ਅੱਜ ਦਾ ਇਤਿਹਾਸ 7 ਦਸੰਬਰ

ਵਿਚਾਰ, ਵਿਸ਼ੇਸ਼ ਲੇਖ

1705 - ਚਮਕੌਰ ਵਿੱਚ ਸਿੱਖਾਂ ਅਤੇ ਸ਼ਾਹੀ ਫ਼ੌਜਾਂ ਵਿਚਕਾਰ ਲੜਾਈ ਹੋਈ ਜਿਸ ਵਿੱਚ ਤਿੰਨ ਪਿਆਰੇ, 2 ਵੱਡੇ ਸਾਹਿਬਜ਼ਾਦੇ ਤੇ 38 ਸਿੰਘ ਸ਼ਹੀਦ ਹੋਏ।  

5 ਤੇ 6 ਦਸੰਬਰ ਦੀ ਰਾਤ ਨੂੰ ਅਨੰਦਪੁਰ ਵਿੱਚੋਂ ਨਿੱਕਲਣ ਮਗਰੋਂ 6-7 ਦਸੰਬਰ ਦੀ ਰਾਤ ਗੁਰੂ ਸਾਹਿਬ ਨੇ ਭਾਈ ਨਿਹੰਗ ਖ਼ਾਨ ਦੇ ਘਰ ਬਿਤਾਈ। ਪਹੁ-ਫੁੱਟਣ ਤੋਂ ਪਹਿਲਾਂ ਗੁਰੂ ਸਾਹਿਬ ਉਥੋਂ ਨਿੱਕਲ ਕੇ ਚਮਕੌਰ ਵੱਲ ਚੱਲ ਪਏ। ਗੁਰੂ ਸਾਹਿਬ ਨੂੰ ਮੁਸਲਿਮ ਇਲਾਕੇ ਵਿੱਚੋਂ ਲੰਘਾਉਣ ਅਤੇ ਚਮਕੌਰ ਦਾ ਰਸਤਾ ਦਿਖਾਉਣ ਵਾਸਤੇ ਨਿਹੰਗ ਖ਼ਾਨ ਦਾ ਬੇਟਾ ਆਲਮ ਖ਼ਾਨ ਗੁਰੂ ਸਾਹਿਬ ਨਾਲ ਬੂਰ ਮਾਜਰਾ ਤੱਕ ਗਿਆ। ਇਸ ਮਗਰੋਂ ਕੁਝ ਸਿੰਘ ਹੋਰ ਵੀ ਚਮਕੌਰ ਵਾਸਤੇ ਇਕੱਲੇ-ਇਕੱਲੇ ਚਲ ਪਏ। 7 ਤਰੀਕ ਦੀ ਸਵੇਰ ਤੱਕ ਗੁਰੂ ਸਾਹਿਬ, ਦੋ ਵੱਡੇ ਸਾਹਿਬਜ਼ਾਦੇ ਅਤੇ 45 ਸਿੰਘ ਚਮਕੌਰ ਪਹੁੰਚ ਚੁੱਕੇ ਸਨ।ਗੁਰੂ ਸਾਹਿਬ, ਦੋ ਸਾਹਿਬਜ਼ਾਦਿਆਂ ਅਤੇ 45 ਸਾਥੀ ਸਿੰਘਾਂ ਨੇ ਚਮਕੌਰ ਵਿੱਚ ਭਾਈ ਬੁੱਧੀ ਚੰਦ ਰਾਵਤ ਦੀ ਗੜ੍ਹੀ ਵਿੱਚ ਪੜਾਅ ਕੀਤਾ। ਦੋ ਰਾਤਾਂ ਦੇ ਉਨ੍ਹੀਂਦੇ ਅਤੇ ਲੰਬੇ ਪੈਦਲ ਸਫ਼ਰ ਦੀ ਵਜਹ ਕਰ ਕੇ ਇਹ ਸਾਰੇ ਦੇ ਸਾਰੇ ਸਿੰਘ ਥੱਕੇ ਹੋਏ ਸਨ ਇਸ ਕਰ ਕੇ ਉਹ ਸਾਰੇ ਛੇਤੀ ਹੀ ਸੌਂ ਗਏ ।ਉੱਧਰ ਗੁਰੂ ਸਾਹਿਬ ਦੇ ਚਮਕੌਰ ਪੁੱਜਣ ਦੀ ਖ਼ਬਰ ਕਿਸੇ ਨੇ ਰੋਪੜ ਥਾਣੇ ਵਿੱਚ ਪਹੁੰਚਾ ਦਿੱਤੀ। ਉਸ ਵੇਲੇ ਰੋਪੜ ਵਿੱਚ ਮਲੇਰਕੋਟਲੇ ਦੀਆਂ 700 ਫ਼ੌਜਾਂ, ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਛੋਟੇ ਭਰਾ ਨਾਹਰ ਖਾਂ ਦੀ ਅਗਵਾਈ ਵਿੱਚ, ਅਨੰਦਪੁਰ ਸਾਹਿਬ 'ਤੇ ਹਮਲਾ ਕਰਨ ਵਿੱਚ ਹਿੱਸਾ ਪਾਉਣ ਵਾਸਤੇ ਵੀ ਪੁੱਜੀਆਂ ਹੋਈਆਂ ਸਨ। ਗੁਰੂ ਜੀ ਦੇ ਚਮਕੌਰ ਵਿੱਚ ਹੋਣ ਦੀ ਖ਼ਬਰ ਮਿਲਦਿਆਂ ਹੀ ਉਹ 700 ਫੌਜਾਂ ਵੀ ਇੱਕ ਦਮ ਚਮਕੌਰ ਵੱਲ ਚੱਲ ਪਈਆਂ। ਸ਼ਾਮ ਵੇਲੇ ਸਾਰੀਆਂ ਸ਼ਾਹੀ ਫ਼ੌਜਾਂ ਚਮਕੌਰ ਪੁੱਜ ਗਈਆਂ। ਫ਼ੌਜ ਦੇ ਆਉਣ ਬਾਰੇ ਗੁਰੂ ਸਾਹਿਬ ਨੂੰ ਪਹਿਲੋਂ ਹੀ ਪਤਾ ਲੱਗ ਚੁੱਕਾ ਸੀ । ਉਸ ਵੇਲੇ ਹਾਲਾਤ ਅਜਿਹੇ ਸਨ ਕਿ ਸਿੰਘਾਂ ਦਾ ਚਮਕੌਰ ਤੋਂ ਨਿੱਕਲ ਜਾਣਾ ਆਸਾਨ ਨਹੀਂ ਸੀ। ਇਸ ਕਰਕੇ ਗੁਰੂ ਸਾਹਿਬ ਨੇ ਤੁਰਕ ਫ਼ੌਜ ਦਾ ਟਾਕਰਾ ਉੱਥੇ ਹੀ ਕਰਨ ਦਾ ਫ਼ੈਸਲਾ ਕੀਤਾ। ਗੁਰੂ ਸਾਹਿਬ ਦੇ ਨਾਲ ਸਿਰਫ਼ 45 ਸਿੰਘ ਸਨ ਤੇ ਦੂਜੇ ਪਾਸੇ ਤੁਰਕ ਫ਼ੌਜ ਵੱਡੀ ਗਿਣਤੀ ਵਿੱਚ ਸਨ। ਕੁਝ ਲੇਖਕਾਂ ਨੇ ਇਸ ਫ਼ੌਜ ਦੀ ਗਿਣਤੀ 10 ਲੱਖ ਲਿਖੀ ਹੈ, ਜੋ ਨਾਮੁਮਕਿਨ ਸੀ। ਉਂਞ ਚਮਕੌਰ ਸਾਹਿਬ ਵਿੱਚ ੧੦ ਲੱਖ ਬੰਦੇ ਆ ਵੀ ਜਾਣ ਤਾਂ ਸਵਾਲ ਪੈਦਾ ਹੋਵੇਗਾ ਕਿ ਉਹ ਕਿੰਨੇ ਲੰਬੇ ਚੌੜੇ ਮੈਦਾਨ ਵਿੱਚ ਖੜੇ ਹੋਣਗੇ? ਦੂਜਾ, ਉਸ ਵੇਲੇ ਰੋਪੜ ਦੇ ਨਵਾਬ ਤੇ ਦੇ ਸੂਬੇਦਾਰ ਤਾਂ ਕੀ ਔਰੰਗਜ਼ੇਬ ਦੀ ਕੁਲ ਫ਼ੌਜ ਵੀ ਦੋ ਲੱਖ ਨਹੀਂ ਸੀ। ਅਜਿਹਾ ਜਾਪਦਾ ਹੈ ਕਿ ਬਚਿੱਤਰ ਨਾਟਕ ਦੀ ਰਚਨਾ ਜ਼ਫ਼ਰਨਾਮਾ ਦੇ ਲੇਖਕ ਵੱਲੋਂ ਲਫ਼ਜ਼ "ਦਹ ਲਾਖ" ਦਾ ਮਤਲਬ ਗਿਣਤੀ ਦੱਸਣਾ ਨਹੀਂ ਬਲਕਿ ਇਹ ਕਹਿਣਾ ਹੈ ਕਿ ਬੇਅੰਤ ਫ਼ੌਜ ਸੀ।ਸਿੱਖ ਭਾਵੇਂ ਗਿਣਤੀ ਵਿਚ 45 ਸਨ ਤੇ ਮੁਗ਼ਲ ਫ਼ੌਜ ਦੀ ਗਿਣਤੀ ਬਹੁਤ ਜ਼ਿਆਦਾ ਸੀ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਮਕੌਰ ਦੀ ਗੜ੍ਹੀ ਦੀ ਵਿਉਂਤਬੰਦੀ ਬੜੇ ਸ਼ਾਨਦਾਰ ਤਰੀਕੇ ਨਾਲ ਕੀਤੀ। ਉਨ੍ਹਾਂ ਨੇ 8-8 ਸਿੰਘ ਗੜ੍ਹੀ ਦੀਆਂ ਦੀਵਾਰਾਂ ਨਾਲ ਖੜ੍ਹੇ ਕਰ ਦਿੱਤੇ। ਭਾਈ ਧਰਮ ਸਿੰਘ 'ਤੇ ਭਾਈ ਆਲਿਮ ਸਿੰਘ ਨੱਚਣਾ ਨੂੰ ਹੱਲਾ-ਸ਼ੇਰੀ ਦੇਣ ਅਤੇ ਖੜਕਾ-ਦੜਕਾ ਕਰਨ ਵਾਸਤੇ ਬੀਰ-ਰਸੀ ਬੋਲਾਂ ਦੀ ਸੇਵਾ ਬਖ਼ਸ਼ੀ ਗਈ। ਭਾਈ ਦਯਾ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, ਹਿੰੰਮਤ ਸਿੰਘ ਤੋਂ ਇਲਾਵਾ ਦੋਵੇਂ ਸਾਹਿਬਜ਼ਾਦੇ ਗੁਰੂ ਸਾਹਿਬ ਦੀ ਢਾਲ ਬਣ ਕੇ ਹਾਜ਼ਿਰ ਰਹੇ। ਗੜ੍ਹੀ ਦੇ ਦਰਵਾਜ਼ੇ ਦੀ ਰਾਖੀ ਵਾਸਤੇ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਨੂੰ ਤਾਇਨਾਤ ਕੀਤਾ ਗਿਆ। ਉਨ੍ਹਾਂ ਦੇ ਪਿੱਛੇ ਭਾਈ ਸ਼ੇਰ ਸਿੰਘ 'ਤੇ ਭਾਈ ਨਾਹਰ ਸਿੰਘ ਖੜੇ ਹੋਏ।  ਸ਼ਾਹੀ ਫ਼ੌਜ ਨੇ ਗੜ੍ਹੀ 'ਤੇ ਪੁੱਜਦਿਆਂ ਹੀ ਇੱਕ ਦਮ ਹਮਲਾ ਕਰ ਦਿੱਤਾ। ਹਜ਼ਾਰਾਂ ਸਿਪਾਹੀਆਂ ਦਾ ਹਮਲਾ ਰੋਕਣ ਵਾਸਤੇ ਸਿੰਘਾਂ ਨੇ ਇੱਕ ਦਮ ਤੀਰਾਂ ਦਾ ਮੀਂਹ ਵਰ੍ਹਾ ਦਿੱਤਾ। ਇਸ ਨਾਲ ਤੁਰਕ ਫ਼ੌਜ ਨੇ ਸਿੱਧਾ ਹਮਲਾ ਕਰਨਾ ਬੰਦ ਕਰ ਦਿੱਤਾ। ਕੁਝ ਚਿਰ ਰੁਕਣ ਮਗਰੋਂ ਰੋਪੜ ਦੀ ਫ਼ੌਜ ਦਾ ਮੁਖੀ ਨਾਹਰ ਖਾਂ ਤੀਰ ਕਮਾਨ ਫੜ ਕੇ ਅੱਗੇ ਵਧਿਆ। ਉਹ ਮੰਨਿਆ ਹੋਇਆ ਯੋਧਾ ਸੀ ਤੇ ਉਸ ਨੇ ਯਕੀਨਨ ਦੋ ਚਾਰ ਸਿੱਖ ਆਪਣੇ ਤੀਰਾਂ ਨਾਲ ਹੀ ਸ਼ਹੀਦ ਕਰ ਦੇਣੇ ਸਨ। ਇਸ ਗੱਲ ਨੂੰ ਭਾਂਪਦੇ ਹੋਏ ਗੁਰੂ ਸਾਹਿਬ ਨੇ ਇਕ ਤੀਰ ਸਿੱਧਾ ਨਾਹਰ ਖਾਂ ਵੱਲ ਚਲਾਇਆ। ਗੁਰੂ ਜੀ ਦੇ ਤੀਰ ਨਾਲ ਨਾਹਰ ਖਾਂ ਥਾਇਂ ਹੀ ਢੇਰੀ ਹੋ ਗਿਆ। ਨਾਹਰ ਖਾਂ ਦੇ ਮਰਨ ਨਾਲ ਤੁਰਕ ਫ਼ੌਜ ਦੇ ਹੌਸਲੇ ਟੁੱਟ ਗਏ ਤੇ ਉਹ ਪਿੱਛੇ ਹਟ ਗਈ। ਪਰ ਉਨ੍ਹਾਂ ਵਿਚੋਂ ਇੱਕ ਪਠਾਣ ਉਥੋਂ ਨਾ ਹਿੱਲਿਆ। ਉਸ ਜੋਸ਼ੀਲੇ ਪਠਾਣ ਨੇ ਵਾਰ-ਵਾਰ ਅੱਗੇ ਵਧ ਕੇ ਗੜ੍ਹੀ 'ਤੇ ਹਮਲਾ ਕੀਤਾ। ਉਸ ਉੱਤੇ ਚਲਾਏ ਕੁਝ ਤੀਰ ਬੇਅਸਰ ਰਹੇ ਤੇ ਉਹ ਗੜ੍ਹੀ ਦੇ ਦਰਵਾਜ਼ੇ ਤੱਕ ਪੁੱਜ ਗਿਆ। ਦਰਵਾਜ਼ੇ 'ਤੇ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਖੜੇ ਸਨ। ਉਨ੍ਹਾਂ ਦੋਹਾਂ ਨੇ ਉਸ ਪਠਾਣ 'ਤੇ ਕਈ ਵਾਰ ਹਮਲੇ ਕੀਤੇ ਪਰ, ਉਹ ਪਠਾਣ ਵੀ ਕੋਈ ਮੰਨਿਆ ਯੋਧਾ ਸੀ। ਉਸ ਨੇ ਕਈ ਵਾਰ ਬਚਾਏ ਤੇ ਉਲਟਾ ਕਈ ਪਰਤਵੇਂ ਵਾਰ ਉਨ੍ਹਾਂ ਦੋਹਾਂ 'ਤੇ ਕੀਤੇ। ਇਸ ਹੱਥੋ-ਹੱਥ ਲੜਾਈ ਵਿੱਚ ਉਹ ਪਠਾਣ ਵੀ ਮਾਰਿਆ ਗਿਆ ਅਤੇ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਵੀ ਸ਼ਹੀਦ ਹੋ ਗਏ। ਇਹ ਦੋਵੇਂ ਚਮਕੌਰ ਦੀ ਗੜ੍ਹੀ ਦੇ ਪਹਿਲੇ ਸ਼ਹੀਦ ਸਨ। ਚਮਕੌਰ ਵਿੱਚ ਸ਼ਹੀਦ ਹੋਣ ਵਾਲੇ 40 ਸਿੰਘ ਇਹ ਸਨ -

