1710 - 90 ਹਜ਼ਾਰ ਮੁਗ਼ਲ ਫ਼ੌਜ ਨੇ ਲੋਹਗੜ੍ਹ 'ਤੇ ਹਮਲਾ ਕਰ ਦਿੱਤਾ।
29 ਨਵੰਬਰ 1710 ਬੁੱਧਵਾਰ ਦੇ ਦਿਨ ਮੁਗ਼ਲ ਫ਼ੌਜਾਂ ਨੇ ਲੋਹਗੜ੍ਹ ਕਿਲ੍ਹੇ ਨੂੰ ਘੇਰਾ ਪਾ ਲਿਆ ਸੀ। ਬਾਦਸ਼ਾਹ ਆਪ ਇਸ ਵਕਤ ਨਾਲ ਦੇ ਪਿੰਡ ਕਮਪੋ ਵਿੱਚ ਮੌਜੂਦ ਸੀ। ਇਸ ਵੇਲੇ ਤਕਰੀਬਨ 90000 ਤੋਂ ਵੱਧ ਫ਼ੌਜ ਲੋਹਗੜ੍ਹ ਨੂੰ ਘੇਰੇ ਖੜ੍ਹੀ ਸੀ। ਵੱਡੇ ਸ਼ਹਿਜ਼ਾਦੇ ਅਜ਼ੀਮੁਨਸ਼ਾਹ ਕੋਲ 31 ਹਜ਼ਾਰ ਅਤੇ ਦੂਜੇ ਤਿੰਨਾਂ ਸ਼ਹਿਜ਼ਾਦਿਆਂ ਨਾਲ 11-11 ਹਜ਼ਾਰ ਫ਼ੌਜ ਸੀ। 10-10 ਹਜ਼ਾਰ ਫ਼ੌਜ ਖ਼ਾਨਖਾਨਾ ਅਤੇ ਰੁਸਤਮ ਦਿਲ ਖ਼ਾਨ ਕੋਲ ਵੀ ਸੀ। ਹਿੰਦੂ ਰਾਜੇ ਛਤਰਸਾਲ ਬੁੰਦੇਲਾ 'ਤੇ ਉੱਦਿਤ ਸਿੰਹ ਬੁੰਦੇਲਾ ਦੀ 5 ਹਜ਼ਾਰ ਅਤੇ ਇਸਲਾਮ ਖ਼ਾਨ ਮੀਰ ਆਤਿਸ਼ ਦੀ ਫ਼ੌਜ ਵੀ ਮੌਜੂਦ ਸੀ। ਦੂਜੇ ਪਾਸੇ ਲੋਹਗੜ੍ਹ ਵਿੱਚ ਬੰਦਾ ਸਿੰਘ ਨਾਲ 1500 ਦੇ ਕਰੀਬ ਸਿੱਖ ਮੌਜੂਦ ਸਨ।
30 ਨਵੰਬਰ ਨੂੰ ਸਾਰਾ ਜਾਇਜ਼ਾ ਲੈ ਕੇ ਮੁਗ਼ਲ ਫ਼ੌਜਾਂ ਨੇ ਲੋਹਗੜ੍ਹ ਨੂੰ ਇੰਞ ਘੇਰਾ ਪਾਇਆ -
1. ਰਫ਼ੀਉੱਸ਼ਾਨ ਨੂੰ ਪਰਬਤ-ਪੱਲੇ ਤੋਂ ਇੱਕ ਕਿਲੋਮੀਟਰ ਹਟਵੇਂ, ਬੰਦਾ ਸਿੰਘ ਦੇ ਡੇਰੇ ਵਲ ਭੇਜਿਆ ਗਿਆ। ਉਸ ਦੇ ਨਾਲ ਬਖ਼ਸ਼ੀ-ਉਲ-ਮੁਲਕ ਜ਼ੁਲਫ਼ਿਕਾਰ ਖ਼ਾਨ ਦੀ ਡਿਊਟੀ ਲਾਈ ਗਈ।
2. ਖ਼ਾਨਖ਼ਾਨਾ ਅਤੇ ਬਖ਼ਸ਼ੀ ਮਹਾਬਤ ਖ਼ਾਨ ਤੇ ਖ਼ਾਨ ਜ਼ਮਾਨ ਬਹਾਦਰ (ਤਿੰਨੇ ਪਿਓ-ਪੁੱਤਰ) ਉਸ ਇਲਾਕੇ ਦੇ ਜਾਣੂਆਂ ਪਿੱਛੇ ਲਗ ਕੇ ਪਰਬਤ ਦੀ ਢਾਕੇ (ਕਮਰ ਵੱਲੋਂ) ਦਾਖਿਲ ਹੋਏ।
3. ਹਿੰਦੂ ਰਾਜਾ ਛਤਰਸਾਲ ਬੁੰਦੇਲਾ ਤੇ ਇਸਲਾਮ ਖ਼ਾਨ 'ਮੀਰ ਆਤਿਸ਼' ਖ਼ਾਨਖ਼ਾਨਾ ਦੀ ਮੁਹਰੈਲੀ ਫ਼ੌਜ ਬਣ ਕੇ ਅਗਾਂਹ ਵਧੇ।
4. ਹਮੀਦ-ਉਦ-ਦੀਨ ਖ਼ਾਨ, ਅਜ਼ੀਮੁੱਸ਼ਾਨ ਸ਼ਾਹ ਬਹਾਦਰ ਦੇ ਸਾਥੀ ਤੇ ਜਹਾਨ ਸ਼ਾਹ ਬਹਾਦੁਰ ਦੇ ਚਾਕਰ, ਉੱਪਰ ਜ਼ਿਕਰ ਕੀਤੇ ਤਿੰਨਾਂ ਦਲਾਂ ਦੀ ਮਦਦ ਵਾਸਤੇ, ਮਗਰ-ਮਗਰ ਟੁਰੇ।
ਲੋਹਗੜ੍ਹ ਵਿੱਚ ਇਸ ਵੇਲੇ ਨਾ ਤਾਂ ਬਹੁਤੀ ਸਿੱਖ ਫ਼ੌਜ ਸੀ, ਨਾ ਅਸਲਾ ਤੇ ਨਾ ਰਾਸ਼ਨ। ਸਿਰਫ਼ ਤਿੰਨ ਤੋਪਾਂ ਸਨ 'ਤੇ ਚੌਥੀ ਤੋਪ ਇਮਲੀ ਦਾ ਤਣਾ ਖੋਦ ਕੇ ਬਣਾਈ ਹੋਈ ਸੀ। ਪਰ ਇਨ੍ਹਾ ਤੋਪਾਂ ਵਾਸਤੇ ਵੀ ਬਾਰੂਦ ਬਹੁਤ ਥੋੜ੍ਹਾ ਸੀ। ਮੁਸਲਮਾਨ ਲਿਖਾਰੀ ਕਾਮਵਰ ਲਿਖਦਾ ਹੈ ਕਿ "ਪਹਿਰ ਦਿਨ ਚੜ੍ਹਿਆ ਸੀ। ਖ਼ਾਨਖ਼ਾਨਾ (ਮੁਨਈਮ ਖ਼ਾਨ) ਨੇ 5 ਹਜ਼ਾਰ ਸਾਥੀਆਂ ਸਣੇ ਸਿੱਖਾਂ ਦੇ ਪਹਾੜ ਦੀ ਸਿਖਰ 'ਤੇ ਬਣੇ ਮੋਰਚਿਆਂ ਉੱਤੇ ਹਮਲਾ ਕੀਤਾ। ਤੋਪ-ਤੁਫ਼ੰਗ ਦਾ ਬੜਾ ਕਰਾਰਾ ਜੰਗ ਹੋਇਆ। ਖ਼ਾਨਖ਼ਾਨਾ ਲੋਹਗੜ੍ਹ ਦੀ ਕੋਟ-ਖਾਲੀ ਤੱਕ ਪਹੁੰਚ ਗਿਆ। ਦੁਵੱਲੀ ਪੂਰੇ ਤਾਣ-ਮਾਣ ਨਾਲ ਜੁੱਧ ਮੱਚਿਆ। ਜਿੰਦਾਂ ਲੈਣ-ਦੇਣ ਦਾ ਵਪਾਰ ਖ਼ੂਬ ਗਰਮ ਹੋ ਮੱਚਿਆ।" ਇਸ ਹਾਲਤ ਨੂੰ ਵੇਖ ਕੇ ਮੁਗ਼ਲ ਤੇ ਪਠਾਣ ਫ਼ੌਜੀ ਬੜੇ ਡਰੇ ਹੋਏ ਸਨ। ਇਰਵਿਨ ਲਿਖਦਾ ਹੈ ਕਿ, "ਬੰਦਾ ਸਿੰਘ ਬਾਰੇ ਅਫ਼ਵਾਹਾਂ ਤੋਂ ਮੁਗ਼ਲ ਫ਼ੌਜੀ ਬੜੇ ਡਰੇ ਹੋਏ ਸਨ। ਉਨ੍ਹਾਂ ਨੂੰ ਡਰ ਸੀ ਕਿ ਬੰਦਾ ਜਾਦੂ ਜਾਣਦਾ ਹੈ। ਉਹ ਅਜਿਹਾ ਜਾਦੂ ਜਾਣਦਾ ਹੈ ਜਿਸ ਨਾਲ ਉਹ ਦੁਸ਼ਮਣ ਦੇ ਨੇਜ਼ਿਆਂ ਅਤੇ ਤਲਵਾਰਾਂ ਦੇ ਵਾਰਾਂ ਨੂੰ ਬੇਅਸਰ ਕਰ ਸਕਦਾ ਹੈ। ਉਨ੍ਹਾਂ ਨੇ ਇਹ ਵੀ ਸੁਣ ਰੱਖਿਆ ਸੀ ਕਿ ਬੰਦੇ ਨੇ ਸਿੱਖਾਂ ਨੂੰ 'ਵਰ' ਦਿੱਤਾ ਹੋਇਆ ਹੈ ਕਿ ਜੇ ਉਨ੍ਹਾਂ ਵਿਚੋਂ ਕੋਈ ਜੰਗ ਵਿਚ ਮਰ ਗਿਆ ਤਾਂ ਉਹ ਦੋਬਾਰਾ ਜਨਮ ਲੈ ਕੇ ਵੱਡੇ ਅਹੁਦੇ 'ਤੇ ਆਵੇਗਾ। ਇਨ੍ਹਾਂ ਅਫ਼ਵਾਹਾਂ ਕਾਰਨ ਬਾਦਸ਼ਾਹ ਅਤੇ ਵੱਡੇ ਜਰਨੈਲ ਬੜੇ ਪਰੇਸ਼ਾਨ ਅਤੇ ਬੇਦਿਲ ਜਿਹੇ ਹੋ ਗਏ ਸਨ।"
