1705 - ਮਾਤਾ ਗੁਜਰੀ ਅਤੇ ਨਿੱਕੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਸਹੇੜੀ ਵਿੱਚ ਗ੍ਰਿਫ਼ਤਾਰ ਕੀਤੇ ਗਏ।
ਅਨੰਦਪੁਰ ਸਾਹਿਬ ਵਿੱਚੋਂ ਨਿੱਕਲਣ ਮਗਰੋਂ ਮਾਤਾ ਗੁਜਰੀ 'ਤੇ ਦੋ ਨਿੱਕੇ ਸਾਹਿਬਜ਼ਾਦੇ ਕੁਝ ਸਿੰਘਾਂ ਸਣੇ ਕੀਰਤਪੁਰ ਲੰਘ ਕੇ ਸਰਸਾ ਨਦੀ ਦੇ ਕੰਢੇ 'ਤੇ ਪੁੱਜੇ। ਇੱਥੋਂ ਸਭ ਤੋਂ ਪਹਿਲਾਂ ਮਾਤਾ ਗੁਜਰੀ ਤੇ ਦੋਵੇਂ ਨਿੱਕੇ ਸਾਹਿਬਜ਼ਾਦਿਆਂ ਨੂੰ ਨਦੀ ਪਾਰ ਕਰਵਾਈ ਗਈ। ਉਨ੍ਹਾਂ ਨਾਲ ਬੀਬੀ ਸੁਭਿੱਖੀ ਅਤੇ ਭਾਈ ਦੁੱਨਾ ਸਿੰਘ ਵੀ ਸਨ। ਪਹਿਲੋਂ ਉਲੀਕੇ ਪ੍ਰੋਗਰਾਮ ਮੁਤਾਬਿਕ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਇੱਥੋਂ ਚਮਕੌਰ ਵੱਲ ਨਿਕਲਣਾ ਸੀ। ਗੁਰੂ ਜੀ ਨੇ ਵੀ ਕੋਟਲਾ ਨਿਹੰਗ ਖ਼ਾਨ ਵਿਚ ਭਾਈ ਨਿਹੰਗ ਖ਼ਾਨ ਨੂੰ ਮਿਲਣ ਮਗਰੋਂ ਉਥੇ ਹੀ ਪੁੱਜਣਾ ਸੀ। ਮਾਤਾ ਜੀ 6 ਦਸੰਬਰ ਦੀ ਸ਼ਾਮ ਵੇਲੇ ਚਮਕੌਰ ਪੁੱਜ ਗਏ ਸਨ। ਇੱਥੋਂ ਅਗਲੇ ਦਿਨ 7 ਦਸੰਬਰ ਨੂੰ ਉਨ੍ਹਾਂ ਨੂੰ ਸਹੇੜੀ ਪਿੰਡ ਦੇ ਧੁੰਮਾ ਤੇ ਦਰਬਾਰੀ (ਜੋ ਕਿਸੇ ਸਮੇਂ ਮਸੰਦ ਰਹੇ ਸਨ) ਮਾਤਾ ਜੀ ਤੇ ਬੱਚਿਆਂ ਨੂੰ ਹਿਫ਼ਾਜ਼ਤ ਵਿਚ ਰੱਖਣ ਵਾਸਤੇ ਆਪਣੇ ਨਾਲ ਸਹੇੜੀ ਪਿੰਡ ਲੈ ਗਏ। {ਆਮ ਲੋਕਾਂ ਵਿਚ ਚਰਚਾ ਹੈ ਕਿ ਉਨ੍ਹਾਂ ਨੂੰ ਉਥੋਂ ਗੰਗੂ ਨਾਂ ਦਾ ਇਕ ਬ੍ਰਾਹਮਣ ਜੋ ਗੁਰੂ ਸਾਹਿਬ ਦੇ ਘਰ ਦਾ ਰਸੋਈਆ ਸੀ, ਸਹੇੜੀ ਲੈ ਗਿਆ ਸੀ। ਇਥੇ ਇਹ ਸਵਾਲ ਉਠਦਾ ਹੈ ਕਿ ਕੀ ਗੁਰੂ ਜੀ ਨੇ ਨੌਕਰ ਰੱਖਿਆ ਹੋਇਆ ਸੀ? ਕੀ ਸੰਗਤਾਂ ਸੇਵਾ ਨਹੀਂ ਸਨ ਕਰਦੀਆਂ? ਜਾਪਦਾ ਹੈ ਕਿ ਗੰਗੂ ਬ੍ਰਾਹਮਣ ਦਾ ਪਾਤਰ ਇਹ ਸਾਬਿਤ ਕਰਨ ਵਾਸਤੇ ਘੜਿਆ ਗਿਆ ਹੋਵੇਗਾ ਕਿ ਲੰਗਰ ਸਿਰਫ਼ ਬ੍ਰਾਹਮਣ ਹੀ ਤਿਆਰ ਕਰਿਆ ਕਰਦੇ ਸਨ।