1664 - ਗੁਰੂ ਤੇਗ਼ ਬਹਾਦਰ ਗੁਰੂ ਦਾ ਚੱਕ (ਅੰਮ੍ਰਿਤਸਰ) ਪੁੱਜੇ।
ਗੁਰਗੱਦੀ ਸਭਾਲਣ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਪਹਿਲਾਂ ਕੀਰਤਪੁਰ ਗਏ ਤੇ ਬੀਬੀ ਰੂਪ ਕੌਰ ਅਤੇ ਹੋਰ ਰਿਸ਼ਤੇਦਾਰਾਂ ਨੂੰ ਮਿਲਣ ਮਗਰੋਂ ਮਾਝਾ ਤੇ ਮਾਲਵਾ ਵਿਚ ਧਰਮ ਪ੍ਰਚਾਰ ਦੇ ਦੌਰੇ 'ਤੇ ਚੱਲ ਪਏ। ਇਸ ਸਮੇਂ ਭਾਈ ਮੱਖਣ ਸ਼ਾਹ ਲੁਬਾਣਾ, ਦੀਵਾਨ ਦਰਗਹ ਮੱਲ ਅਤੇ ਕੁਝ ਹੋਰ ਦਰਬਾਰੀ ਸਿੱਖ ਗੁਰੂ ਜੀ ਦੇ ਨਾਲ ਸਨ। ਆਪ ਸਭ ਤੋਂ ਪਹਿਲਾਂ 22 ਨਵੰਬਰ 1664 ਦੇ ਦਿਨ ਗੁਰੂ ਦਾ ਚੱਕ (ਹੁਣ ਅੰਮ੍ਰਿਤਸਰ) ਗਏ। ਗੁਰੂ ਦਾ ਚੱਕ ਵਿਚ ਹਰਜੀ (ਪੁਤਰ ਮਿਹਰਬਾਨ ਤੇ ਪੋਤਾ ਪ੍ਰਿਥੀ ਚੰਦ ਮੀਣਾ) ਅਤੇ ਉਸ ਦੇ ਪੁੱਤਰਾਂ ਨੇ ਆਪ ਜੀ ਨੂੰ 'ਜੀ ਆਇਆਂ' ਆਖਿਆ। ਗੁਰੂ ਸਾਹਿਬ ਨੇ ਦਰਬਾਰ ਸਾਹਿਬ ਦੇ ਮੁੱਖ ਗੇਟ 'ਤੇ, ਅਕਾਲ ਤਖਤ ਸਾਹਿਬ ਦੇ ਨੇੜੇ, ਇਕ ਟਿੱਬੇ 'ਤੇ ਦੀਵਾਨ ਸਜਾਇਆ (ਇਸ ਥਾਂ ਹੁਣ ਗੁਰਦੁਆਰਾ ਥੜ੍ਹਾ ਸਾਹਿਬ ਬਣਿਆ ਹੋਇਆ ਹੈ)। ਇਸ ਸਬੰਧੀ ਇਕ ਇੰਦਰਾਜ ਭੱਟ ਵਹੀਆਂ ਵਿਚ ਇੰਞ ਮਿਲਦਾ ਹੈ:"ਗੁਰੂ ਤੇਗ਼ ਬਹਾਦਰ ਜੀ ਮਹਲ ਨਾਮਾਂ ਬੇਟਾ ਗੁਰੂ ਹਰਿਗੋਬਿੰਦ ਜੀ ਕਾ ਪੋਤਾ ਗੁਰੂ ਅਰਜਨ ਜੀ ਕਾ, ਸਾਲ ਸਤਰਾਂ ਸੈ ਇਕੀਸ ਮਘਸਰ ਕੀ ਪੂਰਨਿਮਾ ਕੇ ਦਿਹੁੰ ਗੁਰੂ ਕੇ ਚੱਕ ਮਲਹਾਨ ਪਰਗਨਾ ਅਜਨਾਲਾ ਆਏ। ਸਾਥ ਦਵਾਰਕਾ ਦਾਸ ਬੇਟਾ ਅਰਜਾਨੀ ਸਾਹਿਬ ਭੱਲਾ ਕਾ, ਦੀਵਾਨ ਦਰਘਾ ਮਲ ਬੇਟਾ ਦਵਾਰਕਾ ਦਾਸ ਛਿਬਰ ਕਾ, ਮਖਣ ਸ਼ਾਹ ਬੇਟਾ ਦਾਸੇ ਕਾ ਪੇਲੀਆ ਬਣਜਾਰਾ ਹੋਰ ਸਿੱਖ ਫਕੀਰ ਆਏ। ਗੁਰੂ ਜੀ ਨੇ ਦਰਬਾਰ ਕੇ ਆਗੇ ਇਕ ਉਚੇ ਚਬੂਤਰੇ ਤੇ ਆਸਨ ਲਾਇਆ। ਸਤਿਗੁਰੂ ਕਾ ਨਗਰੀ ਆਨਾ ਸੁਣ ਹਰਿ ਜੀ ਬੇਟਾ ਮਨੋਹਰ ਜੀ ਕਾ ਪੋਤਾ ਪ੍ਰਿਥੀ ਚੰਦ ਜੀ ਕਾ ਬੰਸ ਗੁਰੂ ਰਾਮਦਾਸ ਜੀ ਮਹਲ ਚੌਥੇ ਕੀ ਸੰਗਤ ਕੋ ਗੈਲ ਲੈ ਦਰਸ਼ਨ ਪਾਣੇ ਆਏ।" (ਭੱਟ ਵਹੀ ਤੂਮਰ ਬਿੰਜਲਉਂਤੋਂ ਕੀ)।
ਆਪ ਇਕ ਰਾਤ ਇਥੇ ਰਹਿਣ ਮਗਰੋਂ ਵੱਲਾ ਪਿੰਡ ਵੱਲ ਚਲੇ ਗਏ। ਮਗਰੋਂ ਕਿਸੇ ਲੇਖਕ ਨੇ ਇਹ ਕਹਾਣੀ ਘੜ ਲਈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਗੁਰੂ ਦਾ ਚੱਕ ਆਏ ਤਾਂ ਧੀਰਮਲੀਆਂ ਨੇ ਦਰਵਾਜ਼ੇ ਬੰਦ ਕਰ ਲਏ। ਇਹ ਗੱਲ ਸਹੀ ਨਹੀਂਂ ਹੈ ਕਿਉਂਕਿ ਉਸ ਵੇਲੇ ਗੁਰੂ ਦਾ ਚੱਕ ਦੀ ਸੇਵਾ ਸੰਭਾਲ ਧੀਰ ਮੱਲ ਕੋਲ ਨਹੀਂ ਸੀ ਬਲਕਿ ਪ੍ਰਿਥੀ ਚੰਦ (ਮੀਣਾ) ਦੇ ਪੋਤੇ ਹਰਿ ਜੀ ਕੋਲ ਸੀ। ਇਹ ਲੇਖਕ ਧੀਰ ਮੱਲ ਦੀ ਬਕਾਲਾ ਵਿਚ ਕੀਤੀ ਸਾਜ਼ਿਸ਼ ਨੂੰ ਗੁਰੂ ਦਾ ਚੱਕ (ਅੰਮ੍ਰਿਤਸਰ) ਵਿਚ ਵੀ ਸ਼ਾਮਿਲ ਕਰ ਦੇਂਦੇ ਹਨ। ਦੂਜਾ, ਦਰਵਾਜ਼ੇ ਬੰਦ ਕਰਨਾ ਵੀ ਸਹੀ ਨਹੀਂ ਹੈ। ਉਦੋਂ ਦਰਬਾਰ ਸਾਹਿਬ ਵਿਚ ਕਿਤੇ ਕੋਈ ਦਰਵਾਜ਼ਾ ਨਹੀਂ ਸੀ। ਹੋਰ ਤਾਂ ਹੋਰ ਦਰਬਾਰ ਸਾਹਿਬ ਦੀ ਪਰਕਰਮਾ ਵੀ ਬਹੁਤ ਬਾਅਦ ਵਿਚ (1830 ਤੋਂ ਮਗਰੋਂ) ਬਣੀ ਸੀ। ਤੀਜਾ, ਇਹ ਲੇਖਕ ਗੁਰੂ ਤੇਗ਼ ਬਹਾਦਰ ਸਾਹਿਬ ਵਲੋਂ ਗੁਰੂ ਦਾ ਚੱਕ ਦੇ ਲੋਕਾਂ ਨੂੰ 'ਅੰਬਰਸਰੀਏ ਅੰਦਰਸੜੀਏ' ਦਾ ਸਰਾਪ ਦੇਣ ਦਾ ਜ਼ਿਕਰ ਕਰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਗੁਰੂ ਸਾਹਿਬ ਦੇ ਵੇਲੇ ਤਾਂ ਕੀ ਇਸ ਤੋਂ ਇਕ ਸੌ ਸਾਲ ਮਗਰੋਂ ਵੀ ਗੁਰੂ ਦਾ ਚੱਕ ਦਾ ਨਾਂ ਅੰਮ੍ਰਿਤਸਰ ਨਹੀਂਂ ਸੀ ਬਣਿਆ। ਇਸ ਤੋਂ ਇਲਾਵਾ ਗੁਰੂ ਸਾਹਿਬ ਸਰਾਪ ਵੀ ਨਹੀਂਂ ਸਨ ਦੇ ਸਕਦੇ। ਇਹ ਵੀ ਦਿਲਚਸਪ ਹੈ ਕਿ ਇਹੋ ਜਿਹਾ ਪਰਚਾਰ ਕਰਨ ਵਾਲੇ ਲੇਖਕ ਮੁਤਾਬਿਕ "ਜਦ ਵੱਲੇ ਦੀਆਂ ਬੀਬੀਆਂ ਨੂੰ ਪਤਾ ਲਗਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਦਰਬਾਰ ਸਾਹਿਬ ਵਿਚ ਵੜਨ ਨਹੀਂ ਦਿਤਾ ਗਿਆ ਤਾਂ ਇਹ ਬੀਬੀਆਂ ਗੁਰੂ ਦਾ ਚੱਕ ਆਈਆਂ ਅਤੇ ਉਨ੍ਹਾਂ ਨੇ ਦਰਬਾਰ ਸਾਹਿਬ 'ਤੇ ਕਾਬਜ਼ ਟੋਲੇ ਨੂੰ ਲਾਅਨਤਾਂ ਪਾਈਆਂ। ਇਸ ਮਗਰੋਂ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਦਰਬਾਰ ਵਿਚ ਦਾਖ਼ਲ ਹੋਣ ਦਿਤਾ ਗਿਆ।" ਵਾਰੇ ਵਾਰੇ ਜਾਈਏ ਅਜਿਹੇ ਤਵਾਰੀਖ਼ ਲੇਖਕਾਂ ਅਤੇ ਜਿਓਗਰਾਫ਼ੀਏ ਦੇ ਮਾਹਿਰਾਂ ਤੋਂ। ਵੱਲਾ ਪਿੰਡ ਗੁਰੂ ਦਾ ਚੱਕ (ਅੰਮ੍ਰਿਤਸਰ) ਤੋਂ ਨੌਂ ਕਿਲੋਮੀਟਰ ਦੂਰ ਹੈ ਤੇ 1664 ਵਿੱਚ ਗੁਰੂ ਜੀ ਦਾ ਉੱਥੇ ਜਾਣਾ, ਮਾਈਆਂ ਨੂੰ ਹਾਲ ਦਸਣਾ (ਜਾਂ ਪਤਾ ਲਗਣਾ), ਮਾਈਆਂ ਦਾ ਗੁਰੂ ਦਾ ਚੱਕ ਜਾਣਾ ਤੇ ਫਿਰ ਗੁਰੂ ਸਾਹਿਬ ਦਾ ਮੁੜ ਉੱਥੇ ਜਾਣਾ ਅਤੇ ਹਰਿਮੰਦਰ ਵਿਚ ਮੱਥਾ ਟੇਕਣਾ; ਇਹ ਸਾਰਾ ਕੁਝ ਅਜੀਬ ਤਵਾਰੀਖ਼ ਲੇਖਕ ਇੱਕੋ ਦਿਨ ਵਿੱਚ ਕਰਵਾ ਦਿੰਦੇ ਹਨ। ਸ਼ਾਇਦ ਬੀਬੀਆਂ ਨੂੰ ਮੋਬਾਈਲ 'ਤੇ ਖ਼ਬਰ ਮਿਲੀ ਹੋਵੇ ਤੇ ਉਨ੍ਹਾਂ ਕੋਲ ਹੈਲੀਕਾਪਟਰ ਵੀ ਹੋਵੇ? ਇਹੋ ਜਿਹੇ ਗਪੌੜੇ-ਹੈਲੀਕਾਪਟਰ ਮਹਾਂਭਾਰਤ ਤੇ ਰਾਮਾਇਣ ਨਾਵਲਾਂ ਵਿਚ ਵੀ ਦੱਸੇ ਹੋਏ ਹਨ। ਅਜਿਹਾ ਜਾਪਦਾ ਹੈ ਕਿ ਇਹ ਕਹਾਣੀ ਕਿਸੇ ਅਜਿਹੇ ਲੇਖਕ ਨੇ ਘੜੀ ਹੋਵੇਗੀ ਜਿਸ ਨੂੰ ਅੰਮ੍ਰਿਤਸਰ ਦੇ ਲੋਕਾਂ ਨੇ ਇਜ਼ਤ ਨਹੀਂ ਸੀ ਬਖ਼ਸ਼ੀ।