ਸ਼ੁਰੂ-ਸ਼ੁਰੂ ਵਿੱਚ ਸਿੱਖਾਂ ਤੇ ਸ਼ਾਹੀ ਫ਼ੌਜਾਂ ਵਿਚ ਛੋਟੀ-ਮੋਟੀ ਜੰਗ ਚਲਦੀ ਰਹੀ। ਜਿਹੜਾ ਸਿੱਖ ਵੀ ਕਿਲ੍ਹੇ 'ਚੋਂ ਬਾਹਰ ਨਿੱਕਲਦਾ ਸੀ ਉਹ ਮੁਗ਼ਲ ਫ਼ੌਜਾਂ ਨਾਲ ਭਿੜ ਕੇ, ਚੰਗੀ ਜੱਦੋਜਹਿਦ ਮਗਰੋਂ, ਮਾਰਿਆ ਜਾਂਦਾ ਸੀ। ਬਹੁਤ ਸਾਰੇ ਮੁਗ਼ਲ ਫ਼ੌਜੀ ਵੀ ਮਰ ਰਹੇ ਸਨ। ਖ਼ਾਨਖ਼ਾਨਾ ਨੂੰ ਡਟਿਆ ਵੇਖ ਕੇ ਸ਼ਹਿਜ਼ਾਦਾ ਰਫ਼ੀ-ਉਦ-ਸ਼ਾਹ ਅਤੇ ਰੁਸਤਮ ਦਿਲ ਖ਼ਾਨ ਨੇ ਵੀ ਲੋਹਗੜ੍ਹ ਵਲ ਧਾਵਾ ਬੋਲ ਦਿਤਾ। ਉਨ੍ਹਾਂ ਨੇ ਇਹ ਇਸ ਵਾਸਤੇ ਕੀਤਾ ਤਾਂ ਕਿ ਕਿਤੇ ਖ਼ਾਨਖ਼ਾਨਾ ਜਿੱਤ ਦਾ ਸਿਹਰਾ ਨਾ ਲੈ ਜਾਵੇ। ਖ਼ਾਨਖ਼ਾਨਾ ਅਤੇ ਉਸ ਦੀ ਰੀਸ ਕਰਨ ਵਾਲਿਆਂ ਦੀ ਇਹ ਹਰਕਤ ਬਾਦਸ਼ਾਹ ਬਹਾਦਰ ਸ਼ਾਹ ਦੇ ਹੁਕਮ ਦੀ ਅਦੂਲੀ ਸੀ ਕਿਉਂ ਕਿ ਉਸ ਨੇ ਹਦਾਇਤ ਦਿੱਤੀ ਹੋਈ ਸੀ ਕਿ ਕੋਈ ਵੀ ਕਿਲ੍ਹੇ ਵਲ ਨਾ ਵਧੇ ਅਤੇ ਸਿੱਖਾਂ ਨੂੰ ਥਕਾ ਕੇ, ਉਨ੍ਹਾਂ ਦਾ ਰਾਸ਼ਨ ਅਤੇ ਅਸਲਾ ਮੁਕਾਉਣ ਮਗਰੋਂ ਹੀ, ਉਨ੍ਹਾਂ ਨੂੰ ਕਾਬੂ ਕੀਤਾ ਜਾਵੇ। ਹੁਣ ਜਦੋਂ ਇਹ ਬਾਦਸ਼ਾਹ ਦੀ ਹੁਕਮ-ਅਦੂਲੀ ਕਰ ਕੇ ਅੱਗੇ ਵਧੇ ਹੀ ਸਨ ਤਾਂ ਉਨ੍ਹਾਂ ਕੋਲ ਇੱਕੋ ਹੀ ਚਾਰਾ ਸੀ ਕਿ ਜਾਂ ਤਾਂ ਉਹ ਕਿਲ੍ਹਾ ਜਿੱਤ ਲੈਣ ਤੇ ਜਾਂ ਮਾਰੇ ਜਾਣ ਕਿਉਂਕਿ ਹਾਰ ਕੇ ਮੁੜਨ ਦਾ ਮਤਲਬ ਬਾਦਸ਼ਾਹ ਤੋਂ ਹੁਕਮ-ਅਦੂਲੀ ਅਤੇ ਮਿਸ਼ਨ ਫੇਲ੍ਹ ਹੋਣ ਦੀ ਸਜ਼ਾ ਹਾਸਿਲ ਕਰਨਾ ਸੀ।
ਉੱਧਰ ਸਿੱਖ, ਅਸਲਾ ਥੋੜ੍ਹਾ ਹੋਣ ਕਰ ਕੇ, ਇੱਕ-ਇੱਕ ਕਰ ਕੇ ਗੋਲੇ ਸੁੱਟ ਰਹੇ ਸਨ। ਮੁਗ਼ਲ ਫ਼ੌਜਾਂ ਦੇ ਜਰਨੈਲਾਂ ਨੇ ਇਸ ਤੋਂ ਅੰਦਾਜ਼ਾ ਲਾ ਲਿਆ ਸੀ ਕਿ ਸਿੱਖਾਂ ਕੋਲ ਬਾਰੂਦ ਥੋੜ੍ਹਾ ਹੈ। ਉਹੀ ਗੱਲ ਹੋਈ। ਸ਼ਾਮ ਤੋਂ ਪਹਿਲਾਂ ਹੀ ਸਿੱਖਾਂ ਦਾ ਬਾਰੂਦ ਮੁੱਕ ਗਿਆ। ਹੁਣ ਉਹ ਮੋਰਚਿਆਂ ਵਿੱਚੋਂ ਨਿਕਲੇ ਅਤੇ ਉਨ੍ਹਾਂ ਨੇ ਮੁਗ਼ਲ ਫ਼ੌਜਾਂ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇੰਞ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ। ਇਸ ਵੇਲੇ ਬੰਦਾ ਸਿੰਘ ਲੋਹਗੜ੍ਹ ਕਿਲ੍ਹੇ ਤੋਂ ਉੱਪਰ, ਨਾਲ ਵਾਲੀ ਪਹਾੜੀ 'ਤੇ ਬਣੇ ਇੱਕ ਹੋਰ ਕਿਲ੍ਹੇ ਸਿਤਾਰਗੜ੍ਹ ਵਿੱਚ, ਬੈਠਾ ਸੀ। ਸ਼ਾਹੀ ਫ਼ੌਜ ਲੋਹਗੜ੍ਹ ਨੂੰ ਘੇਰੀ ਬੈਠੀ ਸੀ ਤੇ ਕਿਸੇ ਵੇਲੇ ਵੀ ਇਸ 'ਤੇ ਕਬਜ਼ਾ ਕਰ ਸਕਦੀ ਸੀ। ਸਿੱਖਾਂ ਨੂੰ ਹੁਣ ਅਹਿਸਾਸ ਹੋ ਗਿਆ ਸੀ ਉਨ੍ਹਾਂ ਦਾ ਭਲਾ ਕਿਲ੍ਹੇ 'ਚੋਂ ਨਿੱਕਲ ਜਾਣ ਵਿੱਚ ਹੀ ਹੈ। ਰਾਤ ਵੇਲੇ ਉਨ੍ਹਾਂ ਨੇ ਬਹੁਤ ਸਾਰਾ ਬਾਰੂਦ ਭਰ ਕੇ ਇਮਲੀ ਦੀ ਗੇਲੀ ਨਾਲ ਬਣਾਈ ਬੂੰਦਕ ਚਲਾਈ ਜਿਸ ਨਾਲ ਧਰਤੀ ਕੰਬ ਗਈ। ਇਸ ਧਮਾਕੇ ਨਾਲ ਸਾਰੇ ਸ਼ਾਹੀ ਫ਼ੌਜੀ ਡਰ ਕੇ ਲੁਕ ਗਏ। ਸਿੱਖਾਂ ਨੇ ਇਸ ਦਾ ਫ਼ਾਇਦਾ ਉਠਾਇਆ ਅਤੇ ਕਿਲ੍ਹੇ ਵਿੱਚੋਂ ਨਿੱਕਲ ਕੇ ਪਹਾੜਾਂ ਵੱਲ ਚਲੇ ਗਏ। ਇਨ੍ਹਾਂ ਵਿੱਚ ਹੀ ਬੰਦਾ ਸਿੰਘ ਵੀ ਸੀ। ਇਸ ਲੜਾਈ ਵਿਚ 1500 ਸਿੱਖ ਤੇ ਉਨ੍ਹਾਂ ਦੇ ਦੋ ਸਿਰਦਾਰ ਮਾਰੇ ਗਏ ਸਨ।
ਸਵੇਰ ਚੜ੍ਹਦਿਆਂ ਹੀ ਰਾਜੇ ਉੱਦਿਤ ਸਿੰਹ ਬੁੰਦੇਲਾ ਅਤੇ ਰੁਸਤਮ ਦਿਲ ਖ਼ਾਨ ਬਹਾਦਰ ਨੇ ਇੱਕ ਵੱਡਾ ਹੱਲਾ ਕੀਤਾ ਅਤੇ ਕਿਲ੍ਹੇ ਦੇ ਅੰਦਰ ਦਾਖ਼ਲ ਹੋ ਕੇ ਇਸ 'ਤੇ ਕਬਜ਼ਾ ਕਰ ਲਿਆ। ਗੁਲਾਬ ਸਿੰਘ ਬਖ਼ਸ਼ੀ, ਜਿਸ ਨੇ ਬੰਦਾ ਸਿੰਘ ਦੀ ਪੋਸ਼ਾਕ ਪਾਈ ਹੋਈ ਸੀ, ਤੇ ਸਿਰਫ਼ ਤੀਹ ਹੋਰ ਸਿੱਖ ਹੀ ਉਨ੍ਹਾਂ ਦੇ ਹੱਥ ਲਗੇ।
ਇਹ ਸਭ ਸਿਰਫ਼ ਧੋਖਾ ਹੀ ਸੀ। ਮੁਗ਼ਲਾਂ ਨੇ ਇਕ ਨਿੱਕੇ ਜਿਹੇ ਮੋਰਚੇ 'ਤੇ ਕਬਜ਼ਾ ਕੀਤਾ ਸੀ। ਲੋਹਗੜ੍ਹ ਕਿਲ੍ਹਾ ਤਾਂ ਦਰਜਨਾਂ ਪਹਾੜੀਆਂ ਵਿੱਚ ਬਣਿਆ ਹੋਇਆ ਸੀ ਜਿਨ੍ਹਾਂ ਨੂੰ ਜਿੱਤਣ ਵਾਸਤੇ 4-5 ਸਾਲ ਦਾ ਸਮਾਂ ਚਾਹੀਦਾ ਸੀ। ਸਿਰਫ਼ ਬਾਦਸ਼ਾਹ ਨੂੰ ਖ਼ੁਸ਼ ਕਰਨ ਵਾਸਤੇ ਕਿਹਾ ਗਿਆ ਕਿ "ਕਿਲ੍ਹੇ ਤੇ ਕਬਜ਼ਾ ਕਰ ਲਿਆ ਗਿਆ ਹੈ"
ਜਦੋਂ ਬੰਦਾ ਸਿੰਘ ਦੇ ਬਚ ਕੇ ਨਿਕਲ ਜਾਣ ਦੀ ਖ਼ਬਰ ਬਹਾਦਰ ਸ਼ਾਹ ਨੂੰ ਮਿਲੀ ਤਾਂ ਉਹ ਬੜਾ ਗੁੱਸੇ ਵਿਚ ਆਇਆ ਅਤੇ ਉਸ ਨੇ ਕਿਹਾ "ਐਨੇ ਕੁੱਤਿਆਂ ਦੇ ਘੇਰੇ 'ਚੋਂ ਗਿੱਦੜ ਬਚ ਕੇ ਨਿਕਲ ਗਿਆ?" ਬਾਦਸ਼ਾਹ ਦੇ ਇਸ ਗੁੱਸੇ ਦਾ ਇਸ਼ਾਰਾ ਖ਼ਾਨਖ਼ਾਨਾ (ਮੁਨਾਇਮ ਖ਼ਾਨ) ਵੱਲ ਸੀ ਕਿਉਂ ਕਿ ਉਸ ਨੇ ਹੀ ਬਾਦਸ਼ਾਹ ਦੇ ਹੁਕਮ ਦੀ ਪਰਵਾਹ ਕੀਤੇ ਬਿਨਾਂ, ਆਪਣੀ ਮਰਜ਼ੀ ਨਾਲ, ਹੱਲਾ ਬੋਲ ਦਿਤਾ ਸੀ। ਇਹ ਸੁਣ ਕੇ ਖ਼ਾਨਖ਼ਾਨਾ ਨਿਮੋਝੂਣਾ ਹੋ ਕੇ ਦਰਬਾਰ 'ਚੋਂ ਉਠ ਆਇਆ (ਖ਼ਾਨਖ਼ਾਨਾ ਨੇ ਇਹ ਗੱਲ ਦਿਲ ਨੂੰ ਲਾ ਲਈ ਤੇ ਉਹ ਬੀਮਾਰ ਪੈ ਗਿਆ। ਬਾਦਸ਼ਾਹ ਦੇ ਕਾਫ਼ਲੇ ਦੇ ਨਾਲ ਚਲਦਿਆਂ ਹੀ, ਢਾਈ ਮਹੀਨੇ ਪਿੱਛੋਂ, ਉਹ ਸਢੌਰੇ ਨੇੜੇ ਪਿੰਡ ਬਢੌਲੀ ਵਿੱਚ ਮਰ ਗਿਆ। ਇਸ ਖ਼ਾਨ ਖ਼ਾਨਾ ਨੂੰ ਮੁਗ਼ਲੀਆਂ ਸਲਤਨਤ ਦਾ ਉਸ ਵੇਲੇ ਦਾ ਸਭ ਤੋਂ ਵੱਡਾ ਮਨਸਬ ਸੱਤ ਹਜ਼ਾਰ ਜ਼ਾਤ ਤੇ ਸੱਤ ਹਜ਼ਾਰ ਸਵਾਰ, ਜਿਸ ਵਿੱਚੋਂ ਪੰਜ ਹਜ਼ਾਰ ਦੋ-ਅਸਪਾ ਸੀ, ਮਿਲਿਆ ਹੋਇਆ ਸੀ। ਖ਼ਾਨ ਖ਼ਾਨਾ ਹੁਣ ਤੱਕ ਆਪਣੇ ਕਾਰਨਾਮਿਆਂ ਕਾਰਨ ਇੱਕ ਕਰੋੜ ਰੁਪਏ ਦੇ ਕਰੀਬ ਇਨਾਮ ਹਾਸਿਲ ਕਰ ਚੁਕਾ ਸੀ)।
ਬੰਦਾ ਸਿੰਘ ਦੇ ਬਚ ਨਿਕਲਣ ਦੇ ਅਫ਼ਸੋਸ ਵਜੋਂ ਬਾਦਸ਼ਾਹ ਨੇ ਢੋਲ, ਨਗਾਰੇ ਤੇ ਨਾਚ-ਗਾਣਾ ਬੰਦ ਕਰਵਾ ਦਿੱਤੇ ਅਤੇ ਉਹ ਅਫ਼ਸੋਸ-ਜ਼ਦਾ ਹੋ ਕੇ ਬੈਠ ਗਿਆ। ਬੰਦਾ ਸਿੰਘ ਦੇ ਕਿਲ੍ਹੇ ਵਿੱਚੋਂ ਬਚ ਕੇ ਨਿਕਲ 'ਤੇ ਗੁਲਾਬ ਸਿੰਘ ਦੇ ਫੜੇ ਜਾਣ ਬਾਰੇ ਖ਼ਾਫ਼ੀ ਖ਼ਾਨ ਲਿਖਦਾ ਹੈ ਕਿ "ਬਾਜ਼ ਉਡ ਗਿਆ ਸੀ ਅਤੇ ਉੱਲੂ ਫੜਿਆ ਗਿਆ ਸੀ। ਉੱਧਰ ਜਦ ਕਿਲ੍ਹੇ ਤੇ ਕਬਜ਼ਾ ਹੋ ਗਿਆ ਤਾਂ ਬਹੁਤ ਸਾਰੇ ਫ਼ੌਜੀ ਇੱਕ ਦਮ ਕਿਲ੍ਹੇ ਵੱਲ ਦੌੜੇ। ਇਸ ਨਜ਼ਾਰੇ ਨੂੰ ਕਾਮਵਰ ਇੰਞ ਬਿਆਨ ਕਰਦਾ ਹੈ, "ਅਸੀਂ ਸਲਾਹ ਕਰ ਕੇ ਕਿਲ੍ਹੇ ਦੇ ਅੰਦਰ ਜਾ ਵੜੇ ਤੇ ਲੁੱਟ-ਮਾਰ ਦਾ ਤਮਾਸ਼ਾ ਵੇਖਣ ਲੱਗ ਪਏ। ਬਾਦਸ਼ਾਹੀ ਲਸ਼ਕਰ ਦੇ ਮਾਰ-ਖੋਰ ਲੁੱਚੇ ਅਫ਼ਗ਼ਾਨ 'ਤੇ ਬਲੋਚ ਹੱਥੋ-ਪਾਈ ਕਰ ਕੇ ਜ਼ਨਾਨੀਆਂ 'ਤੇ ਬੱਚਿਆਂ ਨੂੰ ਫੜ-ਫੜ ਕੇ ਲਈ ਜਾ ਰਹੇ ਸਨ ਤੇ ਮਾਲ ਅਸਬਾਬ ਲੁੱਟ ਰਹੇ ਸਨ। ਇਨ੍ਹਾਂ ਗਾਰਤਕਾਰਾਂ ਹੱਥੋਂ ਬਾਰੂਦਖਾਨੇ 'ਚ ਅੱਗ ਜਾ ਪਈ ਜਿਸ ਨਾਲ ਬੇਸ਼ੁਮਾਰ ਲੋਕ ਮਾਰੇ ਗਏ। ਇਨ੍ਹਾਂ ਵਿੱਚ ਸੁੱਚਾ ਨੰਦ ਦਾ ਪੁੱਤਰ 'ਤੇ ਬਹੁਤ ਸਾਰੇ ਮੁਸਲਮਾਨ ਮਰਦ-ਤਰੀਮਤਾਂ ਦੀਆਂ ਲਾਸ਼ਾਂ, ਜੋ ਸਿੱਖਾਂ ਨੇ ਗ੍ਰਿਫ਼ਤਾਰ ਕਰ ਕੇ ਰਖੇ ਹੋਏ ਸਨ, ਮਲਬੇ ਹੇਠ ਦੱਬੀਆਂ ਪਈਆਂ ਸਨ ।"
ਮੁਗ਼ਲ ਫ਼ੌਜਾਂ ਨੂੰ ਲੋਹਗੜ੍ਹ ਕਿਲ੍ਹੇ ਵਿੱਚੋਂ 5 ਹਾਥੀ, 3 ਤੋਪਾਂ, 17 ਛੋਟੀਆਂ ਤੋਪਾਂ, 7 ਰਹਿਕਲੇ, 1 ਚੰਦੋਆ ਤੇ ਕੁਝ ਚਾਂਦੀ ਦੀਆਂ ਚੋਬਾਂ ਹੀ ਹੱਥ ਆਈਆਂ। ਲੋਹਗੜ੍ਹ ਦੇ ਜ਼ਮੀਂਦਾਰ ਕੁੰਦਨ ਪਾਸੋਂ 8 ਕੁ ਲੱਖ ਰੁਪਏ ਅਤੇ ਅਸ਼ਰਫ਼ੀਆਂ ਵਸੂਲ ਹੋਈਆਂ। ਪਹਿਲੀ ਦਸੰਬਰ ਨੂੰ ਇਹ ਸਾਰਾ ਮਾਲ ਮੱਤਾ ਪਿੰਡ ਕਮਪੋ ਵਿੱਚ ਬਾਦਸ਼ਾਹ ਦੇ ਖੇਮੇ ਵਿਚ ਲਿਆਂਦਾ ਗਿਆ। ਇਸ ਲੜਾਈ ਵਿੱਚ ਬਹਾਦਰੀ ਦਿਖਾਉਣ ਬਦਲੇ 2 ਦਸੰਬਰ ਨੂੰ ਬਾਦਸ਼ਾਹ ਨੇ ਜਮਦਾਤ-ਉਲ-ਮੁਲਕ ਅਤੇ ਬਖ਼ਸ਼ੀ-ਉਲ-ਮੁਮਾਲਿਕ ਦੀ ਬਹੁਤ ਤਾਰੀਫ਼ ਕੀਤੀ। ਇੰਞ ਹੀ ਜ਼ੋਰਾਵਰ ਖ਼ਾਨ, ਰਣਬਾਜ਼ ਖ਼ਾਨ 'ਤੇ ਸ਼ੇਰ ਖ਼ਾਨ ਨੂੰ ਬਹਾਦਰੀ ਦਿਖਾਉਣ ਬਦਲੇ ਖਿੱਲਤਾਂ ਦਿੱਤੀਆਂ ਗਈਆਂ।
1985 - ਕਰਨੈਲ ਸਿੰਘ ਪੰਜੌਲੀ ਨੇ ਕਿਹਾ ਕਿ ਸੁਰਜੀਤ ਸਿੰਘ ਬਰਨਾਲਾ ਝੂਠੇ ਕੇਸ ਬਣਾ ਰਿਹਾ ਹੈ।
ਪੰਜਾਬ ਵਿੱਚ ਬਰਨਾਲਾ ਸਰਕਾਰ ਕਾਇਮ ਹੋਣ ਦੇ ਨਾਲ ਹੀ ਸਿੱਖਾਂ ਦੀਆਂ ਬੇਤਹਾਸ਼ਾ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ। ਸਿੱਖਾਂ ਨਾਲ ਬੇਹੂਦਗੀ ਵਾਲਾ ਸਲੂਕ, ਗੁਰਦੁਆਰਿਆਂ 'ਚ ਪੁਲਿਸ ਦਾਖਲਾ ਪਹਿਲਾਂ ਨਾਲੋਂ ਵੀ ਵਧ ਗਿਆ। 1 ਅਕਤੂਬਰ ਨੂੰ ਗਿਆਨੀ ਗੁਰਬਚਨ ਸਿੰਘ ਖਾਲਸਾ ਦਾ ਪੋਤਰਾ ਗਿਆਨੀ ਅਵਤਾਰ ਸਿੰਘ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਵਾਸਤੇ ਪੁਲੀਸ ਨੇ ਕਈ ਘੰਟੇ ਬੋਪਾਰਾਇ ਦਾ ਗੁਰਦੁਆਰਾ ਘੇਰੀ ਰਖਿਆ। ਇਸ ਮਗਰੋਂ ਹਰ ਰੋਜ਼ ਗ੍ਰਿਫ਼ਤਾਰੀਆਂ ਹੋਣੀਆਂ ਸ਼ੁਰੂ ਹੋ ਗਈਆਂ।ਇਨ੍ਹਾਂ ਦਿਨਾਂ ਵਿੱਚ ਬਰਨਾਲੇ ਨੇ ਅਕਾਲੀ ਵਰਕਰਾਂ ਨੂੰ ਲਾਰਾ ਲਾਇਆ ਹੋਇਆ ਸੀ ਕਿ ਜੇ ਪੁਲੀਸ ਨੇ ਕਿਸੇ ਸਿੱਖ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੋਇਆ ਹੈ ਤਾਂ ਉਸ ਨੂੰ ਪੇਸ਼ ਕਰ ਦਿੱਤਾ ਜਾਵੇ 'ਤੇ ਉਸ ਨਾਲ ਹਮਦਰਦੀ ਵਾਲਾ ਸਲੂਕ ਕੀਤਾ ਜਾਵੇਗਾ। ਕਈ ਸਿੱਖ ਇਸ ਧੋਖੇ ਵਿੱਚ ਆ ਗਏ 'ਤੇ ਬਹੁਤ ਸਾਰੇ ਸਿੱਖਾਂ ਨੂੰ ਜੇਲ੍ਹ ਜਾਣਾ ਪਿਆ। ਅਕਤੂਬਰ ਅਤੇ ਨਵੰਬਰ ਵਿੱਚ ਦੋ ਸੌ ਦੇ ਕਰੀਬ ਸਿੱਖ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ। ਬਰਨਾਲਾ ਸਰਕਾਰ ਨੇ ਸਿੱਖਾਂ 'ਤੇ ਝੂਠੇ ਕੇਸ ਪਾਉਣੇ ਵੀ ਸ਼ੁਰੂ ਕਰ ਦਿੱਤੇ। ਬਰਨਾਲਾ ਅਕਾਲੀ ਦਲ ਦੇ ਆਪਣੇ ਲੀਡਰ ਕਰਨੈਲ ਸਿੰਘ ਪੰਜੋਲੀ ਨੇ 30 ਨਵੰਬਰ 1985 ਦੇ ਦਿਨ ਇੱਕ ਬਿਆਨ 'ਚ ਕਿਹਾ ਕਿ 'ਪੁਲੀਸ ਨੇ ਸਿੱਖਾਂ 'ਤੇ ਝੂਠੇ ਕੇਸ ਫੇਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਅਜਿਹੇ ਕੇਸ ਗੁਰਦੀਪ ਸਿੰਘ ਗੋਪੀ (ਚਮਕੌਰ ਸਾਹਿਬ), ਸਰਬਜੀਤ ਸਿੰਘ, ਜੋਗਿੰਦਰ ਸਿੰਘ, ਕੁਲਦੀਪ ਸਿੰਘ (ਤਿੰਨੇ ਰਾਜਪੁਰਾ) ਤੇ ਸੇਵਾ ਸਿੰਘ (ਸਰਹਿੰਦ) ਉੱਤੇ ਪਾਏ ਗਏ ਹਨ।'
1986 - ਬਰਨਾਲੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਖੁਸਿਆ
30 ਅਪਰੈਲ 1986 ਦੇ ਦਿਨ ਸੁਰਜੀਤ ਬਰਨਾਲਾ ਵੱਲੋਂ ਦਰਬਾਰ ਸਾਹਿਬ 'ਤੇ ਬੇਵਜਹ ਹਮਲਾ ਕਰਨ ਕਾਰਨ ਸਿੱਖ ਪੰਥ ਵਿੱਚ ਬਰਨਾਲੇ ਦਾ ਬਹੁਤ ਵਿਰੋਧ ਹੋਇਆ। ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਜਿੰਦਰ ਸਿੰਘ, ਪ੍ਰੇਮ ਸਿੰਘ ਲਾਲਪੁਰਾ, ਸੁੱਚਾ ਸਿੰਘ ਛੋਟੇਪੁਰ, ਤਾਰਾ ਸਿੰਘ, ਬਚਿੱਤਰ ਸਿੰਘ, ਕਿਰਪਾਲ ਸਿੰਘ, ਹਰਦਿਆਲ ਸਿੰਘ, ਰਾਜਾ ਨਰਿੰਦਰ ਸਿੰਘ, ਜਸਦੇਵ ਸਿੰਘ ਨਥਾਣਾ, ਸੁਜਾਨ ਸਿੰਘ, ਗੁਰਦੇਵ ਸਿੰਘ ਬਾਦਲ, ਮਹਿੰਦਰ ਸਿੰਘ ਬਰਾੜ, ਗਿਆਨੀ ਅਰਜਨ ਸਿੰਘ, ਦਵਿੰਦਰ ਸਿੰਘ ਗਰਚਾ, ਸੁਖਦੇਵ ਸਿੰਘ ਲਿਬੜਾ, ਤਾਲਬ ਸਿੰਘ ਸੰਧੂ, ਕੁਲਦੀਪ ਸਿੰਘ ਵਡਾਲਾ, ਡਾ: ਰਤਨ ਸਿੰਘ, ਜਗਦੀਸ਼ ਕੌਰ, ਕੁਲ 27 ਐਮ.ਐਲ.ਏ. (ਸਪੀਕਰ ਰਵੀ ਇੰਦਰ ਸਿੰਘ ਸਣੇ 28) ਬਰਨਾਲੇ ਨੂੰ ਛੱਡ ਗਏ।। ਬਾਕੀ ਦੇ 45 ਐਮ.ਐਲ.ਏ. ਬਰਨਾਲੇ ਦੇ ਨਾਲ ਰਹੇ। ਬਰਨਾਲੇ ਦੇ ਸਭ ਤੋਂ ਵੱਡੇ ਹਿਮਾਇਤੀ ਸਨ -
