ਦੇਸ਼ ਨੂੰ ਆਜ਼ਾਦ ਕਰਾਉਣ
ਲਈ ਲੱਖਾਂ ਲੋਕਾਂ ਨੇ ਕੁਰਬਾਨੀਆਂ ਦਿਤੀਆਂ। ਕਈਆਂ ਨੂੰ ਫਾਂਸੀ ਉਤੇ ਚੜ੍ਹਨਾ ਪਿਆ, ਕਈਆਂ
ਨੂੰ ਜੇਲਾਂ ਵਿਚ ਰੁਲਣਾ ਪਿਆ। ਫਿਰ ਜਾ ਕੇ ਆਜ਼ਾਦੀ ਮਿਲੀ। ਪਰ ਅੱਜ ਇਹ ਦੇਸ਼ ਅਖੌਤੀ
ਗੁਰੂਆਂ, ਅਫ਼ਸਰਸ਼ਾਹੀ ਅਤੇ ਸਿਆਸੀ ਲੀਡਰਾਂ ਦੀ ਗ਼ੁਲਾਮੀ ਵਿਚ ਜਕੜਿਆ ਪਿਆ ਹੈ। ਇਹ ਤਿਕੜੀ
ਦੇਸ਼ ਨੂੰ ਤਬਾਹੀ ਵਲ ਲਿਜਾ ਰਹੀ ਹੈ। ਇਹ ਅਖੌਤੀ ਗੁਰੂ ਭੋਲੀ-ਭਾਲੀ ਜਨਤਾ ਨੂੰ ਐਸੀਆਂ
ਸਾਖੀਆਂ ਸੁਣਾਉਂਦੇ ਹਨ ਕਿ ਲੋਕ ਸਮਝਦੇ ਹਨ ਕਿ ਇਹ ਸਾਧ ਹੀ ਸਾਡਾ ਸੁਧਾਰ ਕਰ ਸਕਦੇ ਹਨ।
ਪਰ ਲੋਕ ਇਹ ਨਹੀਂ ਸਮਝਦੇ ਕਿ ਇਹ ਸਾਧ ਉਨ੍ਹਾਂ ਦੀਆਂ ਵੋਟਾਂ ਵਿਖਾ ਕੇ ਉਨ੍ਹਾਂ ਸਿਆਸੀ
ਲੀਡਰਾਂ ਨੂੰ ਅਪਣੇ ਕਬਜ਼ੇ ਵਿਚ ਕਰਨਾ ਚਾਹੁੰਦੇ ਹਨ ਜਿਹੜੇ ਸਰਕਾਰ ਬਣਾਉਣ ਦੀ ਇੱਛਾ ਅਪਣੇ
ਮਨ ਵਿਚ ਸਮੋਈ ਬੈਠੇ ਹਨ।
ਇਹ ਅਖੌਤੀ ਗੁਰੂ ਐਸੀਆਂ ਸਾਖੀਆਂ ਘੜਦੇ ਹਨ ਕਿ ਪੜ੍ਹਨ ਵਾਲਾ
ਹੈਰਾਨ ਰਹਿ ਜਾਂਦਾ ਹੈ ਕਿ ਇਹ ਕਿਵੇਂ ਹੋ ਗਿਆ? ਮੇਰੇ ਲਾਗੇ ਇਕ ਬੜੇ ਵੱਡੇ ਸੇਵਾਮੁਕਤ
ਅਫ਼ਸਰ ਰਹਿੰਦੇ ਹਨ। ਉਨ੍ਹਾਂ ਮੈਨੂੰ ਕਿਤਾਬ ਦਿਤੀ ਜਿਸ ਦਾ ਸਿਰਲੇਖ ਸੀ 'ਧਰਤੀ ਉਤੇ
ਸਵਰਗ'। ਉਸ ਵਿਚ ਜਿੰਨੀਆਂ ਵੀ ਸਾਖੀਆਂ ਲਿਖੀਆਂ ਹੋਈਆਂ ਸਨ ਉਹ ਸਾਰੀਆਂ ਡੇਰੇ ਦੇ ਮੁਖੀ
ਨੂੰ ਇਕ ਬਹੁਤ ਵੱਡਾ ਚਮਤਕਾਰੀ ਬਾਬਾ ਵਿਖਾਉਣ ਲਈ ਲਿਖੀਆਂ ਗਈਆਂ ਹਨ। ਉਹ ਅਫ਼ਸਰ ਇਸ ਕਿਤਾਬ
ਵਿਚ ਇਕ ਸਾਖੀ ਲਿਖਦਾ ਹੋਇਆ ਕਹਿੰਦਾ ਹੈ ਕਿ ''ਵੱਡੇ ਮਹਾਰਾਜ ਨੇ ਅਪਣੀ ਮਾਤਾ ਨਾਲ ਇਹ
ਪ੍ਰਣ ਕੀਤਾ ਸੀ ਕਿ ਜਦੋਂ ਉਹ ਮਰ ਗਈ ਤਾਂ ਉਹ ਉਸ ਦੇ ਫੁੱਲ ਹਰਦੁਆਰ ਪਾ ਕੇ ਆਵੇਗਾ। ਜਦੋਂ
ਉਨ੍ਹਾਂ ਦੇ ਮਾਤਾ ਜੀ ਮਰ ਗਏ ਤਾਂ ਉਹ ਉਨ੍ਹਾਂ ਦੇ ਫੁੱਲ ਹਰਦੁਆਰ ਪਾਉਣ ਲਈ ਗਏ। ਜਦੋਂ
ਮਹਾਰਾਜ ਹਰਦੁਆਰ ਫੁੱਲ ਪਾ ਕੇ ਨਿਕਲੇ ਤਾਂ ਉਨ੍ਹਾਂ ਬਾਹਰ ਇਕ ਬਹੁਤ ਵੱਡਾ ਰੁੱਖ ਖੜਾ
