1705 - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਨਾ ਪਿੰਡ ਪੁੱਜੇ।
12 ਦਸੰਬਰ 1705 ਦੇ ਦਿਨ ਗੁਰੂ ਸਾਹਿਬ ਮੁਸਲਮਾਨਾਂ ਦੇ ਪੀਰਾਂ ਵਾਲੇ ਹਰੇ ਰੰਗ ਦੇ (ਮੁਸਲਮਾਨ ਇਨ੍ਹਾਂ ਹਰੇ ਕਪੜਿਆਂ ਨੂੰ ਨੀਲ-ਬਸਤਰ ਕਹਿੰਦੇ ਸਨ; ਨੀਲ ਦਾ ਲਫ਼ਜ਼ੀ ਮਾਅਨਾ ਨੀਲਾ ਨਹੀਂ ਬਲਕਿ 'ਰੰਗਦਾਰ' ਹੈ) ਪਹਿਣ ਕੇ ਅਜਨੇਰ ਦੇ ਕਾਜ਼ੀ ਚਰਾਗ਼ ਸ਼ਾਹ ਤੇ ਚਾਰ ਹੋਰ ਮੁਸਲਮਾਨ ਮੁਰੀਦਾਂ (ਇਨਾਇਤ ਅਲੀ ਨੂਰਪੁਰ, ਕਾਜ਼ੀ ਪੀਰ ਮੁਹੰਮਦ ਸਲੋਹ, ਸੁਬੇਗ ਸ਼ਾਹ ਹਲਵਾਰਾ ਅਤੇ ਹਸਨ ਅਲੀ ਮੋਠੂ ਮਾਜਰਾ) ਨਾਲ ਮਾਛੀਵਾੜਾ ਤੋਂ ਦੀਨਾ ਕਾਂਗੜ ਵੱਲ ਚੱਲ ਪਏ। ਕਿੜੀ ਪਠਾਣਾਂ, ਘੁੰਘਰਾਲੀ, ਮਾਨੂੰਪੁਰ ਵਿਚੋਂ ਹੁੰਦੇ ਆਪ ਅਜਨੇਰ ਪੁੱਜੇ ਤੇ ਕਾਜ਼ੀ ਚਰਾਗ ਸ਼ਾਹ ਦੇ ਮਹਿਮਾਨ ਬਣੇ। ਅਗਲਾ ਦਿਨ ਆਪ ਅਜਨੇਰ ਪਿੰਡ ਵਿਚ ਹੀ ਰਹੇ ਤੇ 13 ਦਸੰਬਰ ਨੂੰ ਅੱਗੇ ਚਲ ਪਏ। ਇਸ ਤੋਂ ਬਾਅਦ ਮਲਕਪੁਰ, ਲੱਲ, ਕਟਾਣੀ, ਰਾਮਪੁਰ ਹੁੰਦੇ ਦੋਰਾਹਾ ਪੁੱਜੇ ਅਤੇ ਰਾਤ ਉਥੇ ਸਰਾਂ ਵਿਚ ਬਿਤਾਈ (ਇਸ ਸਰਾਂ ਦੇ ਇਕ ਸਿਰੇ 'ਤੇ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ)। ਇਥੋਂ ਚਲ ਕੇ ਆਪ ਕਨੇਚ ਪਿੰਡ ਪੁੱਜੇ। ਇਥੋਂ ਚਲ ਕੇ ਹੋਰ ਪਿੰਡਾਂ ਵਿਚੋਂ ਹੁੰਦੇ ਹੋਏ 14 ਦਸੰਬਰ ਦੇ ਦਿਨ ਆਲਮਗੀਰ ਪੁੱਜੇ। ਇਕ ਰਾਤ ਇਥੇ ਰਹਿਣ ਮਗਰੋਂ ਮੋਹੀ ਪਿੰਡ ਵੱਲ ਚਲੇ ਗਏ। 15 ਦਸੰਬਰ ਦੀ ਰਾਤ ਮੋਹੀ ਵਿਚ ਰਹਿਣ ਮਗਰੋਂ ਆਪ 16 ਦਸੰਬਰ ਨੂੰ ਹੇਹਰ ਪਿੰਡ ਜਾ ਪੁੱਜੇ। ਇੱਥੋਂ ਚਲ ਕੇ 17 ਦਸੰਬਰ ਦੀ ਰਾਤ ਲੰਮੇ ਜਟਪੁਰੇ ਬਿਤਾਈ ਜਿੱਥੇ ਰਾਏ ਕਲ੍ਹਾ ਆਪ ਨੂੰ ਮਿਲਣ ਆਇਆ ਅਤੇ ਆਪਣੇ ਨਾਲ ਰਾਏਕੋਟ ਲੈ ਗਿਆ। ਉਸ ਨੇ ਆਪਣੇ ਸਾਥੀ ਨੂਰਾ ਮਾਹੀ ਨੂੰ ਸਰਹੰਦ ਭੇਜ ਕੇ ਮਾਤਾ ਗੁਜਰੀ ਅਤੇ ਬੱਚਿਆਂ ਦੀ ਸਹੀਦੀ ਦੀ ਖ਼ਬਰ ਤਸਦੀਕ ਕਰਵਾਈ। ਦੋ ਰਾਤ ਇਥੇ ਰਹਿਣ ਮਗਰੋਂ ਇਥੋਂ ਚਲ ਕੇ ਗੁਰੂ ਜੀ ਤਖ਼ਤੂਪੁਰੇ ਪੁੱਜੇ। ਇੱਥੇ ਆਪ ਨੇ ਆਪ ਦੇ ਨਾਲ ਆਏ ਪੰਜ ਮੁਸਲਮਾਨ ਮੁਰੀਦਾਂ ਨੂੰ ਅਲਵਿਦਾ ਆਖੀ ਅਤੇ ਆਪ ਘੋੜੇ 'ਤੇ ਸਵਾਰ ਹੋ ਕੇ ਅੱਗੇ ਚਲ ਪਏ। ਫਿਰ ਆਪ ਮਧੇਅ ਹੁੰਦੇ ਹੋਏ ਭਦੌੜ ਪੁੱਜੇ। 20 ਦਸੰਬਰ ਦੀ ਰਾਤ ਉਥੇ ਬਿਤਾਉਣ ਮਗਰੋਂ ਤੋਂ 21 ਦਸੰਬਰ 1705 ਦੇ ਦਿਨ ਦੀਨਾ ਪਿੰਡ ਵਿਚ ਜਾ ਠਹਿਰੇ।
1844 - ਹੀਰਾ ਸਿੰਹ ਡੋਗਰਾ, ਪੰਡਤ ਜੱਲ੍ਹਾ ਖ਼ਜ਼ਾਨਾ ਲੈ ਕੇ ਜੰਮੂ ਵੱਲ ਭੱਜੇ ਜਾਂਦੇ ਮਾਰੇ ਗਏ।