1.ਭਾਈ ਹਿੰੰਮਤ ਸਿੰਘ

2. ਭਾਈ ਮੋਹਕਮ ਸਿੰਘ

3. ਭਾਈ ਸਾਹਿਬ ਸਿੰਘ (ਤਿੰਨ ਪਿਆਰੇ)

4. ਭਾਈ ਦੇਵਾ ਸਿੰਘ

5. ਭਾਈ ਰਾਮ ਸਿੰਘ

6. ਭਾਈ ਟਹਿਲ ਸਿੰਘ

7. ਭਾਈ ਈਸ਼ਰ ਸਿੰਘ

8. ਭਾਈ ਫ਼ਤਹਿ ਸਿੰਘ (ਪੰਜ ਮੁਕਤੇ)

9. ਭਾਈ ਅਨਕ ਸਿੰਘ

10. ਭਾਈ ਅਜਬ ਸਿੰਘ

11. ਭਾਈ ਅਜਾਇਬ ਸਿੰਘ (ਭਾਈ ਮਨੀ ਸਿੰਘ ਦੇ ਤਿੰਨ ਪੁੱਤਰ)

12. ਭਾਈ ਦਾਨ ਸਿੰਘ (ਭਾਈ ਮਨੀ ਸਿੰਘ ਦਾ ਭਰਾ)

13. ਭਾਈ ਆਲਿਮ ਸਿੰਘ ਨੱਚਣਾ

14. ਭਾਈ ਵੀਰ ਸਿੰਘ (ਉਸ ਦਾ ਭਰਾ)

15. ਭਾਈ ਮੋਹਰ ਸਿੰਘ

16. ਭਾਈ ਅਮੋਲਕ ਸਿੰਘ (ਭਾਈ ਆਲਿਮ ਸਿੰਘ ਨੱਚਣਾ ਦੇ ਦੋ ਪੁੱਤਰ)

17. ਭਾਈ ਮਦਨ ਸਿੰਘ

18. ਭਾਈ ਕਾਠਾ ਸਿੰਘ

19. ਭਾਈ ਨਾਹਰ ਸਿੰਘ

20. ਭਾਈ ਸ਼ੇਰ ਸਿੰਘ

21. ਭਾਈ ਕਿਰਪਾ ਸਿੰਘ ਦੱਤ ਤੇ ਉਸ ਦਾ ਭਰਾ

22. ਭਾਈ ਸਨਮੁਖ ਸਿੰਘ

23. ਭਾਈ ਨਾਨੂੰ ਸਿੰਘ ਦਿਲਵਾਲੀ

24. ਭਾਈ ਬਖਸ਼ਿਸ਼ ਸਿੰਘ

25. ਭਾਈ ਗੁਰਬਖਸ਼ੀਸ਼ ਸਿੰਘ

26. ਭਾਈ ਮੁਕੰਦ ਸਿੰਘ

27. ਭਾਈ ਮੁਕੰਦ ਸਿੰਘ (ਦੂਜਾ)

28. ਭਾਈ ਖ਼ਜ਼ਾਨ ਸਿੰਘ

29. ਭਾਈ ਲਾਲ ਸਿੰਘ

30. ਭਾਈ ਜਵਾਹਰ ਸਿੰਘ

31. ਭਾਈ ਕੀਰਤ ਸਿੰਘ

32. ਭਾਈ ਸ਼ਾਮ ਸਿੰਘ

33. ਭਾਈ ਹੁਕਮ ਸਿੰਘ

34. ਭਾਈ ਕੇਸਰਾ ਸਿੰਘ

35. ਭਾਈ ਧੰਨਾ ਸਿੰਘ

36. ਭਾਈ ਸੁੱਖਾ ਸਿੰਘ

37. ਭਾਈ ਬੁੱਢਾ ਸਿੰਘ

38. ਭਾਈ ਅਨੰਦ ਸਿੰਘ

39. ਭਾਈ ਸੰਤ ਸਿੰਘ ਬੰਗੇਸ਼ਰੀ

40. ਭਾਈ ਸੰਗਤ ਸਿੰਘ ਅਰੋੜਾ (ਆਖ਼ਰੀ ਦੋਵੇਂ 8 ਦਸੰਬਰ ਦੀ ਸਵੇਰ ਨੂੰ ਸ਼ਹੀਦ ਹੋਏ ਸਨ)।


ਰਾਤ ਨੂੰ ਨਬੀ ਖ਼ਾਨ ਅਤੇ ਗ਼ਨੀ ਖ਼ਾਨ ਗੁਰੂ ਸਾਹਿਬ ਨੂੰ ਉੱਥੋਂ ਕੱਢ ਕੇ ਲੈ ਗਏ। ਚਮਕੌਰ ਤੋਂ ਗੁਰੂ ਸਾਹਿਬ ਮਾਛੀਵਾੜਾ ਪੁੱਜੇ।

ਨੋਟ - ਕੁਝ ਲੇਖਕਾਂ ਨੇ ਚਮਕੌਰ ਦੇ ਚਾਲ੍ਹੀ ਮੁਕਤਿਆਂ ਵਿੱਚ ਹੋਰ ਨਾਂ ਦਿੱਤੇ ਹਨ। ਇਨ੍ਹਾਂ ਵਿੱਚ ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਭਾਈ ਸੁਮੇਰ ਸਿੰਘ 'ਤੇ ਭਾਈ ਕਾਨ੍ਹ ਸਿੰਘ ਨਾਭਾ ਹਨ। ਪਰ ਭੱਟ ਵਹੀਆਂ ਦੇ ਸਬੂਤਾਂ ਨੂੰ ਸਾਹਮਣੇ ਰੱਖਿਆ ਇਹ ਸੂਚੀਆਂ ਸਹੀ ਸਾਬਿਤ ਨਹੀਂ ਹੁੰਦੀਆਂ।

1715 - ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚੋਂ ਗ੍ਰਿਫ਼ਤਾਰ ਹੋਏ।  

ਮਾਰਚ 1715 ਵਿੱਚ ਜਦ ਬੰਦਾ ਸਿੰਘ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਸਾਰੇ ਪਾਸਿਓਂ ਬੁਰੀ ਤਰ੍ਹਾਂ ਘਿਰ ਗਿਆ ਤਾਂ ਉਸ ਕੋਲ ਤਕਰੀਬਨ ਪੰਜ ਕੁ ਹਜ਼ਾਰ ਫ਼ੌਜ ਸੀ। ਇਸ ਗੜ੍ਹੀ ਵਿੱਚ ਸਿਰਫ਼ ਹਜ਼ਾਰ-ਬਾਰ੍ਹਾਂ ਸੌ ਬੰਦੇ ਹੀ ਸਮਾ ਸਕਦੇ ਸਨ। ਜਦ ਏਨੇ ਕੁ ਸਿੱਖ ਗੜ੍ਹੀ ਵਿੱਚ ਵੜ ਗਏ ਤਾਂ ਬਾਕੀਆਂ ਕੋਲ ਘੇਰਾ ਚੀਰ ਕੇ ਨਿੱਕਲਣ ਦੀ ਕੋਸ਼ਿਸ਼ ਕਰਨ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਇਸ ਕਰ ਕੇ ਬਾਕੀ ਦੇ ਚਾਰ ਕੁ ਹਜ਼ਾਰ ਸਿੱਖਾਂ ਨੇ ਇੱਕ ਪਾਸੇ ਵੱਲ ਭੱਜਣਾ ਸ਼ੁਰੂ ਕਰ ਦਿਤਾ। ਪਰ ਘੇਰਾ ਚਾਰੇ ਪਾਸਿਓਂ ਪਿਆ ਹੋਣ ਕਰ ਕੇ ਇਨ੍ਹਾਂ ਵਿੱਚੋਂ ਬਹੁਤੇ ਸਿੱਖ ਮਾਰੇ ਗਏ। ਇਸ ਮੌਕੇ 'ਤੇ ਤਿੰਨ ਤੋਂ ਚਾਰ ਹਜ਼ਾਰ ਤੱਕ ਸਿੱਖ ਮਾਰੇ ਗਏ 'ਤੇ ਬਹੁਤ ਸਾਰੇ ਗ੍ਰਿਫ਼ਤਾਰ ਕਰ ਲਏ ਗਏ। ਸ਼ਹੀਦ ਸਿੱਖਾਂ ਵਿੱਚੋਂ 2 ਹਜ਼ਾਰ ਦੇ ਸਿਰ ਕੱਟ ਕੇ ਅਤੇ ਜਿਊਂਦੇ ਸਿੱਖਾਂ ਨੂੰ ਬੇੜੀਆਂ ਪਾ ਕੇ ਬਾਦਸ਼ਾਹ ਕੋਲ ਪੇਸ਼ ਕਰਨ ਵਾਸਤੇ ਦਿੱਲੀ ਟੋਰ ਦਿੱਤਾ ਗਿਆ।