ਵੇਖਿਆ। ਜਦੋਂ ਉਹ ਉਸ ਰੁੱਖ ਦੇ ਕੋਲ ਗਏ ਤਾਂ ਵੇਖ ਕੇ ਹੈਰਾਨ ਰਹਿ ਗਏ ਅਤੇ ਚੀਕ ਕੇ ਕਹਿਣ
ਲੱਗੇ ਕਿ ਇਹ ਤਾਂ ਸਾਡੇ ਪਿੰਡ ਵਾਲਾ ਘੁੱਲਾ ਹੈ। ਇਹ ਰੁੱਖ ਦੀ ਜੂਨ ਵਿਚ ਪਿਆ ਹੋਇਆ ਹੈ।
ਬਸ ਫਿਰ ਕੀ ਸੀ, ਮਹਾਰਾਜ ਜੀ ਨੇ ਉਸ ਰੁੱਖ ਦੇ ਤਿੰਨ-ਚਾਰ ਪੱਤੇ ਤੋੜ ਕੇ ਖਾ ਲਏ ਅਤੇ ਉਹ
ਰੁੱਖ ਤਿੰਨ-ਚਾਰ ਦਿਨਾਂ ਵਿਚ ਸੁਕ ਗਿਆ।'' ਭਾਵ ਕਿ ਰੁੱਖ ਸੁਕ ਗਿਆ ਅਤੇ ਘੁੱਲਾ ਸਵਰਗਾਂ
ਨੂੰ ਚਲਾ ਗਿਆ। ਅੱਜ ਤਕ ਮੈਂ ਜੀਵ-ਜੰਤੂਆਂ ਦੀਆਂ 84 ਲੱਖ ਜੂਨਾਂ ਸੁਣੀਆਂ ਸਨ ਪਰ ਰੁੱਖ
ਵੀ ਇਕ ਜੂਨੀ ਹੈ, ਇਹ ਮੈਂ ਪਹਿਲੀ ਵਾਰ ਪੜ੍ਹਿਆ। ਇਨ੍ਹਾਂ ਅਖੌਤੀ ਗੁਰੂਆਂ ਦੀ ਗੱਲ ਇਹ ਹੈ
ਕਿ ਇਹ ਆਪ ਤਾਂ ਕਈ ਬਿਮਾਰੀਆਂ ਨਾਲ ਘਿਰੇ ਹੋਏ ਹਨ ਅਤੇ ਲੋਕਾਂ ਨੂੰ ਸਵਰਗਾਂ ਦੇ ਝੂਟੇ
ਦੇਣ ਦੇ ਸੁਪਨੇ ਵਿਖਾਉਂਦੇ ਹਨ। ਬਾਬਾ ਨਾਨਕ ਨੇ ਇਹੋ ਜਿਹੇ ਸੰਤਾਂ ਨੂੰ ਬਨਾਰਸ ਦੇ ਢੋਂਗੀ
ਕਿਹਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ ਕਿ ਇਹ ਲੋਕ ਜਨਤਾ ਨੂੰ ਲੁੱਟਣ ਲਈ ਵੱਖ ਵੱਖ
ਤਰ੍ਹਾਂ ਦੇ ਭੇਖ ਧਾਰਦੇ ਹਨ। ਇਕ ਭਨਿਆਰੇ ਵਾਲਾ ਸਾਧ ਵੀ ਅਪਣੀ ਝੂਠ ਦੀ ਕਿਤਾਬ ਵਿਚ ਇਹ
ਲਿਖਦਾ ਹੈ ਕਿ 'ਧੰਨ ਬਾਬਾ ਭਨਿਆਰਿਆ ਜਿਸ ਨੇ ਕੁੱਤੀ ਨੂੰ ਵੀ ਤਾਰਿਆ।'
ਸਿਆਸੀ
ਲੀਡਰਾਂ ਨੂੰ ਇਹ ਫ਼ਾਇਦਾ ਹੋ ਜਾਂਦਾ ਹੈ ਕਿ ਉਸ ਨੂੰ ਬਹੁਤੇ ਵੋਟਰਾਂ ਤਕ ਪਹੁੰਚ ਨਹੀਂ
ਕਰਨੀ ਪੈਂਦੀ। ਉਹ ਬਾਬੇ ਨੂੰ ਵਰਤ ਕੇ ਅਪਣੀ ਸੀਟ ਪੱਕੀ ਕਰ ਲੈਂਦਾ ਹੈ। ਜਿਸ ਬਾਬੇ ਕੋਲ
ਮੁੱਖ ਮੰਤਰੀ, ਮੰਤਰੀ, ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਆਉਂਦੇ ਹੋਣ ਉਥੇ ਵੱਡੇ ਵੱਡੇ
ਅਫ਼ਸਰਾਂ ਦਾ ਆਉਣਾ ਕੁਦਰਤੀ ਹੈ ਕਿਉਂਕਿ ਅਫ਼ਸਰ ਨੂੰ ਬਾਬੇ ਤੋਂ ਸਿਫ਼ਾਰਸ਼ ਕਰਵਾ ਕੇ ਮਨਪਸੰਦ