ਨਾਬਾਲਗ ਕੰਵਰ ਦਲੀਪ ਸਿੰਘ ਨੂੰ 18 ਸਤੰਬਰ 1843 ਦੇ ਦਿਨ ਗੱਦੀ 'ਤੇ ਬੈਠਿਆ ਤੇ ਹੀਰਾ ਸਿੰਹ ਡੋਗਰਾ ਉਸ ਦਾ ਵਜ਼ੀਰ ਬਣ ਗਿਆ। ਹੁਣ ਹੀਰਾ ਸਿੰਹ ਕੋਲ ਸਾਰੀ ਤਾਕਤ ਆ ਗਈ। ਉਸ ਦੇ ਚਾਚੇ ਸੁਚੇਤ ਸਿੰਹ ਨੇ ਵੀ ਹਕੂਮਤ ਵਿਚ ਵੱਡਾ ਹਿੱਸਾ ਮੰਗਿਆ। ਉਹ ਮਾਰਚ 1844 ਦੇ ਦੂਜੇ ਹਫ਼ਤੇ ਲਾਹੌਰ ਆ ਗਿਆ। ਉਸ ਨਾਲ 50 ਕੁ ਨਿਜੀ ਵਫ਼ਾਦਾਰ ਸਿਪਾਹੀ ਸਨ। ਬਾਕੀ ਫ਼ੌਜ ਹੀਰਾ ਸਿੰਹ ਨੇ ਵਧੇਰੀਆਂ ਤਨਖ਼ਾਹਾਂ ਦੇ ਕੇ ਆਪਣੇ ਨਾਲ ਰਲਾ ਲਈ ਸੀ। ਹੀਰਾ ਸਿੰਹ ਨੇ ਸੁਚੇਤ ਸਿੰਹ ਨੂੰ ਪੈਗ਼ਾਮ ਭੇਜਿਆ ਕਿ ਤੂੰ ਤਾਕਤ ਹਾਸਿਲ ਨਹੀਂ ਕਰ ਸਕਦਾ, ਇਸ ਕਰ ਕੇ ਆਪਣੀ ਜਾਨ ਨਾ ਗੁਆ ਤੇ ਵਾਪਿਸ ਚਲਾ ਜਾਹ। ਪਰ, ਸੁਚੇਤ ਸਿੰਹ ਨਹੀਂ ਰੁਕਿਆ। ਅਖ਼ੀਰ ਦੋਹਾਂ ਵਿਚ ਲੜਾਈ ਹੋਈ। ਸੁਚੇਤ ਸਿੰਹ ਤੇ ਉਸ ਦੇ ਸਾਥੀ ਕੇਸਰੀ ਸਿੰਹ ਨੇ ਸਾਥੀਆਂ ਸਣੇ ਖ਼ੂਬ ਬਹਾਦਰੀ ਦਿਖਾਈ ਤੇ ਪੰਜ-ਪੰਜ, ਸੱਤ-ਸੱਤ ਫ਼ੌਜੀਆਂ ਨੂੰ ਮਾਰ ਕੇ ਅਖੀਰ ਜਾਨਾਂ ਗੁਆਈਆਂ।
ਇਸ ਮਗਰੋਂ ਹੀਰਾ ਸਿੰਹ ਨੇ ਮਹਾਰਾਜਾ ਦਲੀਪ ਸਿੰਘ ਵੱਲੋਂ ਫੁਰਮਾਨ ਦੇ ਨਾਂ 'ਤੇ ਗੁਲਾਬ ਸਿੰਹ ਡੋਗਰੇ ਨੂੰ ਵੀ ਲਾਹੌਰ ਦਰਬਾਰ ਦਾ ਮਾਮਲਾ ਭੇਜਣ ਵਾਸਤੇ ਹੁਕਮ ਭੇਜਿਆ। ਗੁਲਾਬ ਸਿੰਹ ਨੇ ਮਜਬੂਰ ਹੋ ਕੇ ਕੁਝ ਰਕਮ ਤਾਂ ਦੇ ਦਿਤੀ ਪਰ ਬਾਕੀ ਰਕਮ ਅਤੇ ਵਫ਼ਾਦਾਰੀ ਦੇ ਸਬੂਤ ਦੀ ਜ਼ਮਾਨਤ ਵਜੋਂ ਆਪਣਾ ਮੁੰਡਾ ਸੋਹਨ ਸਿੰਹ ਲਾਹੌਰ ਦਰਬਾਰ ਵਿਚ ਭੇਜ ਦਿਤਾ।
ਭਾਵੇਂ ਦਲੀਪ ਸਿੰਘ 'ਮਹਾਰਾਜਾ' ਸੀ ਤੇ ਰਾਣੀ ਜਿੰਦਾਂ ਉਸ ਦੀ ਗਾਰਡੀਅਨ ਸੀ ਪਰ ਅਸਲ ਤਾਕਤ ਹੀਰਾ ਸਿੰਹ ਡੋਗਰਾ ਅਤੇ ਉਸ ਦੇ ਵਜ਼ੀਰ ਪੰਡਤ ਜਲ੍ਹਾ ਕੋਲ ਸੀ। ਇਸ ਵੇਲੇ ਹੀਰਾ ਸਿੰਹ ਦਾ ਤਾਇਆ ਗੁਲਾਬ ਸਿੰਹ ਜੰਮੂ ਦਾ ਰਾਜਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦੋ ਹੋਰ ਪੁਤਰ ਪਿਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਇਸ ਵੇਲੇ ਸਿਆਲਕੋਟ ਵਿਚ ਸਨ। ਗੁਲਾਬ ਸਿੰਹ ਇਨ੍ਹਾਂ ਨੂੰ ਵੀ ਖਤਮ ਕਰਨਾ ਚਾਹੁੰਦਾ ਸੀ। ਦੋਹਾਂ ਸ਼ਹਿਜ਼ਾਦਿਆਂ ਦਾ ਇਕ ਅਹਿਲਕਾਰ ਮਹਿਤਾਬ ਸਿੰਘ, ਗੁਲਾਬ ਸਿੰਹ ਡੋਗਰੇ ਨਾਲ ਮਿਲਿਆ ਹੋਇਆ ਸੀ। ਜਦੋਂ ਉਨ੍ਹਾਂ ਨੂੰ ਇਹ ਰਾਜ਼ ਪਤਾ ਲਗਾ ਤਾਂ ਉਨ੍ਹਾਂ ਉਸ ਨੂੰ ਮਰਵਾ ਦਿਤਾ। ਇਸ 'ਤੇ ਗੁਲਾਬ ਸਿੰਹ ਗੁੱਸੇ ਹੋ ਗਿਆ। ਇਸੇ ਕਰ ਕੇ ਉਹ ਇਨ੍ਹਾਂ ਨੂੰ ਕੋਈ ਡਰਾਮਾ ਰਚ ਕੇ ਖ਼ਤਮ ਕਰਨਾ ਚਾਹੁੰਦਾ ਸੀ। ਅਪਰੈਲ 1844 ਦੇ ਸ਼ੁਰੂ ਵਿਚ ਜਰਨੈਲ ਗੁਲਾਬ ਸਿੰਘ ਕਾਹਲੋਂ ਮਨਹਾਲੀਆ (ਡੋਗਰਾ ਨਹੀਂ) ਨੇ ਉਨ੍ਹਾਂ ਨੂੰ ਸਿਆਲਕੋਟ' ਚੋਂ ਨਿਕਲਣ ਵਿਚ ਮਦਦ ਕੀਤੀ। ਕਸ਼ਮੀਰਾ ਸਿੰਘ ਉੱਥੋਂ ਨਿਕਲ ਕੇ ਨੌਰੰਗਾਬਾਦ ਵਿਚ ਬਾਬਾ ਬੀਰ ਸਿੰਘ ਦੇ ਡੇਰੇ 'ਤੇ ਪਹੁੰਚ ਗਿਆ। ਉਧਰ ਅਤਰ ਸਿੰਘ ਸੰਧਾਵਾਲੀਆ ਵੀ ਕੁਰੂਕਸ਼ੇਤਰ ਤੋਂ ਮੁੜ ਆਇਆ ਸੀ ਤੇ ਉਹ ਵੀ ਬਾਬਾ ਬੀਰ ਸਿੰਘ ਦੀ ਸ਼ਰਨ ਵਿਚ ਆ ਚੁਕਾ ਸੀ। ਹਰੀ ਸਿੰਘ ਨਲਵਾ ਦਾ ਪੁਤਰ ਜਵਾਹਰ ਸਿੰਘ ਵੀ ਉਨ੍ਹੀਂ ਦਿਨੀਂ ਉੱਥੇ ਹੀ ਸੀ।
ਜਦੋਂ ਹੀਰਾ ਸਿੰਹ ਨੂੰ ਅਤਰ ਸਿੰਘ ਸੰਧਾਵਾਲੀਏ ਅਤੇ ਕੰਵਰ ਕਸ਼ਮੀਰਾ ਸਿੰਘ ਦੇ ਨੌਰੰਗਾਬਾਦ ਵਿਚ ਹੋਣ ਦਾ ਪਤਾ ਲਗਾ ਤਾਂ ਉਸ ਨੇ ਫ਼ੌਜ ਨੂੰ ਉਸ ਪਾਸੇ ਕੂਚ ਕਰਨ ਦਾ ਹੁਕਮ ਦੇ ਦਿਤਾ। ਪਹਿਲਾਂ ਉਸ ਨੇ ਬਾਬਾ ਬੀਰ ਸਿੰਘ ਨੂੰ ਪੈਗ਼ਾਮ ਭੇਜਿਆ ਕਿ ਉਹ ਅਤਰ ਸਿੰਘ ਨੂੰ ਉਸ ਦੇ ਹਵਾਲੇ ਕਰ ਦੇਵੇ। ਇਸ 'ਤੇ ਬਾਬਾ ਬੀਰ ਸਿੰਘ ਨੇ ਜਵਾਬ ਭੇਜਿਆ ਕਿ ਜੋ ਸ਼ਖ਼ਸ ਗੁਰੂ ਘਰ ਵਿਚ ਪਨਾਹ ਮੰਗ ਲਏ ਉਸ ਨੂੰ ਸ਼ਰਣ ਦਿਤੀ ਜਾਂਦੀ ਹੈ ਤੇ ਕਿਸੇ ਦੁਸ਼ਮਣ ਦੇ ਹਵਾਲੇ ਨਹੀਂ ਕੀਤਾ ਜਾਂਦਾ। ਹੁਣ ਹੀਰਾ ਸਿੰਹ ਨੇ ਡੋਗਰਾ ਯੂਨਿਟਾਂ ਅਤੇ ਆਪਣੀਆਂ ਦੂਜੀਆਂ ਵਫ਼ਾਦਾਰ ਯੂਨਿਟਾਂ ਨੂੰ ਬਾਬਾ ਬੀਰ ਸਿੰਘ ਦੇ ਡੇਰੇ 'ਤੇ ਗੋਲਾਬਾਰੀ ਕਰਨ ਵਾਸਤੇ ਕਿਹਾ। ਹੀਰਾ ਸਿੰਹ ਦਾ ਹੁਕਮ ਸੀ ਕਿ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰਨਾ ਤੇ ਬਸ ਕਤਲ ਕਰੀ ਜਾਣਾ ਹੈ। ਇਸ ਹੁਕਮ ਹੇਠ ਲਾਭ ਸਿੰਹ ਡੋਗਰਾ ਦੀ ਫ਼ੌਜ ਨੇ ਆਉਂਦਿਆਂ ਹੀ ਗੋਲੇ ਚਲਾਏ। ਇਨ੍ਹਾਂ ਵਿਚੋਂ ਇਕ ਗੋਲਾ ਬਾਬਾ ਬੀਰ ਸਿੰਘ ਦੀ ਲੱਤ 'ਤੇ ਲੱਗਾ ਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਦੋਂ ਜਰਨੈਲ ਗੁਲਾਬ ਸਿੰਘ ਨੂੰ ਬਾਬੇ ਦੇ ਜ਼ਖ਼ਮੀ ਹੋਣ ਦਾ ਪਤਾ ਲਗਾ ਤਾਂ ਉਹ ਬਾਬਾ ਜੀ ਨੂੰ ਮਿਲਣ ਆਇਆ। ਉਸ ਨੇ ਹਾਲ-ਚਾਲ ਪੁੱਛਣ ਮਗਰੋਂ ਬਾਬਾ ਜੀ ਨੂੰ ਕਿਹਾ ਕਿ ਉਹ ਅਤਰ ਸਿੰਘ ਨੂੰ ਉਨ੍ਹਾਂ ਦੇ ਹਵਾਲੇ ਕਰ ਦੇਣ। ਇਸ ਵੇਲੇ ਅਤਰ ਸਿੰਘ ਆਪ ਵੀ ਉੱਥੇ ਆ ਗਿਆ। ਗੁਲਾਬ ਸਿੰਘ ਉਸ ਵੇਲੇ ਅਜੀਤ ਸਿੰਘ ਸੰਧਾਵਾਲੀਏ ਦੇ ਘੋੜੇ 'ਤੇ ਸਵਾਰ ਸੀ। ਆਪਣੇ ਮਾਰੇ ਜਾ ਚੁਕੇ ਭਤੀਜੇ ਦਾ ਘੋੜਾ ਵੇਖ ਕੇ ਉਸ ਨੂੰ ਰੋਹ ਆ ਗਿਆ। ਉਸ ਨੇ ਆਪਣੀ ਦੋਨਾਲੀ ਬੰਦੂਕ ਚੋਂ ਇਕ ਗੋਲੀ ਜਨਰਲ ਗੁਲਾਬ ਸਿੰਘ 'ਤੇ ਚਲਾਈ, ਜਿਸ ਨਾਲ ਉਹ ਮਾਰਿਆ ਗਿਆ। ਇਸ 'ਤੇ ਗੁਲਾਬ ਸਿੰਘ ਦੇ ਫ਼ੌਜੀਆਂ ਨੇ ਬੰਦੂਕਾਂ ਚਲਾ ਕੇ ਅਤਰ ਸਿੰਘ ਨੂੰ ਮਾਰ ਦਿਤਾ ਤੇ ਉਸ ਦਾ ਸਿਰ ਵੱਢ ਲਿਆ। ਇਸ ਮਗਰੋਂ ਉਨ੍ਹਾਂ ਨੇ ਗੋਲੀਆਂ ਮਾਰ ਕੇ ਜਵਾਹਰ ਸਿੰਘ ਨਲਵਾ, ਕੰਵਰ ਕਸ਼ਮੀਰਾ ਸਿੰਘ, ਮਹਾਰਾਜਾ ਸ਼ੇਰ ਸਿੰਘ ਦਾ ਦੀਵਾਨ ਵਿਸਾਖਾ ਸਿੰਘ ਅਤੇ ਸੈਂਕੜੇ (ਸ਼ਾਇਦ ਹਜ਼ਾਰਾਂ) ਹੋਰ ਸਿੱਖ ਮਾਰ ਦਿਤੇ। ਇਸ ਦੇ ਨਾਲ ਹੀ ਹੀਰਾ ਸਿੰਹ ਦੀ ਫ਼ੌਜ ਨੇ ਸਾਰਾ ਡੇਰਾ ਵੀ ਲੁਟ ਲਿਆ। ਇਸ ਕਤਲੇਆਮ ਵਿਚੋਂ ਕੁਝ ਲੋਕ ਬਚ ਕੇ ਨਿਕਲ ਗਏ ਅਤੇ ਦਰਿਆ ਵਲ ਦੌੜੇ। ਦਰਿਆ ਦੇ ਦੂਜੇ ਪਾਸੇ ਕਪੂਰਥਲਾ ਦੀ ਫ਼ੌਜ ਨੇ ਗੋਲਾਬਾਰੀ ਕਰ ਕੇ ਇਨ੍ਹਾਂ ਵਿਚੋਂ ਬਹੁਤੇ ਸਿੱਖ ਮਾਰ ਦਿੱਤੇ। ਇਸ ਮਗਰੋਂ ਹੀਰਾ ਸਿੰਹ ਦੀ ਫ਼ੌਜ ਅਤਰ ਸਿੰਘ ਦਾ ਸਿਰ ਲੈ ਕੇ ਹੀਰਾ ਸਿੰਹ ਕੋਲ ਲਾਹੌਰ ਪੁੱਜੀ ਤੇ ਈਨਾਮ ਹਾਸਿਲ ਕੀਤੇ। ਇਹ ਕਤਲੇਆਮ 6 ਮਈ 1845 ਦੇ ਦਿਨ ਹੋਇਆ ਸੀ।
ਜਦ ਬਾਬਾ ਬੀਰ ਸਿੰਘ, ਕੰਵਰ ਕਸ਼ਮੀਰਾ ਸਿੰਘ ਤੇ ਜਵਾਹਰ ਸਿੰਘ ਨਲਵਾ ਤੇ ਸੈਂਕੜੇ ਸਿੱਖਾਂ ਦੇ ਕਤਲ ਦੀ ਖ਼ਬਰ ਸਿੱਖ ਫ਼ੌਜੀਆਂ ਤਕ ਪਹੁੰਚੀ ਤਾਂ ਉਨ੍ਹਾਂ ਵਿਚ ਹੀਰਾ ਸਿੰਹ ਦੇ ਖ਼ਿਲਾਫ਼ ਬਹੁਤ ਗੁੱਸਾ ਫ਼ੈਲਿਆ। ਜਦ ਇਸ ਦੀ ਸੂਹ ਹੀਰਾ ਸਿੰਹ ਨੂੰ ਮਿਲੀ ਤਾਂ ਉਸ ਨੇ ਬਹੁਤ ਸਾਰੇ ਸਿੱਖ ਜਰਨੈਲ ਹਟਾ ਦਿਤੇ ਅਤੇ ਵੱਡੀ ਗਿਣਤੀ ਵਿਚ ਸਿੱਖ ਫ਼ੌਜੀਆਂ ਦੀ ਛੁੱਟੀ ਕਰ ਦਿਤੀ। ਪੰਡਤ ਜਲ੍ਹੇ ਦੀ ਸਲਾਹ 'ਤੇ ਉਸ ਨੇ ਬਹੁਤ ਸਾਰੇ ਡੋਗਰੇ, ਹਿਮਾਂਚਲੀ ਪਹਾੜੀਏ ਅਤੇ ਮੁਸਲਮਾਨ ਫ਼ੌਜ ਵਿਚ ਭਰਤੀ ਕਰ ਲਏ। ਉਸ ਨੂੰ ਡਰ ਸੀ ਕਿ ਭਲਕ ਨੂੰ ਮਸਲਾ ਉੱਠਣ 'ਤੇ ਸਿੱਖ ਫ਼ੌਜੀ ਉਸ ਨੂੰ ਮਾਰ ਵੀ ਸਕਦੇ ਹਨ। ਹਜ਼ਾਰਾਂ ਗ਼ੈਰ-ਸਿੱਖਾਂ ਨੂੰ ਫ਼ੌਜ ਵਿਚ ਭਰਤੀ ਕਰਨ ਦੇ ਬਾਵਜੂਦ ਵੀ ਹੀਰਾ ਸਿੰਹ ਸਿੱਖਾਂ ਤੋਂ ਬੁਰੀ ਤਰ੍ਹਾਂ ਡਰਦਾ ਰਹਿੰਦਾ ਸੀ।13 ਦਸੰਬਰ 1844 ਦੇ ਦਿਨ ਪੋਹ ਮਹੀਨੇ ਦੀ ਸੰਗਰਾਂਦ ਸੀ। ਬ੍ਰਾਹਮਣਾਂ ਨੇ ਰਾਣੀ ਜਿੰਦਾਂ ਨੂੰ ਭਰਮਾ ਕੇ ਦਾਨ-ਪੁੰਨ ਕਰਵਾਉਣ ਵਾਸਤੇ ਕਿਹਾ। ਰਾਣੀ ਨੇ ਬ੍ਰਾਹਮਣਾਂ ਦੇ ਨਾਲ-ਨਾਲ ਨਿਹੰਗਾਂ, ਫਕੀਰਾਂ ਅਤੇ ਗ਼ਰੀਬ-ਗੁਰਬੇ ਨੂੰ ਲੰਗਰ ਪਾਣੀ ਛਕਾਇਆ ਅਤੇ ਥੋੜ੍ਹੀ-ਥੋੜ੍ਹੀ ਰਕਮ ਵੀ ਦਿੱਤੀ। ਇਸ ਸਾਰੇ ਦਾ ਖਰਚ ਤਕਰੀਬਨ ਪੰਜ ਹਜ਼ਾਰ ਰੁਪਏ ਆਇਆ। ਰਾਣੀ ਨੇ ਹੀਰਾ ਸਿੰਹ ਨੂੰ ਧਰਮ-ਅਰਥ ਖਾਤੇ 'ਚੋਂ ਇਹ ਰਕਮ ਦੇਣ ਵਾਸਤੇ ਆਖਿਆ। ਉਸ ਵੇਲੇ ਇਸ ਮਹਿਕਮੇ ਦਾ ਚਾਰਜ ਪੰਡਤ ਜਲ੍ਹਾ ਕੋਲ ਸੀ। ਉਸ ਨੇ ਆਖ ਭੇਜਿਆ ਕਿ ਦਾਨ ਸਿਰਫ਼ ਬ੍ਰਾਹਮਣਾਂ ਨੂੰ ਮਿਲ ਸਕਦਾ ਹੈ, ਨਿਹੰਗਾਂ ਜਾਂ ਫਕੀਰਾਂ ਨੂੰ ਨਹੀਂ। ਜਲ੍ਹੇ ਨੇ ਸਿਰਫ਼ ਦੋ ਸੌ ਰੁਪੈ ਰਾਣੀ ਨੂੰ ਭੇਜੇ। ਰਾਣੀ ਨੇ ਇਹ ਰਕਮ ਵਾਪਿਸ ਮੋੜ ਦਿਤੀ ਅਤੇ ਸਿੱਖ ਜਰਨੈਲਾਂ ਤੇ ਹੋਰ ਮੋਹਤਬਰ ਸਿੱਖਾਂ ਦਾ ਇਕੱਠ ਬੁਲਾ ਲਿਆ। ਰਾਣੀ ਨੇ ਹੱਥ ਜੋੜ ਕੇ ਇਨ੍ਹਾਂ ਨੂੰ ਮੁਖ਼ਾਤਿਬ ਹੁੰਦਿਆ ਆਖਿਆ: "ਖਾਲਸਾ ਜੀ ਇਹ ਪਾਤਸ਼ਾਹੀ ਤੁਹਾਡੀ ਹੈ। ਤੁਸੀਂ ਹੀ ਸਾਨੂੰ ਬਖ਼ਸ਼ੀ ਹੈ। ਦਲੀਪ ਸਿੰਘ ਬਾਲਕ ਹੈ। ਇਹ ਪਹਾੜੀਏ ਰਾਜੇ ਅਤੇ ਜਲ੍ਹਾ ਦਿਲੋਂ ਸਾਨੂੰ ਮਾਰ ਦੇਣਾ ਚਾਹੁੰਦੇ ਹਨ। ਇਹ ਸਾਡਾ ਕਿਹਾ ਵੀ ਨਹੀਂ ਮੰਨਦੇ। ਸਾਡਾ-ਤੁਹਾਡਾ ਇਸ਼ਟ ਖਾਲਸਾ ਜੀ ਹੈ । ਉਸ ਦੀ ਸੇਵਾ ਪੂਜਾ ਨਹੀਂ ਕਰਨ ਦੇਂਦੇ। ਏਥੇ ਸਾਡੇ ਰਿਹਾਇਸ਼ੀ ਕਮਰਿਆਂ ਵਿਚ ਵੀ ਜ਼ੋਰੀ ਵੜ ਆਉਂਦੇ ਹਨ ਤੇ ਧੱਕਾ ਕਰਦੇ ਹਨ। ਜਾਂ ਤੁਸੀਂ ਸਾਨੂੰ ਮਾਰ ਦਿਓ ਜਾਂ ਇਨ੍ਹਾਂ ਦੀ ਕੈਦ ਚੋਂ ਕੱਢੋ।" ਇਹ ਸੁਣ ਕੇ ਸਿੰਘਾਂ ਨੇ ਰਾਣੀ ਦੀ ਮਦਦ ਕਰਨ ਦਾ ਵਾਅਦਾ ਕੀਤਾ। ਅਗਲੇ ਪੰਜ-ਛੇ ਦਿਨ ਕਈ ਸਿੱਖ ਰਾਣੀ ਨੂੰ ਮਿਲਣ ਆਉਂਦੇ ਤੇ ਮਦਦ ਕਰਨ ਦਾ ਵਾਅਦਾ ਕਰਦੇ ਰਹੇ। ਉਨ੍ਹਾਂ ਵਿਚੋਂ ਕਈ ਤਾਂ ਰਾਣੀ ਦੀ ਰੱਖਿਆ ਵਾਸਤੇ ਉਸ 'ਤੇ ਪਹਿਰਾ ਵੀ ਦੇਣ ਲਗ ਪਏ।
ਹੀਰਾ ਸਿੰਹ ਡੋਗਰੇ ਨੂੰ ਰਾਣੀ ਜਿੰਦਾਂ ਦੇ ਇਕੱਠਾਂ ਦਾ ਪਤਾ ਲਗਾ ਤਾਂ ਉਹ ਘਬਰਾ ਗਿਆ। ਹੁਣ ਉਸ ਨੂੰ ਜਾਪਣ ਲਗ ਪਿਆ ਕਿ ਕੋਈ ਨਾ ਕੋਈ ਸਿੱਖ ਫ਼ੌਜੀ ਉਸ ਨੂੰ ਜ਼ਰੂਰ ਕਤਲ ਕਰ ਦੇਵੇਗਾ। ਇਸ ਕਰ ਕੇ ਉਸ ਨੇ ਜੰਮੂ ਨੂੰ ਭੱਜ ਜਾਣ ਦਾ ਫ਼ੈਸਲਾ ਕੀਤਾ। ਉਸ ਨੇ ਆਪਣਾ ਅਤੇ ਲਾਹੌਰ ਦਰਬਾਰ ਦੇ ਹੀਰੇ-ਜਵਾਹਰਾਤ ਤੇ ਹੋਰ ਸਾਰਾ ਖਜ਼ਾਨਾ ਇਕੱਠਾ ਕੀਤਾ ਅਤੇ ਸੱਤ ਹਾਥੀਆਂ 'ਤੇ ਲੱਦ ਲਿਆ। 21 ਦਸੰਬਰ 1844 ਨੂੰ ਉਹ ਸਾਰੀ ਚਾਰ ਹਜ਼ਾਰ ਡੋਗਰਾ ਫ਼ੌਜ ਨਾਲ ਲਾਹੌਰ ਤੋਂ ਜੰਮੂ ਵਲ ਚਲ ਪਿਆ। ਛੇਤੀ ਹੀ ਇਸ ਦੀ ਖ਼ਬਰ ਸਿੱਖ ਜਰਨੈਲਾਂ ਨੂੰ ਮਿਲ ਗਈ। ਬਹੁਤ ਸਾਰੀ ਸਿੱਖ ਫ਼ੌਜ ਘੋੜਿਆਂ 'ਤੇ ਸਵਾਰ ਹੋ ਕੇ ਇਨ੍ਹਾਂ ਦੇ ਪਿੱਛੇ ਚਲ ਪਈ। ਰਸਤੇ ਵਿਚ ਸਿੱਖਾਂ ਅਤੇ ਡੋਗਰਿਆਂ ਵਿਚ ਖ਼ੂਬ ਲੜਾਈ ਹੋਈ। ਸਿੱਖ ਫ਼ੌਜਾਂ ਨੇ ਡੋਗਰਿਆਂ ਦੇ ਖ਼ੂਬ ਆਹੂ ਲਾਹੇ। ਬਹੁਤ ਸਾਰੇ ਡੋਗਰੇ ਮਾਰੇ ਗਏ। ਲਾਹੌਰ ਤੋਂ 35-40 ਕਿਲੋਮੀਟਰ ਦੂਰ ਤਕ ਲੜਾਈ ਹੁੰਦੀ ਗਈ। ਇੱਥੇ ਇਕ ਪਿੰਡ ਲੁਬਾਣਿਆਂ ਦਾ ਸੀ। ਸਿੱਖ ਫ਼ੌਜ ਨੇੜੇ ਪੁੱਜੀ ਵੇਖ ਕੇ, ਹੀਰਾ ਸਿੰਹ, ਪੰਡਤ ਜੱਲ੍ਹਾ, ਸੋਹਣ ਸਿੰਹ (ਪੁਤਰ ਗੁਲਾਬ ਸਿੰਹ ਡੋਗਰਾ) ਤੇ ਲਾਭ ਸਿੰਹ ਡੋਗਰਾ ਇੱਥੇ ਲੁਕ ਗਏ। ਪਰ ਕੁਝ ਚਿਰ ਮਗਰੋਂ, ਜਦ ਉਨ੍ਹਾਂ ਨੂੰ ਬਹੁਤ ਪਿਆਸ ਲਗੀ ਤਾਂ ਉਹ ਇਕ ਖੂਹ ਵਲ ਆਏ। ਸਿੱਖ ਫ਼ੌਜੀਆਂ ਦੀ ਨਿਗਾਹ ਉਨ੍ਹਾਂ ਵਲ ਪਈ ਤਾਂ ਉਨ੍ਹਾਂ ਨੇ ਇਨ੍ਹਾਂ ਤੇ ਬੰਦੂਕਾਂ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਨਾਲ ਹਾਥੀ ਤੇ ਬੈਠਾ ਸੋਹਣ ਸਿੰਹ ਮਾਰਿਆ ਗਿਆ। ਲਾਭ ਸਿੰਹ ਡੋਗਰੇ ਨੂੰ ਵੀ ਗੋਲੀ ਲਗੀ। ਉਹ ਘੋੜਾ ਭਜਾ ਕੇ ਜੰਮੂ ਵਲ ਚਲਾ ਗਿਆ। ਸਿੱਖ ਫ਼ੌਜਾਂ ਨੇ ਉਸ ਦਾ ਪਿੱਛਾ ਕੀਤਾ ਤੇ 7-8 ਕਿਲੋਮੀਟਰ ਦੂਰ ਜਾ ਕੇ ਉਸ ਨੂੰ ਘੇਰ ਕੇ ਮਾਰ ਦਿਤਾ। ਇਸ ਦੇ ਨਾਲ ਹੀ ਸਿੱਖ ਫੌਜੀਆਂ ਨੇ ਹੀਰਾ ਸਿੰਹ 'ਤੇ ਵੀ ਹਮਲਾ ਕੀਤਾ। ਉਸ ਨੇ ਅੱਗੋਂ ਟਾਕਰਾ ਕੀਤਾ ਪਰ ਇਕ ਸਿੱਖ ਦੇ ਨੇਜ਼ੇ ਨਾਲ ਉਹ ਵੀ ਮਾਰਿਆ ਗਿਆ। ਪੰਡਤ ਜਲ੍ਹਾ ਤਾਂ ਤਲਵਾਰ ਦੇ ਇਕ ਵਾਰ ਨਾਲ ਹੀ ਮਾਰਿਆ ਗਿਆ। ਇਨ੍ਹਾਂ ਸਾਰਿਆਂ ਦੇ ਮਰਨ ਮਗਰੋਂ ਫ਼ੌਜਾਂ ਦਰਬਾਰ ਦਾ ਸਾਰਾ ਖ਼ਜ਼ਾਨਾ ਤੇ ਹੋਰ ਸਾਰਾ ਮਾਲ-ਮੱਤਾ ਲੈ ਕੇ ਲਾਹੌਰ ਮੁੜ ਆਈਆਂ।
1845 - ਫੇਰੂ ਸ਼ਹਿਰ (ਫ਼ੀਰੋਜ਼ਸ਼ਾਹ) ਵਿਚ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਜੰਗ ਹੋਈ।
ਸਿੱਖਾਂ (ਦਰਅਸਲ ਲਾਹੌਰ ਦਰਬਾਰ) ਅਤੇ ਅੰਗਰੇਜ਼ਾਂ ਵਿਚ ਦੂਜੀ ਲੜਾਈ 21 ਦਸੰਬਰ 1845 ਦੇ ਦਿਨ ਫੇਰੂ ਸ਼ਹਿਰ ਵਿਚ ਹੋਈ। ਇਸ ਲੜਾਈ ਵਿਚ ਵੀ ਲਾਲ ਸਿੰਹ ਅਤੇ ਤੇਜਾ ਸਿੰਹ ਨੇ, ਅੰਗਰੇਜ਼ਾਂ ਨਾਲ ਪਹਿਲਾਂ ਬਣੇ ਪਲਾਨ ਮੁਤਾਬਿਕ, ਸਿੱਖ ਫ਼ੌਜਾਂ ਨੂੰ ਪੂਰਾ ਅਸਲਾ ਨਾ ਦਿਤਾ, ਉਨ੍ਹਾਂ ਨੂੰ ਅੰਗਰੇਜ਼ਾਂ ਦੇ ਨਾਜ਼ੁਕ ਅਤੇ ਅਹਿਮ ਠਿਕਾਣਿਆਂ 'ਤੇ ਹਮਲਾ ਨਾ ਕਰਨ ਦਿਤਾ ਅਤੇ ਜਿਸ ਪਾਸੇ ਸਿੱਖ ਫ਼ੌਜਾਂ ਦੀ ਤਾਕਤ ਵਧੇਰੇ ਵੇਖੀ ਉੱਥੋਂ ਹੀ ਹਮਲਾ ਰੁਕਵਾ ਦਿਤਾ ਤਾਂ ਜੋ ਅੰਗਰੇਜ਼ ਫ਼ੌਜਾਂ ਦੀ ਮਦਦ ਕੀਤੀ ਜਾ ਸਕੇ। ਇਸ ਮਗਰੋਂ ਲਾਲ ਸਿੰਹ, ਕਨ੍ਹਈਆ ਲਾਲ, ਅਯੁਧਿਆ ਪ੍ਰਸ਼ਾਦ ਤੇ ਅਮਰ ਨਾਥ 6-7 ਹਜ਼ਾਰ ਸਿੱਖ ਫ਼ੌਜਾਂ ਨੂੰ ਇਕੱਲਿਆਂ ਛੱਡ ਕੇ ਮੈਦਾਨ' ਚੋਂ ਖਿਸਕ ਗਏ ਪਰ ਆਗੂ-ਹੀਣ ਸਿੱਖ ਫ਼ੌਜਾਂ ਮੈਦਾਨ ਵਿਚ ਡੱਟੀਆਂ ਰਹੀਆਂ। ਇਨ੍ਹਾਂ ਦਾ ਨਿਸ਼ਾਨਾ ਕਮਾਂਡਰ-ਹੀਣ ਸਿੱਖ ਫ਼ੌਜ ਨੂੰ ਮਰਵਾਉਣ ਦਾ ਸੀ। ਇਸ ਜੰਗ ਵਿਚ ਸਿੱਖਾਂ ਦੇ ਖ਼ਿਲਾਫ਼ ਲੜ ਰਹੇ ਅੰਗਰੇਜ਼ ਜਰਨੈਲ ਕਨਿੰਘਮ ਮੁਤਾਬਿਕ "ਲਾਲ ਸਿੰਹ ਤੇ ਤੇਜਾ ਸਿੰਹ ਦਾ ਨਿਸ਼ਾਨਾ ਇੱਕਾ-ਦੁੱਕਾ (ਸਿੱਖ ਡਵੀਜ਼ਨਾਂ) ਨੂੰ ਖਤਮ ਕਰ ਕੇ ਅੰਗਰੇਜ਼ਾਂ ਦੀ ਮਦਦ ਕਰਨਾ ਨਹੀਂ ਸੀ ਬਲਕਿ ਸਾਰੀ ਫ਼ੌਜ ਨੂੰ ਖਿੰਡਾ-ਪੁੰਡਾ ਕੇ ਖ਼ਤਮ ਕਰਨਾ ਸੀ।" ਇਹ ਦੋਵੇਂ ਬ੍ਰਾਹਮਣ ਅੰਗਰੇਜ਼ਾਂ ਨੂੰ ਜਿਤਾ ਕੇ ਉਨ੍ਹਾਂ ਹੇਠ ਵੱਡੇ ਵਜ਼ੀਰ (ਪ੍ਰਾਈਮ ਮਨਿਸਟਰ) ਬਣਨਾ ਲੋਚਦੇ ਸਨ। ਇਨ੍ਹਾਂ ਨੇ ਅੰਗਰੇਜ਼ਾਂ ਨੂੰ ਆਪਣੀ ਵਫ਼ਾਦਾਰੀ ਸਾਬਿਤ ਵੀ ਕਰ ਵਿਖਾਈ ਸੀ।
