1947 ਬਾਰੇ 'ਅੱਜ ਆਖਾਂ ਵਾਰਸ ਸ਼ਾਹ ਨੂੰ ਉਠ ਕਬਰਾਂ ਵਿਚੋਂ ਬੋਲ' ਲਿਖਣ ਵਾਲੀ ਅੰਮ੍ਰਿਤਾ ਨੂੰ 1984 ਦਾ ਕੁੱਝ ਵੀ ਲਿਖਣ ਜੋਗਾ ਨਜ਼ਰ ਨਾ ਆਇਆ ਹਾਲਾਂਕਿ ਇਹ ਸਾਰਾ ਕੁੱਝ ਉਸ ਦੀ ਨੱਕ ਹੇਠ ਦਿੱਲੀ ਵਿਚ ਵੀ ਹੋਇਆ ਸੀ। ਸੱਚੇ ਲੇਖਕ ਅਫ਼ਜ਼ਲ ਅਹਿਸਾਨ ਨੂੰ ਪਾਕਿਸਤਾਨ ਵਿਚ ਬੈਠਿਆਂ ਵੀ ਉਹ ਸੱਭ ਨਜ਼ਰੀਂ ਪੈ ਗਿਆ ਤੇ ਉਸ ਨੇ ਉਹ ਵੈਣ ਵਾਏ ਜੋ ਹਮੇਸ਼ਾ ਲਈ ਉਸ ਨੂੰ ਅਮਰ ਕਰ ਗਏ...
ਅਮ੍ਰਿਤਾ ਪ੍ਰੀਤਮ ਅਤੇ ਅਫ਼ਜ਼ਲ ਅਹਿਸਾਨ ਰੰਧਾਵਾ ਸਾਹਿਤ ਦੇ ਦੋ ਮੰਨੇ-ਪ੍ਰਮੰਨੇ ਨਾਂ। ਦੋਵੇਂ ਅਣਵੰਡੇ ਪੰਜਾਬ ਦੇ ਜੰਮੇ ਹੋਏ। ਦੋਹਾਂ ਨੇ 1947 ਦੀ ਵੰਡ ਦਾ ਦਰਦ ਝਲਿਆ। ਦੋਹਾਂ ਨੇ ਹੈਵਾਨੀਅਤ ਦੇ ਉਹ ਮੰਜ਼ਰ ਅੱਖੀਂ ਵੇਖੇ। ਲਾਸ਼ਾਂ ਦੇ ਢੇਰ, ਥੇਹ ਹੋਏ ਪਿੰਡ, ਵੀਰਾਨ ਹੋਏ ਸ਼ਹਿਰ, ਸਹਿਕ ਸਹਿਕ ਦਮ ਤੋੜਦੀ ਜ਼ਿੰਦਗੀ ਦੇ ਦਰਸ਼ਨ ਦੋਹਾਂ ਨੇ ਕੀਤੇ। ਦੋਹਾਂ ਦੇ ਦਿਲ 'ਚ ਪੰਜਾਬ ਦੀ ਵੰਡ ਦਾ ਦਰਦ। ਅੰਮ੍ਰਿਤਾ ਪ੍ਰੀਤਮ ਦੀ ਉਮਰ ਵੰਡ ਵੇਲੇ 28 ਸਾਲ ਸੀ ਅਤੇ ਰੰਧਾਵਾ ਦੀ 10 ਸਾਲ ਦੀ। ਪਰ 10 ਸਾਲ ਦੇ ਬੱਚੇ ਨੂੰ ਇਹੋ ਜਿਹੇ ਡਰਾਉਣੇ ਮੰਜ਼ਰ ਕਿਥੇ ਭੁੱਲਿਆ ਕਰਦੇ ਹਨ ਜਦੋਂ ਮੌਤ ਹਰ ਪਲ ਖਹਿ ਖਹਿ ਕੇ ਕੋਲ ਦੀ ਲੰਘ ਰਹੀ ਹੋਵੇ? ਦੋਹਾਂ ਨੇ ਦੋ ਸ਼ਾਹਕਾਰ ਰਚਨਾਵਾਂ ਪਾਠਕਾਂ ਨੂੰ ਦਿਤੀਆਂ। ਅੰਮ੍ਰਿਤਾ ਪ੍ਰੀਤਮ ਨੇ 'ਅੱਜ ਆਖਾਂ ਵਾਰਿਸ ਸ਼ਾਹ ਨੂੰ' ਅਤੇ ਰੰਧਾਵਾ ਨੇ 'ਨਵਾਂ ਘੱਲੂਘਾਰਾ'।