ਕੈਪਟਨ ਕੰਵਲਜੀਤ ਜੋ ਪੁਲੀਸ ਆਈ.ਜੀ. ਰਬੈਰੋ ਦਾ ਸਭ ਤੋਂ ਵਧੀਆ ਦੋਸਤ ਸੀ ਤੇ ਜਿਸ ਨੂੰ ਰਬੈਰੋ, ਉਸ ਦੀ ਕਿਤਾਬ 'ਬੁਲਟ ਫ਼ਾਰ ਬੁਲਟ' ਮੁਤਾਬਿਕ, ਚੀਫ਼ ਮਨਿਸਟਰ ਬਣਿਆ ਵੇਖਣਾ ਚਾਹੁੰਦਾ ਸੀ, ਬਲਵੰਤ ਸਿੰਘ ਸੁਲਤਾਨਪੁਰੀ, ਤਾਰਾ ਸਿੰਘ ਲਾਇਲਪੁਰੀ, ਪ੍ਰਕਾਸ਼ ਸਿੰਘ ਗੜ੍ਹਦੀਵਾਲਾ, ਰਣਜੀਤ ਸਿੰਘ ਬ੍ਰਹਮਪੁਰਾ, ਹਰੀ ਸਿੰਘ ਜ਼ੀਰਾ, ਪ੍ਰੇਮ ਸਿੰਘ ਚੰਦੂਮਾਜਰਾ।
ਇਸ ਵੇਲੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਾਬਲ ਸਿੰਘ ਜੀ ਤੇ ਉਸ ਦੀ ਵਾਗ-ਡੋਰ ਸੁਰਜੀਤ ਬਰਨਾਲੇ ਦੇ ਹੱਥਾਂ ਵਿੱਚ ਸੀ। 30 ਨਵੰਬਰ 1986 ਦੇ ਦਿਨ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਵਿੱਚ ਗੁਰਚਰਨ ਸਿੰਘ ਟੌਹੜਾ ਨੇ 74 ਵੋਟਾਂ ਲੈ ਕੇ ਕਾਬਲ ਸਿੰਘ ਨੂੰ 16 ਵੋਟਾਂ 'ਤੇ ਹਰਾਇਆ। ਕਾਬਲ ਸਿੰਘ ਦਾ ਨਾਂ ਅਮਰ ਸਿੰਘ ਨਲਨੀ ਨੇ ਪੇਸ਼ ਕੀਤਾ ਸੀ 'ਤੇ ਹਰਚਰਨ ਸਿੰਘ ਹੁਡਿਆਰੇ ਨੇ ਤਾਈਦ ਕੀਤੀ ਸੀ। ਚੋਣ ਮਗਰੋਂ ਟੌਹੜਾ ਨੇ (ਬਰਨਾਲੇ ਦੀ ਬਣਾਈ) 'ਟਾਸਕ ਫ਼ੋਰਸ' ਨੂੰ ਖ਼ਤਮ ਕਰਨ ਅਤੇ ਦਰਬਾਰ ਸਾਹਿਬ ਵਿੱਚ ਬਰਨਾਲੇ ਵੱਲੋਂ ਪੁਲੀਸ ਹਮਲੇ ਦੀ ਨਿੰਦਾ ਦੇ ਮਤੇ ਪਾਸ ਕਰਵਾਏ। ਟਾਸਕ ਫ਼ੋਰਸ ਤੋੜਨ ਮਗਰੋਂ ਜਦੋਂ ਉਨ੍ਹਾਂ ਨੂੰ ਗੁਰੂ ਨਾਨਕ ਨਿਵਾਸ ਵਿੱਚ ਕਬਜ਼ਾ ਕੀਤੇ ਕਮਰੇ ਖ਼ਾਲੀ ਕਰਨ ਵਾਸਤੇ ਕਿਹਾ ਤਾਂ ਉਨ੍ਹਾਂ ਨੇ ਨਾਂਹ ਕਰ ਦਿੱਤੀ ਤੇ ਕਿਹਾ ਕਿ ਜੇ ਬਰਨਾਲਾ ਕਹੇਗਾ ਤਾਂ ਅਸੀਂ ਨਿਕਲਾਂਗੇ। ਜਦੋਂ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ 53 ਬੰਦਿਆਂ ਦੇ ਕਮਰਿਆਂ ਦੇ ਬਿਜਲੀ ਤੇ ਪਾਣੀ ਦੇ ਕੁਨੈਕਸ਼ਨ ਕਟ ਦਿੱਤੇ ਤਾਂ ਉਹ ਕਮਰਿਆਂ ਨੂੰ ਖਾਲੀ ਕਰ ਕੇ ਭੱਜ ਗਏ। ਉਧਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ 'ਚ ਆਪਣੀ ਹਾਰ ਤੋਂ ਖਿਝ ਕੇ ਬਰਨਾਲੇ ਨੇ ਟੌਹੜਾ, ਬਾਦਲ, ਸੁਰਜਨ ਸਿੰਘ ਠੇਕੇਦਾਰ, ਸੁੱਚਾ ਸਿੰਘ ਛੋਟੇਪੁਰ, ਸੁਖਜਿੰਦਰ ਸਿੰਘ ਵਗ਼ੈਰਾ ਨੂੰ ਨੈਸ਼ਨਲ ਸਕਿਊਰਿਟੀ ਐਕਟ ਹੇਠ ਗ੍ਰਿਫ਼ਤਾਰ ਕਰ ਕੇ ਦੂਰ-ਦੁਰਾਡੇ ਇਲਾਕਿਆਂ ਵਿੱਚ, ਤਕਲੀਫ਼ਾਂ ਲਈ ਮਸ਼ਹੂਰ ਜੇਲ੍ਹਾਂ ਵਿੱਚ ਭੇਜ ਦਿੱਤਾ।
1986 - ਖਾੜਕੂਆਂ ਨੇ ਪਿੰਡ ਖੁੱਡਾ ਕੋਲ ਬੱਸ ਚੋਂ ਕੱਢ ਕੇ 24 ਹਿੰਦੂ ਮਾਰੇ।
ਨਵੰਬਰ 1986 ਵਿੱਚ ਹਿੰਦੂਆਂ ਨੇ ਪੰਜਾਬ, ਦਿੱਲੀ, ਹਰਿਆਣਾ, ਯੂ.ਪੀ. ਅਤੇ ਹੋਰ ਸੂਬਿਆਂ ਪਿੰਡ ਸਿੱਖਾਂ ਉੱਤੇ ਹਮਲੇ ਕੀਤੇ 'ਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਅੱਗਾਂ ਲਾਈਆਂ। ਇਨ੍ਹਾਂ ਵਿੱਚ ਸਭ ਤੋਂ ਵੱਧ ਗੁੰਡਾਗਰਦੀ ਹੁਸ਼ਿਆਰਪੁਰ ਵਿੱਚ ਹੋਈ। ਹਿੰਦੂਆਂ ਨੇ ਏਥੇ 11 ਨਵੰਬਰ ਨੂੰ ਸਿੱਖਾਂ ਉੱਤੇ ਪਥਰਾਓ ਕੀਤਾ। ਚੌਦਾਂ ਨਵੰਬਰ ਨੂੰ ਫਿਰ ਇਹੀ ਕੁਝ ਦੁਹਰਾਇਆ ਗਿਆ। ਅਗਲੇ ਦਿਨ 15 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਜਲੂਸ ਵੇਲੇ ਸਿੱਖਾਂ ਉੱਤੇ ਪਥਰਾਓ ਕੀਤਾ ਗਿਆ ਪਰ ਜਲੂਸ ਦੇ ਨਾਲ ਚੱਲਦੀ ਪੁਲੀਸ ਨੇ ਕੋਈ ਕਾਰਵਾਈ ਨਾ ਕੀਤੀ ਸਗੋਂ ਹਿੰਦੂ ਦਹਿਸ਼ਤਗਰਦਾਂ ਦਾ ਸਾਥ ਦਿਤਾ। ਇਸ ਤੋਂ ਪਹਿਲਾਂ ਵੀ 27 ਅਕਤੂਬਰ ਨੂੰ ਸ਼ਿਵ ਸੈਨਾ ਨੇ ਮਨਜੀਤ ਸਿੰਘ 'ਤੇ ਲਖਵਿੰਦਰ ਸਿੰਘ ਉੱਤੇ ਹਮਲਾ ਕਰ ਕੇ ਉਨ੍ਹਾਂ ਨੂੰ ਕੁੱਟਿਆ, ਪੱਗਾਂ ਲਾਹੀਆਂ ਅਤੇ ਕੇਸ ਸਾੜੇ ਸਨ। ਦਹਿਸ਼ਤਗਰਦ ਹਿੰਦੂ ਗੁੰਡਿਆਂ ਦੀ ਸ਼ਨਾਖ਼ਤ ਹੋਣ ਦੇ ਬਾਵਜੂਦ ਕਿਸੇ ਹਿੰਦੂ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ। 