ਜਦੋਂ ਬੰਦਾ ਸਿੰਘ ਨੇ ਆਪਣੇ ਆਪ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਬੰਦ ਕਰ ਲਿਆ ਤਾਂ ਅਬਦੁਸ ਸਮਦ ਖ਼ਾਨ ਨੇ ਗੁਰਦਾਸ ਨੰਗਲ ਨੂੰ ਘੇਰਾ ਪਾ ਲਿਆ। ਮੁਗ਼ਲਾਂ ਦੀ ਵੱਡੀ ਫ਼ੌਜ ਦੀ ਕਮਾਂਡ ਅਬਦੁਸ ਸਮਦ ਖ਼ਾਨ ਖ਼ੁਦ ਕਰ ਰਿਹਾ ਸੀ। ਸੈਫ਼-ਉਦ-ਦੀਨ ਅਹਿਮਦ ਖ਼ਾਨ (ਫ਼ੌਜਦਾਰ ਗੁਜਰਾਤ), ਇਰਾਦਤ ਮੰਦ ਖ਼ਾਨ (ਫ਼ੌਜਦਾਰ ਏਮਨਾਬਾਦ), ਨੂਰ ਮੁਹੰਮਦ ਖ਼ਾਨ (ਫ਼ੌਜਦਾਰ ਔਰੰਗਬਾਦ ਤੇ ਪਸਰੂਰ), ਸ਼ੇਖ ਮੁਹੰਮਦ ਦਾਯਮ (ਫ਼ੌਜਦਾਰ ਬਟਾਲਾ), ਸੁਹਰਾਬ ਖ਼ਾਨ (ਫ਼ੌਜਦਾਰ ਕਲਾਨੌਰ), ਹਮੀਰ ਚੰਦ ਕਟੋਚ (ਰਾਜਾ ਕਾਂਗੜਾ), ਧਰੁਵ ਦੇਵ ਜਸਰੋਟੀਏ ਦਾ ਪੁੱਤਰ ਹਰਿ ਦੇਵ ਵੀ ਆਪਣੀਆਂ ਫ਼ੌਜਾਂ ਲੈ ਕੇ ਆਰਿਫ਼ ਬੇਗ਼ ਖ਼ਾਨ (ਨਾਇਬ ਸੂਬੇਦਾਰ ਲਾਹੌਰ) ਦੀ ਅਗਵਾਈ ਵਿੱਚ ਗੁਰਦਾਸ ਨੰਗਲ ਪਹੁੰਚ ਗਏ ਸਨ)। ਇਨ੍ਹਾਂ ਸਾਰਿਆਂ ਨੇ ਪਿੰਡ ਗੁਰਦਾਸ ਨੰਗਲ ਤੋਂ ਥੋੜ੍ਹੀ ਦੂਰੀ 'ਤੇ ਮੋਰਚੇ ਪੁੱਟ ਲਏ। ਗੜ੍ਹੀ ਦੇ ਉੱਤਰ ਵੱਲ ਜ਼ਕਰੀਆ ਖ਼ਾਨ (ਫ਼ੌਜਦਾਰ ਜੰਮੂ) ਅਤੇ ਜ਼ੈਨ-ਉਦ-ਦੀਨ ਅਹਿਮਦ ਖ਼ਾਨ (ਸੂਬੇਦਾਰ ਸਰਹੰਦ), ਦੱਖਣ ਵੱਲ ਅਬਦੁਸ ਸਮਦ ਖ਼ਾਨ (ਸੂਬੇਦਾਰ ਲਾਹੌਰ) ਤੇ ਪੱਛਮ ਵੱਲ ਪੱਟੀ, ਐਮਨਾਬਾਦ, ਬਟਾਲਾ, ਕਲਾਨੌਰ, ਔਰੰਗਾਬਾਦ, ਗੁਜਰਾਤ ਦੇ ਫ਼ੌਜਦਾਰਾਂ ਅਤੇ ਕਾਂਗੜਾ ਤੇ ਜਸਰੋਟਾ ਦੇ ਹਿੰਦੂ ਰਾਜਿਆਂ ਦੀਆਂ ਫ਼ੌਜਾਂ ਨੇ ਮੋਰਚੇ ਸੰਭਾਲੇ ਹੋਏ ਸਨ। ਯਾਨਿ ਬੰਦਾ ਸਿੰਘ ਸਾਰੇ ਪਾਸਿਆਂ ਤੋਂ ਵੱਡੀਆਂ ਫ਼ੌਜਾਂ ਨਾਲ ਬੁਰੀ ਤਰ੍ਹਾਂ ਘਿਰਿਆ ਹੋਇਆ ਸੀ।

