪੀ. ਮਨਿੰਦਰ ਬਰਾੜ ਤੇ ਐਸ.ਪੀ. ਗਿੱਲ ਮਾਰ ਦਿੱਤੇ।
14 ਦਸੰਬਰ 1988 ਦੇ ਦਿਨ ਸਵੇਰੇ ਤੜਕੇ ਵੇਲੇ ਖਾੜਕੂਆਂ ਹੱਥੋਂ ਪਟਿਆਲਾ ਦੇ ਯਾਦਵਿੰਦਰ ਸਟੇਡੀਅਮ ਵਿਚ ਐਸ.ਐਸ.ਪੀ. ਮਨਿੰਦਰ ਬਰਾੜ ਤੇ ਐਸ.ਪੀ. ਕੇ.ਆਰ.ਐਸ. ਗਿੱਲ ਮਾਰੇ ਗਏ। ਇਨ੍ਹਾਂ ਦੋਹਾਂ ਪੁਲਸੀਆਂ ਨੇ ਕਈ-ਕਈ ਖਾੜਕੂ ਮਾਰੇ ਹੋਏ ਸਨ। ਖਾੜਕੂਆਂ ਨੇ ਇਨ੍ਹਾਂ ਨੂੰ ਕਤਲ ਕਰਨ ਵਾਸਤੇ ਆਪਣੇ ਆਪ ਨੂੰ ਸੀਨੀਅਰ ਐਥਲੀਟ ਹੋਣ ਦਾ ਭਰਮ ਪੈਦਾ ਕੀਤਾ ਤੇ ਕਈ ਦਿਨ ਉਨ੍ਹਾਂ ਨਾਲ ਦੌੜਨ ਦੀ ਪ੍ਰੈਕਟਿਸ ਕਰਦੇ ਰਹੇ। ਜਦੋਂ ਉਨ੍ਹਾਂ ਪੁਲਸੀਆਂ ਦਾ ਇਨ੍ਹਾਂ 'ਤੇ ਯਕੀਨ ਬੱਝ ਗਿਆ ਤਾਂ ਇਨ੍ਹਾਂ ਨੇ 14 ਦਸੰਬਰ ਦੇ ਦਿਨ ਗੋਲੀਆਂ ਮਾਰ ਕੇ ਉਨ੍ਹਾਂ ਦੋਹਾਂ ਨੂੰ ਖ਼ਤਮ ਕਰ ਦਿੱਤਾ।
1990 - ਅੰਗਰੇਜ ਸਿੰਘ ਸਾਂਙਣਾ, ਲਖਵਿੰਦਰ ਸਿੰਘ ਲੱਖਾ ਬਰਾੜਾ, ਅਵਤਾਰ ਸਿੰਘ ਤਾਰੀ ਸਾਂਙਣਾ ਤੇ ਸੁਰਜੀਤ ਸਿੰਘ ਜੱਜ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਗਏ।
14 ਦਸੰਬਰ 1990 ਦੇ ਦਿਨ ਪੰਜਾਬ ਪੁਲਸ ਨੇ ਅੰਗਰੇਜ ਸਿੰਘ (ਵਾਸੀ ਸਾਂਙਣਾ), ਲਖਵਿੰਦਰ ਸਿੰਘ ਲੱਖਾ (ਵਾਸੀ ਬਰਾੜਾ), ਅਵਤਾਰ ਸਿੰਘ ਤਾਰੀ (ਵਾਸੀ ਸਾਂਙਣਾ) ਤੇ ਸੁਰਜੀਤ ਸਿੰਘ ਜੱਜ (ਵਾਸੀ ਰਸੂਲਪੁਰ ਚੀਮਾ) ਨੂੰ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤਾ।
1992 - ਮੱਖਣ ਸਿੰਘ ਖਿਆਲਾ, ਨਾਰਾਇਣ ਸਿੰਘ ਢਿਲਵਾਂ, ਮਹਿਮਾ ਸਿੰਘ ਢਿਲਵਾਂ, ਸਵਰਨ ਸਿੰਘ ਸੰਮਾ ਤੇ ਹੋਰ ਦੀ ਨਕਲੀ ਮੁਕਾਬਲਿਆਂ ਵਿੱਚ ਸ਼ਹੀਦੀ ਹੋਈ।