16 ਨਵੰਬਰ ਨੂੰ ਹਿੰਦੂਆਂ ਨੇ ਫਿਰ ਇਹੀ ਗੁੰਡਾਗਰਦੀ ਦੋਹਰਾਈ। ਇਸ ਵਾਰੀ ਹੈਡ ਕਾਂਸਟੇਬਲ ਹਰਬੰਸ ਸਿੰਘ 'ਤੇ ਹਮਲਾ ਕੀਤਾ ਗਿਆ। ਉਸ ਦੀ ਵਰਦੀ ਪਾੜ ਕੇ ਉਸ ਦੀ ਪੱਗ ਲਾਹ ਕੇ ਸਾੜ ਦਿਤੀ। ਇਹ ਸਾਰਾ ਕੁਝ ਕਰਫ਼ਿਊ ਦੇ ਹੁੰਦਿਆਂ ਕੀਤਾ ਗਿਆ। ਪਰ ਪੁਲੀਸ ਨਾਲ ਵੀ ਇਹੋ ਜਿਹੀ ਗੁੰਡਾਗਰਦੀ ਹੋਣ ਦੇ ਬਾਵਜੂਦ, ਹਿੰਦੂਆਂ ਦਾ ਇੱਕ ਵੀ ਬੰਦਾ ਗ੍ਰਿਫ਼ਤਾਰ ਤੱਕ ਨਾ ਕੀਤਾ ਗਿਆ। ਇਸੇ ਦਿਨ 12 ਸਿੱਖਾਂ ਦੀਆਂ ਪੱਗਾਂ ਲਾਹ ਕੇ ਸਾੜੀਆਂ ਗਈਆਂ। ਪੁਲਸੀਆਂ ਤੋਂ ਇਲਾਵਾ ਸਤਵੰਤ ਸਿੰਘ, ਸ਼ਿਵ ਸਿੰਘ, ਅਜਾਇਬ ਸਿੰਘ, ਬਲਵਿੰਦਰ ਸਿੰਘ 'ਤੇ ਚੰਨਣ ਸਿੰਘ ਨੂੰ ਵੀ ਜ਼ਖ਼ਮੀ ਕੀਤਾ ਗਿਆ। ਇਹ ਸਾਰੇ ਸਿੱਖ ਇੱਕ ਬਾਰਾਤ ਵਿੱਚ ਸ਼ਾਮਿਲ ਸਨ। ਬਰਾਤ ਉੱਤੇ ਹਿੰਦੂਆਂ ਨੇ ਪੱਥਰ ਵੀ ਸੁਟੇ। 17 ਨਵੰਬਰ ਨੂੰ ਹੁਸ਼ਿਆਰਪੁਰ 'ਚ ਫਿਰ ਤੋਂ ਗੁੰਡਾਗਰਦੀ ਕਰ ਕੇ ਦਹਿਸ਼ਤਗਰਦ ਹਿੰਦੂਆਂ ਦੇ ਇੱਕ ਵੱਡੇ ਹਜੂਮ ਨੇ ਮੁਕਾਮੀ ਸਿੱਖਾਂ ਦਾ ਜੀਣਾ ਮੁਹਾਲ ਕਰ ਦਿੱਤਾ। ਸਿੱਖਾਂ ਦੀਆਂ ਕਾਰਾਂ, ਟਰੈਕਟਰਾਂ ਉੱਤੇ ਹਮਲੇ ਕੀਤੇ ਗਏ। 19 ਨਵੰਬਰ ਨੂੰ ਹੁਸ਼ਿਆਰਪੁਰ ਦੇ ਪਿੰਡਾਂ ਸਹੋੜ, ਆਦੇਵਾਲ, ਬੈਂਸ, ਮਰਾਦਪੁਰ, ਭਾਗੰਵਾਲ, ਹਰਗੜ, ਡਿਗਣਾ, ਪਿਪਲਾਂ ਵਾਲਾ, ਪੁਰਹੀਰਾਂ ਵਗੈਰਾ ਵਿੱਚੋਂ ਸਿੱਖਾਂ ਦਾ ਇੱਕ ਜਲੂਸ ਹੁਸ਼ਿਆਰਪੁਰ ਆਇਆ। ਜਲੂਸ ਨੂੰ ਸ਼ਹਿਰੋਂ ਬਾਹਰ ਹੀ ਰੋਕ ਦਿੱਤਾ ਗਿਆ ਤੇ ਡੀ.ਸੀ. ਉੱਥੋਂ ਮੈਮੋਰੰਡਮ ਲੈ ਆਇਆ। ਸ਼ਹਿਰ ਵਿੱਚ ਹਿੰਦੂਆਂ ਨੂੰ ਕਰਫ਼ਿਊ ਦੌਰਾਨ ਵੀ ਸਿੱਖਾਂ ਉੁੱਤੇ ਹਮਲੇ ਕਰਨ ਦੀ ਖੁੱਲ੍ਹ ਸੀ ਪਰ ਸਿੱਖ ਪੁਰਅਮਨ ਜਲੂਸ ਵੀ ਨਹੀਂ ਸਨ ਕੱਢ ਸਕਦੇ। ਸੁਰਜੀਤ ਬਰਨਾਲਾ ਦੀ ਸਰਕਾਰ ਵੇਲੇ ਪੰਜਾਬ 'ਚ ਹਿੰਦੂ ਤੇ ਸਿੱਖ ਦੇ ਹੱਕਾਂ ਦਾ ਇਹ ਫ਼ਰਕ ਸੀ। ਇਸ ਦੇ ਬਾਵਜੂਦ ਜਦੋਂ ਪੁਲੀਸ ਨੇ ਕਿਸੇ ਹਿੰਦੂ ਦੇ ਖ਼ਿਲਾਫ਼ ਕੋਈ ਐਕਸ਼ਨ ਨਾ ਲਿਆ ਅਤੇ ਹਿੰਦੂ ਦਹਿਸ਼ਤਗਰਦਾਂ ਦਾ ਜ਼ੁਲਮ ਬਦਸਤੂਰ ਜਾਰੀ ਰਿਹਾ ਤਾਂ ਇਸ ਦਾ ਜਵਾਬ ਦੇਣ ਵਾਸਤੇ ਕੁਝ ਖਾੜਕੂਆਂ ਨੇ 30 ਨਵੰਬਰ 1986 ਦੇ ਦਿਨ ਟਾਂਡੇ ਨੇੜੇ ਖੁੱਡਾ ਪਿੰਡ ਵਿਚ ਬੱਸ ਰੋਕ ਕੇ 24 ਹਿੰਦੂ ਕਤਲ ਕਰ ਦਿੱਤੇ।
1987 - ਗੁਰਤੇਜ ਸਿੰਘ ਤੇਜਾ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕੀਤਾ ਗਿਆ।
ਨਵੰਬਰ 1987 ਵਿੱਚ ਪੰਜਾਬ ਪੁਲਸ ਨੇ ਜਿਨ੍ਹਾਂ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ ਸੀ ਉਨ੍ਹਾਂ ਵਿੱਚ ਗੁਰਤੇਜ ਸਿੰਘ ਤੇਜਾ ਪੁੱਤਰ ਸਵਿੰਦਰ ਸਿੰਘ ਗੁਮਟਾਲਾ, ਅੰਮ੍ਰਿਤਸਰ ਵੀ ਸ਼ਾਮਿਲ ਸੀ। ਉਸ ਦੀ ਸ਼ਹੀਦੀ ਦਾ ਦਿਨ ਪਤਾ ਨਹੀਂ ਲੱਗ ਸਕਿਆ।
1988 - ਗੁਰਮੁਖ ਸਿੰਘ ਬੱਸੀਆ, ਬਘੇਲ ਸਿੰਘ ਭਕਨਾ, ਹਰਜਿੰਦਰ ਸਿੰਘ ਜਿੰਦਾ ਮਾਨੋਚਾਹਲ ਨੂੰ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ ਗਿਆ।
30 ਨਵੰਬਰ 1988 ਦੇ ਦਿਨ ਪੰਜਾਬ ਪੁਲਸ ਨੇ ਗੁਰਮੁੱਖ ਸਿੰਘ ਵਾਸੀ ਬਸੀਆ, ਲੁਧਿਆਣਾ, ਬਘੇਲ ਸਿੰਘ ਉਰਫ਼ ਵੇਲਾ ਪੁੱਤਰ ਸੂਰਤਾ ਸਿੰਘ, ਵਾਸੀ ਭਕਨਾ, ਅੰਮ੍ਰਿਤਸਰ, ਹਰਜਿੰਦਰ ਸਿੰਘ ਜਿੰਦਾ ਪੁੱਤਰ ਭਾਈ ਦਇਆ ਸਿੰਘ, ਵਾਸੀ ਮਾਨੋਚਾਹਲ, ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ।