ਇਸ ਵੇਲੇ ਬੰਦਾ ਸਿੰਘ ਨਾਲ ਬਹੁਤ ਵੱਡੀ ਫ਼ੌਜ ਨਹੀਂ ਸੀ। ਪਰ ਇਨ੍ਹਾਂ ਸਿੱਖਾਂ ਵਾਸਤੇ ਵੀ ਗੜ੍ਹੀ ਅੰਦਰ ਕਾਫ਼ੀ ਖੁਰਾਕ ਨਹੀਂ ਸੀ। ਸਿੱਖ ਪਹਿਲਾਂ-ਪਹਿਲ ਤਾਂ ਗੜ੍ਹੀ 'ਚੋਂ ਨਿਕਲ ਕੇ ਨੇੜੇ ਦੇ ਪਿੰਡਾਂ 'ਤੇ ਹਮਲੇ ਕਰ ਕੇ ਦਾਣਾ ਅਤੇ ਡੰਗਰ ਖੋਹ ਕੇ ਗੜ੍ਹੀ ਅੰਦਰ ਲੈ ਜਾਂਦੇ ਰਹੇ। ਅਪ੍ਰੈਲ ਦੇ ਦੂਜੇ ਹਫ਼ਤੇ ਮੁਗਲ ਫ਼ੌਜਾਂ ਦੀਆਂ ਕੁਝ ਟੁਕੜੀਆਂ ਨੇ ਅੱਗੇ ਵਧ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਲੜਾਈ ਵਿੱਚ ਦੋਹਾਂ ਧਿਰਾਂ ਦਾ ਬੜਾ ਨੁਕਸਾਨ ਹੋਇਆ। ਇਕ ਦਿਨ ਸਿੱਖ ਫ਼ੌਜਾਂ ਨੇ ਗੜ੍ਹੀ 'ਚੋਂ ਨਿੱਕਲ ਕੇ ਕੋਟਲੀ ਪਿੰਡ ਵਿੱਚੋਂ ਲੱਕੜ ਲਿਆਉਣ ਦੀ ਕੋਸ਼ਿਸ਼ ਕੀਤੀ। ਧਰੁਵ ਦੇਵ ਜਸਰੋਟੀਏ ਦੀ ਫ਼ੌਜ ਨੇ ਉਨ੍ਹਾਂ 'ਤੇ ਹਮਲਾ ਕਰ ਦਿਤਾ। ਕਈ ਸਿੱਖ ਮਾਰੇ ਗਏ 'ਤੇ ਬਚੇ ਹੋਏ ਗੜ੍ਹੀ ਵਿੱਚ ਵਾਪਿਸ ਦੌੜ ਗਏ। ਹੁਣ ਇਹ ਰਸਤਾ ਵੀ ਬੰਦ ਹੋ ਗਿਆ। ਹੁਣ ਹਰ ਦਿਸ਼ਾ ਵਿੱਚ ਕਿਲ੍ਹੇ ਵਿੱਚੋਂ ਬਾਹਰ ਆਉਣ ਵਾਲੇ ਸਿੱਖਾਂ 'ਤੇ ਤੀਰਾਂ ਅਤੇ ਬੰਦੂਕਾਂ ਨਾਲ ਹਮਲਾ ਹੁੰਦਾ ਸੀ 'ਤੇ ਜੇ ਉਹ ਇਨ੍ਹਾਂ ਦੇ ਵਾਰ ਤੋਂ ਬਚ ਜਾਂਦੇ ਸਨ ਤਾਂ ਉਨ੍ਹਾਂ ਦੀ ਅੱਗੇ ਵਧਦੀ ਮੁਗ਼ਲ ਫ਼ੌਜਾਂ ਨਾਲ ਲੜਾਈ ਹੁੰਦੀ ਸੀ ਜਿਸ ਵਿੱਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਜਾਂਦੇ ਸਨ।ਸਿੱਖਾਂ ਨੂੰ ਘਿਰਿਆਂ ਨੂੰ ਢਾਈ ਮਹੀਨੇ ਹੋ ਚੁਕੇ ਸਨ। ਇਬਰਤਨਾਮਾ ਦਾ ਲਿਖਾਰੀ ਮੁਹੰਮਦ ਕਾਸਿਮ ਜੋ ਉਸ ਵੇਲੇ ਨਾਇਬ ਸੂਬੇਦਾਰ ਆਰਿਫ਼ ਬੇਗ਼ ਖ਼ਾਨ ਦੇ ਨਾਲ ਤਾਇਨਾਤ ਸੀ, ਲਿਖਦਾ ਹੈ ਕਿ "ਸਿੱਖ ਦਿਨ ਵਿੱਚ ਦੋ ਤਿੰਨ ਵਾਰ ਗੜ੍ਹੀ ਵਿਚੋਂ 40-50 ਦੇ ਟੋਲਿਆਂ ਵਿੱਚ ਨਿਕਲਦੇ ਸਨ 'ਤੇ ਆਪਣੇ ਵਾਸਤੇ ਅਤੇ ਘੋੜਿਆਂ ਵਾਸਤੇ ਦਾਣਾ ਪਾਣੀ ਲੈ ਜਾਇਆ ਕਰਦੇ ਸਨ। ਇਨ੍ਹਾਂ ਸਿੱਖਾਂ ਨੂੰ ਰੋਕਣ ਵਾਸਤੇ ਮੁਗ਼ਲ ਫ਼ੌਜੀ ਕੋਸ਼ਿਸ਼ ਤਾਂ ਕਰਦੇ ਸਨ ਪਰ ਅੰਦਰੋਂ ਸਿੱਖਾਂ ਦੇ ਤੀਰਾਂ ਅਤੇ ਗੋਲੀਆਂ ਦੀ ਬੌਛਾੜ ਨਾਲ ਬਹੁਤ ਸਾਰੇ ਮੁਗ਼ਲ ਫ਼ੌਜੀ ਮਾਰੇ ਜਾਂਦੇ ਸਨ। ਜਿਹੜੇ ਮੁਗ਼ਲ ਫ਼ੌਜੀ ਉਨ੍ਹਾਂ ਦੇ ਨੇੜੇ ਜਾਂਦੇ ਸਨ ਉਹ ਤਾਂ ਸਿੱਖਾਂ ਦੀਆਂ ਕਿਰਪਾਨਾਂ ਦਾ ਹੀ ਖਾਜਾ ਬਣ ਜਾਂਦੇ ਸਨ।" ਮੁਹੰਮਦ ਕਾਸਿਮ ਹੋਰ ਲਿਖਦਾ ਹੈ ਕਿ ਮੁਗ਼ਲ ਫ਼ੌਜੀ ਇੱਥੋਂ ਤੱਕ ਦੁਆ ਕਰਦੇ ਰਹਿੰਦੇ ਸਨ ਕਿ: "ਹੇ ਅਲ੍ਹਾ! ਬੰਦਾ ਸਿੰਘ ਕਿਸੇ ਤਰੀਕੇ ਨਾਲ ਏੇਥੋਂ ਨਿਕਲ ਜਾਵੇ ਤਾਂ ਜੋ ਸਾਡੀ ਜਾਨ ਬਚ ਸਕੇ।"ਖ਼ਾਫ਼ੀ ਖ਼ਾਨ, ਮੁਸਲਮਾਨ ਫ਼ੌਜੀਆਂ ਵਿੱਚ ਫੈਲੇ ਹੋਏ ਡਰ ਅਤੇ ਦਹਿਸ਼ਤ ਬਾਰੇ, ਲਿਖਦਾ ਹੈ ਕਿ "ਜੇਕਰ ਗੜ੍ਹੀ ਵਿੱਚੋਂ ਕੋਈ ਬਿੱਲੀ ਕੁੱਤਾ ਬਾਹਰ ਨਿੱਕਲਦਾ ਤਾਂ ਮੋਰ-ਚਾਲ 'ਤੇ ਨੀਅਤ ਕੀਤੇ ਹੋਏ ਸ਼ਾਹੀ ਆਦਮੀ ਇਸ ਨੂੰ ਵੀ ਜਾਦੂ ਦਾ ਕਾਰਾ ਸਮਝ ਕੇ ਦੂਰੋਂ ਹੀ ਤੀਰ ਜਾਂ ਬੰਦੂਕ ਨਾਲ ਮਾਰ ਸੁੱਟਦੇ।" ਯਾਨਿ, ਮੁਸਲਮਾਨ ਫ਼ੌਜੀ ਸਮਝਦੇ ਸਨ ਕਿ ਬੰਦਾ ਸਿੰਘ ਜਾਦੂ ਜਾਣਦਾ ਹੈ 'ਤੇ ਸ਼ਾਇਦ ਉਹ ਬਿੱਲੀ ਜਾਂ ਕੁੱਤਾ ਬਣ ਕੇ ਨਿੱਕਲ ਰਿਹਾ ਹੋਵੇ।ਜੁਲਾਈ ਵਿੱਚ ਬਰਸਾਤਾਂ ਸ਼ੁਰੂ ਹੋ ਗਈਆਂ। ਹੁਣ ਮੁਗ਼ਲਾਂ ਦੀ ਮੁਹਿੰਮ ਵੀ ਠੰਡੀ ਪੈ ਗਈ। ਇਕ ਤਾਂ ਲੜਾਈ ਲੰਬੀ ਹੋਣ ਕਾਰਨ ਤੇ ਦੂਜਾ ਬਰਸਾਤਾਂ ਕਾਰਨ ਮੁਗ਼ਲ ਵੀ ਢਿੱਲੇ ਪੈ ਗਏ ਪਰ ਅਜਿਹਾ ਜਾਪਦਾ ਹੈ ਕਿ ਬੰਦਾ ਸਿੰਘ ਨੇ ਐਵੇਂ ਅੜੀ ਕਰ ਲਈ ਸੀ ਵਰਨਾ ਇਸ ਮੌਕੇ 'ਤੇ ਘੇਰਾ ਚੀਰ ਕੇ ਨਿਕਲ ਜਾਣ ਨਾਲ ਸ਼ਾਇਦ ਅੱਧੇ ਕੂ ਸਿੱਖ ਬਚ ਜਾਣੇ ਸਨ। ਇਹ ਚੁਮਾਸਾ (ਮਈ ਤੋਂ ਅਗਸਤ) ਸ਼ਾਇਦ ਬਚਣ ਦੀ ਕੋਸ਼ਿਸ਼ ਕਰਨ ਦਾ ਕੁਝ ਮੌਕਾ ਹੋ ਸਕਦਾ ਸੀ। ਪਰ ਬੰਦਾ ਸਿੰਘ ਨੇ ਅਜਿਹਾ ਨਹੀਂ ਕੀਤਾ। ਇੰਞ ਸਿੱਖ ਪੂਰੀਆਂ ਗਰਮੀਆਂ, ਪੂਰਾ ਚੁਮਾਸਾ ਤੇ ਅੱਧੀਆਂ ਸਰਦੀਆਂ (ਯਾਨਿ ਮਾਰਚ ਤੋਂ ਨਵੰਬਰ ਤੱਕ, ਤਕਰੀਬਨ 8 ਮਹੀਨੇ) ਗੜ੍ਹੀ ਵਿੱਚ ਰੁਕੇ ਰਹੇ। ਅਖ਼ੀਰ ਉਹੀ ਹੋਇਆ ਜਿਸ ਦਾ ਹਰ ਕੋਈ ਕਿਆਸ ਕਰ ਸਕਦਾ ਸੀ। 7 ਦਸੰਬਰ 1715 ਨੂੰ ਫ਼ੈਸਲੇ ਦਾ ਦਿਨ ਆ ਗਿਆ। ਗੁਰਦਾਸ ਨੰਗਲ ਵਿੱਚ ਘਿਰੇ ਸਿੱਖਾਂ ਵਿੱਚੋਂ ਬਹੁਤ ਸਾਰੇ ਦਸਤ-ਮਰੋੜਾਂ 'ਤੇ ਪੀੜਾਂ ਨਾਲ ਮਰ ਗਏ...ਜਦ ਸਾਰਾ ਘਾਹ ਮੁੱਕ ਗਿਆ ਤਾਂ ਉਨ੍ਹਾਂ ਦਰਖ਼ਤਾਂ ਦੇ ਪੱਤੇ ਇਕੱਠੇ ਕਰ ਲਏ। ਜਦ ਇਹ ਵੀ ਮੁੱਕ ਗਏ ਤਾਂ ਉਨਾਂ ਨੇ ਦਰਖ਼ਤਾਂ ਦੇ ਤਣੇ ਛਿੱਲ ਲਏ ਤੇ ਇਸ ਨੂੰ ਸੁਕਾ ਕੇ ਇਸ ਦਾ ਚੂਰਾ ਬਣਾ ਕੇ ਇਸ ਨੂੰ ਵੀ ਇੰਞ ਹੀ ਵਰਤਿਆ। ਕੁਝ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਕੁਝ ਉਹ ਸਿੱਖ ਵੀ ਵੇਖੇ ਜਿਨਾਂ ਨੇ ਆਪਣੇ ਪੱਟ ਦਾ ਮਾਸ ਕੱਟ ਕੇ ਤੇ ਉਸ ਨੂੰ ਭੁੰਨ ਕੇ ਖਾਧਾ ਸੀ।