ਦੀ ਕੁਰਸੀ ਮਿਲ ਜਾਂਦੀ ਹੈ। ਇਹ ਤਿੰਨੇ ਰਲ ਕੇ ਅੱਜ ਜਨਤਾ ਨੂੰ ਬੇਵਕੂਫ਼ ਬਣਾ ਰਹੇ ਹਨ।
ਜਿਸ ਬਾਬੇ ਕੋਲ ਸਰਕਾਰੀ ਤਾਕਤ ਹੋਵੇ ਉਸ ਦੇ ਚਰਨਾਂ ਉਤੇ ਪ੍ਰਧਾਨ ਮੰਤਰੀ, ਮੰਤਰੀ,
ਪਾਰਟੀਆਂ ਦੇ ਪ੍ਰਧਾਨ ਅਤੇ ਹੋਰ ਵੱਡੇ ਵੱਡੇ ਅਫ਼ਸਰ ਝੁਕਦੇ ਹੋਣ, ਉਹ ਭਲਾ ਕਿਸੇ ਸਾਧਵੀ
ਜਾਂ ਹੋਰ ਮਾੜੇ ਮੋਟੇ ਬੰਦੇ ਦੀ ਕੀ ਪ੍ਰਵਾਹ ਕਰਦਾ ਹੈ? ਜੋ ਕੁੱਝ 25 ਅਗੱਸਤ ਨੂੰ ਹੋਇਆ,
ਇਹ ਵੀ ਤਿੰਨਾਂ ਦੇ ਗਠਜੋੜ ਦਾ ਹੀ ਸਿੱਟਾ ਹੈ। ਇਸ ਖੇਡ ਵਿਚ ਕੋਈ ਇਕ ਪਾਰਟੀ ਜ਼ਿੰਮੇਵਾਰ
ਨਹੀਂ, ਸਾਰੀਆਂ ਪਾਰਟੀਆਂ ਸ਼ਾਮਲ ਹਨ।
ਕਿਸੇ ਸਾਧ ਦੀਆਂ ਕਰਤੂਤਾਂ ਕਰ ਕੇ ਏਨੀਆਂ ਜਾਨਾਂ
ਦਾ ਜਾਣਾ ਪਹਿਲੀ ਵਾਰ ਨਹੀਂ ਹੋਇਆ। ਪੰਜਾਬ ਵਿਚ ਤਾਂ ਇਹ ਖੇਡ 1978 ਵਿਚ ਹੀ ਸ਼ੁਰੂ ਹੋ
ਗਈ ਸੀ ਜਦੋਂ ਅਕਾਲੀ ਪਾਰਟੀ ਨੂੰ ਨਰੰਕਾਰੀਆਂ ਦੀਆਂ ਵੋਟਾਂ ਪੱਕੀਆਂ ਕਰਨ ਲਈ ਉਨ੍ਹਾਂ ਨੂੰ
13 ਅਪ੍ਰੈਲ, 1978 ਨੂੰ ਅੰਮ੍ਰਿਤਸਰ ਵਿਚ ਪ੍ਰੋਗਰਾਮ ਕਰਨ ਦੀ ਇਜਾਜ਼ਤ ਦੇ ਦਿਤੀ ਸੀ ਅਤੇ
ਨਰੰਕਾਰੀ ਸਾਧ ਵਲੋਂ 13 ਸਿੱਖਾਂ ਨੂੰ ਸ਼ਹੀਦ ਕਰ ਦਿਤਾ ਗਿਆ ਸੀ। ਉਸ ਵੇਲੇ ਦੀ ਅਕਾਲੀ
ਸਰਕਾਰ ਨੇ ਪੂਰੀ ਸੁਰੱਖਿਆ ਦੇ ਕੇ ਦਿੱਲੀ ਭੇਜ ਦਿਤਾ ਅਤੇ ਉਸ ਦਾ ਵਾਲ ਵਿੰਗਾ ਨਾ ਹੋਇਆ।
ਉਹ ਅਤੇ ਉਸ ਦੇ ਸਾਥੀ ਕੇਸ ਵਿਚੋਂ ਵੀ ਸਾਫ਼ ਬਰੀ ਹੋ ਗਏ।
ਜਦੋਂ 2007 ਵਿਚ ਸੌਦਾ ਸਾਧ ਨੇ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਿਆ ਤਾਂ ਉਸ ਵੇਲੇ ਵੀ ਸਿੱਖਾਂ ਨੂੰ ਅਪਣੀਆਂ ਜਾਨਾਂ ਗੁਆਉਣੀਆਂ ਪਈਆਂ। ਪਰ ਜਿਹੜਾ ਕੇਸ ਸੌਦਾ ਸਾਧ ਵਿਰੁਧ ਸਿੱਖ ਭਾਵਨਾਵਾਂ ਭੜਕਾਉਣ ਦਾ ਪਾਇਆ ਗਿਆ, ਉਹ ਵੀ ਅਕਾਲੀ-ਭਾਜਪਾ ਸਰਕਾਰ ਨੇ ਵਾਪਸ ਲੈ ਲਿਆ ਤਾਕਿ 2017 ਦੀਆਂ ਚੋਣਾਂ ਵਿਚ ਫ਼ਾਇਦਾ ਲਿਆ ਜਾਵੇ। ਇਥੇ ਹੀ ਬਸ ਨਹੀਂ, ਸਦੀਆਂ ਤੋਂ ਚਲੀ ਆ ਰਹੀ ਮਰਿਆਦਾ ਨੂੰ ਖ਼ਤਮ ਕਰ ਕੇ ਇਸ ਬਾਬੇ ਨੂੰ ਜਥੇਦਾਰਾਂ ਤੋਂ ਮਾਫ਼ੀ ਦਿਵਾ ਦਿਤੀ ਗਈ ਜਿਸ ਦੇ ਬਦਲੇ 2017 ਦੀਆਂ ਚੋਣਾਂ ਵੇਲੇ ਸੌਦਾ ਸਾਧ ਦੇ ਚੇਲਿਆਂ ਨੇ ਖੁਲ੍ਹ ਕੇ ਅਕਾਲੀ-ਭਾਜਪਾ ਨੂੰ ਵੋਟਾਂ ਪਾਈਆਂ।
ਇਹ ਤਾਂ ਸਿੱਖਾਂ ਦੀ ਖ਼ੁਸ਼ਕਿਸਮਤੀ ਸਮਝੋ ਕਿ ਬਾਬਾ ਜੇਲ ਵਿਚ ਚਲਾ ਗਿਆ
ਨਹੀਂ ਤਾਂ ਆਉਣ ਵਾਲਾ ਸਮਾਂ ਸਿੱਖਾਂ ਲਈ ਬੜਾ ਭਿਆਨਕ ਸੀ ਕਿਉਂਕਿ 2017 ਦੀਆਂ ਚੋਣਾਂ
ਵੇਲੇ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਬਾਬੇ ਦੇ ਚੇਲਿਆਂ ਨੂੰ ਭਰੋਸਾ ਦਿਤਾ ਸੀ ਕਿ ਸਰਕਾਰ
ਬਣਨ ਮਗਰੋਂ ਸਲਾਬਤਪੁਰ ਵਾਲਾ ਚਰਚਾ ਘਰ ਖੋਲ੍ਹ ਦਿਤਾ ਜਾਵੇਗਾ ਅਤੇ ਪੰਜਾਬ ਵਿਚ ਚਰਚਾ
ਕਰਨ ਦੀ ਇਜਾਜ਼ਤ ਦੇ ਦਿਤੀ ਜਾਵੇਗੀ। ਇਸ ਨੂੰ ਲਾਗੂ ਕਰਨ ਲਈ ਕਾਂਗਰਸ ਸਰਕਾਰ ਵਲੋਂ ਕੰਮ
ਕਰਨਾ ਸ਼ੁਰੂ ਕਰ ਦਿਤਾ ਗਿਆ ਸੀ। ਬਠਿੰਡਾ ਜ਼ਿਲ੍ਹੇ ਦੀਆਂ ਪੰਚਾਇਤਾਂ ਵਲੋਂ ਮਤੇ ਪਾਸ ਕਰਨੇ
ਸ਼ੁਰੂ ਕਰ ਦਿਤੇ ਗਏ ਸਨ ਜਿਨ੍ਹਾਂ ਨੂੰ ਸਨਮੁਖ ਰੱਖ ਕੇ ਬਾਬੇ ਨੂੰ ਸਲਾਬਤਪੁਰ ਜਨਮਦਿਨ
ਮਨਾਉਣ ਅਤੇ ਚਰਚਾ ਕਰਨ ਦੀ ਖੁਲ੍ਹ ਮਿਲਣ ਵਾਲੀ ਸੀ ਜਿਸ ਕਰ ਕੇ ਪਤਾ ਨਹੀਂ ਕਿੰਨੇ ਸਿੱਖ
ਹੋਰ ਸ਼ਹੀਦ ਹੁੰਦੇ ਅਤੇ ਕਿੰਨਿਆਂ ਦੀਆਂ ਜਾਇਦਾਦਾਂ ਨਸ਼ਟ ਹੁੰਦੀਆਂ। ਇਸੇ ਕਾਂਗਰਸ ਦੀ
ਪ੍ਰਧਾਨ ਮੰਤਰੀ ਨੇ 1985 ਦੀਆਂ ਚੋਣਾਂ ਜਿੱਤਣ ਲਈ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ
ਕਰਵਾਇਆ ਸੀ ਅਤੇ ਸਿੱਖਾਂ ਨੂੰ ਮਰਵਾਇਆ ਸੀ।
ਪਿਛਲੇ ਮਹੀਨਿਆਂ ਵਿਚ ਕਾਂਗਰਸ ਦਾ ਮੀਤ
ਪ੍ਰਧਾਨ ਅਤੇ ਪੰਜਾਬ ਦਾ ਕਾਂਗਰਸੀ ਆਗੂ ਰਾਧਾ ਸੁਆਮੀਆਂ ਦੇ ਡੇਰੇ ਵਿਚ ਰਹਿ ਕੇ ਆਏ ਹਨ
ਤਾਕਿ 2019 ਦੀਆਂ ਚੋਣਾਂ ਵਿਚ ਫ਼ਾਇਦਾ ਲਿਆ ਜਾਵੇ। ਜਿਹੜੇ ਕੇਸ ਵਿਚ 25 ਤਰੀਕ ਨੂੰ ਸੌਦਾ
ਸਾਧ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ, ਇਸ ਵਿਚ ਹਰਿਆਣਾ ਅਤੇ ਪੰਜਾਬ ਸਰਕਾਰ ਦੀ ਹਮਦਰਦੀ
ਸੌਦਾ ਸਾਧ ਨਾਲ ਸੀ। 2019 ਦੀਆਂ ਚੋਣਾਂ ਵਿਚ ਉਸ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਸਾਰੀਆਂ
ਪਾਰਟੀਆਂ ਪੱਬਾਂ ਭਾਰ ਹੋਈਆਂ ਬੈਠੀਆਂ ਸਨ। ਇਨ੍ਹਾਂ ਦੋਹਾਂ ਸਰਕਾਰਾਂ ਨੂੰ ਇਹ ਆਸ ਸੀ ਕਿ
ਉਹ ਬਰੀ ਹੋ ਜਾਵੇਗਾ ਜਿਸ ਕਰ ਕੇ ਕੋਈ ਵੀ ਸਰਕਾਰ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ
ਸੀ। ਜੇਕਰ ਇੰਦਰਾ ਗਾਂਧੀ 1985 ਵਿਚ ਚੋਣ ਜਿੱਤਣ ਲਈ ਪੰਜਾਬ ਵਿਚ ਅਤੇ ਭਾਜਪਾ ਗੁਜਰਾਤ
ਵਿਚ ਹਜ਼ਾਰਾਂ ਲੋਕਾਂ ਦਾ ਕਤਲੇਆਮ ਕਰਵਾ ਸਕਦੀ ਹੈ ਤਾਂ ਹੁਣ ਵੀ ਤਾਂ ਲੜਾਈ ਇਨ੍ਹਾਂ
ਪਾਰਟੀਆਂ ਵਿਚ ਹੈ। ਇਹ ਤਾਂ ਭਲਾ ਹੋਵੇ ਜੱਜ ਜਗਦੀਪ ਸਿੰਘ ਦਾ ਜਿਸ ਨੇ ਅਦਾਲਤ ਦੀ ਇੱਜ਼ਤ
ਰੱਖ ਲਈ। ਸਿਆਸੀ ਲੀਡਰਾਂ ਦਾ ਆਪ ਵੀ ਕੁਰਸੀ ਲਈ ਲੋਕਾਂ ਨੂੰ ਮਰਵਾਉਣਾ ਇਕ ਰਿਵਾਜ ਬਣ
ਚੁੱਕਾ ਹੈ। ਇਹ ਗੱਲ ਲੇਖਕ ਨਹੀਂ ਸਗੋਂ ਉੱਚ ਅਦਾਲਤ ਦਾ ਸੰਵਿਧਾਨਕ ਬੈਂਚ ਕਹਿ ਰਿਹਾ ਹੈ।
ਜੱਜਾਂ ਨੇ ਇਥੋਂ ਤਕ ਕਹਿ ਦਿਤਾ ਕਿ ਹਰਿਆਣਾ ਸਰਕਾਰ ਨੇ ਸੌਦਾ ਸਾਧ ਅੱਗੇ ਪੂਰੀ ਤਰ੍ਹਾਂ
ਆਤਮਸਮਰਪਣ ਕਰ ਦਿਤਾ ਸੀ।
ਇਸ ਤੋਂ ਪਹਿਲਾਂ ਵੀ ਰਾਮਪਾਲ ਅਤੇ ਆਸਾਰਾਮ ਦੇ ਕੇਸਾਂ ਵਿਚ
ਇਹੋ ਕੁੱਝ ਹੋਇਆ। ਉਦੋਂ ਵੀ ਸਰਕਾਰਾਂ ਵੋਟਾਂ ਨੂੰ ਸਾਹਮਣੇ ਰੱਖ ਕੇ ਹੀ ਕਾਰਵਾਈਆਂ
ਕਰਦੀਆਂ ਰਹੀਆਂ। ਉਨ੍ਹਾਂ ਵਿਰੁਧ ਵੀ ਉਦੋਂ ਹੀ ਕਾਰਵਾਈ ਕੀਤੀ ਗਈ ਜਦੋਂ ਅਦਾਲਤਾਂ ਨੇ ਦਖ਼ਲ
ਦਿਤਾ। ਅੱਜ ਸਿਰਫ਼ ਲੋਕਾਂ ਨੂੰ ਅਦਾਲਤਾਂ ਉਤੇ ਹੀ ਮਾੜਾ ਮੋਟਾ ਭਰੋਸਾ ਰਹਿ ਗਿਆ ਹੈ।
ਕਾਰਜਪਾਲਿਕਾ, ਵਿਧਾਨਪਾਲਿਕਾ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ।