1988 - ਦਰਜਨਾਂ ਸਿੱਖ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤੇ ਗਏ।
ਨਵੰਬਰ 1988 ਵਿੱਚ ਪੰਜਾਬ ਪੁਲਿਸ ਨੇ ਜਿਨ੍ਹਾਂ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ ਸੀ ਉਨ੍ਹਾਂ ਵਿੱਚ ਕੁਝ ਨਾਂਅ ਇਹ ਵੀ ਸ਼ਾਮਿਲ ਸਨ ਜਿਹਨਾਂ ਦੀ ਸ਼ਹੀਦੀ ਦਾ ਦਿਨ ਪਤਾ ਨਹੀਂ ਲਗ ਸਕਿਆ -
ਅਮਰੀਕ ਸਿੰਘ ਉਰਫ਼ ਸੁਬੇਗ ਸਿੰਘ ਪੁੱਤਰ ਦਲੀਪ ਸਿੰਘ, ਸੰਤੋਖ ਰਾਏ, ਗੁਰਦਾਸਪੁਰ, ਮਹਿੰਦਰ ਸਿੰਘ ਬਾਗੀ, ਸੁਖਰਾਜ ਸਿੰਘ ਰਾਜੂ ਵਗ਼ੈਰਾ।
1989 - ਨਕਲੀ ਪੁਲਿਸ ਮੁਕਾਬਲਿਆਂ ਵਿੱਚ ਦਰਜਨਾਂ ਸਿੱਖ ਨਕਲੀ ਮੁਕਾਬਲਿਆਂ ਵਿਚ ਸ਼ਹੀਦ
ਨਵੰਬਰ 1989 ਵਿੱਚ ਪੰਜਾਬ ਪੁਲਸ ਨੇ ਜਿਨ੍ਹਾਂ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ ਸੀ ਉਨ੍ਹਾਂ ਵਿੱਚ ਕੁਝ ਨਾਂਅ ਹੇਠ ਲਿਖੇ ਸਨ ਜਿਹਨਾਂ ਦੀ ਸ਼ਹੀਦੀ ਦਾ ਦਿਨ ਪਤਾ ਨਹੀਂ ਲਗ ਸਕਿਆ, ਰਣਬੋਧ ਸਿੰਘ ਪੱਪੂ ਵਾਸੀ ਸਖੀਰਾ, ਅੰਮ੍ਰਿਤਸਰ, ਮਨਜੀਤ ਸਿੰਘ ਲੱਧੂ, ਸਵਰਣ ਸਿੰਘ ਕਲਸੀ, ਕੁਲਦੀਪ ਸਿੰਘ ਵਾਸੀ ਲੌਧੀ ਮਾਜਰਾ ।
1990 - ਦਰਜਨਾਂ ਸਿੱਖਾਂ ਨੂੰ ਪੰਜਾਬ ਪੁਲਿਸ ਨੇ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ।
ਨਵੰਬਰ 1990 ਵਿੱਚ ਪੰਜਾਬ ਪੁਲਸ ਨੇ ਜਿਨ੍ਹਾਂ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਉਨ੍ਹਾਂ ਵਿੱਚ ਹੇਠ ਲਿਖੇ ਵੀ ਸ਼ਾਮਿਲ ਸਨ (ਉਨ੍ਹਾਂ ਦੀ ਸ਼ਹੀਦੀ ਦਾ ਦਿਨ ਪਤਾ ਨਹੀਂ ਲਗ ਸਕਿਆ -
ਮੁਖਤਾਰ ਸਿੰਘ ਲੰਬੜ, ਵਰਿਆਮ ਸਿੰਘ ਵਾਸੀ ਬੂੜੇ ਨੰਗਲ, ਪ੍ਰੀਤਮ ਸਿੰਘ ਵਾਸੀ ਭਾਨਗੜ, ਮੱਤੇਵਾਲ, ਅੰਮ੍ਰਿਤਸਰ, ਪ੍ਰਤਾਪ ਸਿੰਘ ਉਰਫ਼ ਪੱਪੂ ਵਾਸੀ ਵੜਿੰਗ, ਅੰਮ੍ਰਿਤਸਰ, ਹਰਬੰਸ ਸਿੰਘ ਰੌਕਟ ਵਾਸੀ ਸੀਹੜੇ, ਬਲਵੰਤ ਸਿੰਘ ਬੈਂਕਾ ਵਾਸੀ ਪੰਡੋਰੀ ਸਿਧਵਾਂ, ਜਰਨੈਲ ਸਿੰਘ ਉਰਫ਼ ਜੱਗੂ ਵਾਸੀ ਦਾਸੂਵਾਲ, ਗੁਰਦੀਪ ਸਿੰਘ ਵਕੀਲ ਵਾਸੀ ਮਨਿਹਾਲਾ, ਅੰਮ੍ਰਿਤਸਰ, ਜਗਦੀਪ ਸਿੰਘ ਉਰਫ਼ ਵਕੀਲ ਵਾਸੀ ਬਾਈਪਾਸ, ਮੋਗਾ, ਸਤਨਾਮ ਸਿੰਘ ਪੁੱਤਰ ਜੱਗ ਸਿੰਘ ਵਾਸੀ ਬਾਸਰਕੇ ਭੈਣੀ, ਅੰਮ੍ਰਿਤਸਰ, ਚੈਂਚਲ ਸਿੰਘ ਉਰਫ਼ ਕਰਮਜੀਤ ਸਿੰਘ ਵਾਸੀ ਤਾਤਲਾ, ਗੁਰਦਾਸਪੁਰ, ਹਰਨੇਕ ਸਿੰਘ ਨੇਕਾ ਵਾਸੀ ਫਤਹਿਗੜ੍ਹ ਕੈਰੋਂ, ਫ਼ੀਰੋਜ਼ਪੁਰ, ਕੁਲਵਿੰਦਰ ਸਿੰਘ ਵਾਸੀ ਮੱਲਮੋਹਰੀ, ਸੁਰਿੰਦਰ ਸਿੰਘ ਵਾਸੀ ਮਲਮੋਹਰੀ, ਗੁਰਦੀਪ ਸਿੰਘ ਵਾਸੀ ਪੱਖੋਕੇ, ਅੰਮ੍ਰਿਤਸਰ,ਬਘੇਲ ਸਿੰਘ ਵਾਸੀ ਪੱਖੋਕੇ ਅੰਮ੍ਰਿਤਸਰ, ਰਣਜੀਤ ਸਿੰਘ ਰਾਣਾ ਵਾਸੀ ਪਟਿਆਲਾ, ਰਣਜੋਧ ਸਿੰਘ ਯੋਧਾ ਵਾਸੀ ਕੰਗ, ਗੁਰਦਾਸਪੁਰ, ਦਿਲਬਾਗ ਸਿੰਘ ਉਰਫ਼ ਬਾਗਾ ਵਾਸੀ ਕੰਗ ਗੁਰਦਾਸਪੁਰ, ਸਿਕੰਦਰ ਸਿੰਘ ਵਾਸੀ ਮੱਠੂਆਲਾ, ਗੁਰਪਾਲ ਸਿੰਘ ਪਾਹੜਾ ਵਾਸੀ ਮੁਹਾਵਾ, ਬਲਬੀਰ ਸਿੰਘ ਹੁੰਦਲ ਵਾਸੀ ਵੰਚੜੀ, ਗੱਜਣ ਸਿੰਘ ਉਰਫ਼ ਦਸੌਧਾ ਸਿੰਘ ਵਾਸੀ ਬਾਸਰਕੇ ਗਿੱਲਾਂ, ਨਿਸ਼ਾਨ ਸਿੰਘ ਵਾਸੀ ਪੱਧਰੀ, ਪਰਗਟ ਸਿੰਘ ਉਰਫ਼ ਟੈਂਕ ਵਾਸੀ ਵਲਟੋਹਾ, ਯਾਦਵਿੰਦਰ ਸਿੰਘ ਯਾਦੂ ਵਾਸੀ ਯਮੁਨਾ ਨਗਰ, ਦਰਸ਼ਨ ਸਿੰਘ ਉਰਫ਼ ਸ਼ੇਰ ਸਿੰਘ ਸ਼ੇਰ, ਹਾਕਮ ਸਿੰਘ ਵਾਸੀ ਦਾਸੂਵਾਲ, ਸੁਖਦੇਵ ਸਿੰਘ ਸੁੱਖਾ ਵਾਸੀ ਰਸੂਲਪੁਰ, ਮੁਖਤਿਆਰ ਸਿੰਘ ਵਾਸੀ ਬੰਡਾਲਾ, ਜਰਨੈਲ ਸਿੰਘ ਉਰਫ਼ ਡੀ.ਸੀ, ਮਹਿੰਦਰ ਸਿੰਘ ਵਾਸੀ ਵਲਟੋਹਾ।