}ਬਹੁਤੇ ਸੋਮਿਆਂ ਮੁਤਾਬਿਕ ਜਦ ਮਾਤਾ ਜੀ ਮਸੰਦਾਂ ਦੇ ਘਰ ਸਹੇੜੀ ਪਿੰਡ ਜਾ ਕੇ ਠਹਿਰੇ ਤਾਂ ਰਾਤ ਵੇਲੇ, ਐਨਾ ਲੰਮਾ ਸਫ਼ਰ ਪੈਦਲ ਤੈਅ ਕਰਨ ਕਰ ਕੇ, ਜਲਦੀ ਸੌਂ ਗਏ ਤੇ ਉਨ੍ਹਾਂ ਨੂੰ ਬਹੁਤ ਗੂੜ੍ਹੀ ਨੀਂਦ ਆ ਗਈ। ਇਸ ਹਾਲਤ ਵਿੱਚ ਮਸੰਦਾਂ ਨੇ ਮਾਤਾ ਜੀ ਦੀ ਮੋਹਰਾਂ ਵਾਲੀ ਥੈਲੀ ਚੋਰੀ ਕਰ ਲਈ। ਜਦ ਅਗਲੇ ਦਿਨ ਸਵੇਰੇ ਉਠ ਕੇ ਥੈਲੀ ਨਾ ਵੇਖ ਕੇ ਮਾਤਾ ਜੀ ਨੇ ਥੈਲੀ ਦੀ ਚੋਰੀ ਦੀ ਗੱਲ ਕੀਤੀ ਤਾਂ ਮਸੰਦਾਂ ਦੇ ਦਿਲ ਵਿਚ ਸਗੋਂ ਹੋਰ ਪਾਪ ਆ ਗਿਆ। ਉਨ੍ਹਾਂ ਨੇ ਈਨਾਮ ਹਾਸਿਲ ਕਰਨ ਵਾਸਤੇ ਮਾਤਾ ਜੀ ਤੇ ਬੱਚਿਆਂ ਨੂੰ ਮੁਗ਼ਲਾਂ ਦੇ ਹਵਾਲੇ ਕਰਨ ਦਾ ਫ਼ੈਸਲਾ ਕਰ ਲਿਆ। ਇਸ ਕਰ ਕੇ ਉਨ੍ਹਾਂ ਨੇ ਉਸ ਦਿਨ 7 ਦਸੰਬਰ ਨੂੰ ਆਪਣੇ ਨੌਕਰ ਨੂੰ ਮੋਰਿੰਡਾ ਥਾਨੇ ਭੇਜ ਕੇ ਉਥੋਂ ਸਿਪਾਹੀ ਮੰਗਵਾ ਲਏ। (ਜਿੱਥੋਂ ਤਕ ਮੇਰਾ ਵਿਚਾਰ ਹੈ ਗੰਗੂ ਇਨ੍ਹਾਂ ਮਸੰਦਾਂ ਦਾ ਰਸੋਈਆ ਹੋਵੇਗਾ ਤੇ ਉਸ ਨੂੰ ਮੋਰਿੰਡਾ ਭੇਜਿਆ ਗਿਆ ਹੋਵੇਗਾ)। ਮੋਰਿੰਡਾ ਸਹੇੜੀ ਤੋਂ 3-4 ਕਿਲੋਮੀਟਰ ਦੂਰ ਹੈ। ਅਗਲੇ ਦਿਨ 8 ਦਸੰਬਰ ਨੂੰ ਮੋਰਿੰਡਾ ਤੋਂ ਸਿਪਾਹੀ ਜਨੀ ਖ਼ਾਨ ਤੇ ਮਨੀ ਖ਼ਾਨ ਆ ਗਏ ਤੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਏ। ਉਸ ਦਿਨ ਉਨ੍ਹਾਂ ਨੂੰ ਮੋਰਿੰਡਾ ਹਵਾਲਾਤ ਵਿਚ ਰੱਖਿਆ ਗਿਆ ਤੇ ਅਗਲੇ ਦਿਨ ਸਰਹੰਦ ਲਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਸੂਬੇਦਾਰ ਵਜ਼ੀਰ ਖ਼ਾਨ ਕੋਲ ਪਹੁੰਚਾ ਦਿੱਤਾ ਗਿਆ।