ਇਨ੍ਹਾਂ ਅਖੌਤੀ ਗੁਰੂਆਂ ਨੇ ਕਈ ਕਈ ਸੌ ਏਕੜ ਦੇ ਡੇਰੇ ਬਣਾਏ ਹੋਏ ਹਨ। ਇਨ੍ਹਾਂ ਦੇ ਰਹਿਣ ਵਾਲੇ ਕਮਰਿਆਂ 'ਚ ਵਧੀਆ ਫ਼ਰਨੀਚਰ, ਏ.ਸੀ., ਐਲ.ਈ.ਡੀ. ਟੀ.ਵੀ. ਅਤੇ ਜ਼ਿੰਦਗੀ ਦੀ ਹਰ ਸਹੂਲਤ ਮਿਲਦੀ ਹੈ। ਕਈ ਡੇਰੇਦਾਰਾਂ ਨੇ ਹਰ ਸ਼ਹਿਰ ਵਿਚ ਵੱਡੇ ਵੱਡੇ ਸਤਸੰਗ ਘਰ ਬਣਾਏ ਹੋਏ ਹਨ। ਜਿਥੇ ਅੱਜ ਗ਼ਰੀਬਾਂ ਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ ਉਥੇ ਇਨ੍ਹਾਂ ਡੇਰੇਦਾਰਾਂ ਨੇ ਮਹਿੰਗੇ ਤੋਂ ਮਹਿੰਗੇ ਆਵਾਜਾਈ ਦੇ ਸਾਧਨ ਰੱਖੇ ਹੋਏ ਹਨ। ਕਈਆਂ ਨੇ ਤਾਂ ਹੈਲੀਕਾਪਟਰ ਵੀ ਰੱਖੇ ਹੋਏ ਹਨ। ਕਦੀ ਕਿਸੇ ਟੈਕਸ ਅਧਿਕਾਰੀ ਨੇ ਨਹੀਂ ਪੁਛਿਆ ਕਿ ਇਹ ਪੈਸਾ ਕਿਥੋਂ ਆਇਆ ਹੈ? ਇਹ ਸਾਧ ਖ਼ੁਦ ਵੀ ਮੌਜ ਮਸਤੀ ਕਰਦੇ ਹਨ ਅਤੇ ਮੰਤਰੀਆਂ, ਐਮ.ਐਲ.ਏ., ਵੱਡੇ ਲੀਡਰਾਂ ਅਤੇ ਅਫ਼ਸਰਾਂ ਨੂੰ ਐਸ਼ਪ੍ਰਸਤੀ ਕਰਾਉਂਦੇ ਹਨ।
ਭੋਲੀ ਭਾਲੀ ਜਨਤਾ ਇਨ੍ਹਾਂ ਡੇਰਿਆਂ ਨੂੰ ਧਰਮ ਸਮਝੀ ਬੈਠੀ
ਹੈ। ਅਸਲ ਵਿਚ ਇਹ ਕੋਈ ਧਰਮ ਨਹੀਂ ਹਨ ਸਿਰਫ਼ ਝੂਠ ਦੀਆਂ ਦੁਕਾਨਾਂ ਹਨ ਜਿਥੇ ਨਾਮ ਦੇ ਨਾਂ
ਤੇ ਸੌਦਾ ਵੇਚਿਆ ਜਾਂਦਾ ਹੈ ਅਤੇ ਮੋਟੀ ਕਮਾਈ ਕੀਤੀ ਜਾਂਦੀ ਹੈ। ਪੰਜਾਬ ਵਿਚ ਸੌਦਾ ਸਾਧ
ਦੇ ਚੇਲਿਆਂ ਨੇ ਏਨੀ ਦਹਿਸ਼ਤ ਪਾਈ ਹੋਈ ਸੀ ਕਿ ਜਿਹੜਾ ਵੀ ਕੋਈ ਸਾਧ ਵਿਰੁਧ ਬੋਲਦਾ ਸੀ,
ਝੱਟ ਉਸ ਵਿਰੁਧ 295 ਅਤੇ 153 ਅਧੀਨ ਪਰਚੇ ਦਰਜ ਕਰਵਾ ਦਿੰਦੇ। ਅਸਲ ਵਿਚ ਸਾਡੇ ਸੰਵਿਧਾਨ
ਅਨੁਸਾਰ ਦੇਸ਼ ਵਿਚ ਸਿੱਖ, ਹਿੰਦੂ, ਮੁਸਲਮਾਨ, ਇਸਾਈ, ਬੋਧੀ, ਜੈਨੀ ਹੀ ਧਰਮ ਵਜੋਂ ਦਰਜ
ਹਨ। ਜੇਕਰ ਕੋਈ ਇਨ੍ਹਾਂ ਧਰਮਾਂ ਵਿਰੁਧ ਕੋਈ ਗੱਲ ਕਰਦਾ ਹੋਵੇ ਤਾਂ ਸਿਰਫ਼ ਉਸ ਵਿਰੁਧ ਹੀ
295, 153ਏ ਜਾਂ ਹੋਰ ਧਾਰਾਵਾਂ ਹੇਠ ਪਰਚਾ ਦਰਜ ਕੀਤਾ ਜਾ ਸਕਦਾ ਹੈ। ਪਰ ਪੰਜਾਬ ਸਰਕਾਰ
ਵਿਚ ਸ਼ਾਮਲ ਲੋਕਾਂ ਨੇ ਇਨ੍ਹਾਂ ਸਾਧਾਂ ਨੂੰ ਵੀ ਧਰਮ ਬਣਾ ਕੇ ਪੇਸ਼ ਕਰ ਦਿਤਾ। ਇਨ੍ਹਾਂ ਨੂੰ
ਖ਼ੁਸ਼ ਕਰਨ ਲਈ ਬਹੁਤ ਸਾਰੇ ਸਿੱਖ ਬੁੱਧੀਜੀਵੀਆਂ ਨੂੰ ਜੇਲਾਂ ਦੀ ਹਵਾ ਖਾਣੀ ਪਈ। ਹੁਣ ਇਹ