ਸੰਖੇਪ ਵਿਚ ਅਮ੍ਰਿਤਾ ਪ੍ਰੀਤਮ ਦਾ ਜਨਮ 1919 ਵਿਚ ਅਣਵੰਡੇ ਪੰਜਾਬ ਦੇ ਮੰਡੀ ਬਹਾਉਦੀਨ ਵਿਚ ਹੋਇਆ ਜੋ ਕਿ ਅੱਜਕਲ੍ਹ ਪਾਕਿਸਤਾਨ ਵਿਚ ਹੈ। 1936 ਵਿਚ ਅਮ੍ਰਿਤਾ ਪ੍ਰੀਤਮ ਨੇ ਲਿਖਣਾ ਸ਼ੁਰੂ ਕੀਤਾ। 1947 ਦੇ ਉਜਾੜੇ ਵੇਲੇ ਉਹ ਇਧਰ ਭਾਰਤ ਆ ਗਈ ਅਤੇ 2005 ਵਿਚ ਦੁਨੀਆਂ ਤੋਂ ਰੁਖ਼ਸਤ ਹੋ ਗਈ। ਅਫ਼ਜ਼ਲ ਅਹਿਸਨ ਰੰਧਾਵਾ ਦਾ ਜਨਮ 1 ਸਤੰਬਰ 1937 ਨੂੰ ਹੁਸਨਪੁਰਾ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। 10 ਸਾਲ ਉਨ੍ਹਾਂ ਨੇ ਅਣਵੰਡੇ ਪੰਜਾਬ 'ਚ ਮੌਜਾਂ ਮਾਣੀਆਂ ਅਤੇ 1947 ਦੇ ਉਜਾੜੇ ਵੇਲੇ ਉਨ੍ਹਾਂ ਨੂੰ ਅੰਮ੍ਰਿਤਸਰ ਦਾ ਮੁਕੱਦਸ ਸਥਾਨ ਛੱਡ ਕੇ ਨਨਕਾਣਾ ਸਾਹਿਬ ਦੀ ਧਰਤੀ ਪਾਕਿਸਤਾਨ ਜਾਣਾ ਪਿਆ।
ਬਾਪੂਆਂ, ਚਾਚਿਆਂ ਦੇ ਵਾਅਦੇ ਵਫ਼ਾ ਨਾ ਹੋਏ ਜੋ ਕਹਿੰਦੇ ਸੀ ਕਿ ਵੰਡ ਸਾਡੀ ਲਾਸ਼ ਤੇ ਹੋਵੇਗੀ। ਵੰਡ ਹੋਈ ਪਰ ਸਿਰਫ਼ ਪੰਜਾਬ ਦੀ ਜਾਂ ਕਹਿ ਲਉ ਜਾਣਬੁੱਝ ਕੇ ਕੀਤੀ ਗਈ, ਪੰਜਾਬ ਨੂੰ ਕਮਜ਼ੋਰ ਕਰ ਕੇ ਮਾਰਨ ਵਾਸਤੇ। ਰੰਧਾਵਾ ਜੀ ਨੇ ਕਿੰਨੇ ਵਾਰ ਇਹ ਗੱਲ ਇੰਟਰਵਿਉ 'ਚ ਕਹੀ ਸੀ ਕਿ ਵੰਡ ਜੇ ਜ਼ਰੂਰੀ ਸੀ ਤਾਂ ਸਿਰਫ਼ ਪੰਜਾਬ ਦੀ ਵੰਡ ਕਿਉਂ? ਇਕੱਲਾ ਪੰਜਾਬ ਕਿਉਂ ਬਲੀ ਦਾ ਬਕਰਾ ਬਣਾਇਆ ਗਿਆ? ਜਵਾਬ ਕਿਸੇ ਕੋਲ ਨਾ ਸੀ, ਨਾ ਹੈ ਅਤੇ ਨਾ ਹੋਵੇਗਾ।