1705 - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਪੁੱਜੇ।
7 ਦਸੰਬਰ 1705 ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਬੀ ਖ਼ਾਨ ਤੇ ਗ਼ਨੀ ਖ਼ਾਨ ਦੀ ਮਦਦ ਨਾਲ ਚਮਕੌਰ ਦੀ ਗੜ੍ਹੀ ਤੋਂ ਨਿੱਕਲ ਕੇ ਮਾਛੀਵਾੜਾ ਚੱਲ ਪਏ ਤੇ 8 ਦਸੰਬਰ ਦੀ ਸਵੇਰ ਨੂੰ ਉੱਥੇ ਪੁੱਜ ਗਏ। ਉਥੇ ਜਾ ਕੇ ਪਹਿਲਾਂ ਆਪ ਗੁਲਾਬੇ ਦੇ ਬਾਗ਼ ਵਿੱਚ ਠਹਿਰੇ ਅਤੇ ਰਾਤ ਨੂੰ ਭਾਈ ਜੀਵਨ ਸਿੰਘ ਦੇ ਘਰ ਚਲੇ ਗਏ।
1991 - ਸਿੱਖ ਲੀਗ ਜੱਥੇਬੰਦੀ ਕਾਇਮ ਕੀਤੀ ਗਈ।
ਸਿੰਘ ਸਭਾਵਾਂ ਅਤੇ ਚੀਫ਼ ਖਾਲਸਾ ਦੀਵਾਨ ਦੀ ਪਾਲਿਸੀ-ਪ੍ਰੋਗਰਾਮ ਵਿਚ ਇਹ ਲਿਖਿਆ ਹੋਇਆ ਸੀ 'ਕੋਈ ਵੀ ਸਿਆਸੀ ਕਾਰਵਾਈ ਨਹੀਂ ਕੀਤੀ ਜਾਵੇਗੀ', ਇਸ ਕਰ ਕੇ ਸਿੱਖਾਂ ਦੇ ਸਿਆਸੀ ਮਸਲਿਆਂ ਵਿਚ ਇਸ ਦਾ ਕੋਈ ਵੱਡਾ ਰੋਲ ਨਹੀਂ ਸੀ। ਚੀਫ਼ ਖ਼ਾਲਸਾ ਦੀਵਾਨ ਦੀ ਕਾਇਮੀ ਤੋਂ ਮਗਰੋਂ 1907 ਵਿਚ ਕਿਸਾਨ ਲਹਿਰ ਦੌਰਾਨ ਚੀਫ਼ ਖ਼ਾਲਸਾ ਦੀਵਾਨ ਨੇ, ਦਿਖਾਵੇ ਦੇ ਤੌਰ 'ਤੇ, ਮੂੰਹ ਰੱਖਣ ਵਾਸਤੇ ਇਕ ਢਿੱਲਾ ਜਿਹਾ ਸਰਕਾਰ-ਪ੍ਰਸਤੀ ਵਾਲਾ ਮਤਾ ਪਾਸ ਕੀਤਾ ਪਰ ਇਸ ਨੂੰ ਸਿੱਖਾਂ ਨੇ ਪਸੰਦ ਨਾ ਕੀਤਾ। ਇਸ ਨੂੰ ਮਹਿਸੂਸ ਕਰ ਕੇ ਵੱਖ-ਵੱਖ ਇਲਾਕਿਆਂ ਵਿਚ ਬੈਠੇ ਰਈਸ, ਸਰਦਾਰ ਬਹਾਦਰ (ਸਰਕਾਰ ਦੇ ਐਵਾਰਡ ਲੈਣ ਵਾਲੇ ਚੌਧਰੀ), ਵਕੀਲ, ਪ੍ਰੋਫ਼ੈਸਰ ਅਤੇ ਹੋਰ ਸਰਗਰਮ ਸਿੱਖਾਂ ਨੇ ਇੱਕ ਜਥੇਬੰਦੀ ਕਾਇਮ ਕਰਨ ਦਾ ਚਰਚਾ ਚਲਾਇਆ। ਅਜੇ ਵੀ ਜਥੇਬੰਦੀ ਕਾਇਮ ਕਰਨ ਦੀ ਇਸ ਸੋਚ ਪਿੱਛੇ ਸਰਕਾਰ ਨਾਲ ਟਕਰਾਅ ਵਾਲੀ ਸੋਚ ਨਹੀਂ ਸੀ ਕਿਉਂਕਿ ਇਸ ਪਿੱਛੇ ਜਿਹੜੇ ਲੋਕ ਸਨ ਉਨ੍ਹਾਂ ਵਿਚੋਂ ਬਹੁਤੇ ਸਰਕਾਰ-ਪ੍ਰਸਤ, ਸਰਕਾਰ ਦੇ ਵਫ਼ਾਦਾਰ ਜਾਂ ਸਰਮਾਏਦਾਰ ਤੇ ਜਾਗੀਰਦਾਰ ਸਨ। ਅਜਿਹੇ ਲੋਕ ਕਦੇ ਵੀ ਸਰਕਾਰਾਂ ਨਾਲ ਟਕਰਾਅ ਨਹੀਂ ਕਰਿਆ ਕਰਦੇ। ਦੂਜਾ, ਇਨ੍ਹਾਂ ਲੋਕਾਂ ਦੇ ਪ੍ਰੋਗਰਾਮ ਵਿਚ ਸਰਕਾਰ ਤੋਂ ਸਹੂਲਤਾਂ, ਫ਼ਾਇਦੇ, ਅਹੁਦੇ ਅਤੇ ਮੈਂਬਰੀਆਂ ਹਾਸਲ ਕਰਨਾ ਮੁਖ ਏਜੰਡਾ ਸੀ।ਉਸ ਵੇਲੇ ਹਿੰਦੂਆਂ ਵਾਸਤੇ ਕਾਂਗਰਸ ਅਤੇ ਮੁਸਲਮਾਨਾਂ ਵਾਸਤੇ ਮੁਸਲਿਮ ਲੀਗ ਪਹਿਲੋਂ ਹੀ ਮੌਜੂਦ ਸਨ। 30 ਮਾਰਚ 1919 ਦੇ ਦਿਨ ਸ:ਬ: ਗੱਜਣ ਸਿੰਘ, ਕੌਂਸਲ ਦੇ ਕੁਝ ਹੋਰ ਸਿੱਖ ਮੈਂਬਰ ਅਤੇ ਕੁਝ ਸਿੱਖ ਰਈਸ ਲਾਹੌਰ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਸਿੱਖ ਹੱਕਾਂ ਦੀ ਇਕ ਸਿਆਸੀ ਜਥੇਬੰਦੀ ਬਣਾਉਣ ਦਾ ਫ਼ੈਸਲਾ ਕੀਤਾ। 13 ਅਪ੍ਰੈਲ 1919 ਦੇ ਦਿਨ ਅੰਮ੍ਰਿਤਸਰ ਵਿਚ ਜਲ੍ਹਿਆਂ ਵਾਲਾ ਬਾਗ਼ ਵਿਚ ਜਨਰਲ ਡਾਇਰ ਨੇ 379 ਬੇਗੁਨਾਹ ਲੋਕਾਂ ਨੂੰ ਕਤਲ ਅਤੇ ਬਾਰ੍ਹਾਂ ਸੌ ਤੋਂ ਵਧ ਲੋਕਾਂ ਨੂੰ ਜ਼ਖ਼ਮੀ ਕਰ ਕੇ ਪੰਜਾਬ ਵਿਚ ਦਹਿਸ਼ਤ ਤੇ ਨਾਲ ਹੀ ਰੋਹ ਦਾ ਮਾਹੌਲ ਪੈਦਾ ਕਰ ਦਿੱਤਾ)। ਇਸ ਦੌਰਾਨ ਅਰੂੜ ਸਿੰਘ ਸਰਬਰਾਹ ਨੇ ਡਾਇਰ ਨੂੰ ਦਰਬਾਰ ਸਾਹਿਬ ਵਿਚ ਰਸਮੀ ਸਿਰੋਪਾਓ ਦਿੱਤਾ। ਇਸ ਨਾਲ ਸਿੱਖਾਂ ਵਿਚ ਇਨ੍ਹਾਂ ਰਈਸਾਂ ਤੇ ਪੁਜਾਰੀਆਂ ਵਾਸਤੇ ਨਫ਼ਰਤ ਦਾ ਮਾਹੌਲ ਬਣ ਗਿਆ। ਇਸ ਕਰ ਕੇ ਸਿਆਸੀ ਸਿੱਖ ਜਥੇਬੰਦੀ ਬਣਾਉਣ ਦੀ ਕਾਰਵਾਈ ਵਿਚ ਕੁਝ ਚਿਰ ਵਾਸਤੇ ਖੜੋਤ ਆ ਗਈ। ਸੱਤ ਮਹੀਨੇ ਦੀ ਖ਼ਾਮੋਸ਼ੀ ਮਗਰੋਂ ਨਵੰਬਰ 1919 ਦੇ ਦੂਜੇ ਹਫ਼ਤੇ ਇਹ ਸਰਗਰਮ ਸਿੱਖ ਫਿਰ ਇਕੱਠੇ ਹੋਏ ਅਤੇ ਉਨ੍ਹਾਂ ਨੇ 8 ਦਸੰਬਰ ਦੇ ਦਿਨ ਇਸ ਦਾ ਐਲਾਨ ਕਰਨ ਦਾ ਫ਼ੈਸਲਾ ਕੀਤਾ। ਮੁਸਲਮਾਨਾਂ ਦੀ 'ਮੁਸਲਿਮ ਲੀਗ' ਵਾਂਗ ਨਵੀਂ ਜਥੇਬੰਦੀ ਦਾ ਨਾਂ ਵੀ 'ਸਿੱਖ ਲੀਗ' ਰੱਖਿਆ ਗਿਆ (ਜੋ ਮਗਰੋਂ ਸੈਂਟਰਲ ਸਿੱਖ ਲੀਗ ਹੋ ਗਿਆ)।
1933 - 1914 ਵਿੱਚ ਕੈਨੇਡਾ ਵਿੱਚ ਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਬੇਲਾ ਸਿੰਘ ਜਿਆਣ ਦਾ ਕਤਲ ਹੋਇਆ।
ਕਾਮਾਗਾਟਾਮਾਰੂ ਜਹਾਜ਼ ਦੇ ਜਾਣ ਮਗਰੋਂ ਕਨੇਡਾ ਦੇ ਅੰਗਰੇਜ਼ ਹਾਕਮ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਜ਼ਾ ਦੇਣਾ ਚਾਹੁੰਦੇ ਸਨ। ਉਨ੍ਹਾਂ ਨੂੰ ਭਾਈ ਭਾਗ ਸਿੰਘ (ਭਿੱਖੀ ਵਿੰਡ), ਭਾਈ ਬਲਵੰਤ ਸਿੰਘ (ਗ੍ਰੰਥੀ), ਭਾਈ ਬਤਨ ਸਿੰਘ (ਦਲੇਲ ਸਿੰਘ ਵਾਲਾ), ਭਾਈ ਸੁੰਦਰ ਸਿੰਘ (ਬਾੜੀਆਂ) ਤੇ ਹਰਨਾਮ ਸਿੰਘ ਸਾਹਰੀ ਵਧੇਰੇ ਚੁਭਦੇ ਸਨ। ਅੰਗਰੇਜ਼ਾਂ ਨੇ ਸਿੱਖਾਂ ਦੇ ਖ਼ਿਲਾਫ਼ ਪੁਲੀਸ ਤੇ ਖ਼ੁਫ਼ੀਆ ਮਹਿਕਮੇ ਵਿਚ ਇਕ ਸੈੱਲ ਕਾਇਮ ਕੀਤਾ ਹੋਇਆ ਸੀ ਜਿਸ ਦਾ ਇੰਚਾਰਜ ਇਕ ਅੰਗਰੇਜ਼ ਹਾਪਕਿਨਸਨ ਸੀ ਜੋ ਇੰਟੈਲੀਜੈਂਸ ਮਹਿਕਮੇ ਦਾ ਇਕ ਅਫ਼ਸਰ ਸੀ (ਉਹ ਇਕ ਹਿੰਦੂ ਮਾਂ ਤੇ ਗੋਰੇ ਬਾਪ ਤੋਂ ਹੋਣ ਕੇ ਕੁਝ-ਕੁਝ ਪੰਜਾਬੀ ਵੀ ਸਮਝ ਸਕਦਾ ਸੀ)। ਉਸ ਨੇ ਬੇਲਾ ਸਿੰਘ ਜਿਆਣ, ਬਾਬੂ ਸਿੰਘ, ਹਰਨਾਮ ਸਿੰਘ (ਮਿਲਸਾਈਡ ਗੁਰਦੁਆਰੇ ਦਾ ਇਕ ਸਾਬਕਾ ਗ੍ਰੰਥੀ ਜੋ ਬਾਬੂ ਸਿੰਘ ਦੇ ਨਾਲ ਇਕੋ ਕਮਰੇ ਵਿਚ ਰਹਿੰਦਾ ਸੀ), ਅਰਜਨ ਸਿੰਘ ਤੇ ਇਕ ਦੋ ਹੋਰ ਪੰਜਾਬੀ ਆਪਣੇ ਏਜੰਟ ਬਣਾਏ ਹੋਏ ਸਨ। 