ਲੋਕ ਮੂੰਹ ਵਿਚ ਘੁੰਗਣੀਆਂ ਪਾਈ ਬੈਠੇ ਹਨ।
ਪਹਿਲਾਂ ਇਨ੍ਹਾਂ ਸਾਧਾਂ ਦੇ ਚੇਲੇ ਸਿਆਸੀ
ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਂਦੇ ਸਨ ਤਾਕਿ ਉਨ੍ਹਾਂ ਤੋਂ ਬਾਅਦ ਵਿਚ ਗ਼ਲਤ
ਕੰਮ ਕਰਵਾਏ ਜਾਣ ਪਰ ਹੁਣ ਤਾਂ ਬਹੁਤ ਸਾਰੇ ਸਾਧ ਅਤੇ ਸਾਧਵੀਆਂ ਖ਼ੁਦ ਸੰਸਦ ਮੈਂਬਰ ਬਣ
ਗਈਆਂ ਹਨ। ਇਥੋਂ ਤਕ ਕਿ ਅੱਜ ਦੇਸ਼ ਦੇ ਸੱਭ ਤੋਂ ਵੱਡੇ ਸੂਬੇ ਦਾ ਮੁੱਖ ਮੰਤਰੀ ਵੀ ਇਕ
ਡੇਰੇਦਾਰ ਨੂੰ ਬਣਾ ਦਿਤਾ ਗਿਆ, ਜਿਸ ਨੂੰ ਵੇਖ ਕੇ ਬਾਕੀ ਡੇਰੇਦਾਰਾਂ ਦੇ ਮੂੰਹ ਵਿਚ ਪਾਣੀ
ਆਉਣ ਲੱਗ ਪਿਆ ਹੈ। ਜਦੋਂ 2014 ਵਿਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਸਨ ਤਾਂ ਮੋਦੀ
ਜੀ ਡੇਰੇ ਵਿਚ ਗਏ। ਉਨ੍ਹਾਂ ਕਿਹਾ ਸੀ ਕਿ 'ਮੈਂ ਤਾਂ ਡੇਰੇ ਦੀ ਧਰਤੀ ਨੂੰ ਪ੍ਰਣਾਮ ਕਰਦਾ
ਹਾਂ।' ਕੀ ਪ੍ਰਧਾਨ ਮੰਤਰੀ ਜੀ ਹੁਣ ਵੀ ਡੇਰੇ ਨੂੰ ਪ੍ਰਣਾਮ ਕਰਦੇ ਹਨ ਜਿਸ ਡੇਰੇਦਾਰ ਦੀਆਂ
ਕਾਲੀਆਂ ਕਰਤੂਤਾਂ ਕਰ ਕੇ 38 ਆਦਮੀ ਮਾਰੇ ਗਏ, 250 ਤੋਂ ਵੱਧ ਜ਼ਖ਼ਮੀ ਹੋਏ ਅਤੇ ਅਰਬਾਂ
ਰੁਪਏ ਦੀ ਜਾਇਦਾਦ ਬਰਬਾਦ ਹੋ ਗਈ?
ਮੈਨੂੰ ਇਕ ਅਕਾਲੀ ਲੀਡਰ ਨੇ ਦਸਿਆ ਕਿ ਜਦੋਂ 1977
ਦੀਆਂ ਚੋਣਾਂ ਸਨ ਉਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਸਵਰਗਵਾਸੀ ਜਥੇਦਾਰ ਸੋਹਣ ਸਿੰਘ ਤੁੜ
ਸਨ ਅਤੇ ਉਹ ਤਰਨ ਤਾਰਨ ਸੀਟ ਤੋਂ ਅਕਾਲੀ ਟਿਕਟ ਉਤੇ ਚੋਣ ਲੜ ਰਹੇ ਸਨ। ਉਨ੍ਹਾਂ ਨੂੰ ਕਿਹਾ
ਗਿਆ ਕਿ ਤੁਸੀ ਰਾਧਾ ਸੁਆਮੀ ਦੇ ਡੇਰੇ ਜਾ ਕੇ ਵੋਟਾਂ ਮੰਗੋ ਤਾਂ ਉਨ੍ਹਾਂ ਸਾਫ਼ ਜਵਾਬ ਦੇ
ਦਿਤਾ ਕਿ ਉਹ ਹਾਰ ਮਨਜ਼ੂਰ ਕਰ ਲੈਣਗੇ ਪਰ ਡੇਰੇ ਤੇ ਨਹੀਂ ਜਾਣਗੇ। ਪਰ ਅੱਜ ਅਕਾਲੀ ਦਲ ਦੇ
ਪ੍ਰਧਾਨ ਨੇ ਵੋਟਾਂ ਖ਼ਾਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਖ਼ਤਮ ਕਰ ਕੇ ਡੇਰੇ