1848 - ਰਾਮਨਗਰ/ਰਸੂਲ ਨਗਰ ਵਿਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲੜਾਈ ਹੋਈ।
1846 ਵਿੱਚ ਅੰਗਰੇਜ਼ਾਂ ਨੇ ਗ਼ੱਦਾਰਾਂ ਦੀ ਸਾਜ਼ਿਸ਼ ਸਦਕਾ ਸਿੱਖਾਂ ਨੂੰ ਹਰਾ ਦਿੱਤਾ ਅਤੇ ਅਸਿੱਧੇ ਤਰੀਕੇ ਨਾਲ ਲਾਹੌਰ 'ਤੇ ਤਕਰੀਬਨ ਕਬਜ਼ਾ ਹੀ ਕਰ ਲਿਆ ਸੀ। ਦਰਅਸਲ ਲਾਰਡ ਡਲਹੌਜ਼ੀ ਨੇ ਪੰਜਾਬ 'ਤੇ ਮੁਕੰਮਲ ਕਬਜ਼ਾ ਕਰਨ ਦਾ ਫ਼ੈਸਲਾ ਕਰ ਲਿਆ ਹੋਇਆ ਸੀ। ਉਸ ਨੇ ਇਨ੍ਹੀਂ ਦਿਨੀਂ ਆਪਣੇ ਇਕ ਨੋਟ ਵਿਚ ਲਿਖਿਆ ਸੀ ਕਿ 'ਜਦ ਤਕ ਫ਼ੌਜ ਵਿਚ ਸਿੱਖ ਕਾਇਮ ਹਨ ਤੇ ਸਿੱਖ ਅਫ਼ਸਰ ਅਹੁਦਿਆਂ 'ਤੇ ਤਾਇਨਾਤ ਹਨ, ਉਦੋਂ ਤਕ ਸਿੱਖਾਂ ਵੱਲੋਂ ਬਗ਼ਾਵਤ ਕਰਨ ਦੇ ਆਸਾਰ ਯਕੀਨਨ ਕਾਇਮ ਰਹਿਣਗੇ।' ਇਸ ਕਰ ਕੇ ਸਭ ਤੋਂ ਪਹਿਲਾਂ ਉਸ ਨੇ ਚਤਰ ਸਿੰਘ ਤੇ ਉਸ ਦੇ ਪੁੱਤਰ ਸ਼ੇਰ ਸਿੰਘ ਅਟਾਰੀਵਾਲਾ ਨੂੰ ਹਟਾਉਣ ਦੀਆਂ ਤਰਕੀਬਾਂ ਸ਼ੁਰੂ ਕਰ ਦਿੱਤੀਆਂ। ਚਤਰ ਸਿੰਘ ਦੀ ਧੀ ਦੀ ਮੰਗਣੀ ਮਹਾਰਾਜਾ ਦਲੀਪ ਨਾਲ ਹੋਈ ਹੋਈ ਸੀ। ਜਦ ਅੰਗਰੇਜ਼ਾਂ ਨੇ ਅਟਾਰੀਵਾਲਿਆਂ 'ਤੇ ਵਾਰ ਕੀਤਾ ਤਾਂ ਉਨ੍ਹਾਂ (ਅਟਾਰੀਵਾਲਿਆਂ) ਨੇ ਵੀ ਜੰਗ ਕਰਨ ਦਾ ਫ਼ੈਸਲਾ ਕਰ ਲਿਆ। ਅਟਾਰੀਵਾਲਿਆਂ ਅਤੇ ਅੰਗਰੇਜ਼ਾਂ ਵਿਚਕਾਰ ਜੰਗ ਦੀਆਂ ਤਿਆਰੀਆਂ ਦਾ ਮਾਹੌਲ ਤਕਰੀਬਨ ਦੋ ਮਹੀਨੇ ਚਲਦਾ ਰਿਹਾ। ਦੋਹਾਂ ਧਿਰਾਂ ਵਿਚਕਾਰ ਪਹਿਲੀ ਲੜਾਈ 22 ਨਵੰਬਰ 1884 ਦੇ ਦਿਨ ਰਾਮਨਗਰ ਵਿਚ ਹੋਈ। ਅੰਗਰੇਜ਼ੀ ਫ਼ੌਜ ਦੀ ਕਮਾਂਡ ਜਨਰਲ ਗੱਫ਼ ਕੋਲ ਸੀ। ਭਾਵੇਂ ਇਹ ਲੜਾਈ ਬਿਨਾਂ ਕਿਸੇ ਫ਼ੈਸਲੇ ਦੇ ਖ਼ਤਮ ਹੋ ਗਈ ਪਰ ਇਸ ਲੜਾਈ ਵਿਚ ਦੋਹਾਂ ਧਿਰਾਂ ਦਾ ਕਾਫ਼ੀ ਨੁਕਸਾਨ ਹੋਇਆ। ਅੰਗਰੇਜ਼ਾਂ ਦੇ ਸੈਂਕੜੇ ਫ਼ੌਜੀਆਂ ਤੋਂ ਇਲਾਵਾ ਉਨ੍ਹਾਂ ਦੇ ਬਰਗੇਡੀਅਰ ਜਨਰਲ ਕਿਊਰਟਨ ਅਤੇ ਲੈਫ਼ਟੀਨੈਂਟ ਕਰਨਲ ਹੈਵਲਾਕ ਵੀ ਮਾਰੇ ਗਏ। ਏਨਾ ਨੁਕਸਾਨ ਕਰਵਾਉਣ ਤੋਂ ਬਾਅਦ ਅੰਗਰੇਜ਼ ਕਈ ਹਫ਼ਤੇ ਸਹਿਮੇ ਰਹੇ ਅਤੇ ਅਗਲਾ ਪੈਂਤੜਾ ਸੋਚਦੇ, ਪਰ ਉਪਰਲੇ ਅਫ਼ਸਰਾਂ ਦਾ ਹੁਕਮ ਉਡੀਕਦੇ, ਰਹੇ।
1949 - ਸੰਨ 1947 ਤੋਂ ਮਗਰੋਂ ਨਨਕਾਣਾ ਸਾਹਿਬ ਦੀ ਯਾਤਰਾ ਪਹਿਲੀ ਵਾਰ ਸ਼ੁਰੂ ਹੋਈ।