8 ਮਹੀਨੇ ਦੇ ਘੇਰੇ ਦੌਰਾਨ ਹੁਣ ਉਨ੍ਹਾਂ ਕੋਲ ਖਾਣ ਵਾਸਤੇ ਹਵਾ ਤੋਂ ਸਿਵਾ ਕੁਝ ਵੀ ਨਹੀਂ ਸੀ। ਉਹ ਭੁੱਖ ਨਾਲ ਨਿਢਾਲ ਹੋ ਗਏ ਸਨ ਤੇ ਉਨਾਂ ਵਿਚ ਹਿੱਲਣ-ਜੁੱਲਣ ਜੋਗੀ ਸਤਿਆ ਵੀ ਨਹੀਂ ਸੀ ਰਹੀ। ਅਖ਼ੀਰ, ਜਦ ਕਈ ਦਿਨਾਂ ਤਕ ਗੜ੍ਹੀ 'ਚੋਂ ਕੋਈ ਹਿਲਜੁਲ ਨਾ ਹੋਈ ਤਾਂ ਮੁਗ਼ਲ ਫ਼ੌਜਾਂ ਦੇ ਇੱਕ ਹਜੂਮ ਨੇ ਇੱਕ ਦਮ ਹੱਲਾ ਬੋਲ ਦਿੱਤਾ। ਅੱਗੇ ਅਧਮੋਏ ਪਏ ਹੋਏ ਦੋ-ਚਾਰ ਸੌ ਸਿੱਖ ਨਜ਼ਰ ਆਏ, ਜਿਨ੍ਹਾਂ ਨੂੰ ਉਨ੍ਹਾਂ ਨੇ "ਗ਼੍ਰਿਫ਼ਤਾਰ" ਕਰ ਲਿਆ। ਇਨ੍ਹਾਂ ਵਿਚੋਂ ਜਿਹੜਾ ਵੀ, ਜ਼ਰਾ ਵੀ, ਹਿੱਲਿਆ ਉਸ ਨੂੰ ਉੱਥੇ ਹੀ ਕਤਲ ਕਰ ਦਿੱਤਾ ਗਿਆ। ਤਕਰੀਬਨ ਤਿੰਨ ਸੌ ਸਿੱਖਾਂ ਨੂੰ ਥਾਂਏ ਚੀਰ ਦਿੱਤਾ ਗਿਆ। ਉਨ੍ਹਾਂ ਦਾ ਖ਼ੂਨ ਏਨਾ ਵਗਿਆਂ ਕਿ ਇੰਞ ਜਾਪਦਾ ਸੀ ਕਿ ਉਹ ਖ਼ੂਨ ਦੇ ਤਲਾਅ ਵਿੱਚ ਤੈਰ ਰਹੇ ਸਨ। ਗ੍ਰਿਫ਼ਤਾਰੀ ਮਗਰੋਂ ਬੰਦਾ ਸਿੰਘ ਨੂੰ ਅਧਮੋਏ ਨੂੰ ਹੀ ਉਸੇ ਵੇਲੇ ਬੇੜੀਆਂ ਅਤੇ ਸੰਗਲਾਂ ਨਾਲ ਜਕੜ ਦਿਤਾ ਗਿਆ। ਇਨ੍ਹਾਂ ਸਾਰਿਆਂ ਨੂੰ ਭਾਰੀ ਫ਼ੌਜ ਦੇ ਘੇਰੇ ਵਿੱਚ ਲਾਹੌਰ ਲਿਜਾਇਆ ਗਿਆ।