1992 - ਕੁਲਵਿੰਦਰ ਸਿੰਘ, ਗੁਰਨਾਮ ਸਿੰਘ ਪਾਲੀ, ਗੁਰਪਾਲ ਸਿੰਘ ਮੰਗੂਵਾਲ, ਜਗਦੀਪ ਸਿੰਘ ਨੂਰਦੀਨ ਨੂੰ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਗਿਆ।
ਪੰਜਾਬ ਪੁਲੀਸ ਨੇ 30 ਨਵੰਬਰ 1992 ਦੇ ਦਿਨ ਕੁਲਵਿੰਦਰ ਸਿੰਘ, ਗੁਰਨਾਮ ਸਿੰਘ ਉਰਫ਼ ਪਾਲੀ ਪੁੱਤਰ ਮਹਿੰਦਰ ਸਿੰਘ, ਵਾਸੀ ਤਰਨਤਾਰਨ, ਗੁਰਪਾਲ ਸਿੰਘ ਪੁੱਤਰ ਬਾਬੂ ਸਿੰਘ, ਵਾਸੀ ਮੰਗੂਵਾਲ, ਜ਼ਿਲ੍ਹਾ ਸੰਗਰੂਰ, ਜਗਦੀਪ ਸਿੰਘ ਉਰਫ਼ ਮੱਖਣ ਸਿੰਘ ਪੁੱਤਰ ਪ੍ਰੀਤਮ ਸਿੰਘ, ਵਾਸੀ ਨੂਰਦੀਨ ਪਿੰਡ, ਜ਼ਿਲ੍ਹਾ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ।
2000 - ਜੱਥੇਦਾਰ ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ।
30 ਨਵੰਬਰ 2000 ਦੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸਾਲਾਨਾ ਚੋਣ ਹੋਣੀ ਸੀ। ਟੌਹੜਾ ਧੜੇ ਕੋਲ ਚੋਣ ਜਿੱਤਣ ਵਾਸਤੇ ਕਾਫ਼ੀ ਮੈਂਬਰ ਨਹੀਂ ਸਨ। ਉਸ ਨੇ ਚਾਲਾਕੀ ਵਰਤਦਿਆਂ ਚੋਣ ਵੇਲੇ ਜਗਦੇਵ ਸਿੰਘ ਤਲਵੰਡੀ ਦਾ ਨਾਂ ਪੇਸ਼ ਕਰਨ ਦੀ ਪਲਾਨਿੰਗ ਬਣਾ ਲਈ। ਇਹ ਪਲਾਨਿੰਗ ਬਾਦਲ ਨੂੰ ਪਤਾ ਲੱਗ ਗਈ ਤੇ ਉਸ ਨੇ ਚੋਣ ਵਾਲੀ ਰਾਤ ਤਲਵੰਡੀ ਨੂੰ ਆਪਣੇ ਵੱਲੋਂ ਪ੍ਰਧਾਨਗੀ ਦਾ ਉਮੀਦਵਾਰ ਬਣਾ ਦਿੱਤਾ। ਤਲਵੰਡੀ ਨੇ ਪ੍ਰਧਾਨ ਬਣਦਿਆਂ ਹੀ ਬੀਬੀ ਜਾਗੀਰ ਕੌਰ ਦੇ ਵਿਰੋਧੀ ਪੂਰਨ ਸਿੰਘ ਨੂੰ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਲਾ ਦਿੱਤਾ। ਪਰ ਤਲਵੰਡੀ ਬਹੁਤੀ ਦੇਰ ਅੜ ਨਾ ਸਕਿਆ ਅਤੇ ਛੇਤੀ ਹੀ ਬਾਦਲ ਦੇ ਆਖੇ ਲੱਗਣ ਲੱਗ ਪਿਆ ਕਿਉਂਕਿ ਉਸ ਦੇ ਪੁੱਤਰ 'ਤੇ ਅਜੇ ਕਤਲ ਦਾ ਕੇਸ ਚਲ ਰਿਹਾ ਸੀ। ਤਲਵੰਡੀ ਸ਼੍ਰੋਮਣੀ ਕਮੇਟੀ ਫ਼ੰਡਾਂ ਵਿੱਚ ਬਾਦਲ ਦਾ ਦਖ਼ਲ ਚੁਪਚਾਪ ਮੰਨਦਾ ਰਿਹਾ। 27 ਮਈ 2001 ਨੂੰ ਟੌਹੜਾ ਨੇ ਇਲਜ਼ਾਮ ਲਾਇਆ ਕਿ ਤਲਵੰਡੀ ਨੇ ਸ਼੍ਰੋਮਣੀ ਕਮੇਟੀ ਫ਼ੰਡਾਂ ਵਿਚੋਂ 22 ਲੱਖ ਰੁਪਏ ਬਾਦਲ ਨੂੰ ਦਿੱਤੇ ਸਨ। ਤਲਵੰਡੀ ਦੀ ਪ੍ਰਧਾਨਗੀ ਸਿਰਫ਼ ਇਕ ਸਾਲ ਹੀ ਰਹੀ। ਮਗਰੋਂ 2002 ਦੀਆਂ ਚੋਣਾਂ ਵਿੱਚ ਉਸ ਨੇ ਟੌਹੜੇ ਦੀ ਮਦਦ ਕੀਤੀ 'ਤੇ ਬਾਦਲ ਨੇ ਉਸ ਨੂੰ ਪਾਰਟੀ ਵਿਚੋਂ ਕੱਢ ਦਿੱਤਾ ।
2013 - ਭਾਈ ਗੁਰਬਖ਼ਸ਼ ਸਿੰਘ ਨੇ ਐਲਾਨ ਕੀਤਾ ਕਿ ਮੈਨੂੰ ਅਕਾਲ ਤਖ਼ਤ ਤੋਂ ਕੋਈ ਹੁਕਮ ਨਾ ਭੇਜਿਆ ਜਾਵੇ।
ਭਾਈ ਗੁਰਬਖ਼ਸ਼ ਸਿੰਘ ਜਿਸ ਨੇ 14 ਨਵੰਬਰ ਤੋਂ ਉਮਰ ਕੈਦ ਕੱਟ ਚੁਕੇ ਸਿੱਖਾਂ ਦੀ ਰਿਹਾਈ ਵਾਸਤੇ ਮਰਨ ਵਰਤ ਰੱਖਿਆ ਹੋਇਆ ਸੀ ਉਸਨੇ 30 ਨਵੰਬਰ 2013 ਦੇ ਦਿਨ ਐਲਾਨ ਕੀਤਾ, "ਮੈਨੂੰ ਅਕਾਲ ਤਖ਼ਤ ਤੋਂ ਕੋਈ ਹੁਕਮ ਨਾ ਭੇਜਿਆ ਜਾਵੇ। ਮੈਂ ਅਰਦਾਸ ਕਰ ਚੁੱਕਾ ਹਾਂ। ਜਾਂ ਤਾਂ ਸਿੰਘ ਰਿਹਾਅ ਹੋਣਗੇ ਜਾਂ ਭਾਣਾ ਵਰਤੇਗਾ।" ਮਗਰੋਂ 22 ਦਸੰਬਰ ਦੇ ਦਿਨ ਉਸ ਨੇ ਇਹ ਵੀ ਕਿਹਾ ਕਿ (ਅਕਾਲ ਤਖ਼ਤ ਦਾ ਪੁਜਾਰੀ) ਗੁਰਬਚਨ ਸਿੰਘ ਮਹਾਂ ਝੂਠਾ ਹੈ। ਉਹ ਪੈਰ ਪੈਰ 'ਤੇ ਝੂਠ ਬੋਲਦਾ ਹੈ। ਉਹ ਜੱਥੇਦਾਰ ਅਖਵਾਉਣ ਦਾ ਹੱਕਦਾਰ ਨਹੀਂ। ਉਹ 5 ਵਾਰ ਮੇਰੇ ਕੋਲ ਆਇਆ ਤੇ ਵਾਰ ਵਾਰ ਝੂਠ ਬੋਲਿਆ। ਪਰ, 24 ਦਸੰਬਰ ਦੀ ਰਾਤ ਨੂੰ ਸਾਧ ਮਾਨ ਸਿੰਘ ਪਿਹੋਵਾ, ਹਰਨਾਮ ਸਿੰਘ ਧੁੰਮਾ 'ਤੇ ਜਸਬੀਰ ਸਿੰਘ ਰੋਡੇ ਨਾਲ ਖ਼ੁਫ਼ੀਆ ਗੱਲਬਾਤ ਮਗਰੋਂ ਉਸ ਨੇ ਕਿਹਾ, "ਅਕਾਲ ਤਖ਼ਤ ਦੇ ਜੱਥੇਦਾਰ ਦਾ ਹੁਕਮ ਗੁਰੂ ਦਾ ਹੁਕਮ ਹੈ, ਅਕਾਲ ਪੁਰਖ ਦਾ ਹੁਕਮ ਹੈ।" ਇਹ ਉਸ ਦੀ ਦੋਗਲੀ ਨੀਤੀ ਸੀ। ਇਸ ਵਰਤ ਦੌਰਾਨ ਉਸ ਦਾ ਸਾਰਾ ਕਿਰਦਾਰ ਹੀ ਇਹੀ ਸੀ।