ਲਾਹੌਰ, ਸਿੱਖਾਂ ਦੀ ਰਾਜਨੀਤਕ ਸ਼ਕਤੀ ਦਾ ਸਿਖਰ,
ਸਾਡੇ ਸਿੱਖ ਰਾਜ ਦੇ ਸੁਨਹਿਰੀ ਦੌਰ ਦਾ ਗਵਾਹ, ਦੁਨੀਆਂ ਦੇ ਕਿਸੇ ਵੀ ਰਾਜ ਵਾਸਤੇ
ਪ੍ਰੇਰਨਾ ਸਰੋਤ। ਲਾਹੌਰ, ਜਿਥੇ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲ ਦੇ ਰਾਜ ਦੌਰਾਨ ਇਕ
ਵਾਰ ਵੀ ਕਾਲ ਨਹੀਂ ਪਿਆ, ਇਕ ਵੀ ਫ਼ਿਰਕੂ ਦੰਗਾ ਫ਼ਸਾਦ ਨਹੀਂ ਹੋਇਆ, ਇਕ ਵੀ ਬੰਦੇ ਨੂੰ ਮੌਤ
ਦੀ ਸਜ਼ਾ ਨਹੀਂ ਦਿਤੀ ਗਈ। ਲਾਹੌਰ ਜੋ ਦਿੱਲੀ ਅਤੇ ਕਾਬੁਲ ਦੇ ਤਖ਼ਤਾਂ ਵਿਚਾਲੇ ਅਡੋਲ ਖੜਾ
ਰਿਹਾ। ਲਾਹੌਰ ਜਿਸ ਨੇ ਕਦੇ ਝੁਕਣਾ ਜਾਂ ਈਨ ਮੰਨਣੀ ਨਹੀਂ ਸਿਖੀ। ਜਿਸ ਬਾਰੇ ਦੁਨੀਆਂ ਵਿਚ
ਇਹ ਕਹਾਵਤ ਮਸ਼ਹੂਰ ਹੈ ਕਿ 'ਜਿਸਨੇ ਲਾਹੌਰ ਨਹੀਂ ਵੇਖਿਆ ਉਹ ਹਾਲੇ ਜੰਮਿਆ ਹੀ ਨਹੀਂ'।
ਦੁਨੀਆਂ ਦੇ ਹੋਰ ਦੇਸ਼ਾਂ ਵਿਚ ਵੀ ਹੋਰ ਬੜੇ ਸੋਹਣੇ ਸ਼ਹਿਰ ਹਨ। ਜਿਵੇਂ ਸਿਡਨੀ, ਬੀਜਿੰਗ,
ਟੋਰਾਂਟੋ, ਮਾਸਕੋ ਆਦਿ ਪਰ ਕਿਸੇ ਸ਼ਹਿਰ ਬਾਰੇ ਅਜਿਹੀ ਕਹਾਵਤ ਕਿਤੇ ਵੀ ਨਹੀਂ ਸੁਣੀ।
ਬਲਰਾਜ ਸਾਹਨੀ ਦਾ 'ਮੇਰਾ ਪਾਕਿਸਤਾਨੀ ਸਫ਼ਰਨਾਮਾ' ਪੜ੍ਹ ਰਿਹਾ ਸੀ। ਸਾਹਨੀ ਜੀ ਦਾ ਇਹ ਸਫ਼ਰਨਾਮਾ ਉਨ੍ਹਾਂ ਦੀ ਸ਼ਾਹਕਾਰ ਰਚਨਾ ਹੋ ਨਿਬੜਿਆ ਹੈ। ਬਹੁਤ ਹੀ ਵਧੀਆ ਤਰੀਕੇ ਨਾਲ ਤਰਤੀਬਵਾਰ ਸਫ਼ਰ ਦੀ ਹਰ ਗੱਲ ਬੜੇ ਹੀ ਸਲੀਕੇ ਨਾਲ ਲਿਖੀ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜਿਨ੍ਹਾਂ ਨੇ ਵੀ ਇਹ ਪੜ੍ਹਿਆ ਹੋਵੇਗਾ ਉਹ ਪੜ੍ਹ ਚੁੱਕਣ ਤੋਂ ਬਾਅਦ ਵੀ 5-7 ਦਿਨ ਅਪਣੇ ਆਪ ਨੂੰ ਖ਼ਿਆਲਾਂ ਵਿਚ ਲਾਹੌਰ ਫਿਰਦਾ ਮਹਿਸੂਸ ਕਰਦੇ ਹੋਣਗੇ।
1947 ਦਾ ਉਜਾੜਾ ਅਤੇ ਬਰਬਾਦੀ ਆਏ ਜਿਸ ਨੂੰ 1947 ਦੀ ਆਜ਼ਾਦੀ ਕਿਹਾ ਜਾਂਦਾ ਹੈ। 10 ਲੱਖ ਲੋਕ ਲਾਸ਼ਾਂ ਦੇ ਢੇਰ ਬਣ ਗਏ, ਕਰੋੜਾਂ ਲੋਕ ਉਜੜ ਗਏ। ਘਰਾਂ ਦੇ ਘਰ ਪੱਟੇ ਗਏ। ਅੱਖੀਂ ਵਿੰਹਦਿਆਂ-ਵਿੰਹਦਿਆਂ ਸੱਭ ਕੁੱਝ ਪਰਾਇਆ ਹੋ ਗਿਆ। ਮਿੱਠੇ ਪਾਣੀ ਦੇ ਖੂਹ ਜ਼ਹਿਰੀਲੇ ਹੋ ਗਏ। ਸਦੀਆਂ ਤੋਂ ਸਾਂਝੀ ਕੰਧ ਨਾਲ ਵਸਦੇ ਗੁਆਂਢੀ ਅੱਖ ਦੇ ਫੋਰ ਵਿਚ ਰੰਗ ਵਟਾ ਕੇ ਦੁਸ਼ਮਣ ਹੋ ਗਏ। ਅਣਗਿਣਤ ਮਾਵਾਂ-ਭੈਣਾਂ ਦੇ ਬਲਾਤਕਾਰ ਕੀਤੇ ਗਏ। ਕੁੜੀਆਂ ਨੂੰ ਨੰਗਿਆਂ ਕਰ ਕੇ ਜਲੂਸ ਕੱਢੇ ਗਏ। ਸਦੀਆਂ ਤੋਂ ਪਾਈ-ਪਾਈ ਜੋੜ ਕੇ ਬਣਾਈਆਂ ਜ਼ਮੀਨਾਂ-ਜਾਇਦਾਦਾਂ ਦੇ ਮਾਲਕਾਂ ਨੂੰ ਮੁਲਕ ਦੇ ਹਾਕਮਾਂ ਨੇ ਅੱਖ ਦੇ ਫੋਰ ਵਿਚ ਸੱਭ ਕੁੱਝ ਛੱਡ ਜਾਣ ਦਾ ਹੁਕਮ ਦੇ ਦਿਤਾ। ਤਕੜੇ ਦਾ ਸੱਤੀਂ ਵੀਹੀਂ ਸੌ। ਪੰਜਾਬ ਉੱਜੜ ਗਿਆ, ਲੁਟਿਆ-ਪੁਟਿਆ ਗਿਆ, ਕੱਖੋਂ ਹੌਲਾ ਹੋ ਗਿਆ। ਜਿਹੜਾ ਬਾਪੂ ਕਹਿੰਦਾ ਸੀ 'ਵੰਡ ਮੇਰੀ ਲਾਸ਼ ਤੇ ਹੋਵੇਗੀ' ਉਹ ਜਿਉਂਦਾ ਜਾਗਦਾ ਫਿਰ ਰਿਹਾ ਸੀ। ਪੰਜਾਬ ਨੂੰ ਦੋਹਾਂ ਲੱਤਾਂ ਤੋਂ ਫੜ ਕੇ ਵਿਚਾਲਿਉਂ ਚੀਰ ਦਿਤਾ ਗਿਆ। ਕਿਸੇ ਹਾਕਮ ਨੂੰ ਰੱਤੀ ਭਰ ਵੀ ਤਰਸ ਨਾ ਆਇਆ। ਕਿਸੇ ਹਾਕਮ ਦੀ ਅੱਖ 'ਚੋਂ ਹੰਝੂ ਦਾ ਇਕ ਵੀ ਤੁਪਕਾ ਨਹੀਂ ਡਿਗਿਆ। ਸੱਭ ਹਾਕਮਾਂ ਗਾਂਧੀ, ਨਹਿਰੂ, ਪਟੇਲ ਦੇ ਚਿਹਰੇ ਤੇ ਰੌਣਕਾਂ ਸਨ ਪਰ ਪੰਜਾਬ ਦੇ ਚਿਹਰੇ ਦੀ ਰੌਣਕ ਹਾਕਮਾਂ ਦੇ ਪੈੱਨ ਦੀਆਂ ਚੰਦ ਕੁ ਲਕੀਰਾਂ ਨੇ ਮਾਤਮ ਵਿਚ ਬਦਲ ਦਿਤੀ। ਸਾਡਾ ਲਾਹੌਰ ਸਾਥੋਂ ਵੱਖ ਕਰ ਦਿਤਾ ਗਿਆ। ਜਿਹੜਾ ਲਾਹੌਰ ਸਾਡੇ ਦੁੱਖਾਂ-ਸੁੱਖਾਂ, ਤੱਤੀਆਂ-ਠੰਢੀਆਂ ਹਵਾਵਾਂ, ਸਾਡੇ ਜੰਮਣੇ-ਮਰਨੇ ਅਤੇ ਹਾਅਵਾਂ ਤੇ ਹੌਕਿਆਂ ਦਾ ਸ਼ਰੀਕ ਸੀ, ਉਸ ਨੂੰ ਬਿਗਾਨਾ ਕਰ ਦਿਤਾ ਗਿਆ। ਲਾਹੌਰ ਧਾਹਾਂ ਮਾਰ ਕੇ ਬੜਾ ਰੋਇਆ, ਹਾਕਮਾਂ ਦੇ ਬੜੇ ਤਰਲੇ ਪਾਏ ਪਰ ਹਾਕਮ ਪੰਜਾਬ ਦੇ ਉਜਾੜੇ ਨੂੰ ਅੱਖੋਂ ਉਹਲੇ ਕਰ ਕੇ ਆਜ਼ਾਦੀ ਦੇ ਜਸ਼ਨ ਮਨਾ ਰਹੇ ਸਨ।
ਮੈਨੂੰ ਲਗਦਾ ਹੈ ਕਿ ਵਿਗਿਆਨ ਨੇ ਹਾਲੇ ਕਾਫ਼ੀ ਲੰਮਾ ਪੈਂਡਾ ਤੈਅ ਕਰਨਾ ਹੈ।
ਮਨੋਵਿਗਿਆਨੀਆਂ ਨੇ ਹਾਲੇ ਦਿਲਾਂ ਦੀਆਂ ਬੜੀਆਂ ਗੁੰਝਲਾਂ ਖੋਲ੍ਹਣੀਆਂ ਹਨ ਕਿਉਂਕਿ ਅੱਜ ਉਹ
ਦੱਸ ਨਹੀਂ ਸਕਦੇ ਕਿ ਜਿਨ੍ਹਾਂ ਸਾਡੇ ਵਰਗਿਆਂ ਨੇ ਲਾਹੌਰ ਸਿਰਫ਼ ਕਿਤਾਬਾਂ ਵਿਚ ਪੜ੍ਹਿਆ
ਹੈ ਉਸ ਦਾ ਨਾਂ ਸੁਣ ਕੇ ਦਿਲ ਕਿਉਂ ਬੈਠ ਜਾਂਦਾ ਹੈ, ਅੱਖਾਂ ਨਮ ਕਿਉਂ ਹੋ ਜਾਂਦੀਆਂ ਹਨ,
ਸੱਭ ਕੁੱਝ ਲੁਟਿਆ ਪੁਟਿਆ ਕਿਉਂ ਮਹਿਸੂਸ ਹੋਣ ਲੱਗ ਜਾਂਦਾ ਹੈ, ਦਿਲਾਂ ਵਿਚ ਵੀਰਾਨੀਆਂ
ਕਿਉਂ ਛਾ ਜਾਂਦੀਆਂ ਹਨ? ਮੇਰੇ ਦਾਦੀ ਜੀ ਸੁਪਨਿਆਂ ਬਾਰੇ ਇਕ ਗੱਲ ਦਸਿਆ ਕਰਦੇ ਹਨ ਕਿ
'ਸੁਪਨੇ ਤੂੰ ਸੁਲਤਾਨ ਹੈਂ, ਉੱਤਮ ਤੇਰੀ ਜਾਤ, ਸੌ ਬਰਸਾਂ ਦੇ ਵਿਛੜੇ, ਆਣ ਮਿਲਾਵੇਂ
ਰਾਤ'। ਪਰ ਜਦੋਂ ਲਾਹੌਰ ਵਿਛੜਿਆ ਸੀ, ਮੈ ਤਾਂ ਉਦੋਂ ਧਰਤੀ ਤੇ ਹਾਲੇ ਆਇਆ ਹੀ ਨਹੀਂ ਸੀ।
ਫਿਰ ਮੈਂ ਕਿਉਂ ਪੰਜਵੇਂ-ਸਤਵੇਂ ਦਿਨ ਰਾਤੀ ਸੁਪਨੇ 'ਚ ਲਾਹੌਰ ਫਿਰ ਰਿਹਾ ਹੁੰਦਾ ਹਾਂ?