1947 ਵਿੱਚ ਪਾਕਿਸਤਾਨ ਬਣਨ ਮਗਰੋਂ ਸਿੱਖਾਂ ਨੂੰ ਪੱਛਮੀ ਪੰਜਾਬ ਛੱਡਣਾ ਪਿਆ। ਨਨਕਾਣਾ ਸਾਹਿਬ ਕਿਉਂ ਕਿ ਉੱਧਰ ਸੀ ਇਸ ਕਰ ਕੇ ਸਿੱਖ ਉਥੇ ਜਾ ਨਹੀਂ ਸਕਦੇ ਸਨ। ਅਖ਼ੀਰ ਜਦ ਸਿਆਸੀ ਹਾਲਤ ਨਾਰਮਲ ਜਿਹੇ ਹੋ ਗਏ ਤਾਂ ਸਿੱਖਾਂ ਨੂੰ ਪਾਕਿਸਤਾਨ ਜਾਣ ਦੀ ਖੁਲ੍ਹ ਮਿਲਣ ਲਗ ਪਈ। 22 ਨਵੰਬਰ 1949 ਦੇ ਦਿਨ ਪਹਿਲਾ ਜਥਾ ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾਉਣ ਵਾਸਤੇ ਉਥੇ ਗਿਆ।
1967 - ਸਿੱਖ ਆਗੂ ਮਾਸਟਰ ਤਾਰਾ ਸਿੰਘ ਚੜ੍ਹਾਈ ਕਰ ਗਏ।
ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਸਿੱਖਾਂ ਵਿਚ ਸਭ ਤੋਂ ਵਧ ਨਾਂ ਕਮਾਉਣ ਵਾਲੇ ਮਾਸਟਰ ਤਾਰਾ ਸਿੰਘ ਦੀ ਮੌਤ 22 ਨਵੰਬਰ 1967 ਦੇ ਦਿਨ ਹੋਈ। ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ 1885 ਦੇ ਦਿਨ ਬਖ਼ਸ਼ੀ ਗੋਪੀ ਚੰਦ ਮਲਹੌਤਰਾ ਦੇ ਘਰ ਪਿੰਡ ਹਰਿਆਲ ਰਾਵਲਪਿੰਡੀ ਵਿਚ ਹੋਇਆ। ਸਕੂਲ ਦੀ ਪੜ੍ਹਾਈ ਦੇ ਦੋਰਾਨ ਹੀ ਉਸ ਨੇ ਖੰਡੇ ਦੀ ਪਾਹੁਲ ਲੈ ਲਈ ਤੇ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਿਆ। ਕਾਲਸ ਦਾਖ਼ਲ ਹੋਣ ਵੇਲੇ ਤਕ ਉਸ ਦੀ ਸ਼ਖ਼ਸੀਅਤ ਵਿਚ ਇਕ ਆਗੂ ਜਨਮ ਲੈ ਚੁਕਾ ਸੀ। ਅੰਗਰੇਜ਼ੀ ਹਕੂਮਤ ਦੌਰਾਨ ਪੰਜਾਬ ਵਿੱਚ ਹੋਈ ਪਹਿਲੀ ਸਿਆਸੀ ਐਜੀਟੇਸ਼ਨ (1907) ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਵੱਲੋਂ ਪਾਏ ਗਏ ਹਿੱਸੇ ਦੀ ਉਸ ਨੇ ਹੀ ਅਗਵਾਈ ਕੀਤੀ ਸੀ। ਇਸ ਤੋਂ ਅਗਲੇ ਸਾਲ ਹੀ ਉਹ ਲਾਇਲਪੁਰ (ਹੁਣ ਫ਼ੈਸਲਾਬਾਦ) ਵਿਚ ਖਾਲਸਾ ਸਕੂਲ ਦਾ ਹੈੱਡਮਾਸਟਰ ਬਣ ਗਿਆ ਤੇ ਸਿਰਫ਼ 15 ਰੁਪਏ ਮਹੀਨਾ ਤਨਖ਼ਾਹ 'ਤੇ ਕੰਮ ਕਰਨਾ ਮਨਜ਼ੂਰ ਕੀਤਾ। ਇੱਥੋਂ ਹੀ ਉਸ ਨੇ 'ਸੱਚਾ ਢੰਡੋਰਾ' ਅਤੇ ਫਿਰ 'ਪ੍ਰਦੇਸੀ ਖਾਲਸਾ' ਨਾਂ ਦੀਆਂ ਅਖ਼ਬਾਰਾਂ ਕੱਢਣੀਆਂ ਸ਼ੁਰੂ ਕੀਤੀਆਂ। 1920 ਵਿਚ ਜਦ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਤਾਂ ਮਾਸਟਰ ਤਾਰਾ ਸਿੰਘ ਦਾ ਉਸ ਵਿਚ ਵੱਡਾ ਰੋਲ ਸੀ। ਉਹ ਸ਼੍ਰੋਮਣੀ ਕਮੇਟੀ ਦਾ ਪਹਿਲਾ ਸਕੱਤਰ ਵੀ ਸੀ (ਤੇ ਮਗਰੋਂ ਕਈ ਸਾਲ ਪ੍ਰਧਾਨ ਵੀ ਰਿਹਾ)। ਉਸ ਦੀ ਪਹਿਲੀ ਗ੍ਰਿਫ਼ਤਾਰੀ 'ਚਾਬੀਆਂ ਦਾ ਮੋਰਚਾ' (ਨਵੰਬਰ 1921) ਵਿੱਚ ਹੋਈ ਸੀ। ਇਸ ਮਗਰੋਂ ਤਕਰੀਬਨ ਹਰ ਮੋਰਚੇ ਵਿਚ ਉਹ ਜੇਲ੍ਹ ਗਿਆ ਤੇ ਕਈ ਸਾਲ ਜੇਲ੍ਹਾਂ ਵਿਚ ਕੱਟੇ। ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਲੀਗ ਦੇ ਵੀ ਪ੍ਰਧਾਨ ਰਹੇ। ਉਨ੍ਹਾਂ ਨੇ ਨਹਿਰੂ ਰਿਪੋਰਟ (1925) ਦੇ ਖ਼ਿਲਾਫ਼ ਕੌਮ ਨੂੰ ਅਗਵਾਈ ਦਿੱਤੀ। ਫ਼ਿਰਕੂ ਫ਼ੈਸਲੇ (1932) ਦੇ ਖ਼ਿਲਾਫ਼ ਉਨ੍ਹਾਂ ਨੇ 'ਜਹਾਦ' ਖੜ੍ਹਾ ਕੀਤਾ। 1932 ਤੋਂ 1947 ਤਕ ਉਸ ਨੇ ਸਿੱਖ ਹੱਕਾਂ ਵਾਸਤੇ ਲਾਸਾਨੀ ਰੋਲ ਅਦਾ ਕੀਤਾ। 'ਆਜ਼ਾਦ ਪੰਜਾਬ' ਉਸ ਦੀ ਵਧੀਆ ਸਕੀਮ ਸੀ ਜੋ ਈਰਖਾਲੂ ਆਗੂਆਂ ਦੇ ਵਿਰੋਧ ਕਾਰਨ ਸਿਰੇ ਨਾ ਚੜ੍ਹ ਸਕੀ। 1940 ਤੋਂ ਮਗਰੋਂ ਉਸ ਨੇ ਖਾਲਿਸਤਾਨ ਦਾ ਨਾਅਰਾ ਲਾਇਆ ਪਰ 'ਜੇ ਪਾਕਿਸਤਾਨ ਬਣੇ ਤਾਂ ਖਾਲਿਸਤਾਨ ਵੀ ਬਣੇ' ਦਾ 'ਨਫ਼ੀ' ਦਾ ਨਾਅਰਾ ਯਕੀਨਨ ਨਾਕਾਮਯਾਬ ਹੋਣਾ ਹੀ ਸੀ। 1947 ਵਿੱਚ ਘਬਰਾ ਕੇ 'ਤੇ ਡਰ ਕੇ ਉਸ ਨੇ ਸਿੱਖਾਂ ਨੂੰ ਭਾਰਤ ਦਾ ਹਿੱਸਾ ਬਣਾਉਣਾ ਮਨਜ਼ੂਰ ਕੀਤਾ। ਇਹ ਗ਼ਲਤ ਹੈ ਕਿ ਅੰਗਰੇਜ਼ ਖਾਲਿਸਤਾਨ ਦਿੰਦੇ ਸਨ ਪਰ ਬਲਦੇਵ ਸਿੰਘ ਜਾਂ ਤਾਰਾ ਸਿੰਘ ਨੇ ਲੈਣ ਤੋਂ ਨਾਂਹ ਕੀਤੀ। ਹਾਂ ਇਹ ਜ਼ਰੂਰ ਸਹੀ ਹੈ ਕਿ ਮਾਸਟਰ ਤਾਰਾ ਸਿੰਘ ਤੇ ਬਾਕੀ ਆਗੂ ਅੰਗਰੇਜ਼ਾ ਦੇ ਧੱਕੇ ਤੋਂ ਘਬਰਾ ਗਏ ਤੇ ਬੌਂਦਲੇ ਹੋਇਆਂ ਨੇ ਪਾਕਿਸਤਾਨ ਵਿਚ ਜਾਣ ਤੋਂ ਬਚਣ ਲਈ ਭਾਰਤ ਵਿਚ ਸ਼ਾਮਿਲ ਹੋਣਾ ਮੰਨ ਲਿਆ। 1947 ਤੋਂ ਮਗਰੋਂ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਦੇ ਹੱਕਾਂ ਵਾਸਤੇ ਵੱਡੀ ਜੱਦੋਜਹਿਦ ਕੀਤੀ। ਜਦ ਸਾਰੇ ਸਾਥੀ ਵਜ਼ੀਰੀਆਂ ਅਤੇ ਤਾਕਤ ਵਾਸਤੇ ਕਾਂਗਰਸ ਦੀ ਝੋਲੀ ਪੈ ਕੇ ਪੰਥ ਨਾਲ ਗ਼ਦਾਰੀ ਕਰਨ ਵਾਸਤੇ ਤਿਆਰ ਹੋ ਗਏ ਤਾਂ ਉਹ ਇੱਕਲਾ ਹੀ ਚੰਦ ਕੂ ਸਾਥੀਆਂ ਸਣੇ ਡੱਟਿਆ ਰਿਹਾ। ਉਸ ਨੇ ਪੰਜਾਬੀ ਸੂਬੇ ਵਾਸਤੇ ਜੇਲ੍ਹ ਕੱਟੀ। 1947 ਤੋਂ ਮਗਰੋਂ ਉਹ ਦਰਜਨ ਤੋਂ ਵਧ ਵਾਰ ਜੇਲ੍ਹ ਗਿਆ। ਉਸ ਨੇ ਪੰਜਾਬੀ ਸੂਬੇ ਵਾਸਤੇ ਮਰਨ ਵਰਤ ਰੱਖਿਆ। ਉਸ ਨੇ ਸਿੱਖ ਹੋਮਲੈਂਡ ਦਾ ਨਾਅਰਾ ਲਾਇਆ ਤੇ ਸਿੱਖਾਂ ਦੇ ਹੱਕਾਂ ਵਾਸਤੇ ਜੱਦੋਜਹਿਦ ਕੀਤੀ।
ਮਾਸਟਰ ਤਾਰਾ ਸਿੰਘ ਇਕ ਇੰਸਟੀਚਿਊਸ਼ਨ ਸੀ। ਉਸ ਨੇ ਸੈਂਕੜੇ ਨੌਜਵਾਨਾਂ ਨੂੰ ਪੰਥ ਦੀ ਅਗਵਾਈ ਵਾਸਤੇ ਤਿਆਰ ਕੀਤਾ। ਹੁਕਮ ਸਿੰਘ, ਪ੍ਰਤਾਪ ਸਿੰਘ ਕੈਰੋਂ, ਗਿਆਨੀ ਕਰਤਾਰ ਸਿੰਘ, ਗਿਆਨ ਸਿੰਘ ਰਾੜੇਵਾਲਾ, ਅਜੀਤ ਸਿੰਘ ਸਰਹੱਦੀ, ਬਲਦੇਵ ਸਿੰਘ, ਗੁਰਮੁਖ ਸਿੰਘ ਮੁਸਾਫ਼ਿਰ, ਬੂਟਾ ਸਿੰਘ, ਗੁਰਮੀਤ ਸਿੰਘ ਮੁਕਤਸਰ, ਉਮਰਾਓ ਸਿੰਘ ਜਲੰਧਰ, ਜਸਟਿਸ ਗੁਰਨਾਮ ਸਿੰਘ, ਪ੍ਰਕਾਸ਼ ਸਿੰਘ ਬਾਦਲ ਸਾਰੇ ਉਸੇ ਦੇ ਬਣਾਏ ਹੋਏ ਆਗੂ ਸਨ ਪਰ ਸਾਰੇ ਹੀ ਇਕ-ਇਕ ਕਰ ਕੇ ਉਸ ਨੂੰ ਛੱਡ ਕੇ ਕੁਰਸੀਆਂ ਤੇ ਹੋਰ ਲਾਲਚਾਂ ਪਿੱਛੇ ਪੰਥ ਨੂੰ ਪਿੱਠ ਦਿਖਾ ਕੇ ਕਾਂਗਰਸ ਦੀ ਝੋਲੀ ਪੈ ਕੇ ਪੰਥ ਨਾਲ ਗ਼ਦਾਰੀ ਕਰਨ ਵਾਸਤੇ ਵੀ ਪੇਸ਼-ਪੇਸ਼ ਹੋਇਆ ਕਰਦੇ ਸਨ। ਪਰ ਆਫ਼ਰੀਨ ਸੀ ਉਹ ਸ਼ਖ਼ਸ ਜੋ ਵਾਰ-ਵਾਰ ਇਕੱਲਾ ਹੋਣ ਦੇ ਬਾਵਜੂਦ ਵੀ ਡੱਟ ਕੇ ਖੜ੍ਹਾ ਹੋ ਜਾਂਦਾ ਸੀ ਤੇ ਸਾਰੀ ਕੌਮ ਫਿਰ ਉਸ ਦੇ ਨਾਲ ਹੋ ਜਾਇਆ ਕਰਦੀ ਸੀ। ਇਹ ਵੀ ਕਮਾਲ ਹੈ ਕਿ 1957-58 ਵਿੱਚ ਜਦ ਸਾਰੇ ਉਸ ਨੂੰ ਛੱਡ ਗਏ ਤਾਂ ਉਸ ਨੇ 1960 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ 140 ਵਿੱਚੋਂ 136 ਸੀਟਾਂ ਜਿੱਤ ਕੇ ਦੁਨੀਆਂ ਭਰ ਵਿਚ ਇਕ ਰਿਕਾਰਡ ਕਾਇਮ ਕੀਤਾ ਜੋ ਅੱਜ ਤਕ ਕਿਸੇ ਦੇਸ਼ ਵਿਚ, ਕਿਸੇ ਪਾਰਟੀ ਨੇ ਵੀ ਕਿਸੇ ਵੀ ਚੋਣ ਵਿਚ ਤੋੜਨਾ ਤਾਂ ਕੀ ਬਰਾਬਰ ਵੀ ਨਹੀਂ ਕੀਤਾ। ਇਕ ਇਹ ਵੀ ਕਮਾਲ ਹੈ ਕਿ ਬਹੁਤ ਸਾਰੇ ਵਰਕਰ ਮਾਸਟਰ ਤਾਰਾ ਸਿੰਘ ਦੇ ਹਮੇਸ਼ਾ ਵਫ਼ਾਦਾਰ ਰਹੇ। ਇਨ੍ਹਾਂ ਵਿਚ ਲੁਧਿਆਣਾ ਦੇ ਸੰਤ ਸਿੰਘ ਗੁਜਰਖਾਨੀ, ਰਾਮ ਨਾਰਾਇਣ ਸਿੰਘ ਦਰਦੀ, ਠੇਕੇਦਾਰ ਸੁਰਜਨ ਸਿੰਘ, ਕ੍ਰਿਪਾਲ ਸਿੰਘ ਭਿੱਖੀ; ਜਲੰਧਰ ਦੇ ਗਿਆਨੀ ਗੁਰਬਖ਼ਸ਼ ਸਿੰਘ, ਗੁਰਬਚਨ ਸਿੰਘ ਗ਼ਰੀਬ, ਕਲਿਆਣ ਸਿੰਘ ਨਿਧੜਕ, ਜੀਵਨ ਸਿੰਘ ਦੁੱਗਲ; ਪਟਿਆਲਾ ਦੇ ਸਰਦਾਰਾ ਸਿੰਘ ਕੋਹਲੀ, ਅੰਮ੍ਰਿਤਸਰ ਦੇ ਅਵਤਾਰ ਸਿੰਘ ਛਤੀਰੀਆਂ ਵਾਲੇ, ਭਾਗ ਸਿੰਘ ਅਣਖੀ, ਪੂਰਨ ਸਿੰਘ ਜੋਸ਼, ਰਛਪਾਲ ਸਿੰਘ ਬੇਦੀ ਤੋਂ ਇਲਾਵਾ ਗੁਰਬਖ਼ਸ਼ ਸਿੰਘ ਐਡਵੋਕੇਟ ਗੁਰਦਾਸਪੁਰ, ਜੋਗਿੰਦਰ ਸਿੰਘ ਰੇਖੀ ਵਕੀਲ, ਚੌਧਰੀ ਕਰਤਾਰ ਸਿੰਹ ਹੁਸ਼ਿਆਰਪੁਰ ਵੀ ਸ਼ਾਮਿਲ ਸਨ।
ਮਾਸਟਰ ਤਾਰਾ ਸਿੰਘ 1909 ਵਿਚ ਸਿਆਸਤ ਵਿਚ ਆਇਆ ਸੀ ਅਤੇ 1967 ਵਿੱਚ ਉਸ ਨੇ ਚੜ੍ਹਾਈ ਕੀਤੀ। ਇਸ 58 ਸਾਲਾਂ ਵਿੱਚੋਂ 40 ਸਾਲ ਉਹ ਸਿੱਖ ਕੌਮ ਦਾ 'ਵਾਹਿਦ' ਆਗੂ ਬਣਿਆ ਰਿਹਾ। ਮਾਸਟਰ ਤਾਰਾ ਸਿੰਘ ਉਹ ਸ਼ਖ਼ਸ ਸੀ ਜਿਸ ਦੇ ਬੋਲ ਲੰਡਨ (ਅੰਗਰੇਜ਼ ਹਕੂਮਤ) ਅਤੇ ਦਿੱਲੀ (ਹਿੰਦੂ ਹਕੂਮਤ) ਦੇ ਤਖ਼ਤ ਨੂੰ ਹਿਲਾ ਦੇਂਦੇ ਸਨ। ਪੰਜਾਬ ਦੀ ਤੇ ਸਿੱਖਾਂ ਦੀ 1926 ਤੋਂ 1966 ਤੱਕ ਦੀ ਤਵਾਰੀਖ਼ ਦਰਅਸਲ ਮਾਸਟਰ ਤਾਰਾ ਸਿੰਘ ਦੀ ਜੀਵਨ ਕਹਾਣੀ ਹੀ ਹੈ। ਮਾਸਟਰ ਤਾਰਾ ਸਿੰਘ ਪੰਥ ਦਾ ਵਫ਼ਾਦਾਰ ਸਿਪਾਹੀ ਸੀ; ਉਹ ਇਕ ਅਣਥੱਕ ਜਰਨੈਲ ਸੀ; ਉਹ ਇਕ ਮਹਾਨ ਸਟੇਟਸਮੈਨ ਸੀ। ਇਸ ਸਾਰੇ ਦੇ ਨਾਲ-ਨਾਲ ਉਹ ਇਕ ਲੇਖਕ ਵੀ ਸੀ। ਉਸ ਨੇ ਦੋ ਨਾਵਲ 'ਪ੍ਰੇਮ ਲਗਨ' ਅਤੇ 'ਬਾਬਾ ਤੇਗ਼ਾ ਸਿੰਘ' ਲਿਖੇ ਸਨ। ਉਸ ਦੀਆਂ ਲੇਖਾਂ ਦੀਆਂ ਕਿਤਾਬਾਂ 'ਕਿਉ ਵਰਣੀ ਕਿਵ ਜਾਣਾ' 'ਪਿਰਮ ਪਿਆਲਾ' ਵਗ਼ੈਰਾ ਅੱਜ ਵੀ ਓਨੀ ਹੀ ਕੀਮਤ ਰਖਦੀਆਂ ਹਨ ਜਿੰਨੀਆਂ 50 ਸਾਲ ਪਹਿਲਾਂ। ਉਸ ਨੇ 'ਗ੍ਰਹਿਸਤ ਧਰਮ ਸਿਖਿਆ' ਕਿਤਾਬ ਲਿਖ ਕੇ ਪਤੀ-ਪਤਨੀ ਦੇ ਰਿਸ਼ਤੇ ਦੀ ਗੰਢ ਨੂੰ ਪੀਡਿਆਂ ਕਰਨ ਦੇ ਗੁਰ ਸਮਝਾਏ। ਉਸ ਨੇ ਆਪਣੀ ਜੀਵਨੀ 'ਮੇਰੀ ਯਾਦ' ਵੀ ਲਿਖੀ ਸੀ ਅਤੇ ਇੱਕ ਸਫ਼ਰਨਾਮਾ ਵੀ ਲਿਖਿਆਂ ਸੀ। ਉਸ ਨੇ ਦਰਜਨਾਂ ਟ੍ਰੈਕਟ ਤੇ ਸੈਂਕੜੇ ਲੇਖ ਵੀ ਲਿਖੇ।
ਤਵਾਰੀਖ਼ ਨੇ ਅਤੇ ਕੁਝ ਸਿੱਖ ਆਗੂਆਂ ਨੇ ਮਾਸਟਰ ਤਾਰਾ ਸਿੰਘ ਨਾਲ ਇਨਸਾਫ਼ ਨਹੀਂ ਕੀਤਾ। ਇਹ ਠੀਕ ਹੈ ਕਿ ਕੁਝ ਸਿੱਖ ਆਗੂਆਂ ਦੀਆਂ ਕੋਸ਼ਿਸ਼ਾਂ ਨਾਲ ਮਾਸਟਰ ਤਾਰਾ ਸਿੰਘ ਦਾ ਬੁੱਤ ਦਿੱਲੀ ਵਿਚ ਰਕਾਬ ਗੰਜ ਗੁਰਦੁਆਰਾ ਦੇ ਬਾਹਰ ਅਤੇ ਉਨ੍ਹਾਂ ਦੀ ਤਸਵੀਰ ਪਾਰਲੀਮੈਂਟ ਹਾਲ ਵਿਚ ਲੱਗੀਆਂ ਹੋਈਆਂ ਹਨ ਪਰ ਉਸ ਵਰਗੀ ਦੇਣ ਦੇਣ ਵਾਲੇ ਵਾਸਤੇ ਏਨਾ ਕੁਝ ਤੁੱਛ ਹੈ। ਮਾਸਟਰ ਤਾਰਾ ਸਿੰਘ ਦੇ ਨਾਂ 'ਤੇ ਇਕ ਯੁਨੀਵਰਸਿਟੀ ਬਣਾਈ ਜਾਣੀ ਚਾਹੀਦੀ ਹੈ, ਉਸ ਦੇ ਨਾਂ 'ਤੇ ਇਕ ਹਵਾਈ ਅੱਡੇ ਦਾ ਨਾਂ ਰੱਖਿਆ ਜਾਣਾ ਚਾਹੀਦਾ ਹੈ। ਪਾਕਿਸਤਾਨ ਦੀ ਸਰਹੱਦ 'ਤੇ ਮਾਸਟਰ ਤਾਰਾ ਸਿੰਘ ਦਾ ਬੁੱਤ ਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਮੁਲਕ ਵਿਚ ਆਉਣ ਵਾਲੇ ਨੂੰ ਤਾ ਲੱਗੇ ਕਿ ਇਹ ਸਰਹੱਦ ਸਤਲੁਜ ਤੱਕ ਬਣਨ ਦੀ ਥਾਂ 'ਤੇ ਵਾਹਗੇ ਤੱਕ ਕਿਸ ਨੇ ਬਣਵਾਈ ਸੀ।
1987 - ਸੁਖਬੀਰ ਸਿੰਘ ਸੁੱਖਾ ਤੇ ਰਤਨ ਸਿੰਘ ਨਕਲੀ ਮੁਕਾਬਲੇ ਵਿਚ ਸ਼ਹੀਦ ਕੀਤੇ ਗਏ।
22ਨਵੰਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਸੁਖਬੀਰ ਸਿੰਘ ਉਰਫ਼ ਸੁੱਖਾ ਉਰਫ਼ ਅਮਲੀ ਵਾਸੀ ਰਸੂਲਪੁਰ ਕਲਾਂ, ਅੰਮ੍ਰਿਤਸਰ 'ਤੇ ਰਤਨ ਸਿੰਘ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।
1989 - ਹਰਦੀਪ ਸਿੰਘ ਅਕਾਲੀਆਂ ਵਾਲਾ, ਗੁਰਮੇਲ ਸਿੰਘ ਚੋਹਲਿਆਂ ਅਤੇ ਜਗਜੀਤ ਸਿੰਘ ਫ਼ੌਜੀ ਸੁਰ ਸਿੰਘ ਵਾਲਾ ਝੂਠੇ ਪੁਲਿਸ ਮੁਕਾਬਲੇ ਵਿਚ ਸ਼ਹੀਦ ਕੀਤੇ ਗਏ।
