ਆਸ਼ੀਰਵਾਦ ਹੀ ਆਸ਼ੀਰਵਾਦ

ਵਿਚਾਰ, ਵਿਸ਼ੇਸ਼ ਲੇਖ

ਹੁਣ ਤੋਂ ਤਕਰੀਬਨ 5-6 ਦਹਾਕੇ ਪਹਿਲਾਂ ਪ੍ਰਵਾਰ ਵੱਡੇ ਅਤੇ ਸਾਂਝੇ ਹੁੰਦੇ ਸਨ। ਫਿਰ ਵੀ ਘਰ 'ਚ ਬਜ਼ੁਰਗਾਂ ਦਾ ਪੂਰਾ ਮਾਣ ਸਤਿਕਾਰ ਹੁੰਦਾ ਸੀ। ਪੁੱਤਰ, ਨੂੰਹਾਂ ਅਤੇ ਬੱਚੇ ਸਾਰੇ ਸਵੇਰੇ ਉਠ ਕੇ ਸੱਭ ਤੋਂ ਪਹਿਲਾਂ ਅਪਣੇ ਮਾਤਾ-ਪਿਤਾ, ਸੱਸ-ਸਹੁਰਾ ਅਤੇ ਦਾਦਾ-ਦਾਦੀ ਦੇ ਪੈਰ ਛੂਹ ਕੇ ਆਸ਼ੀਰਵਾਦ ਲੈਂਦੇ ਸਨ। ਅਜਕਲ ਵਾਂਗ ਨਹੀਂ 'ਹੈਲੋ ਡੈਡ, ਹੈਲੋ ਮੋਮ' ਜਾਂ 'ਹਾਏ ਡੈਡ, ਹਾਏ ਮੌਮ'। ਪਹਿਲਾਂ ਅਪਣਾਪਣ, ਪਿਆਰ ਅਤੇ ਸਮਰਪਣ ਸੀ। ਹੁਣ ਸਿਰਫ਼ ਵਿਖਾਵਾ ਹੈ। ਜੇ ਕਿਤੇ ਮਾੜਾ-ਮੋਟਾ ਰੋਸਾ ਗਿਲਾ ਜਾਂ ਗੁੱਸਾ ਹੋ ਜਾਂਦਾ ਸੀ ਤਾਂ ਸਮੱਸਿਆ ਵੱਡੇ ਬਜ਼ੁਰਗਾਂ ਦੀ ਹਾਜ਼ਰੀ 'ਚ ਬੜੀ ਆਸਾਨੀ ਨਾਲ ਹੱਲ ਹੋ ਜਾਂਦੀ ਸੀ।
ਇਕ ਪੁਰਾਣਾ ਪੰਜਾਬੀ ਗਾਣਾ ਸੀ ਜੋ ਤਕਰੀਬਨ ਸੱਭ ਨੇ ਸੁਣਿਆ ਹੋਵੇਗਾ, ਜਿਸ 'ਚ ਇਕ ਪਤਨੀ ਅਪਣੇ ਪਤੀ ਨੂੰ ਸ਼ਿਕਾਇਤ ਕਰਦੀ ਹੈ 'ਤੇਰੀ ਬੇਬੇ ਲਿਬੜੀ-ਤਿਬੜੀ ਮੈਨੂੰ ਗਲ ਨਾਲ ਲਾਉਂਦੀ ਏ'। ਮੈਂ ਤਾਂ ਕਹਿੰਦਾ ਹਾਂ ਕਿ ਉਸ ਨੂੰਹ ਨੂੰ ਤਾਂ ਸ਼ਿਕਵਾ ਕਰਨ ਦੀ ਬਜਾਏ ਅਪਣੀ ਸੱਸ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ ਕਿ ਉਹ ਗਲ ਨਾਲ ਤਾਂ ਲਾਉਂਦੀ ਹੈ, ਗਲ ਤਾਂ ਨਹੀਂ ਪੈਂਦੀ। ਕਿਸੇ ਨੂੰ ਗਲ ਲਾਉਣਾ ਵੀ ਇਕ ਤਰ੍ਹਾਂ ਦਾ ਬਜ਼ੁਰਗਾਂ ਵਲੋਂ ਅਪਣੇ ਪਿਆਰ ਦਾ ਪ੍ਰਗਟਾਵਾ ਹੁੰਦਾ ਹੈ।