ਨੂੰ ਮਾਫ਼ੀ ਦਿਤੀ। ਅਕਾਲੀ ਦਲ ਦਾ ਸਰਪ੍ਰਸਤ ਅਤੇ ਪ੍ਰਧਾਨ ਵੋਟਾਂ ਲਈ ਸਾਧ ਅੱਗੇ ਹੱਥ ਜੋੜ
ਕੇ ਖੜੇ ਹਨ ਕਿ ਉਨ੍ਹਾਂ ਨੂੰ ਵੋਟਾਂ ਦੀ ਖ਼ੈਰ ਪਾਈ ਜਾਵੇ। ਅੱਜ ਲੋੜ ਹੈ ਉਨ੍ਹਾਂ ਅਖੌਤੀ
ਗੁਰੂਆਂ ਤੋਂ ਬਚਣ ਦੀ ਜਿਹੜੇ ਲੋਕਾਂ ਦੇ ਚੜ੍ਹਾਵੇ ਨਾਲ ਆਪ ਵੀ ਮੌਜਾਂ ਕਰਦੇ ਹਨ ਫਿਰ ਉਸੇ
ਚੜ੍ਹਾਵੇ ਨਾਲ ਗ਼ਰੀਬ ਜਨਤਾ ਦਾ ਸ਼ੋਸ਼ਣ ਕਰਦੇ ਹਨ ਅਤੇ ਅਫ਼ਸਰਸ਼ਾਹੀ ਨੂੰ ਮੌਜਾਂ ਕਰਵਾਉਂਦੇ
ਹਨ। ਅੱਜ ਲੋੜ ਹੈ ਉਸ ਅਫ਼ਸਰਸ਼ਾਹੀ ਨੂੰ ਬੇਨਕਾਬ ਕਰਨ ਦੀ ਜਿਹੜੇ ਇਨ੍ਹਾਂ ਡੇਰੇਦਾਰਾਂ ਤੋਂ
ਅਪਣੀਆਂ ਬਦਲੀਆਂ ਕਰਵਾਉਣ ਲਈ ਉਨ੍ਹਾਂ ਦੇ ਡੇਰਿਆਂ ਵਿਚ ਜਾ ਕੇ ਹਾਜ਼ਰੀਆਂ ਭਰਦੇ ਹਨ। ਅੱਜ
ਲੋੜ ਹੈ ਉਨ੍ਹਾਂ ਸਿਆਸੀ ਲੀਡਰਾਂ ਨੂੰ ਨੰਗਾ ਕਰਨ ਦੀ ਜਿਹੜੇ ਇਨ੍ਹਾਂ ਡੇਰਿਆਂ ਤੇ ਜਾ ਕੇ
ਵੋਟਾਂ ਮੰਗਦੇ ਹਨ ਅਤੇ ਫਿਰ ਉਨ੍ਹਾਂ ਵੋਟਾਂ ਦੇ ਬਦਲੇ ਇਨ੍ਹਾਂ ਨੂੰ ਗ਼ਰੀਬ ਲੋਕਾਂ ਦੀਆਂ
ਜਾਨਾਂ ਨਾਲ ਖ਼ੂਨ ਦੀ ਹੋਲੀ ਖੇਡਣ ਦੇ ਕੇ ਅੱਖਾਂ ਹੀ ਨਹੀਂ ਮੀਟ ਲੈਂਦੇ ਸਗੋਂ ਉਨ੍ਹਾਂ ਨੂੰ
ਬਚਾਉਣ ਲਈ ਉਨ੍ਹਾਂ ਦੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਮਦਦ ਵੀ ਕਰਦੇ ਹਨ।
ਇਸ ਤੋਂ
ਤਾਂ ਹੀ ਬਚਿਆ ਜਾ ਸਕੇਗਾ ਜਦੋਂ ਹਰ ਸਿੱਖ, ਹਿੰਦੂ, ਮੁਸਲਮਾਨ, ਇਸਾਈ ਆਦਿ ਆਪੋ ਅਪਣੇ ਧਰਮ
ਵਿਚ ਪੱਕੇ ਹੋਣਗੇ। ਫਿਰ ਇਹ ਲੋਕ ਜ਼ਰੂਰ ਆਪੋ-ਅਪਣੀਆਂ ਝੂਠ ਦੀਆਂ ਦੁਕਾਨਾਂ ਬੰਦ ਕਰਨ ਲਈ
ਮਜਬੂਰ ਹੋ ਜਾਣਗੇ। ਫਿਰ ਨਾ ਹੀ ਕਿਸੇ ਬੀਬੀ ਦੀ ਇੱਜ਼ਤ ਲੁੱਟੀ ਜਾਵੇਗੀ ਅਤੇ ਨਾ ਹੀ ਕਿਸੇ
ਨੂੰ ਅਜਾਈਂ ਜ਼ਿੰਦਗੀ ਗਵਾਉਣੀ ਪਵੇਗੀ। ਅੱਜ ਲੋੜ ਹੈ ਅਖੌਤੀ ਗੁਰੂਆਂ, ਅਫ਼ਸਰਸ਼ਾਹੀ ਅਤੇ
ਸਿਆਸੀ ਲੀਡਰਾਂ ਦੇ ਗਠਜੋੜ ਨੂੰ ਬੇਨਕਾਬ ਕਰਨ ਦੀ, ਤਾਂ ਹੀ ਸਾਡਾ ਦੇਸ਼ ਵਿਕਾਸ ਵਲ ਵੱਧ
ਸਕੇਗਾ।
ਸੰਪਰਕ : 94646-96083