ਲਾਹੌਰ ਤੋਂ ਕੋਈ ਮਾੜੀ ਖ਼ਬਰ ਸੁਣ ਕੇ ਇੰਜ ਕਿਉਂ ਲਗਦਾ ਹੈ ਕਿ ਇਹ ਮੇਰੇ ਆਸਪਾਸ ਜਾਂ ਗਲੀ
ਗੁਆਂਢ ਵਿਚ ਹੀ ਹੋਈ ਹੈ ਤੇ ਮੇਰਾ ਵੀ ਉਸ ਨਾਲ ਕੋਈ ਸਬੰਧ ਹੈ? ਇਸ ਨੂੰ ਸਹਿਣ ਵਾਲਿਆਂ
ਵਿਚ ਮੈਂ ਵੀ ਸ਼ਰੀਕ ਹੁੰਦਾ ਹਾਂ ਅਤੇ ਜਦੋਂ ਲਾਹੌਰ ਵਿਚ ਕੁੱਝ ਚੰਗਾ ਹੁੰਦਾ ਹੈ ਜਾਂ
ਲਾਹੌਰ ਜਾਂ ਆਸਪਾਸ ਦੇ ਕਿਸੇ ਪਿੰਡ ਦਾ ਕੋਈ ਖਿਡਾਰੀ ਕਿਸੇ ਖੇਡ ਵਿਚ ਮੱਲਾਂ ਮਾਰਦਾ ਹੈ
ਤਾਂ ਉਹ ਮੈਨੂੰ ਅਪਣਾ ਕਿਉਂ ਲਗਦਾ ਹੈ? ਕਿਉਂ ਉਥੋਂ ਦੇ ਬਾਸ਼ਿੰਦੇ ਮੈਨੂੰ ਅਪਣੇ ਭਰਾ,
ਭੈਣ, ਚਾਚੇ, ਤਾਏ ਅਤੇ ਬਜ਼ੁਰਗ ਜਾਪਦੇ ਹਨ? ਆਖ਼ਰ ਕੌਮਾਂ ਦੇ ਖ਼ੂਨ ਵਿਚ ਕੋਈ ਤਾਂ ਐਸੇ ਸੈੱਲ
ਹੁੰਦੇ ਹੋਣਗੇ ਜੋ ਹਾਕਮਾਂ ਦੇ ਵੱਖ ਕਰਨ ਤੇ ਵੀ ਸਰਹੱਦਾਂ ਦੇ ਪਾਰ ਵੀ ਇਕ-ਦੂਜੇ ਦੇ
ਦੁੱਖ-ਸੁੱਖ ਨੂੰ ਮਹਿਸੂਸ ਕਰਦੇ ਹਨ।
ਇਕੱਲਾ ਲਾਹੌਰ ਹੀ ਨਹੀਂ ਸਾਡਾ ਨਨਕਾਣਾ ਸਾਹਿਬ,
ਸਾਡਾ ਹਸਨ ਅਬਦਾਲ ਪੰਜਾ ਸਾਹਿਬ, ਸਾਡੀ ਰਾਵਲਪਿੰਡੀ, ਸਾਡਾ ਝੰਗ ਸਿਆਲ, ਸਾਡਾ ਲਾਇਲਪੁਰ,
ਸਾਡਾ ਸਿਆਲਕੋਟ ਕਿਉਂ ਵੱਖ ਕਰ ਦਿਤੇ ਗਏ ਸਾਥੋਂ? ਕਿਉਂ ਸਿਰਫ਼ ਤੇ ਸਿਰਫ਼ ਪੰਜਾਬ ਅਤੇ
ਬੰਗਾਲ ਦੀ ਹੀ ਵੰਡ ਜ਼ਰੂਰੀ ਸੀ? ਸਰਹੱਦ ਤਾਂ ਗੁਜਰਾਤ ਅਤੇ ਰਾਜਸਥਾਨ ਦੀ ਵੀ ਲਗਦੀ ਸੀ। ਉਹ
ਕਿਉਂ ਨਾ ਵੰਡੇ ਗਏ? ਜਾਂ ਸਿਰਫ਼ ਪੰਜਾਬ ਅਤੇ ਬੰਗਾਲ ਦੇ ਆਜ਼ਾਦੀ ਪਰਵਾਨਿਆਂ ਦੀ ਸੂਰਮਤਾਈ
ਦਾ ਬਦਲਾ ਲੈਣ ਵਾਸਤੇ ਇਹ ਦੋਵੇਂ ਸੂਬੇ ਚੀਰ ਦਿਤੇ ਗਏ? ਮਾਫ਼ ਕਰਨਾ ਵੰਡੇ ਨਹੀਂ ਚੀਰ ਦਿਤੇ
ਗਏ ਹਨ ਵਿਚਾਲਿਉ। ਕੀ ਗੁਜਰਾਤ ਅਤੇ ਰਾਜਸਥਾਨ ਵਿਚ ਹਿੰਦੂ ਤੇ ਮੁਸਲਿਮ ਦੋ ਕੌਮਾਂ ਨਹੀਂ
ਸਨ? ਫਿਰ ਉਥੇ ਇਹ ਸਿਧਾਂਤ ਲਾਗੂ ਕਿਉਂ ਨਾ ਹੋਇਆ? ਇਹ ਸਿਧਾਂਤ ਸਿਰਫ਼ ਪੰਜਾਬ ਦੇ ਹਿੱਸੇ
ਹੀ ਕਿਉਂ ਆਇਆ? ਬਾਬੇ ਨਾਨਕ ਦਾ ਬੁਢਾਪੇ ਸਮੇਂ ਖੇਤੀ ਕਰਨ ਵਾਲਾ ਸਥਾਨ ਕਰਤਾਰਪੁਰ ਸਾਹਿਬ
ਸਰਹੱਦ ਤੋਂ ਸਿਰਫ਼ 3 ਕਿਲੋਮੀਟਰ ਦੂਰ ਹੈ। ਕਿੰਨੇ ਸਾਲਾਂ ਤੋਂ ਸਿੱਖ ਭਾਰਤ ਸਰਕਾਰ ਤੋਂ ਇਹ
ਮੰਗ ਕਰਦੇ ਆ ਰਹੇ ਹਨ ਕਿ ਇਸ ਗੁਰਦਵਾਰੇ ਦੇ ਦਰਸ਼ਨਾਂ ਵਾਸਤੇ ਖੁੱਲ੍ਹ ਦਿਤੀ ਜਾਵੇ। ਪਰ