ਮੇਰੇ ਵਿਆਹ ਸਮੇਂ ਜਦੋਂ ਧਰਮ ਪਤਨੀ ਨੇ ਘਰ 'ਚ ਪ੍ਰਵੇਸ਼ ਕੀਤਾ ਤਾਂ ਮੇਰੀ ਮਾਂ ਨੇ ਸਾਰੇ ਰਿਸ਼ਤੇਦਾਰਾਂ ਨਾਲ ਜਾਣ-ਪਛਾਣ ਕਰਵਾਈ। ਯੋਗ ਸਥਾਨ ਰੱਖਣ ਵਾਲੇ ਹਰ ਬਜ਼ੁਰਗ ਦੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਨੂੰ ਕਿਹਾ। ਉਸ ਨੂੰ ਵੇਖਣ ਆਈਆਂ ਵੱਡੀ ਉਮਰ ਦੀਆਂ ਔਰਤਾਂ ਤੋਂ ਆਸ਼ੀਰਵਾਦ ਲੈਣ ਲਈ ਕਿਹਾ।
ਕਈ ਦਿਨ ਮੁਹੱਲੇ ਦੀਆਂ ਔਰਤਾਂ ਦਾ ਆਉਣ-ਜਾਣ ਦਾ ਸਿਲਸਿਲਾ ਜਾਰੀ ਰਿਹਾ। ਕਿਸੇ ਨੇ ਉਸ ਦੇ ਪੈਰੀਂ ਹੱਥ ਲਾਉਣ ਉਪਰੰਤ ਕਹਿਣਾ, ''ਜਿਊਂਦੀ ਰਹਿ ਤੇਰੀ ਵੱਡੀ ਉਮਰ ਹੋਵੇ। ਜਵਾਨੀਆਂ ਮਾਣੇ।'' ਕਿਸੇ ਨੇ ਆਸ਼ੀਰਵਾਦ ਦੇਣਾ, ''ਖ਼ੁਸ਼ ਰਹੋ। ਆਬਾਦ ਰਹੋ। ਪ੍ਰਮਾਤਮਾ ਤੁਹਾਡੀ ਹਰ ਖ਼ਾਹਸ਼ ਪੂਰੀ ਕਰੇ।'' ਧਰਮ ਪਤਨੀ ਨੂੰ ਵੀ ਇਹ ਸੱਭ ਸੁਣ ਕੇ ਬਹੁਤ ਚੰਗਾ ਲਗਦਾ ਸੀ।
ਉਹ ਦਿੱਲੀ ਦੀ ਰਹਿਣ ਵਾਲੀ ਸੀ। ਪੰਜਾਬੀ ਉਸ ਨੂੰ ਬਿਲਕੁਲ ਨਹੀਂ ਸੀ ਆਉਂਦੀ। ਪਰ ਆਸਾਨ ਆਸਾਨ ਸ਼ਬਦ ਜੋ ਹਿੰਦੀ ਨਾਲ ਮਿਲਦੇ ਹੁੰਦੇ ਹਨ, ਉਹ ਸਮਝ ਲੈਂਦੀ ਸੀ। ਆਮ ਕਰ ਕੇ ਹਿੰਦੀ ਬੋਲਦੀ ਸੀ। ਇਕ ਦਿਨ ਅਸੀ ਦੋਵੇਂ ਪੈਦਲ ਹੀ ਬਾਜ਼ਾਰ ਜਾ ਰਹੇ ਸੀ ਕਿ ਮੁਹੱਲੇ ਦੀ ਇਕ ਬਜ਼ੁਰਗ ਔਰਤ ਮਿਲੀ ਜੋ ਮੇਰੀ ਮਾਤਾ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਮੈਂ ਉਸ ਦੇ ਪੈਰ ਛੂਹੇ ਅਤੇ ਪਤਨੀ ਨੂੰ ਵੀ ਉਸ ਦੇ ਪੈਰ ਛੂਹ ਕੇ ਆਸ਼ੀਰਵਾਦ ਲੈਣ ਲਈ ਕਿਹਾ। ਉਸ ਨੇ ਸਿਰ ਉਤੇ ਪੱਲਾ ਲੈ ਕੇ ਉਸ ਦੀ ਚਰਨਛੋਹ ਪ੍ਰਾਪਤ ਕੀਤੀ। ਬਦਲੇ 'ਚ ਉਸ ਔਰਤ ਨੇ ਸਿਰ ਉਤੇ ਹੱਥ ਫੇਰਦਿਆਂ ਕਿਹਾ, ''ਬੁੱਢ ਸੁਹਾਗਣ ਹੋਵੇ। ਪੁਤਰਵਤੀ ਹੋਵੇ।'' ਉਸ ਦੇ ਜਾਣ ਤੋਂ ਬਾਅਦ ਪਤਨੀ ਨੇ ਮੈਨੂੰ ਕਿਹਾ, ''ਇਸ ਮਾਤਾ ਨੇ ਮੁਝੇ ਗੁੱਡ ਸੁਹਾਗਨ ਕਾ ਆਸ਼ੀਰਵਾਦ ਦੀਆ ਹੈ। ਇਕ ਮਾਤਾ ਨੇ ਪਹਿਲੇ ਭੀ ਐਸਾ ਕੁਛ ਕਹਾ ਥਾ।''
ਮੈਂ ਕਿਹਾ, ''ਭਾਗਵਾਨੇ ਉਸ ਨੇ ਗੁੱਡ ਸੁਹਾਗਨ ਨਹੀਂ, ਬੁੱਢ ਸੁਹਾਗਣ ਕਿਹਾ ਹੈ, ਜਿਸ ਦਾ ਭਾਵ ਹੈ ਵੱਡੀ ਉਮਰ ਤਕ, ਮਤਲਬ ਬੁਢਾਪੇ ਤਕ ਸੁਹਾਗਣ ਰਹੇਂ। ਮਾਤਾ ਨੇ ਇਕ ਤਰ੍ਹਾਂ ਦੀ ਮੈਨੂੰ ਵੀ ਲੰਮੀ ਉਮਰ ਦੀ ਅਸੀਸ ਦਿਤੀ ਹੈ।'' ਉਸ ਨੇ ਹਸਦੀ ਨੇ ਕਿਹਾ, ''ਦੇਖੋ ਜੀ, ਮੁਝੇ ਪੰਜਾਬੀ ਤੋ ਆਤੀ ਨਹੀਂ ਫਿਰ ਭੀ ਇਤਨਾ ਸਮਝਤੀ ਹੂੰ ਕਿ ਯਹਾਂ ਕੇ ਲੋਗ ਬਹੁਤ ਸਾਫ਼ ਦਿਲ, ਨਿਰਮਲ, ਨਿਰਛਲ ਔਰ ਭੋਲੇ ਭਾਲੇ ਹੈਂ। ਮੁਝੇ ਐਸੇ ਲੋਕ ਬਹੁਤ ਅੱਛੇ ਲਗਤੇ ਹੈਂ। ਸਤਿਕਾਰ ਦੇਨੇ ਸੇ ਸਤਿਕਾਰ ਮਿਲਤਾ ਹੈ।''
''ਹਾਂ, ਇਹ ਤਾਂ ਬਿਲਕੁਲ ਸੱਚ ਹੈ।'' ਮੈਂ ਕਿਹਾ।
ਸਾਨੂੰ ਸੱਭ ਨੂੰ ਅਪਣੇ ਮਾਤਾ-ਪਿਤਾ ਅਤੇ ਹੋਰ ਸਾਰੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਸਾਡਾ ਕੁੱਝ ਘੱਟ ਨਹੀਂ ਜਾਵੇਗਾ। ਸਗੋਂ ਘਰ 'ਚ ਅਤੇ ਸਮਾਜ 'ਚ ਤੁਹਾਡੀ ਇੱਜ਼ਤ ਵਧੇਗੀ। ਬਜ਼ੁਰਗਾਂ ਅਤੇ ਮਾਤਾ-ਪਿਤਾ ਦੇ ਆਸ਼ੀਰਵਾਦ 'ਚ ਬਹੁਤ ਤਾਕਤ ਹੁੰਦੀ ਹੈ ਕਿਉਂਕਿ ਇਨ੍ਹਾਂ ਦੇ ਦੋ ਨਹੀਂ ਹਜ਼ਾਰਾਂ ਹੱਥ ਹੁੰਦੇ ਹਨ। ਭਗਵਾਨ ਵੀ ਇਨ੍ਹਾਂ ਦੇ ਆਸ਼ੀਰਵਾਦ ਨੂੰ ਕੱਟ ਨਹੀਂ ਸਕਦਾ।
ਮੋਬਾਈਲ : 99888-73637