31 ਅਗਸਤ 1914 ਦੇ ਦਿਨ ਹਰਨਾਮ ਸਿੰਘ ਦੀ ਲਾਸ਼ ਮਿਲੀ; ਕਿਸੇ ਨੇ ਉਸ ਦਾ ਸਿਰ ਵੱਢ ਕੇ ਲਾਸ਼ ਜੰਗਲ ਵਿਚ ਸੁੱਟ ਦਿੱਤੀ ਸੀ (ਚਰਚਾ ਸੀ ਕਿ ਇਹ ਐਕਸ਼ਨ ਜਗਤ ਸਿੰਘ ਸੁਰਸਿੰਘ, ਸਾਜ਼ਿਸ਼ ਕੇਸ ਵਾਲਾ ਨਹੀਂ, ਦਾ ਸੀ); ਇਹ ਹਰਨਾਮ ਸਿੰਘ 17 ਅਗਸਤ ਤੋਂ ਹੀ ਗ਼ਾਇਬ ਸੀ। ਕਿਉਂ ਕਿ ਪੁਲਸ ਨੂੰ ਕਾਤਲਾਂ ਦਾ ਪਤਾ ਨਾ ਲੱਗਾ ਇਸ ਕਰ ਕੇ ਗ਼ਦਾਰਾਂ ਦੇ ਹੌਸਲੇ ਬੁਰੀ ਤਰ੍ਹਾਂ ਡਿਗੇ ਸਨ। ਗ਼ਦਾਰਾਂ ਦੀ ਬਦਕਿਸਮਤੀ ਕਿ 3 ਸਤੰਬਰ ਨੂੰ, ਅਪਣੇ ਹੀ ਇਕ ਦੋਸਤ, ਰਾਮ ਸਿੰਘ ਹੱਥੋਂ ਗ਼ਲਤੀ ਨਾਲ ਗੋਲੀ ਚਲ ਜਾਣ ਕਾਰਨ ਅਰਜਨ ਸਿੰਘ ਵੀ ਮਾਰਿਆ ਗਿਆ। ਹੁਣ ਬੇਲਾ ਸਿੰਘ ਸਿੱਖ ਆਗੂਆਂ 'ਤੇ ਵਾਰ ਕਰਨਾ ਚਾਹੁੰਦਾ ਸੀ।
5 ਸਤੰਬਰ ਦਿਨ ਉਸ ਦੇ ਸਸਕਾਰ ਮਗਰੋਂ ਸਿੱਖ ਗੁਰਦੁਆਰੇ ਵਿਚ ਬੈਠੇ ਸੀ ਤਾਂ ਬੇਲਾ ਸਿੰਘ ਨੇ ਭਾਗ ਸਿੰਘ (ਭਿੱਖੀ ਵਿੰਡ, ਜ਼ਿਲ੍ਹਾ ਅੰਮ੍ਰਿਤਸਰ) 'ਤੇ ਗੋਲੀਆਂ ਚਲਾਈਆਂ। ਉਸ ਦੇ ਬਚਾਅ ਵਾਸਤੇ ਬਤਨ ਸਿੰਘ (ਦਲੇਲ ਸਿੰਘ ਵਾਲਾ, ਜ਼ਿਲ੍ਹਾ ਮਾਨਸਾ) ਅੱਗੇ ਆਇਆ। ਬੇਲਾ ਸਿੰਘ ਨੇ ਉਸ 'ਤੇ ਵੀ ਫ਼ਾਇਰ ਕਰ ਦਿੱਤਾ। ਉਹ ਦੋਵੇਂ ਅਗਲੇ ਦਿਨ ਚੜ੍ਹਾਈ ਕਰ ਗਏ। ਭਾਵੇਂ ਸਰਕਾਰ ਨੇ ਬੇਲਾ ਸਿੰਘ 'ਤੇ ਮੁਕੱਦਮਾ ਚਲਾਇਆ ਪਰ ਇਹ ਦਿਖਾਵੇ ਦੀ ਕਾਰਵਾਈ ਸੀ। ਬੇਲਾ ਸਿੰਘ ਦੇ ਹੱਕ ਵਿਚ ਮੁਕਾਮੀ ਹਿੰਦੂਆਂ ਬਾਬੂ, ਠਾਕਰ, ਸੇਵਾ, ਅਮਰ, ਨੱਥਾ, ਗੰਗੂ ਰਾਮ ਤੇ ਡਾ: ਰਘੂ ਨਾਥ ਤੋਂ ਇਲਾਵਾ ਹਾਪਕਿਨਸਨ ਸਫ਼ਾਈ ਦੇ ਗਵਾਹ ਵਜੋਂ ਪੇਸ਼ ਹੋਇਆ ਤੇ ਇਨ੍ਹਾਂ ਦੋ ਕਤਲਾਂ ਨੂੰ ਆਪਣੇ ਬਚਾਅ ਵਾਸਤੇ ਕੀਤੇ ਕਤਲ ਗਰਦਾਨਿਆ।ਇਸ ਮਗਰੋਂ ਸਰਕਾਰ ਨੇ ਚੋਖਾ ਈਨਾਮ ਅਤੇ ਜ਼ਮੀਨ ਦੇ ਕੇ ਬੇਲਾ ਸਿੰਘ ਨੂੰ ਪੰਜਾਬ ਭੇਜ ਦਿੱਤਾ ਤੇ ਉਹ ਆਪਣੇ ਪਿੰਡ ਜਿਆਣ ਵਿਚ ਹੀ ਰਹਿਣ ਲਗ ਪਿਆ। ਏਥੇ ਵੀ ਉਸ ਨੇ ਪੁਲਸ ਨੂੰ ਬਬਰ ਅਕਾਲੀਆਂ ਦੇ ਖ਼ਿਲਾਫ਼ ਸੂਹਾਂ ਦਿਤੀਆਂ। ਉਸ ਨੂੰ ਸਰਕਾਰੀ ਹਿਫ਼ਾਜ਼ਤ ਵੀ ਦਿੱਤੀ ਗਈ ਇਸ ਕਰ ਕੇ ਸਿੱਖ ਉਸ ਨੂੰ ਸਜ਼ਾ ਨਾ ਦੇ ਸਕੇ। ਹੌਲੀ ਹੌਲੀ ਉਹ ਵੀ ਸਿੱਖਾਂ ਵੱਲੋਂ ਬੇਫ਼ਿਕਰਾ ਹੋ ਗਿਆ। ਅਖ਼ੀਰ 8 ਦਸੰਬਰ 1933 ਦੇ ਦਿਨ ਜਦ ਉਹ ਇਕੱਲਾ ਸ਼ਹਿਰੋਂ ਆ ਰਿਹਾ ਸੀ ਤਾਂ ਬਬਰਾਂ ਨੇ ਉਸ ਨੂੰ ਕਤਲ ਕਰ ਦਿੱਤਾ। ਉਸ ਦੇ ਕਤਲ ਸਬੰਧੀ ਹਰੀ ਸਿੰਘ ਸੂੰਢ ਅਤੇ ਉਸ ਦੇ ਕੁਝ ਸਾਥੀਆਂ 'ਤੇ ਮੁਕੱਦਮਾ ਚਲਾਇਆ ਗਿਆ ਪਰ ਸਬੂਤ ਨਾ ਮਿਲ ਸਕਣ ਕਰ ਕੇ ਉਹ ਬਰੀ ਹੋ ਗਏ। ਇਕ ਰਿਵਾਇਤ ਮੁਤਾਬਿਕ ਉਸ ਦਾ ਕਤਲ ਅਪਰੈਲ-ਮਈ 1934 ਵਿੱਚ ਹੋਇਆ ਸੀ।
1986 - ਕਪੂਰਥਲਾ ਵਿੱਚ ਹਿੰਦੂ ਦਹਿਸ਼ਤਗਰਦਾਂ ਨੇ ਸਿੱਖ ਬੱਚਿਆਂ 'ਤੇ ਜਾਨਲੇਵਾ ਹਮਲਾ ਕੀਤਾ।
8 ਦਸੰਬਰ 1986 ਦੇ ਦਿਨ ਕਪੂਰਥਲਾ ਵਿਚ ਦਹਿਸ਼ਤਗਰਦ ਹਿੰਦੂਆਂ ਨੇ ਸਿੱਖਾਂ ਦੇ ਨਿੱਕੇ-ਨਿੱਕੇ ਬੱਚਿਆਂ ਉੱਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕੀਤਾ। ਪੁਲੀਸ ਕੋਲ ਖੜ੍ਹੀ ਤਮਾਸ਼ਾ ਵੇਖਦੀ ਰਹੀ।
1989 - ਰਣਜੀਤ ਸਿੰਘ ਰਾਣਾ ਪਠਾਣ ਮਾਜਰਾ ਨੂੰ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ ਗਿਆ।
8 ਦਸੰਬਰ 1989 ਦੇ ਦਿਨ ਪੰਜਾਬ ਪੁਲਸ ਨੇ ਰਣਜੀਤ ਸਿੰਘ ਰਾਣਾ (ਵਾਸੀ ਪਠਾਣ ਮਾਜਰਾ) ਨੂੰ ਇਕ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।
1990 - ਚਾਨਣ ਸਿੰਘ ਮੱਲੋਕੇ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕੀਤਾ ਗਿਆ।