ਫੇਰੂ ਸ਼ਹਿਰ ਦੀ ਲੜਾਈ ਵਿਚ 684 ਅੰਗਰੇਜ਼ਾਂ ਮਾਰੇ ਗਏ ਸਨ ਤੇ 1721 ਜ਼ਖ਼ਮੀ ਹੋਏ ਸਨ। ਮਾਰੇ ਜਾਣ ਵਾਲਿਆਂ ਵਿਚੋਂ 103 ਅਫ਼ਸਰ ਵੀ ਸਨ ਤੇ ਇਨ੍ਹਾਂ ਵਿਚ ਉਹ ਮੇਜਰ ਬਰੌਡਫ਼ੁਟ ਵੀ ਸ਼ਾਮਿਲ ਸੀ ਜਿਸ ਨੇ ਇਸ ਜੰਗ ਦੀ ਪਹਿਲੀ ਗੋਲੀ ਚਲਾਈ ਸੀ। ਇਸ ਲੜਾਈ ਵਿਚ ਢਾਈ-ਤਿੰਨ ਹਜ਼ਾਰ ਸਿੱਖ ਵੀ ਮਾਰੇ ਗਏ ਸਨ।
ਇਸ ਲੜਾਈ ਵਿਚ ਗ਼ਦਾਰ ਬ੍ਰਾਹਮਣਾਂ ਲਾਲ ਸਿੰਹ ਤੇ ਤੇਜਾ ਸਿੰਹ ਨੇ ਅੰਗਰੇਜ਼ਾਂ ਦਾ ਪੂਰਾ ਸਾਥ ਦਿੱਤਾ ਪਰ ਫਿਰ ਵੀ ਅੰਗਰੇਜ਼ ਅਫ਼ਸਰ ਸਿੱਖਾਂ ਤੋਂ ਬੁਰੀ ਤਰ੍ਹਾਂ ਡਰੇ ਹੋਏ ਸਨ। ਇਸ ਜੰਗ ਦੌਰਾਨ ਪਟਿਆਲਾ, ਨਾਭਾ ਤੇ ਹੋਰ ਸਤਲੁਜ ਪਾਰਲੀਆਂ ਸਿੱਖ ਰਿਆਸਤਾਂ ਅੰਗਰੇਜ਼ਾਂ ਵੱਲੋਂ ਲਾਹੌਰ ਦਰਬਾਰ ਦੇ ਖ਼ਿਲਾਫ਼ ਲੜੀਆਂ ਸਨ। ਇੰਞ ਹੀ ਅਗਰੇਜ਼ੀ ਫ਼ੌਜ ਦੇ ਅਫ਼ਸਰ ਸਾਰੇ ਹੀ ਅੰਗਰੇਜ਼ ਸਨ ਪਰ ਉਨ੍ਹਾਂ ਹੇਠ ਲੜਨ ਵਾਲੇ ਸਿਪਾਹੀਆਂ ਵਿੱਚੋਂ ਬਹੁਤੇ ਹਿੰਦੂਸਤਾਨੀ ਹੀ ਸਨ। ਦੂਜੇ ਲਫ਼ਜ਼ਾਂ ਵਿਚ ਪੰਜਾਬ 'ਤੇ ਅੰਗਰੇਜ਼ੀ ਕਬਜ਼ਾ ਕਰਵਾਉਣ ਵਾਲੇ ਹਿੰਦੂਸਤਾਨੀ ਅਤੇ ਸਤਲੁਜ ਪਾਰ ਪੰਜਾਬੀ ਰਿਆਸਤਾਂ ਦੇ ਫ਼ੌਜੀ ਸਨ।
1981 - ਜੱਥੇਦਾਰ ਸੰਤੋਖ ਸਿੰਘ ਦਿੱਲ਼ੀ ਅਤੇ ਸੋਹਨ ਸਿੰਘ ਸੰਧੂ ਦੋਵੇਂ ਸ਼ੱਕੀ ਹਾਲਤਾਂ ਵਿੱਚ ਮਾਰੇ ਗਏ।
ਦਿੱਲੀ ਦਾ ਸਿੱਖ ਆਗੂ ਜਥੇਦਾਰ ਸੰਤੋਖ ਸਿੰਘ ਇੰਦਰਾ ਗਾਂਧੀ ਦਾ ਪੱਕਾ ਵਫ਼ਾਦਾਰ ਸੀ ਤੇ ਦੋਵੇਂ ਇਕ ਦੂਜੇ ਦਾ ਪੂਰਾ ਸਾਥ ਦੇਂਦੇ ਸਨ ਤੇ ਹਰ ਸਮੇਂ ਦੂਜੇ ਦੇ ਕੰਮ ਆਉਂਦੇ ਸਨ ਪਰ 9 ਸਤੰਬਰ 1991 ਦੇ ਦਿਨ ਸੌਤੋਖ ਸਿੰਘ ਵੱਲੋਂ ਅਕਾਲ ਤਖ਼ਤ 'ਤੇ ਪੇਸ਼ ਹੋਣ 'ਤੇ ਇੰਦਰਾ ਉਸ ਨਾਲ ਨਾਰਾਜ਼ ਹੋ ਗਈ ਕਿਉਂ ਕਿ ਉਸ ਦੇ ਰੋਕਣ ਦੇ ਬਾਵਜੂਦ ਉਹ ਅੰਮ੍ਰਿਤਸਰ ਚਲਾ ਗਿਆ ਸੀ। ਇਸ ਮਗਰੋਂ ਦੋਹਾਂ ਨੇ ਇਕ ਦੂਜੇ ਨਾਲ ਬੋਲਚਾਲ ਵੀ ਬੰਦ ਕਰ ਦਿੱਤੀ। ਜਥੇਦਾਰ ਸੰਤੋਖ ਸਿੰਘ ਨੇ ਵੀ ਹੁਣ ਬਾਗ਼ੀ ਸੁਰ ਅਪਣਾ ਲਈ ਅਤੇ ਭਿੰਡਰਾਂ ਵਾਲੇ ਦੇ ਕੈਂਪ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕਰ ਲਿਆ।
20 ਸਤੰਬਰ 1981 ਦੇ ਦਿਨ ਜਦ ਮਹਿਤਾ ਚੌਕ ਵਿਚ ਪੁਲਸ ਬਾਬਾ ਜਰਨੈਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਕਾਰ ਵਿਚ ਬਿਠਾ ਕੇ ਲਿਜਾ ਰਹੀ ਸੀ ਤਾਂ ਜਥੇਦਾਰ ਸੰਤੋਖਸਿੰਘ ਦਿੱਲੀ ਨੇ ਇਕ ਡਰਾਮਾ ਕੀਤਾ। ਉਹ ਉਸ ਕਾਰ ਦੀ ਬੌਨਟ 'ਤੇ ਬੈਠ ਗਿਆ ਅਤੇ ਕਿਹਾ ਕਿ ਉਹ ਕਾਰ ਨੂੰ ਜਾਣ ਨਹੀਂ ਦੇਵੇਗਾ। ਕੁਝ ਚਿਰ ਮਗਰੋਂ ਭਿੰਡਰਾਂਵਾਲਿਆ ਦੇ ਕਹਿਣ 'ਤੇ ਉਹ ਬੌਨਟ ਤੋਂ ਉਤਰਿਆ ਤਾਂ ਹੀ ਪੁਲਸ ਦੀ ਗੱਡੀ ਅੱਗੇ ਜਾ ਸਕੀ। ਸੰਤੋਖ ਸਿੰਘ ਇੰਦਰਾ ਗਾਂਧੀ ਦਾ ਖਾਸਮ ਖਾਸ ਸੀ ਪਰ ਕੁਝ ਚਿਰ ਤੋਂ ਦੋਹਾਂ ਵਿਚ ਫ਼ਰਕ ਆ ਗਏ ਸਨ ਅਤੇ ਸੰਤੋਖ ਸਿੰਘ ਨੇ ਬਾਗ਼ੀ ਸੁਰ ਅਖ਼ਤਿਆਰ ਕਰ ਲਈ ਹੋਈ ਸੀ। ਉਂਜ ਉਸ ਦਾ ਸੁਭਾਅ ਪਹਿਲਾਂ ਤੋਂ ਹੀ ਖਾੜਕੂ ਅਤੇ ਕੁਝ ਹੱਦ ਤਕ ਦਲੇਰਾਨਾ ਵੀ ਸੀ।
