ਬੱਚੇ ਦੇ ਵਿਕਾਸ ਵਿਚ ਅਹਿਮ ਮਹੱਤਤਾ ਰਖਦੀ ਹੈ ਮਾਂ-ਬੋਲੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬੱਚੇ ਦੀ ਮੁਢਲੀ ਪੜ੍ਹਾਈ ਹਮੇਸ਼ਾ ਮਾਂ-ਬੋਲੀ ਵਿਚ ਹੀ ਹੋਣੀ ਚਾਹੀਦੀ ਹੈ। ਜਦੋਂ ਮਾਂ-ਬੋਲੀ ਵਿਚ ਮੁਹਾਰਤ ਹੋ ਜਾਵੇ, ਫਿਰ ਬੱਚੇ ਨੂੰ ਦੂਜੀਆਂ ਬੋਲੀਆਂ ਸਿਖਣ ਲਈ ਪ੍ਰੇਰਿਆ ਜਾਵੇ

ਬੱਚੇ ਦੇ ਵਿਕਾਸ ਵਿਚ ਅਹਿਮ ਮਹੱਤਤਾ ਰਖਦੀ ਹੈ ਮਾਂ-ਬੋਲੀ

ਹਰ ਭਾਸ਼ਾ ਹੀ ਅਪਣੀ ਅਪਣੀ ਥਾਂ ਮਹੱਤਵਪੂਰਨ ਹੈ। ਭਾਸ਼ਾ ਬਾਰੇ ਕਿਹਾ ਜਾਂਦਾ ਹੈ ਕਿ ਇਹ ਮਨੁੱਖੀ ਨਸਲ ਦੀ ਖ਼ੂਬਸੂਰਤ ਪ੍ਰਾਪਤੀ ਹੈ। ਪੰਜਾਬੀ ਵਿਦਵਾਨ ਡਾ. ਜੀਤ ਸਿੰਘ ਸੀਤਲ ਅਨੁਸਾਰ 'ਹਰ ਦੇਸ਼ ਦੀ ਭਾਸ਼ਾ ਵੱਖ-ਵੱਖ ਹੁੰਦੀ ਹੈ। ਇਹ ਉਸ ਕੌਮ ਦਾ ਅਜਾਇਬ ਘਰ ਹੁੰਦੀ ਹੈ ਜਾਂ ਇਕ ਨਗਰ ਵਾਂਗ ਜਿਸ ਦੀ ਉਸਾਰੀ ਵਿਚ ਉਸ ਥਾਂ ਦੇ ਹਰ ਵਾਸੀ ਨੇ ਕੋਈ ਨਾ ਕੋਈ ਇੱਟ ਚਿਣੀ ਹੁੰਦੀ ਹੈ।' ਇਕ ਅਧਿਐਨ ਅਨੁਸਾਰ ਜਰਮਨੀ ਦੀ ਇਕ ਯੂਨੀਵਰਸਟੀ ਦੇ ਖੋਜਕਾਰਾਂ ਨੇ ਇਹ ਪਤਾ ਲਗਾਇਆ ਹੈ ਕਿ ਬਿਲਕੁਲ ਨਵਜੰਮੇ ਬੱਚੇ ਨਾ ਸਿਰਫ਼ ਚੀਕਾਂ ਮਾਰਨ ਸਮੇਂ ਵੱਖ ਵੱਖ ਧੁਨੀਆਂ ਕੱਢਣ ਦੇ ਸਮਰੱਥ ਹੁੰਦੇ ਹਨ, ਸਗੋਂ ਉਹ ਉਸੇ ਸੁਰ ਆਧਾਰ ਤੇ ਰੋਣਾ ਪਸੰਦ ਕਰਦੇ ਹਨ, ਜਿਹੜੀ ਵਿਸ਼ੇਸ਼ ਭਾਸ਼ਾ ਉਹ ਗਰਭਕਾਲ ਦੀ ਆਖ਼ਰੀ ਤਿਮਾਹੀ ਦੌਰਾਨ ਪੇਟ ਵਿਚ ਅਪਣੀ ਮਾਂ ਕੋਲੋਂ ਸੁਣਦੇ ਹਨ। ਮਾਂ-ਬੋਲੀ ਨਾਲ ਪਿਆਰ ਬੱਚਾ ਗਰਭ ਅਵਸਥਾ ਤੋਂ ਲੈ ਕੇ ਅਪਣੀ ਸਿਖਣ ਦੀ ਉਮਰ ਤਕ ਮਾਂ ਤੋਂ ਸਿਖਦਾ ਹੈ। ਬੱਚੇ ਦੀ ਸੱਭ ਤੋਂ ਪਹਿਲੀ ਅਤੇ ਮਹੱਤਵਪੂਰਨ ਅਧਿਆਪਕ ਉਸ ਦੀ ਮਾਂ ਹੀ ਹੁੰਦੀ ਹੈ ਜੋ ਅਪਣੇ ਬੱਚਿਆਂ ਨੂੰ ਅਨੋਖਾ ਤੇ ਵਿਲੱਖਣ ਪ੍ਰਭਾਵ ਪਾਉਂਦੀ ਹੈ। ਮਾਂ ਜਨਨੀ ਅਤੇ ਮਾਂ ਧਰਤੀ ਦੀ ਗੋਦ ਤਾਂ ਹਰ ਪ੍ਰਾਣੀ ਅਤੇ ਪਸ਼ੂ ਨੂੰ ਇਕ ਸਮਾਨ ਪ੍ਰਾਪਤ ਹੁੰਦੀ ਹੈ ਪਰ ਮਾਂ-ਬੋਲੀ ਉਹ ਮਾਂ ਹੈ ਜੋ ਮਨੁੱਖਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਮਾਂ-ਬੋਲੀ ਵਿਚ ਲੋਰੀਆਂ ਦੇ ਕੇ ਪਿਲਾਇਆ ਦੁੱਧ ਬੱਚੇ ਨੂੰ ਸਭਿਅਕ ਸੰਸਕਾਰਾਂ ਦੀ ਸੋਝੀ ਅਤੇ ਸਿਆਣਪ ਪ੍ਰਦਾਨ ਕਰਦਾ ਹੈ। ਜੇਕਰ ਬੱਚਾ ਮਾਂ-ਬੋਲੀ ਵਿਚ ਮੁਹਾਰਤ ਪ੍ਰਾਪਤ ਕਰਨ ਵਿਚ ਅਸਮਰਥ ਰਹਿੰਦਾ ਹੈ ਤਾਂ ਉਸ ਦੀ ਸ਼ਖ਼ਸੀਅਤ ਵੀ ਕਮਜ਼ੋਰ ਹੋਵੇਗੀ। ਉਸ ਵਿਚ ਆਤਮਵਿਸ਼ਵਾਸ ਪੈਦਾ ਹੀ ਨਹੀਂ ਹੁੰਦਾ ਅਤੇ ਉਹ ਅਪਣੇ ਵਿਰਸੇ ਤੋਂ ਵੀ ਦੂਰ ਚਲਾ ਜਾਂਦਾ ਹੈ। ਵਿਦਵਾਨਾਂ ਦੀ ਰਾਏ ਹੈ ਕਿ ਬੱਚੇ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਿਚ ਮਾਤ ਭਾਸ਼ਾ ਦਾ ਮਹੱਤਵਪੂਰਨ ਹਿੱਸਾ ਹੈ। ਜਦੋਂ ਬੱਚਾ ਅਪਣੀ ਮਾਂ ਨੂੰ ਬੋਲਦਾ, ਸੁਣਦਾ ਵੇਖਦਾ ਹੈ ਤਾਂ ਉਹ ਬੋਲੀ ਉਸ ਨੂੰ ਅਪਣੀ ਜਾਪਦੀ ਹੈ।
ਵੇਖਿਆ ਜਾਵੇ ਤਾਂ ਅੱਜ ਬਹੁਗਿਣਤੀ ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਮਾਂ-ਬੋਲੀ ਪੰਜਾਬੀ ਵਿਚ ਗੱਲ ਕਰਨ ਦੀ ਮਨਾਹੀ ਹੈ। ਬੱਚਿਆਂ ਨੂੰ ਜੁਰਮਾਨੇ ਕੀਤੇ ਜਾਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬੀ ਪੇਂਡੂ ਲੋਕਾਂ ਦੀ ਬੋਲੀ ਹੈ। ਘਰਾਂ ਵਿਚ ਕਈ ਮਾਵਾਂ ਵੀ ਮਾਂ-ਬੋਲੀ ਪੰਜਾਬੀ ਨੂੰ ਛੱਡ ਕੇ ਦੂਜੀਆਂ ਬੋਲੀਆਂ (ਹਿੰਦੀ, ਅੰਗਰੇਜ਼ੀ) ਵਿਚ ਬੱਚਿਆਂ ਨਾਲ ਗੱਲਬਾਤ ਕਰਦੀਆਂ ਹਨ ਅਤੇ ਅਚੇਤ ਹੀ ਬੱਚੇ ਨੂੰ ਮਾਂ-ਬੋਲੀ ਤੋਂ ਦੂਰ ਲੈ ਜਾਂਦੀਆਂ ਹਨ। ਮਾਵਾਂ ਦੀ ਤਾਂ ਖ਼ਾਸ ਭੂਮਿਕਾ ਬਣਦੀ ਹੈ ਕਿ ਉਹ ਅਪਣੇ ਬੱਚਿਆਂ ਨੂੰ ਸਭਿਅਕ ਅਤੇ ਸਲੀਕੇ ਵਾਲੇ ਬਣਾਉਣ ਲਈ ਮਾਤ-ਭਾਸ਼ਾ ਪੰਜਾਬੀ ਦੇ ਸ਼ਬਦਾਂ ਨਾਲ ਜੋੜੀ ਰੱਖਣ। ਬੱਚੇ ਦੇ ਪਹਿਲੇ ਕੁੱਝ ਸਾਲ ਮਾਂ ਦੇ ਬਹੁਤ ਨੇੜੇ ਬੀਤਦੇ ਹਨ ਅਤੇ ਇਨ੍ਹਾਂ ਸਾਲਾਂ ਵਿਚ ਬੱਚਾ ਅਨੇਕ ਸ਼ਬਦਾਂ, ਸੰਕਲਪਾਂ ਅਤੇ ਚਿੰਨ੍ਹਾਂ ਬਾਰੇ ਜਾਣ ਜਾਂਦਾ ਹੈ। ਉਸ ਦੀ ਮਾਂ ਦੇ ਮੂੰਹੋਂ ਨਿਕਲੇ ਸ਼ਬਦ ਉਸ ਦਾ ਪਾਠ ਹੁੰਦੇ ਹਨ ਅਤੇ ਘਰ ਉਸ ਦੀ ਪਹਿਲੀ ਪਾਠਸ਼ਾਲਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਬੱਚੇ ਦੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਅਤੇ ਬਹੁਪੱਖੀ ਵਿਕਾਸ ਲਈ ਮਾਂ ਅਪਣੇ ਬੱਚੇ ਨੂੰ ਅਪਣੀ ਮਾਂ-ਬੋਲੀ ਪੰਜਾਬੀ ਨਾਲ ਜੋੜਨ ਦਾ ਯਤਨ ਕਰੇ। ਬੱਚੇ ਦੇ ਮਨ ਵਿਚ ਕਦੇ ਵੀ ਹੀਣ ਭਾਵਨਾ ਪੈਦਾ ਨਾ ਹੋਵੇ ਕਿ ਮਾਂ-ਬੋਲੀ ਪੰਜਾਬੀ ਵਿਚ ਵਿਕਾਸ ਦੇ ਮੌਕੇ ਘੱਟ ਹਨ, ਜਾਂ ਇਹ ਪਿਛਾਂਹ ਖਿੱਚੂ ਹੈ। ਜੇ ਮਾਂ ਖ਼ੁਦ ਅਪਣੀ ਮਾਤ ਭਾਸ਼ਾ ਬੋਲੇਗੀ ਤਾਂ ਅੱਗੋਂ ਵੀ ਆਸ ਰੱਖੇਗੀ ਕਿ ਉਸ ਦਾ ਬੱਚਾ ਵੀ ਅਪਣੀ ਬੋਲੀ ਨੂੰ ਅਪਣਾਏ ਤਾਂ ਹੀ ਮਾਂ-ਬੋਲੀ ਜ਼ਿੰਦਾ ਰਹਿ ਸਕਦੀ ਹੈ।
ਸਾਹਿਤਕਾਰ ਵਿਦਵਾਨਾਂ ਅਤੇ ਮਾਹਰਾਂ ਦੀ ਰਾਏ ਹੈ ਕਿ ਬੱਚੇ ਨੂੰ ਉਸ ਦੀ ਮਾਤ ਭਾਸ਼ਾ ਤੋਂ ਵਿਛੋੜਾ ਉਸ ਉਤੇ ਬਹੁਤ ਮਾਨਸਿਕ ਜ਼ੁਲਮ ਹੈ। ਇਹ ਜ਼ੁਲਮ ਉਸ ਦੇ ਮਾਨਸਿਕ, ਬੌਧਿਕ ਅਤੇ ਸਰੀਰਕ ਵਿਕਾਸ ਵਿਚ ਇਕ ਵੱਡੀ ਰੁਕਾਵਟ ਹੈ। ਕਿਸੇ ਵੀ ਭਾਸ਼ਾ ਨੂੰ ਜਾਣਨਾ, ਲਿਖਣਾ ਅਤੇ ਮੁਹਾਰਤ ਹਾਸਲ ਕਰਨੀ ਮਾੜੀ ਗੱਲ ਨਹੀਂ ਪਰ ਇਹ ਸਾਰਾ ਕੁੱਝ ਮਾਤਭਾਸ਼ਾ ਦੀ ਕੀਮਤ ਤੇ ਨਹੀਂ ਕਰਨਾ ਚਾਹੀਦਾ। ਪਹਿਲੇ ਚਾਰ ਸਾਲ ਬੱਚਾ ਅਪਣੀ ਮਾਂ-ਬੋਲੀ ਵਿਚ ਮੁਹਾਰਤ ਹਾਸਲ ਕਰ ਲਵੇਗਾ ਤਾਂ ਦੂਜੀਆਂ ਭਾਸ਼ਾਵਾਂ ਬੱਚਾ ਜਲਦੀ ਸਿਖ ਲੈਂਦਾ ਹੈ। ਮਸ਼ਹੂਰ ਸਾਹਿਤਕਾਰ ਟੈਗੋਰ ਅਨੁਸਾਰ ਮਾਤਭਾਸ਼ਾ ਤੋਂ ਬਿਨਾਂ ਨਾ ਅਨੰਦ ਮਿਲਦਾ ਹੈ, ਨਾ ਹੀ ਕਿਸੇ ਗੱਲ ਦਾ ਵਿਸਥਾਰ ਹੁੰਦਾ ਹੈ ਅਤੇ ਨਾ ਹੀ ਸਾਡੀਆਂ ਯੋਜਨਾਵਾਂ ਪ੍ਰਫੁੱਲਤ ਹੁੰਦੀਆਂ ਹਨ। ਇਸ ਤਰ੍ਹਾਂ ਸਾਹਿਤਕਾਰ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਕਥਨ ਹੈ ਕਿ ਮਾਂ-ਬੋਲੀ ਤੋਂ ਬਿਨਾਂ ਮਨੁੱਖ ਦੇ ਅੰਦਰ ਜਜ਼ਬਿਆਂ ਦੇ ਭੰਡਾਰ ਬੰਦ ਪਏ ਰਹਿੰਦੇ ਹਨ। ਜਿਹੜੀ ਗੱਲ ਅਤੇ ਭਾਵਨਾਵਾਂ ਅਸੀ ਅਪਣੀ ਮਾਂ-ਬੋਲੀ ਰਾਹੀਂ ਪ੍ਰਗਟਾ ਸਕਦੇ ਹਾਂ, ਉਹ ਕਿਸੇ ਹੋਰ ਬੋਲੀ ਰਾਹੀਂ ਨਹੀਂ ਕਰ ਸਕਦੇ। ਮਾਂ-ਬੋਲੀ ਤੇ ਮਾਤਭਾਸ਼ਾ ਸਿਖਣ ਲਈ ਕਿਸੇ ਵਿਸ਼ੇਸ਼ ਸਿਖਲਾਈ ਦੀ ਲੋੜ ਨਹੀਂ ਹੁੰਦੀ। ਇਹ ਭਾਸ਼ਾ ਮਾਂ ਦੀ ਹੁੰਦੀ ਹੈ ਅਤੇ ਜਨ-ਸਮੂਹ ਦੀ ਹੁੰਦੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿਚ ਅੰਗਰੇਜ਼ੀ ਦਾ ਗਿਆਨ ਹੋਣਾ ਜ਼ਰੂਰੀ ਹੈ। ਪਰ ਇਹ ਵੀ ਸੱਚ ਹੈ ਕਿ ਅਪਣੀ ਮਾਂ-ਬੋਲੀ ਦੇ ਗਿਆਨ ਤੋਂ ਬਗ਼ੈਰ ਕਿਸੇ ਵੀ ਵਿਦੇਸ਼ੀ ਭਾਸ਼ਾ ਵਿਚ ਮੁਹਾਰਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਬੱਚੇ ਦੀ ਮੁਢਲੀ ਪੜ੍ਹਾਈ ਹਮੇਸ਼ਾ ਮਾਂ-ਬੋਲੀ ਵਿਚ ਹੀ ਹੋਣੀ ਚਾਹੀਦੀ ਹੈ। ਜਦੋਂ ਮਾਂ-ਬੋਲੀ ਵਿਚ ਮੁਹਾਰਤ ਹੋ ਜਾਵੇ, ਫਿਰ ਬੱਚੇ ਨੂੰ ਦੂਜੀਆਂ ਬੋਲੀਆਂ ਸਿਖਣ ਲਈ ਪ੍ਰੇਰਿਆ ਜਾਵੇ।
ਵਿਸ਼ਵ ਭਰ ਦੇ ਭਾਸ਼ਾ ਵਿਗਿਆਨੀਆਂ ਤੇ ਮਾਹਰਾਂ, ਬਾਲ ਮਨੋਵਿਗਿਆਨੀਆਂ ਅਤੇ ਸਿਖਿਆ ਸ਼ਾਸਤਰੀਆਂ ਅਨੁਸਾਰ ਮਾਂ-ਬੋਲੀ ਹੀ ਸਿਖਿਆ ਦਾ ਸਰਵੋਤਮ ਮਾਧਿਅਮ ਹੈ। ਵਿਸ਼ਵ ਦੇ ਸਾਰੇ ਵਿਕਸਤ, ਬੌਧਿਕ ਅਤੇ ਸਮਾਜਕ ਤੌਰ ਤੇ ਸੁਤੰਤਰ ਦੇਸ਼ਾਂ ਵਿਚ ਅਪਣੇ ਬੱਚਿਆਂ ਨੂੰ ਅਪਣੀ ਮਾਤ-ਭਾਸ਼ਾ ਰਾਹੀਂ ਸਿਖਿਆ ਦਿਤੀ ਜਾਂਦੀ ਹੈ ਕਿਉਂਕਿ ਵਿਦਵਾਨ ਕਹਿੰਦੇ ਹਨ ਕਿ ਦਿਮਾਗ਼ ਦੇ ਵਿਕਾਸ ਲਈ ਮਾਂ-ਬੋਲੀ ਵਿਚ ਸਿਖਿਆ ਦੇਣੀ ਬਹੁਤ ਜ਼ਰੂਰੀ ਹੈ।
ਆਉ, ਸਾਰੇ ਅਪਣੀ ਮਾਂ-ਬੋਲੀ ਪੰਜਾਬੀ ਉਤੇ ਮਾਣ ਕਰੀਏ, ਇਸ ਨਾਲ ਆਤਮਵਿਸ਼ਵਾਸ ਦ੍ਰਿੜ ਹੋਵੇਗਾ। ਗਿਆਨ, ਵਿਗਿਆਨ ਅਤੇ ਤਕਨੀਕੀ ਖੇਤਰ ਵਿਚ ਮੌਲਿਕ ਅਤੇ ਉੱਚੀਆਂ ਉਡਾਰੀਆਂ ਮਾਰ ਸਕਾਂਗੇ। ਬੱਚਿਆਂ ਨੂੰ ਅਪਣੀ ਮਾਂ-ਬੋਲੀ ਪੰਜਾਬੀ ਨਾਲ ਜੋੜੀਏ। ਇਸ ਰਾਹੀਂ ਉਹ ਅਪਣੇ ਵਿਰਸੇ ਅਤੇ ਸਮਾਜਕ ਕਦਰਾਂ-ਕੀਮਤਾਂ ਨਾਲ ਜੁੜ ਸਕਣਗੇ। ਉਨ੍ਹਾਂ ਦੀ ਸ਼ਖ਼ਸੀਅਤ ਦਾ ਹਰ ਪੱਖੋਂ ਵਿਕਾਸ ਹੋਵੇਗਾ। ਮਾਂ-ਬੋਲੀ ਦੀ ਕਦਰ ਕਰਨਾ ਮਾਂ ਦੀ ਕਦਰ ਕਰਨ ਦੇ ਬਰਾਬਰ ਹੈ।