8 ਦਸੰਬਰ 1990 ਦੇ ਦਿਨ ਪੰਜਾਬ ਪੁਲਸ ਨੇ ਚਾਨਣ ਸਿੰਘ (ਵਾਸੀ ਮੱਲੋਕੇ, ਫ਼ੀਰੋਜ਼ਪੁਰ) ਨੂੰ ਇਕ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।
1992 - ਅਮਰ ਸਿੰਘ ਤਲਵੰਡੀ ਦੀ ਨਕਲੀ ਮੁਕਾਬਲੇ ਵਿੱਚ ਸ਼ਹੀਦੀ ਹੋਈ।
8 ਦਸੰਬਰ 1992 ਦੇ ਦਿਨ ਪੰਜਾਬ ਪੁਲਸ ਨੇ ਅਮਰ ਸਿੰਘ ਪੁੱਤਰ ਮੇਜਰ ਸਿੰਘ, ਵਾਸੀ ਤਲਵੰਡੀ ਦਸੌਂਦਾ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਨੂੰ ਇਕ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।
1993 - ਕੁਲਵਿੰਦਰ ਸਿੰਘ ਫੇਰੂਮਾਨ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕੀਤਾ ਗਿਆ।
8 ਦਸੰਬਰ 1993 ਦੇ ਦਿਨ ਪੰਜਾਬ ਪੁਲਸ ਨੇ ਕੁਲਵਿੰਦਰ ਸਿੰਘ ਪੁੱਤਰ ਤਾਰਾ ਸਿੰਘ, ਵਾਸੀ ਫੇਰੂਮਾਨ, ਜ਼ਿਲ੍ਹਾ ਅੰਮ੍ਰਿਤਸਰ ਨੂੰ ਇਕ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।
2013 - ਦਿੱਲੀ ਅਸੈਂਬਲੀ ਚੋਣਾਂ ਵਿੱਚ 9 ਸਿੱਖਾਂ ਨੇ ਜਿੱਤਾਂ ਦਰਜ ਕੀਤੀਆਂ।
4 ਦਸੰਬਰ 2013 ਦੇ ਦਿਨ ਹੋਈਆਂ ਦਿੱਲੀ ਅਸੈਂਬਲੀ ਦੀਆਂ ਚੋਣਾਂ ਦੇ ਨਤੀਜੇ 8 ਦਸੰਬਰ ਨੂੰ ਐਲਾਨੇ ਗਏ। ਇਨ੍ਹਾਂ ਚੋਣਾਂ ਵਿਚ ਕੁਲ 70 ਸੀਟਾਂ ਵਿਚੋਂ 9 ਸੀਟਾਂ 'ਤੇ ਸਿੱਖ ਉਮੀਦਵਾਰ ਜਿੱਤੇ। ਇਨ੍ਹਾਂ ਵਿਚੋਂ 3 ਆਮ ਆਦਮੀ ਪਾਰਟੀ ਦੇ, 3 ਭਾਜਪਾ ਦੇ, 2 ਕਾਂਗਰਸ ਦੇ ਤੇ 1 ਬਾਦਲ ਅਕਾਲੀ ਦਲ ਦਾ ਸੀ। ਸਪੀਕਰ ਦਾ ਅਹੁਦਾ ਆਮ ਆਦਮੀ ਪਾਰਟੀ ਦੇ ਮਨਿੰਦਰ ਸਿੰਘ ਧੀਰ ਨੂੰ ਦਿੱਤਾ ਗਿਆ।