22 ਨਵੰਬਰ 1989 ਦੇ ਦਿਨ ਪੰਜਾਬ ਪੁਲਿਸ ਨੇ ਹਰਦੀਪ ਸਿੰਘ ਵਾਸੀ ਅਕਾਲੀਆਂ ਵਾਲਾ, ਫਿਰੋਜ਼ਪੁਰ, ਗੁਰਮੇਲ ਸਿੰਘ ਚੋਹਲਿਆਂ, ਅਤੇ ਜਗਜੀਤ ਸਿੰਘ ਫ਼ੌਜੀ ਵਾਸੀ ਸੁਰ ਸਿੰਘ ਵਾਲਾ ਨੂੰ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।(ਇਕ ਸੋਮੇ ਵਿਚ ਇਸ ਦੀ ਤਾਰੀਖ਼ 9 ਦਸੰਬਰ 89 ਲਿਖੀ ਹੋਈ ਵੀ ਮਿਲਦੀ ਹੈ)।
1990 - ਗੁਰਮੀਤ ਸਿੰਘ ਬਿੱਲਾ ਬੋਪਾਰਾਏ ਕਲਾਂ, ਜਸਬੀਰ ਸਿੰਘ ਪੀਰ ਮੁਹੰਮਦ, ਹੰਸਪਾਲ ਸਿੰਘ ਬੱਬੀ ਰਾਜੋਆਣਾ ਖੁਰਦ, ਪਰਮਜੀਤ ਸਿੰਘ ਪੰਮਾ ਘਸੀਟਪੁਰਾ, ਬਬਲਾ ਸਿੰਘ ਰੰਘੜ ਨੰਗਲ, ਅੰਗਰੇਜ ਸਿੰਘ ਫ਼ੌਜੀ ਵਰ੍ਹਾ ਪਹੂ ਵੰਡੀਆਂ, ਜਗਤਾਰ ਸਿੰਘ ਸੋਨੂ ਮਨਿਆਲਾ ਨੂੰ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ।
22 ਨਵੰਬਰ 1990 ਦੇ ਦਿਨ ਗੁਰਮੀਤ ਸਿੰਘ ਬਿੱਲਾ ਵਾਸੀ ਬੋਪਾ ਰਾਏ ਕਲਾਂ, ਜਸਬੀਰ ਸਿੰਘ ਜਲੰਧਰੀ ਵਾਸੀ ਪੀਰ ਮੁਹੰਮਦ, ਹੰਸਪਾਲ ਸਿੰਘ ਬੱਬੀ ਵਾਸੀ ਰਾਜੋਆਣਾ ਖੁਰਦ, ਲੁਧਿਆਣਾ, ਪਰਮਜੀਤ ਸਿੰਘ ਪੰਮਾ ਵਾਸੀ ਘਸੀਟਪੁਰਾ, ਗੁਰਦਾਸਪੁਰ, ਬਬਲਾ ਸਿੰਘ ਬੀ.ਏ ਵਾਸੀ ਰੰਘੜ ਨੰਗਲ, ਅੰਗਰੇਜ ਸਿੰਘ ਫ਼ੌਜੀ ਵਾਸੀ ਵਰ੍ਹਾ ਪਹੂ ਵੰਡੀਆਂ, ਜਗਤਾਰ ਸਿੰਘ ਸੋਨੂ ਵਾਸੀ ਮਨਿਆਲਾ ਪੰਜਾਬ ਪੁਲਿਸ ਦੁਆਰਾ ਝੂਠੇ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤੇ ਗਏ।
1992 - ਬਿੱਕਰ ਸਿੰਘ ਗੁਸਾਨ ਅਤੇ ਧੰਨਾ ਸਿੰਘ ਘੁਮਾਣ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਗਏ।
22 ਨਵੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਬਿੱਕਰ ਸਿੰਘ ਪੁੱਤਰ ਜਗਰੂਪ ਸਿੰਘ, ਵਾਸੀ ਗੁਸਾਨ, ਜ਼ਿਲ੍ਹਾ ਸੰਗਰੂਰ ਅਤੇ ਧੰਨਾ ਸਿੰਘ ਪੁੱਤਰ ਮਿਹਰ ਸਿੰਘ, ਵਾਸੀ ਘੁਮਾਣ, ਜ਼ਿਲ੍ਹਾ ਸੰਗਰੂਰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤੇ।
1993 - ਦਲਵੀਰ ਸਿੰਘ ਧਾਂਦਰਾ ਦੀ ਨਕਲੀ ਮੁਕਾਬਲੇ ਵਿੱਚ ਸ਼ਹੀਦੀ ਹੋਈ।
22 ਨਵੰਬਰ 1993 ਦੇ ਦਿਨ ਪੰਜਾਬ ਪੁਲਿਸ ਨੇ ਦਲਵੀਰ ਸਿੰਘ ਪੁੱਤਰ ਬਲਵੰਤ ਸਿੰਘ, ਵਾਸੀ ਧਾਂਦਰਾ, ਜ਼ਿਲ੍ਹਾ ਸੰਗਰੂਰ ਨੂੰ ਇੱਕ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।