1988 - ਕੁਲਦੀਪ ਸਿੰਘ ਜ਼ਖ਼ਮੀ ਤੋਲੇ ਨੰਗਲ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ।  

7 ਦਸੰਬਰ 1988 ਦੇ ਦਿਨ ਪੰਜਾਬ ਪੁਲਸ ਨੇ ਕੁਲਦੀਪ ਸਿੰਘ ਜ਼ਖ਼ਮੀ ਪੁੱਤਰ ਲੱਖਾ ਸਿੰਘ, ਵਾਸੀ ਤੋਲੇ ਨੰਗਲ, ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।


1990 - ਹਰਭਜਨ ਸਿੰਘ ਉਮਰਪੁਰਾ, ਜਰਨੈਲ ਸਿੰਘ ਕਿਲੀ ਬੋਦਲਾ ਅਤੇ ਉਸ ਦਾ ਮਾਸੂਮ ਗੋਦ ਚੁੱਕਿਆ ਬੱਚਾ ਗੁਰਸੇਵਕ ਸਿੰਘ ਬਬਲਾ ਨਕਲੀ ਮੁਕਾਬਲੇ ਵਿੱਚ ਸ਼ਹੀਦ ਕੀਤੇ ਗਏ।  

7 ਦਸੰਬਰ 1990 ਦੇ ਦਿਨ ਹਰਭਜਨ ਸਿੰਘ ਵਾਸੀ ਉਮਰਪੁਰਾ, ਫਰੀਦਕੋਟ, ਜਰਨੈਲ ਸਿੰਘ ਵਾਸੀ ਕਿਲੀ ਬੋਦਲਾ ਅਤੇ ਉਸ ਦਾ ਮਾਸੂਮ ਗੋਦ ਚੁੱਕਿਆ ਬੱਚਾ ਗੁਰਸੇਵਕ ਸਿੰਘ ਬਬਲਾ ਨਕਲੀ ਮੁਕਾਬਲੇ ਦੇ ਨਾਂ 'ਤੇ ਪੰਜਾਬ ਪੁਲਿਸ ਨੇ ਸ਼ਹੀਦ ਕਰ ਦਿੱਤੇ।  


1990 - ਦਿਲਬਾਗ ਸਿੰਘ ਘਣੀਏਕੇ ਬਾਂਗਰ 'ਤੇ ਜਗਦੇਵ ਸਿੰਘ ਕਪਿਆਲ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤੇ ਗਏ।  

7 ਦਸੰਬਰ 1990 ਦੇ ਦਿਨ ਦਿਲਬਾਗ ਸਿੰਘ ਪੁੱਤਰ ਤਸਵੀਰ ਸਿੰਘ, ਵਾਸੀ ਘਣੀਏਕੇ ਬਾਂਗਰ, ਜ਼ਿਲ੍ਹਾ ਗੁਰਦਾਸਪੁਰ ਅਤੇ ਜਗਦੇਵ ਸਿੰਘ ਪੁੱਤਰ ਗੁਰਬਖ਼ਸ਼ ਸਿੰਘ, ਵਾਸੀ ਕਪਿਆਲ, ਜ਼ਿਲ੍ਹਾ ਸੰਗਰੂਰ ਨੂੰ ਪੰਜਾਬ ਪੁਲਿਸ ਨੇ ਨਕਲੀ ਮੁਕਾਬਲਿਆ ਵਿੱਚ ਸ਼ਹੀਦ ਕਰ ਦਿੱਤਾ।


1992 - ਜਤਿੰਦਰ ਸਿੰਘ ਮਹਿਮੂਦਪੁਰ ਦੀ ਨਕਲੀ ਮੁਕਾਬਲੇ ਵਿੱਚ ਸ਼ਹੀਦੀ ਹੋਈ।  

7 ਦਸੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਜਤਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ, ਵਾਸੀ ਮਹਿਮੂਦਪੁਰਾ ਨੂੰ ਇਕ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।