ਹਾਕਮ ਤਾਂ ਹਾਕਮ ਹੁੰਦੇ ਹਨ। ਕਦੇ ਕਿਸੇ ਪਾਰਟੀ ਦੇ ਹਾਕਮ ਦੇ ਕੰਨਾਂ ਤੇ ਜੂੰ ਨਹੀਂ
ਸਰਕੀ। ਪਤਾ ਹੈ ਕਿਉਂ? ਕਿਉਂਕਿ ਸਾਡੇ ਕੋਲ ਲਾਹੌਰ ਨਹੀਂ। ਸਾਡਾ ਤਖ਼ਤ ਨਹੀਂ ਰਿਹਾ। ਜੇ
ਲਾਹੌਰ ਸਾਡੇ ਕੋਲ ਹੁੰਦਾ ਤਾਂ ਏਨੀ ਛੋਟੀ ਜਿਹੀ ਮੰਗ ਵਾਸਤੇ ਸਾਨੂੰ ਹਾਕਮਾਂ ਅੱਗੇ
ਮਿੰਨਤਾਂ ਕਰਨ ਦੀ ਲੋੜ ਨਹੀਂ ਸੀ ਪੈਣੀ। ਥੋੜ੍ਹੇ ਦਿਨ ਪਹਿਲਾਂ ਸਾਬਕਾ ਵਜ਼ੀਰ ਸ਼ਸ਼ੀ ਥਰੂਰ
ਵੀ ਇਥੇ ਆਇਆ ਸੀ। ਸਿੱਖਾਂ ਨੇ ਗੁਰਦਵਾਰੇ ਦੇ ਦਰਸ਼ਨ ਦੀਦਾਰਿਆਂ ਵਾਸਤੇ ਲਾਂਘਾ ਖੋਲ੍ਹਣ ਦੀ
ਮੰਗ ਰੱਖੀ ਤਾਂ ਉਸ ਦਾ ਕਹਿਣਾ ਸੀ ਕਿ ਜਦੋਂ ਤਕ ਦੋਵੇਂ ਪਾਸਿਆਂ ਤੋਂ ਹਾਲਾਤ ਆਮ ਵਾਂਗ
ਨਹੀਂ ਹੋ ਜਾਂਦੇ, ਉਦੋਂ ਤਕ ਇਹ ਨਹੀਂ ਹੋ ਸਕਦਾ। ਵਜ਼ੀਰ ਜੀ ਤੁਸੀ ਦੱਸ ਸਕਦੇ ਹੋ ਕਿ
ਦੋਵਾਂ ਪਾਸਿਆਂ ਤੋਂ ਸ਼ਾਂਤੀ ਬਹਾਲੀ ਵਾਸਤੇ ਹੋਰ ਕਿੰਨਾ ਸਮਾਂ ਲੱਗੇਗਾ? 70 ਸਾਲ ਹੋ
ਚੁੱਕੇ ਹਨ ਤੇ ਅੱਗੇ ਵੀ ਕਿਤੇ ਨੇੜੇ ਸ਼ਾਂਤੀ ਹੁੰਦੀ ਨਹੀਂ ਦਿਸਦੀ।
ਅੱਜ ਅਸੀ ਸਿੱਖ ਜਿੰਨੀਆਂ ਕੁ ਮੁਸ਼ਕਲਾਂ ਅਪਣੀ ਕੌਮ ਵਾਸਤੇ ਮਹਿਸੂਸ ਕਰਦੇ ਹਾਂ, ਉਨ੍ਹਾਂ ਸਾਰੀਆਂ ਦਾ ਸਬੰਧ ਕਿਤੇ ਨਾ ਕਿਤੇ ਲਾਹੌਰ ਨਾਲ ਹੈ। ਚਾਹੇ ਬੋਲੀ ਹੋਵੇ, ਚਾਹੇ ਪਛਾਣ, ਖਾਣ-ਪੀਣ, ਰਾਜਨੀਤੀ, ਧਰਮ, ਗਾਇਕੀ, ਸਾਹਿਤ, ਹਰ ਚੀਜ਼ ਤੇ ਲਾਹੌਰ ਖੁੱਸਣ ਦਾ ਅਸਰ ਪਿਆ ਹੈ। ਜਿਵੇਂ ਕਿ ਲਾਹੌਰ ਦੀ ਪੰਜਾਬੀ ਬੋਲੀ ਸਾਡੀ ਟਕਸਾਲੀ ਭਾਸ਼ਾ ਸੀ। ਮਿੱਠੀ ਜਿਵੇਂ ਖੰਡ ਮਿਸ਼ਰੀ ਦੀਆਂ ਡਲੀਆਂ। ਹਾਕਮਾਂ ਨੇ ਸਾਥੋਂ ਖੁਹਾ ਦਿਤੀ। ਅਸਰ ਇਹ ਹੋਇਆ ਕਿ ਪੁਰਾਣੇ ਲੇਖਕ ਜੋ ਲਾਹੌਰ ਦੀ ਮਿੱਠੀ ਜ਼ੁਬਾਨ ਦੇ ਜਾਣੂ ਸਨ ਉਹ ਤਾਂ ਅਮਰ ਰਚਨਾਵਾਂ ਰਚ ਗਏ, ਪਰ ਹੁਣ ਚੜ੍ਹਦੇ ਪੰਜਾਬ ਵਿਚ ਜਸਵੰਤ ਸਿੰਘ ਕੇਵਲ ਸ਼ਾਇਦ ਆਖ਼ਰੀ ਸਾਹਿਤਕਾਰ ਬਚਿਆ ਹੈ। ਉਸ ਤੋਂ ਬਾਅਦ ਕਾਲ ਪੈਦਾ ਜਾਪ ਰਿਹਾ ਹੈ। ਪਰ ਲਹਿੰਦੇ ਪੰਜਾਬ ਵਿਚ ਹਾਲੇ ਵੀ ਅਮੀਨ ਮਲਿਕ, ਸਾਬਿਰ ਅਲੀ ਸਾਬਿਰ, ਅਫ਼ਜ਼ਲ ਅਹਿਸਨ ਰੰਧਾਵਾ, ਸਾਹਿਦ ਨਦੀਮ ਆਦਿ ਵਧੀਆ ਸਾਹਿਤਕਾਰ ਮੌਜੂਦ ਹਨ ਅਤੇ ਅੱਗੋਂ ਵੀ ਨਵੇਂ ਆ ਰਹੇ ਹਨ।
ਲਾਹੌਰ ਦੀ ਮਿੱਠੀ ਪੰਜਾਬੀ ਜ਼ੁਬਾਨ ਵਿਚ ਉਥੋਂ ਦੀ ਗਾਇਕੀ ਦਿਨ ਰਾਤ ਤਰੱਕੀ ਕਰ ਰਹੀ ਹੈ ਅਤੇ ਸਿਖਰ ਤੇ ਖੜੀ ਹੈ ਅਤੇ ਸਾਡੇ ਪਾਸੇ ਨਿਵਾਣਾਂ ਵਲ ਜਾ ਰਹੀ ਹੈ। ਚੜ੍ਹਦੇ ਪੰਜਾਬ ਦੇ ਕਿਸੇ ਵੀ ਪੰਜਾਬੀ ਗਾਇਕ ਜਾਂ ਗਾਇਕਾ ਦੇ ਗੀਤ ਵਿਚੋਂ ਉਹ ਮਿਠਾਸ, ਉਹ ਸਰੂਰ, ਉਹ ਸਵਾਦ ਨਹੀਂ ਆਉਂਦਾ ਜੋ ਲਹਿੰਦੇ ਪੰਜਾਬ ਦੇ ਗੀਤਾਂ ਵਿਚ ਆਉਂਦਾ ਹੈ। ਲਾਹੌਰ ਦੀ ਮਿੱਠੀ ਪੰਜਾਬੀ ਜ਼ੁਬਾਨ ਦੀ ਬਦੌਲਤ ਹੀ ਪਸ਼ਤੋ ਗਾਇਕਾ ਹਕੀਦਾ ਕਿਆਨੀ ਜੀ ਪੰਜਾਬੀ ਗੀਤ ਗਾਉਣ ਲੱਗ ਪਏ ਤੇ ਚਾਰੇ ਪਾਸੇ ਕਿਆਨੀ ਕਿਆਨੀ ਹੋਣ ਲੱਗ ਪਈ। ਹਕੀਦਾ ਕਿਆਨੀ ਜੀ ਨੇ 'ਕਮਲੀ' ਗੀਤ ਜੋ ਉਨ੍ਹਾਂ ਕੋਕ ਸਟੂਡੀਉ ਪਾਕਿਸਤਾਨ ਵਿਚ ਗਾਇਆ ਸੀ, ਦੇ ਸ਼ੁਰੂ ਵਿਚ ਜੋ ਲਾਹੌਰ ਸ਼ਹਿਰ ਦੀ ਤਾਰੀਫ਼ ਕੀਤੀ ਗਈ ਹੈ, ਉਹ ਲਿਖਣ ਤੋਂ ਬਾਹਰ ਹੈ।
ਡਾਲ ਦੱਸ ਖਾਂ ਸ਼ਹਿਰ ਲਾਹੌਰ ਅੰਦਰ,
ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ,
ਨਾਲੇ ਦੱਸ ਖਾਂ ਉਥੋਂ ਦੀਆਂ ਇੱਟਾਂ,
ਕਿੰਨੀਆਂ ਟੁੱਟੀਆਂ ਤੇ ਕਿੰਨੀਆਂ ਸਾਰੀਆਂ ਨੇ,
ਡਾਲ ਦੱਸ ਖਾਂ ਸ਼ਹਿਰ ਲਾਹੌਰ ਅੰਦਰ,
ਖੂਹੀਆਂ ਕਿੰਨੀਆਂ ਮਿੱਠੀਆਂ ਤੇ ਕਿੰਨੀਆਂ ਖਾਰੀਆਂ ਨੇ,
ਜ਼ਰਾ ਸੋਚ ਕੇ ਦੇਵੀਂ ਜਵਾਬ ਮੈਨੂੰ,
ਉਥੇ ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕਵਾਰੀਆਂ ਨੇ।
ਡਾਲ ਦੱਸਾਂ ਮੈਂ ਸ਼ਹਿਰ ਲਾਹੌਰ ਅੰਦਰ,
ਲੱਖਾਂ ਈ ਬੂਹੇ ਤੇ ਲੱਖਾਂ ਈ ਬਾਰੀਆਂ ਨੇ,
ਜਿਨ੍ਹਾਂ ਇੱਟਾਂ ਤੇ ਧਰ ਗਏ ਪੈਰ ਆਸ਼ਿਕ,
ਉਹੀਉ ਟੁੱਟੀਆਂ ਤੇ ਬਾਕੀ ਸਾਰੀਆਂ ਨੇ,
ਜਿਨ੍ਹਾਂ ਖੂਹੀਆਂ ਤੇ ਭਰ ਗਏ ਮਾਸ਼ੂਕ ਪਾਣੀ,
ਉਹੀਉ ਮਿੱਠੀਆਂ ਤੇ ਬਾਕੀ ਖਾਰੀਆਂ ਨੇ,
ਤੇ ਜਿਹੜੀਆਂ ਬਹਿੰਦੀਆਂ ਅਪਣੇ ਨਾਲ ਸੱਜਣਾਂ ਦੇ,
ਉਹੀਉ ਵਿਆਹੀਆਂ ਤੇ ਬਾਕੀ ਕੁਆਰੀਆਂ ਨੇ।
ਹੁਣ
ਗੱਲ ਕਰੀਏ ਖੇਡਾਂ ਦੀ ਤਾਂ ਕੁੱਝ ਦਿਨ ਪਹਿਲਾਂ ਕ੍ਰਿਕਟ ਟੂਰਨਾਮੈਂਟ ਵਿਚ ਭਾਰਤ ਅਤੇ
ਪਾਕਿਸਤਾਨ ਦਾ ਫ਼ਾਈਨਲ ਮੁਕਾਬਲਾ ਹੋਇਆ। ਭਾਰਤ ਦੀ ਤਰਫ਼ੋਂ ਪੰਜਾਬ ਦਾ ਸਿਰਫ਼ ਇਕ ਖਿਡਾਰੀ
ਯੁਵਰਾਜ ਸਿੰਘ ਖੇਡ ਰਿਹਾ ਸੀ। ਇਸ ਨਾਲ ਇਹ ਗੱਲ ਸਿੱਧ ਹੁੰਦੀ ਹੈ ਕਿ ਲਾਹੌਰ ਤੋਂ ਬਿਨਾਂ
ਚੜ੍ਹਦਾ ਪੰਜਾਬ ਖੇਡਾਂ ਵਿਚ ਵੀ ਪਛੜ ਗਿਆ ਹੈ। ਪਰ ਜਦੋਂ ਕਿਸੇ ਨੇ ਪਾਕਿਸਤਾਨੀ ਖਿਡਾਰੀਆਂ
ਦੀ ਫ਼ੇਸਬੁਕ ਤੇ ਤਸਵੀਰ ਪੋਸਟ ਕੀਤੀ ਤਾਂ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਕਿ ਪਾਕਿਸਤਾਨ
ਤਰਫੋਂ 11 ਦੇ 11 ਖਿਡਾਰੀ ਪੰਜਾਬ ਦੇ ਅਤੇ ਖ਼ਾਸ ਕਰ ਕੇ ਲਾਹੌਰ ਜਾਂ ਇਸ ਦੇ ਆਸਪਾਸ ਦੇ
ਸਨ। ਉਨ੍ਹਾਂ ਵਿਚੋਂ 5 ਖਿਡਾਰੀ ਲਾਹੌਰ ਦੇ, 2 ਸਿਆਲਕੋਟ, 1 ਸਰਗੋਧਾ, 1 ਮਾਨਾਂਵਾਲੀ, 1
ਕਸੂਰ ਅਤੇ ਮੁਹੰਮਦ ਆਮਿਰ ਗੁੱਜਰਖ਼ਾਨ ਤੋਂ ਸੀ। 11 ਦੇ 11 ਪੰਜਾਬ ਦੇ। ਵਿਸ਼ਵ ਕ੍ਰਿਕਟ ਨੂੰ
ਲਾਹੌਰ ਨੇ ਵਸੀਮ ਅਕਰਮ ਵਰਗਾ ਬਾਊਲਰ ਦਿਤਾ। ਰਾਵਲਪਿੰਡੀ ਦੇ ਸ਼ੋਇਬ ਅਖਤਰ ਨੂੰ ਤਾਂ ਸਾਰੀ
ਦੁਨੀਆਂ 'ਰਾਵਲਪਿੰਡੀ ਐਕਸਪ੍ਰੈੱਸ' ਦੇ ਨਾਂ ਨਾਲ ਜਾਣਦੀ ਹੈ। ਸ਼ੋਇਬ ਮਲਿਕ ਸਿਆਲਕੋਟ ਤੋਂ
ਹੈ। ਮੁਹੰਮਦ ਆਮਿਰ ਲਾਹੌਰ ਕੋਲ ਇਕ ਪਿੰਡ ਗੁੱਜਰਖ਼ਾਨ ਤੋਂ ਹੈ। ਕਹਿਣ ਦਾ ਭਾਵ ਕਿ ਖੇਡਾਂ
ਵਿਚ ਵੀ ਲਾਹੌਰ ਸ਼ਹਿਰ ਦੀ ਝੰਡੀ ਹੈ।
ਜੇ ਮਨੋਵਿਗਿਆਨਿਕ ਤੌਰ ਤੇ ਵੇਖੀਏ ਤਾਂ ਸਾਡੇ
ਸਿੱਖਾਂ ਕੋਲ 1947 ਤੋਂ ਬਾਅਦ ਲਾਹੌਰ ਦਾ ਕੋਈ ਬਦਲ ਨਹੀਂ। ਲਾਹੌਰ ਤਖ਼ਤ ਦੇ ਸਿਰ ਤੇ ਅਸੀ
ਕਾਬੁਲ ਅਤੇ ਕੰਧਾਰ ਦੇ ਤਖ਼ਤ ਜਾ ਹਿਲਾਏ, ਦੱਰਾ-ਏ-ਖ਼ੈਬਰ ਵਿਚ ਹਾਲੇ ਤਕ 'ਹਰੀ ਸਿੰਘ ਨਲੂਏ'
ਸ਼ੇਰ ਦੇ ਘੋੜੇ ਦੀਆਂ ਟਾਪਾਂ ਦੀ ਆਵਾਜ਼ ਸੁਣਦੀ ਹੈ। ਲਾਹੌਰ ਦੀ ਅਹਿਮੀਅਤ ਸਮਝਣ ਵਾਸਤੇ
ਸਾਨੂੰ ਸਾਡਾ 500 ਸਾਲਾਂ ਦਾ ਇਤਿਹਾਸ ਵੇਖਣਾ ਅਤੇ ਸਮਝਣਾ ਪਵੇਗਾ। ਗੁਰੂ ਕਾਲ ਤੋਂ ਲੈ ਕੇ
ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਤੇ ਫਿਰ ਉਸ
ਤੋਂ ਬਾਅਦ 1947 ਤਕ ਵੀ ਸਾਡੀ ਲਾਹੌਰ ਨਾਲ ਬੜੀ ਸਾਂਝ ਰਹੀ ਹੈ।
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਸ਼ਹੀਦੀ ਗੰਜ ਨਾਂ ਦੇ ਸਥਾਨ ਤੇ ਸਿੰਘਾਂ ਸਿੰਘਣੀਆਂ ਨੂੰ ਦਿਤੇ ਹੌਲਨਾਕ ਤਸੀਹੇ, ਮਾਵਾਂ ਦੇ ਗਲਾਂ 'ਚ ਟੋਟੇ ਕਰ ਕੇ ਪਾਏ ਉਨ੍ਹਾਂ ਦੇ ਬੱਚੇ। ਰੋਜ਼ ਦਾ ਸਵਾ-ਸਵਾ ਮਣ ਪੀਹਣਾ ਪੀਹਦੀਆਂ ਸਿੰਘਣੀਆਂ, ਖੰਨਾ-ਖੰਨਾ ਭਰ ਰੋਟੀ ਖਾ ਕੇ ਵਾਹਿਗੁਰੂ ਦਾ ਸ਼ੁਕਰ ਕਰਦੀਆਂ ਤੇ ਭਾਣੇ ਵਿਚ ਰਹਿੰਦੀਆਂ ਮਾਤਾਵਾਂ। ਫਿਰ ਉਸੇ ਹੀ ਲਾਹੌਰ ਵਿਚ ਅਸੀ ਅਪਣਾ ਝੰਡਾ ਲਹਿਰਾਇਆ ਅਤੇ ਸਿੱਖਾਂ ਦੀ ਇਸ ਕਤਲਗਾਹ ਨੂੰ ਸਿੱਖਾਂ ਦੀ ਸ਼ਕਤੀ ਦੇ ਸਿਖਰ ਵਿਚ ਤਬਦੀਲ ਕਰ ਦਿਤਾ। ਲਾਹੌਰ ਨਾਲ ਸਿੱਖਾਂ ਦੀ ਸਾਂਝ ਕਦੇ ਨਹੀਂ ਟੁੱਟ ਸਕਦੀ, ਕਦੇ ਨਹੀਂ ਭੁਲਾਈ ਜਾ ਸਕਦੀ।
ਇਸ ਤੋਂ ਬਾਅਦ ਜੇ ਅਸੀ ਗੱਲ ਕਰੀਏ ਨਵੀਂ ਪੀੜ੍ਹੀ ਦੀ ਕਿ ਇਹ ਨਿਰਮੋਹੇ ਹੋ ਗਏ ਹਨ, ਇਹ ਸਭਿਆਚਾਰ ਨੂੰ ਭੁੱਲ ਗਏ, ਇਹ ਵਿਰਸਾ ਭੁੱਲ ਗਏ। ਜੇ ਤਹਿ ਤਕ ਜਾਈਏ ਤਾਂ ਇਹ ਸੱਭ ਕੁੱਝ ਵੀ ਸਾਥੋਂ ਲਾਹੌਰ ਖੁੱਸ ਜਾਣ ਦਾ ਹੀ ਨਤੀਜਾ ਹੈ। ਸਿਆਸੀ ਸ਼ਕਤੀ ਖੁੱਸ ਜਾਣ ਤੋਂ ਬਾਅਦ, ਬੋਲੀ ਖੁੱਸ ਜਾਣ ਤੋਂ ਬਾਅਦ ਅਸੀ ਅਪਣੀ ਲਾਹੌਰੀ ਤਹਿਜ਼ੀਬ ਵੀ ਗਵਾ ਲਈ। ਲਾਹੌਰ ਨੇ ਅੱਜ ਵੀ ਅਪਣਾ ਸਾਦ ਮੁਰਾਦਾ ਜੀਵਨ ਤੇ ਉਹੀ ਸੰਗਾਂ ਸ਼ਰਮਾਂ ਨਹੀਂ ਛਡੀਆਂ। ਲਾਹੌਰ ਨੇ ਅੱਜ ਵੀ ਹੱਥਾਂ ਨਾਲ ਕਿਰਤ ਕਰਨੀ ਨਹੀਂ ਛੱਡੀ। ਲਾਹੌਰ ਅੱਜ ਵੀ ਵਿਹਲੜ ਜਾਂ ਅਵਾਰਾਗਰਦ ਨਹੀਂ ਹੋਇਆ। ਇਹ ਲਾਹੌਰ ਦੇ ਉੱਚੇ ਕਿਰਦਾਰ ਦੀ ਨਿਸ਼ਾਨੀ ਹੈ।
ਥੋੜ੍ਹਾ ਚਿਰ ਪਹਿਲਾਂ ਇਕ ਪੰਜਾਬੀ ਫ਼ਿਲਮ 'ਲਾਹੌਰੀਏ' ਆਈ ਸੀ। ਫ਼ਿਲਮ ਦੀ ਕਹਾਣੀ ਠੀਕ ਠਾਕ ਸੀ ਪਰ ਫ਼ਿਲਮ ਦੇ ਸ਼ੁਰੂ ਵਿਚ 1947 ਦੀ ਵੰਡ ਦੇ ਉਹ ਦਿਲ ਚੀਰਵੇਂ ਦ੍ਰਿਸ਼ ਅਤੇ ਅੰਤ ਵਿਚ ਲਾਹੌਰ ਦੇ ਬਜ਼ੁਰਗ ਦਾ ਇਧਰ ਆਉਣਾ ਅਤੇ ਬਿਲਕੁਲ ਬਿਰਧ ਅਵਸਥਾ ਵਿਚ ਅੱਖਾਂ ਉਤੇ ਪੱਟੀ ਬੰਨ੍ਹ ਕੇ 70 ਸਾਲ ਪਹਿਲਾ ਖੁੱਸ ਗਈ ਅਪਣੀ ਹਵੇਲੀ ਨੂੰ ਭਾਲ ਲੈਣਾ ਸਾਡੇ ਦਿਲਾਂ ਦੀਆਂ ਸਾਝਾਂ ਦੀ ਠੀਕ ਬਿਆਨੀ ਕਰਦਾ ਹੈ। ਰੱਬ ਕਦੇ ਦੁਸ਼ਮਣ ਨੂੰ ਵੀ ਅਜਿਹੇ ਦਿਨ ਨਾ ਵਿਖਾਵੇ ਕਿ ਹਾਕਮ ਸਦੀਆਂ ਤੋਂ ਵਸਦਿਆਂ ਨੂੰ ਇਕ ਪਲ ਵਿਚ ਇਹ ਕਹਿ ਦੇਵੇ ਕਿ ਚਲੋ ਚੁੱਕੋ ਜੁੱਲੀ ਬਿਸਤਰਾ ਤੇ ਬਾਕੀ ਸੱਭ ਮਕਾਨ, ਜ਼ਮੀਨਾਂ, ਜਾਇਦਾਦਾਂ ਇਥੇ ਛੱਡ ਕੇ ਦੌੜ ਜਾਉ ਕਿਉਂਕਿ ਹੁਣ ਇਹ ਮੁਲਕ ਤੁਹਾਡਾ ਨਹੀਂ ਰਿਹਾ। ਸਾਡਾ ਨਹੀਂ ਰਿਹਾ ਤਾਂ ਹੋਰ ਕਿਸ ਦਾ ਹੈ? ਹਾਕਮ ਕੌਣ ਹੁੰਦੇ ਹਨ ਇਸ ਦਾ ਫ਼ੈਸਲਾ ਕਰਨ ਵਾਲੇ? ਅਸੀ ਇਸ ਮਿੱਟੀ ਦੇ ਜਾਏ ਹਾਂ ਤੇ ਇਹ ਮਿੱਟੀ ਸਾਡੀਮਾਂ ਹੈ। ਪਰ ਹਾਕਮ ਤਾਂ ਹਾਕਮ ਹੁੰਦੇ ਹਨ। ਬੇਤਰਸ, ਭਾਵਨਾਰਹਿਤ, ਪੱਥਰਦਿਲ, ਨਿਰੇ ਮਿੱਟੀ ਦੇ ਮਾਧੋ।
ਅੰਤ ਵਿਚ ਮੈਂ ਏਨਾ ਕਹਾਂਗਾ ਕਿ ਲਾਹੌਰ ਸ਼ਹਿਰ ਦੀ ਮੇਰੇ ਦਿਲ ਨਾਲ ਏਨੀ ਕੁ ਸਾਂਝ ਹੈ ਕਿ ਜਦੋਂ ਮੇਰੇ ਘਰ 2 ਬੇਟੀਆਂ ਹੋਈਆਂ ਤਾਂ ਮੈਂ ਗੂਗਲ ਉਤੇ ਲਾਹੌਰ ਸ਼ਹਿਰ ਦੇ ਨਾਂ ਲੱਭੇ ਅਤੇ ਉਨ੍ਹਾਂ ਦੋਹਾਂ ਦੇ ਨਾਂ ਲਾਹੌਰ ਸ਼ਹਿਰ ਵਰਗੇ ਹੀ ਖ਼ੁਬਸੂਰਤ ਅਵਰੀਨ ਕੌਰ ਅਤੇ ਨਜ਼ਰਤ ਕੌਰ ਰੱਖੇ। 34 ਸਾਲ ਦੀ ਉਮਰ ਭੋਗ ਕੇ ਮੇਰੀ ਦਿਲੀ ਇੱਛਾ ਹੈ ਕਿ ਮੈਂ ਇਕ ਵਾਰ ਜਿਊਂਦੇ ਜੀ ਲਾਹੌਰ, ਨਨਕਾਣਾ ਸਾਹਿਬ, ਰਾਵਲਪਿੰਡੀ, ਸਿਆਲਕੋਟ, ਹਸਨ ਅਬਦਾਲ, ਲਾਇਲਪੁਰ ਆਦਿ ਥਾਵਾਂ ਦੇ ਦਰਸ਼ਨ ਜ਼ਰੂਰ ਕਰਾਂ। ਫਿਰ ਭਾਵੇਂ ਅਕਾਲ ਪੁਰਖ ਦੋ ਸਾਹ ਵੀ ਉਧਾਰੇ ਨਾ ਦੇਵੇ। ਲਾਹੌਰ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਸਗੋਂ ਅਪਣੀ ਪਛਾਣ ਖ਼ੁਦ ਹੈ। ਅੱਜ ਵੀ ਜਦੋਂ ਕਦੇ ਭਾਰਤ ਅਤੇ ਪਾਕਿਸਤਾਨ ਦਾ ਮੈਚ ਹੁੰਦਾ ਹੈ ਤਾਂ ਮੀਡੀਆ ਵਿਚ ਇਹ ਨਹੀਂ ਕਿਹਾ ਜਾਂਦਾ ਕਿ 'ਦਿੱਲੀ ਬਨਾਮ ਇਸਲਾਮਾਬਾਦ' ਕਿਉਂਕਿ ਉਥੋਂ ਦੀ ਰਾਜਧਾਨੀ ਇਸਲਾਮਾਬਾਦ ਹੈ। ਮੀਡੀਆ 'ਚ ਖ਼ਬਰ ਇਹ ਚਲਦੀ ਹੈ ਕਿ 'ਦਿੱਲੀ ਬਨਾਮ ਲਾਹੌਰ'। ਕਹਿਣ ਦਾ ਭਾਵ ਕਿ ਮੀਡੀਆ ਤੇ ਹਾਕਮ ਵੀ ਲਾਹੌਰ ਦੀ ਅਹਿਮੀਅਤ ਜਾਣਦੇ ਹਨ। ਜੇ ਜਾਣਦੇ ਨਹੀਂ ਤਾਂ ਸਿਰਫ਼ ਅਸੀ।
ਆਮਿਰ ਖ਼ਾਨ ਦੀ ਫਿਲਮ ਪੀ.ਕੇ. ਵਿਚ ਵੀ ਅਨੁਸ਼ਕਾ ਸ਼ਰਮਾ ਦਾ ਦੋਸਤ ਲਾਹੌਰ ਤੋਂ ਵਿਖਾਇਆ ਗਿਆ। ਇਕੱਲੀ ਪੀ.ਕੇ. ਨਹੀਂ ਬਾਲੀਵੁੱਡ ਦੀਆਂ ਜਿੰਨੀਆਂ ਵੀ ਫ਼ਿਲਮਾਂ ਵਿਚ ਪਾਕਿਸਤਾਨ ਨਾਲ ਸਬੰਧਤ ਕੁੱਝ ਵਿਖਾਇਆ ਜਾਂਦਾ ਹੈ ਉਹ ਸੱਭ ਲਾਹੌਰ ਨਾਲ ਹੀ ਸਬੰਧਤ ਹੁੰਦਾ ਹੈ।
ਅੱਛਾ ਬਈ ਲਾਹੌਰ ਸਿਆਂ, ਸਦਾ ਚੜ੍ਹਦੀਆਂ ਕਲਾ
ਵਿਚ ਰਹੇਂ, ਸੁਖੀ ਵਸੇਂ, ਰਹਿੰਦੀ ਦੁਨੀਆਂ ਤਕ ਤੇਰੀ ਸ਼ਾਨ ਇਵੇਂ ਹੀ ਰਹੇ, ਸਦਾ ਇਵੇਂ
ਸਲਾਮਾਂ ਹੁੰਦੀਆਂ ਰਹਿਣ। ਸੰਪਰਕ : 94785-22228