ਚੌਦਾਂ ਦਸੰਬਰ ੧੯੯੨ ਦੇ ਦਿਨ ਪੰਜਾਬ ਪੁਲਸ ਨੇ ਮੱਖਣ ਸਿੰਘ ਖਿਆਲਾ, ਨਾਰਾਇਣ ਸਿੰਘ (ਪੁੱਤਰ ਬੰਤ ਸਿੰਘ, ਵਾਸੀ ਢਿਲਵਾਂ, ਜ਼ਿਲ੍ਹਾ ਸੰਗਰੂਰ), ਮਹਿਮਾ ਸਿੰਘ (ਪੁੱਤਰ ਗੁਲਜ਼ਾਰ ਸਿੰਘ, ਵਾਸੀ ਢਿਲਵਾਂ, ਜ਼ਿਲ੍ਹਾ ਸੰਗਰੂਰ), ਸਵਰਨ ਸਿੰਘ ਸੰਮਾ (ਵਾਸੀ ਕੋਟ ਮਹਿਤਾਬ, ਅੰਮ੍ਰਿਤਸਰ) ਤੇ ਦੋ ਹੋਰ ਸਿੱਖ ਨੌਜਵਾਨਾਂ ਨੂੰ ਪੁਲਸ ਨੇ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤਾ।
2013 - ਕਬੱਡੀ ਮੈਚ ਦੌਰਾਨ ਗੁਰਪ੍ਰੀਤ ਸਿੰਘ ਗੁਰੀ ਨੇ ਪ੍ਰੋਟੈਸਟ ਕੀਤਾ।
14 ਦਸੰਬਰ 2013 ਦੇ ਦਿਨ, ਲੁਧਿਆਣਾ ਵਿਚ ਬਾਦਲ ਵੱਲੋਂ ਕਰਵਾਏ ਗਏ ਕਬੱਡੀ ਮੈਚ ਦੇ ਸਮਾਗਮ ਦੌਰਾਨ ਜਸਪਿੰਦਰ ਨਰੂਲਾ ਗਾ ਰਹੀ ਸੀ (ਦਰਅਸਲ ਗਾਣਾ ਪਿੱਛੋਂ ਚਲ ਰਿਹਾ ਸੀ ਤੇ ਐਵੇਂ ਮਾਈਕ ਫੜ ਕੇ ਮੂੰਹ ਹਿਲਾ ਰਹੀ ਸੀ) . ਦੋਹਾਂ ਪੰਜਾਬਾਂ ਦੇ ਚੀਫ਼ ਮਨਿਸਟਰ (ਪ੍ਰਕਾਸ਼ ਸਿੰਘ ਬਾਦਲ ਤੇ ਸ਼ਹਿਬਾਜ਼ ਸ਼ਰੀਫ਼) ਉਸ ਸਮਾਗਮ ਵਿਚ ਬੈਠੇ ਹੋਏ ਸਨ। ਗੁਰਪ੍ਰੀਤ ਸਿੰਘ ਗੁਰੀ (ਪੁੱਤਰ ਗੁਰਜੰਟ ਸਿੰਘ, ਵਾਸੀ ਹਾਂਸ ਕਲਾਂ, ਨੇੜੇ ਰਾੜਾ) ਨੇ ਸਟੇਜ 'ਤੇ ਚੜ੍ਹ ਕੇ ਮਾਈਕ ਖੋਹ ਲਿਆ ਤੇ ਬੋਲਣਾ ਸ਼ੁਰੂ ਕਰ ਦਿੱਤਾ। ਪਰ ਮਾਈਕ ਬੰਦ ਸੀ। ਪੁਲਸ ਫੜ ਕੇ ਲੈ ਗਈ ਤੇ ਕਈ ਦਿਨ ਉਸ 'ਤੇ ਤਸ਼ੱਦਦ ਕੀਤਾ। ਅਖ਼ੀਰ ਸੱਤ ਦਿਨ ਮਗਰੋਂ 21 ਦਸੰਬਰ ਦੇ ਦਿਨ ਉਸ ਨੂੰ ਜ਼ਮਾਨਤ 'ਤੇ ਰਿਹਾ ਕੀਤਾ ਗਿਆ। ਉਸ ਦੇ ਘਰੋਂ ਲਖਵਿੰਦਰ ਸਿੰਘ ਕਥਾ ਵਾਚਕ ਨੂੰ ਵੀ ਚੁਕਿਆ ਗਿਆ ਸੀ ਪਰ 17 ਦਸੰਬਰ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਉਸ ਨੇ ਇਹ ਐਕਸ਼ਨ ਗੁਰਬਖ਼ਸ਼ ਸਿੰਘ ਅੰਬਾਲਾ ਦੀ ਭੁੱਖ ਹੜਤਾਲ ਸਬੰਧੀ ਪ੍ਰੋਟੈਸਟ ਵਜੋਂ ਕੀਤਾ ਸੀ, ਪਰ ਰਿਹਾਈ ਮਗਰੋਂ ਗੁਰਬਖ਼ਸ਼ ਸਿੰਘ ਨੇ ਉਸ ਦੀ ਬਾਤ ਤਕ ਨਾ ਪੁੱਛੀ।