ਜਦ ਇਹ ਖ਼ਬਰਾਂ ਇੰਦਰਾ ਗਾਂਧੀ ਤਕ ਪੁੱਜੀਆਂ ਤਾਂ ਉਸ ਨੇ ਸੰਤੋਖ ਸਿੰਘ ਦਾ ਕੰਡਾ ਕੱਢਣ ਦਾ ਫ਼ੈਸਲਾ ਕਰ ਲਿਆ। 21 ਦਸੰਬਰ 1981 ਦੇ ਦਿਨ ਜਦ ਉਹ ਕਾਰ ਵਿਚ ਜਾ ਰਿਹਾ ਸੀ ਤਾਂ ਉਸ ਦੀ ਕਾਰ ਨੂੰ ਇਕ ਹੋਰ ਮੈਂਬਰ ਸੋਹਨ ਸਿੰਘ ਸੰਧੂ ਨੇ ਰੋਕਿਆ। ਪੁਲਸ ਮੁਤਾਬਿਕ ਇਸ ਮੌਕੇ 'ਤੇ ਦੋਹਾਂ ਵਿਚ ਝਗੜਾ ਹੋਇਆ ਅਤੇ ਦੋਵੇਂ ਇਕ ਦੂਜੇ ਦੀ ਗੋਲੀ ਨਾਲ ਮਰ ਗਏ। ਪਰ ਦਰਅਸਲ ਇਹ ਆਪਸੀ ਝਗੜੇ ਦਾ ਕਤਲ ਨਹੀਂ ਸੀ ਕਿਉਂ ਕਿ ਸੰਧੂ ਦੇ ਜਿਸ ਰਿਵਾਲਵਰ ਨਾਲ ਗੋਲੀ ਚਲਾਈ ਗਈ ਕਹੀ ਗਈ ਸੀ ਉਹ ਰਿਵਾਲਵਰ ਗ਼ਾਇਬ ਹੋ ਗਿਆ ਸੀ। ਜਥੇਦਾਰ ਦੇ ਪੁੱਤਰ ਦਾ ਅਜ ਵੀ ਦੋਸ਼ ਹੈ ਕਿ ਇਹ ਕਤਲ ਖ਼ੁਫ਼ੀਆ ਏਜੰਸੀਆਂ ਨੇ ਕਰਵਾਇਆ ਸੀ।
1988 - ਹਰਜਿੰਦਰ ਸਿੰਘ ਜਿੰਦਾ ਤਲਵੰਡੀ ਭਿੰਡਰਾਂ ਦੀ ਨਕਲੀ ਮੁਕਾਬਲੇ ਵਿੱਚ ਸ਼ਹੀਦੀ ਹੋਈ।
21 ਦਸੰਬਰ 1988 ਦੇ ਦਿਨ ਪੰਜਾਬ ਪੁਲਸ ਨੇ ਹਰਜਿੰਦਰ ਸਿੰਘ ਜਿੰਦਾ ਪੁੱਤਰ ਨਾਜਰ ਸਿੰਘ, ਤਲਵੰਡੀ ਭਿੰਡਰਾਂ, ਗੁਰਦਾਸਪੁਰ ਨੂੰ ਇਕ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿਤਾ।
1990 - ਮਨਜਿੰਦਰ ਸਿੰਘ ਲਾਲੀ ਪੱਖੋਕੇ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ।
21 ਦਸੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਮਨਜਿੰਦਰ ਸਿੰਘ ਲਾਲੀ ਵਾਸੀ ਪੱਖੋਕੇ, ਅੰਮ੍ਰਿਤਸਰ ਨੂੰ ਇਕ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿਤਾ।
1991 - ਦਿਲਬਾਗ ਸਿੰਘ ਬਕਠਾਣਾ ਟੁੱਲੀਆਂ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ।
21 ਦਸੰਬਰ 1991 ਦੇ ਦਿਨ ਪੰਜਾਬ ਪੁਲਸ ਨੇ ਦਿਲਬਾਗ ਸਿੰਘ ਪੁੱਤਰ ਰਵੇਲ ਸਿੰਘ, ਵਾਸੀ ਬਕਠਾਣਾ ਟੁੱਲੀਆਂ, ਜ਼ਿਲ੍ਹਾ ਗੁਰਦਾਸਪੁਰ ਨੂੰ ਇਕ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿਤਾ।
1992 - ਜੋਗਿੰਦਰ ਸਿੰਘ, ਭੂਪਿੰਦਰ ਸਿੰਘ ਭਿੰਡ, ਸੁਰਜੀਤ ਸਿੰਘ ਅਤੇ ਚਾਰ ਹੋਰ ਸਿੱਖ ਨਕਲੀ ਮੁਕਾਬਲੇ ਵਿੱਚ ਸ਼ਹੀਦ ਕੀਤੇ ਗਏ।
21 ਦਸੰਬਰ 1992 ਦੇ ਦਿਨ ਜੋਗਿੰਦਰ ਸਿੰਘ, ਭੂਪਿੰਦਰ ਸਿੰਘ ਭਿੰਡ, ਸੁਰਜੀਤ ਸਿੰਘ ਤੇ ਚਾਰ ਹੋਰ ਸਿੱਖਾਂ ਨੂੰ ਪੰਜਾਬ ਪੁਲਿਸ ਨੇ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿਤਾ।