ਬੇਟੀ ਬਚਾਉ, ਬੇਟੀ ਪੜ੍ਹਾਉ

ਵਿਚਾਰ, ਵਿਸ਼ੇਸ਼ ਲੇਖ

ਪੱਡਾ ਜੀ ਦਾ ਲੜਕਾ ਅਮਰ ਐਮ.ਐਸ.ਸੀ. (ਮੈਥ) ਫ਼ਸਟ ਡਿਵੀਜ਼ਨ ਵਿਚ ਪਾਸ ਕਰ ਕੇ ਨੌਕਰੀ ਦੀ ਭਾਲ ਵਿਚ ਚੱਪਲਾਂ ਘਸਾ ਰਿਹਾ ਸੀ। ਲੜਕਾ ਹੁਸ਼ਿਆਰ ਸੀ, ਇਸ ਲਈ ਪੱਡਾ ਜੀ ਬੇਫ਼ਿਕਰ ਸਨ ਕਿ ਨੌਕਰੀ ਦਾ ਜੁਗਾੜ ਤਾਂ ਕਿਤੇ ਨਾ ਕਿਤੇ ਲੱਗ ਹੀ ਜਾਣਾ ਹੈ। ਉਨ੍ਹਾਂ ਦੀ ਇੱਛਾ ਸੀ ਉਸ ਦਾ ਵਿਆਹ ਛੇਤੀ ਕਰ ਦੇਣ ਦੀ। ਇਕ ਪੰਥ ਦੋ ਕਾਜ, ਨੂੰਹ ਰਾਣੀ ਦੇ ਨਾਲ ਨਾਲ ਲਕਸ਼ਮੀ ਵੀ ਘਰ ਆਵੇਗੀ। ਉਧਰ ਨਜ਼ਦੀਕੀ ਸ਼ਹਿਰ ਦੇ ਚੱਡਾ ਜੀ ਦੀ ਐਮ.ਏ. ਇੰਗਲਿਸ਼ ਪਾਸ ਲੜਕੀ ਮਮਤਾ ਵੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਜ਼ਮਾਨਾ ਖ਼ਰਾਬ ਹੋਣ ਕਾਰਨ ਚੱਢਾ ਜੀ ਵੀ ਚਾਹੁੰਦੇ ਸਨ ਕਿ ਉਸ ਦੇ ਹੱਥ ਜਲਦੀ ਤੋਂ ਜਲਦੀ ਪੀਲੇ ਕਰ ਦਿਤੇ ਜਾਣ।
ਪੱਡਾ ਜੀ ਨੇ ਵਿਚੋਲਿਆਂ ਰਾਹੀਂ ਲੜਕੇ ਦਾ ਮਾਰਕੀਟ ਰੇਟ ਪਤਾ ਕਰਵਾਇਆ। ਦਸਿਆ ਗਿਆ ਕਿ 'ਸਰਕਾਰੀ ਨੌਕਰੀ ਵਾਲੇ ਦਾ ਤਾਂ 50-60 ਲੱਖ ਤਕ ਵੀ ਲੱਗ ਜਾਂਦਾ ਹੋ ਪਰ ਬੇਕਾਰ ਬੈਠੇ ਪੋਸਟਗਰੈਜੁਏਟ ਦਾ ਤਿੰਨ-ਚਾਰ ਲੱਖ ਤੋਂ ਵੱਧ ਨਹੀਂ ਦੇਣਾ ਕਿਸੇ ਨੇ।' ਸੱਚ ਝੂਠ ਮਾਰ ਕੇ ਸਿਆਣਿਆਂ ਨੇ ਚੱਢਾ ਜੀ ਨਾਲ ਸੌਦਾ ਸਾਢੇ ਪੰਜ ਲੱਖ ਵਿਚ ਕਰਵਾ ਦਿਤਾ। ਪੱਡਾ ਜੀ ਉਮੀਦ ਤੋਂ ਵੱਧ ਮਿਲਣ ਕਾਰਨ ਬਾਗ਼ੋ-ਬਾਗ਼ ਹੋ ਗਏ। ਛੋਟੀ ਜਿਹੀ ਪਾਰਟੀ ਵੀ ਕਰ ਦਿਤੀ। ਅਜੇ ਗੱਲ ਤੈਅ ਹੋਈ ਨੂੰ ਮਹੀਨਾ ਵੀ ਨਹੀਂ ਸੀ ਹੋਇਆ ਕਿ ਅਮਰ ਦੀ ਚੋਣ ਬਤੌਰ ਨਾਇਬ ਤਹਿਸੀਲਦਾਰ ਹੋ ਗਈ। ਨਸੀਬਾਂ ਵਾਲਿਆਂ ਨੂੰ ਮਿਲਣ ਵਾਲੇ ਖ਼ਾਕੀ ਰੰਗ ਦੇ ਸਰਕਾਰੀ ਲਿਫ਼ਾਫ਼ੇ ਵਿਚ ਆਇਆ ਨਿਯੁਕਤੀ ਪੱਤਰ ਵੇਖ ਕੇ ਖ਼ੁਸ਼ ਹੋਣ ਦੀ ਬਜਾਏ ਪੱਡਾ ਜੀ ਸਰਕਾਰ ਨੂੰ ਮੋਟੀਆਂ-ਮੋਟੀਆਂ ਗਾਲਾਂ ਦੇਣ ਲੱਗ ਪਏ। ਪਤਨੀ ਨੇ ਹੈਰਾਨ ਹੋ ਕੇ ਪੁਛਿਆ, ''ਮਸਾਂ ਤਾਂ ਕਿਤੇ ਮੁੰਡੇ ਨੂੰ ਮਲਾਈਦਾਰ ਨੌਕਰੀ ਮਿਲੀ ਏ, ਤੁਸੀ ਧਨਵਾਦੀ ਹੋਣ ਦੀ ਬਜਾਏ ਸਰਕਾਰ ਨੂੰ ਗੰਦ ਬਕ ਰਹੇ ਹੋ?'' ਪੱਡਾ ਖਿਝ ਕੇ ਬੋਲਿਆ, ''ਇਹ ਸਰਕਾਰ ਈ ਨਿਕੰਮੀ ਆ। ਇਥੇ ਤਾਂ ਕ੍ਰਾਂਤੀ ਹੋਣੀ ਚਾਹੀਦੀ ਏ। ਇਹੀ ਚਿੱਠੀ ਕੁੱਝ ਦਿਨ ਪਹਿਲਾਂ ਮਿਲ ਜਾਂਦੀ ਤਾਂ ਲੜਕੇ ਦਾ ਆਰਾਮ ਨਾਲ 70-80 ਲੱਖ ਮੁੱਲ ਪੈ ਜਾਣਾ ਸੀ।'' ਪਤਨੀ ਸਿਆਣੀ ਸੀ, ''ਮੈਂ ਤਾਂ ਪਹਿਲਾਂ ਹੀ ਕਲਪਦੀ ਸੀ ਕਿ ਕੁੱਝ ਦਿਨ ਰੁਕ ਜਾਉ। ਅਜੇ ਉਮਰ ਈ ਕੀ ਏ ਮੇਰੇ ਅਮਰ ਦੀ। ਤੁਹਾਡੇ ਸਿਰ ਤੇ ਹੀ ਪੋਤਰਾ ਵੇਖਣ ਦਾ ਭੂਤ ਸਵਾਰ ਸੀ, ਹੁਣ ਭੁਗਤੋ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਦੇਰ ਆਇਦ ਦਰੁਸਤ ਆਇਦ। ਸਾਰੀ ਉਮਰ ਸੜੀ ਭੁੱਜੀ ਜਾਣ ਦੀ ਬਜਾਏ ਇਕੋ ਵਾਰ ਬੇਸ਼ਰਮੀ ਸਹਿ ਲੈਣੀ ਚੰਗੀ ਹੁੰਦੀ ਏ। ਲੋਕਾਂ ਦਾ ਕੀ ਆ, ਉਨ੍ਹਾਂ ਨੇ ਤਾਂ ਵਲੀਆਂ ਪੀਰਾਂ ਨੂੰ ਵੀ ਕੁਰਾਹੀਏ ਕਹਿ ਦਿਤਾ ਸੀ। ਅਜੇ ਤਾਂ ਕੱਚੇ ਕੁਆਰੇ ਸਾਕ ਨੇ। ਤੁਸੀ ਚੱਢੇ ਨੂੰ ਜਵਾਬ ਭੇਜ ਦਿਉ। ਅਸੀ ਕਿਹੜਾ ਕੁੱਝ ਲਿਐ ਉਸ ਕੋਲੋਂ। ਉਹ ਅਪਣੇ ਘਰ ਅਤੇ ਅਸੀ ਅਪਣੇ ਘਰ। ਜੋ ਹੋਊ ਵੇਖੀ ਜਾਊ।'' ਸਿਆਣੇ ਕਹਿੰਦੇ ਹਨ ਕਿ ਬੇਸ਼ਰਮ ਹੋਣਾ ਔਖਾ ਬਹੁਤ ਹੈ, ਪਰ ਜੇ ਬੰਦਾ ਇਕ ਵਾਰ ਬੇਸ਼ਰਮੀ ਧਾਰਨ ਕਰ ਲਵੇ ਤਾਂ ਫਿਰ ਮੌਜਾਂ ਈ ਮੌਜਾਂ। ਚਿੱਠੀ ਲਿਖ ਕੇ ਭੇਜ ਦਿਤੀ ਗਈ, ''ਪਿਆਰੇ ਚੱਢਾ ਜੀ, ਤੁਹਾਨੂੰ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਅਮਰ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਮਿਲ ਗਈ ਹੈ। ਵਿਆਹ ਦੇ ਸ਼ੁੱਭ ਮੌਕੇ ਤੇ ਹੀ ਇਹ ਸ਼ੁੱਭ ਕਾਰਜ ਹੋਇਆ ਹੈ। ਇਸ ਵਿਚ ਤੁਹਾਡੀ ਸੁਯੋਗ ਬੇਟੀ ਦੇ ਭਾਗਾਂ ਦਾ ਵੀ ਯੋਗਦਾਨ ਹੈ। ਮੈਨੂੰ ਪਤਾ ਹੈ ਕਿ ਤੁਸੀ ਬਹੁਤ ਹੀ ਸਮਝਦਾਰ ਇਨਸਾਨ ਹੋ ਤੇ ਨੀਤੀ ਅਤੇ ਮਰਿਆਦਾ ਬਾਰੇ ਖ਼ੂਬ ਸਮਝਦੇ ਹੋ। ਧਰਮ ਉਤੇ ਹੀ ਧਰਤੀ ਮਾਤਾ ਟਿਕੀ ਹੋਈ ਹੈ। ਇਨਸਾਨ ਤਾਂ ਹਮੇਸ਼ਾ ਮੋਹ ਮਾਇਆ ਦੇ ਗੇੜ ਵਿਚ ਪਿਆ ਰਹਿੰਦਾ ਹੈ। ਇਨਸਾਨ ਨੂੰ ਅਪਣੇ ਫ਼ਰਜ਼ ਨਿਭਾਉਣ ਲਗਿਆਂ ਕਿਸੇ ਹਾਲਤ ਵਿਚ ਧਰਮ ਦਾ ਲੜ ਨਹੀਂ ਛਡਣਾ ਚਾਹੀਦਾ। ਪੈਸਾ ਤਾਂ ਹੱਥਾਂ ਦੀ ਮੈਲ ਹੈ। ਅਸਲ ਚੀਜ਼ ਹੈ ਮਨੁੱਖ ਦੀ ਇੱਜ਼ਤ। ਤੁਸੀ ਜੋ ਵੀ ਦਾਨ ਦਹੇਜ ਦਿਉਗੇ, ਅਪਣੀ ਸੁਭਾਗਵਤੀ ਧੀ ਨੂੰ ਹੀ ਦਿਉਗੇ। ਅਮਰ ਦੇ ਮੌਜੂਦਾ ਅਹੁਦੇ ਦੇ ਮੁਤਾਬਕ ਆਪੇ ਵੇਖ ਲਿਉ ਨਹੀਂ ਤਾਂ ਸਾਨੂੰ ਕੋਈ ਹੋਰ ਬਰਾਬਰ ਦਾ ਰਿਸ਼ਤਾ ਵੇਖਣਾ ਪਵੇਗਾ। ਜਵਾਬ ਜਲਦੀ ਦਿਉ। ਤੁਹਾਡਾ ਸ਼ੁੱਭ ਚਿੰਤਕ, ਸ. ਸ. ਪੱਡਾ।''
ਚੱਢਾ ਪ੍ਰਵਾਰ ਨੇ ਦਾਜ ਦੀ ਮੰਗ ਵਾਲੀ ਚਿੱਠੀ ਦੋ-ਤਿੰਨ ਵਾਰ ਗਹੁ ਨਾਲ ਪੜ੍ਹੀ। ਉਹ ਪੱਡੇ ਦੀ ਕਮੀਨਗੀ ਵੇਖ ਕੇ ਦੰਗ ਰਹਿ ਗਏ, ਕਿਵੇਂ ਜ਼ਹਿਰ ਦੀ ਗੋਲੀ ਸ਼ਹਿਦ ਵਿਚ ਲਪੇਟ ਕੇ ਭੇਜੀ ਹੈ। ਉਨ੍ਹਾਂ ਨੇ ਦੋ-ਤਿੰਨ ਦਿਨ ਵਿਚਾਰ ਕੀਤਾ ਅਤੇ ਫਿਰ ਵਾਪਸੀ ਡਾਕ ਰਾਹੀਂ ਖ਼ਤ ਭੇਜ ਦਿਤਾ, ''ਪਿਆਰੇ ਅਤਿ ਸਤਿਕਾਰਯੋਗ ਪੱਡਾ ਜੀ। ਮੈਂ ਖ਼ੁਦ ਹੀ ਤੁਹਾਨੂੰ ਲਿਖਣ ਵਾਲਾ ਸੀ ਪਰ ਖ਼ਾਨਦਾਨੀ ਸ਼ਰਾਫ਼ਤ ਕਾਰਨ ਹਿੰਮਤ ਨਹੀਂ ਸੀ ਪੈ ਰਹੀ। ਪਰ ਤੁਹਾਡੀ ਚਿੱਠੀ ਨੇ ਸਾਨੂੰ ਲਿਖਣ ਦਾ ਬਲ ਬਖ਼ਸ਼ਿਆ ਹੈ। ਅਮਰ ਦੀ ਸਫ਼ਲਤਾ ਦੀ ਸਾਨੂੰ ਹਾਰਦਿਕ ਖ਼ੁਸ਼ੀ ਹੈ। ਉਹ ਬਹੁਤ ਹੀ ਮਿਹਨਤੀ, ਚਰਿੱਤਰਵਾਨ ਅਤੇ ਸੁਯੋਗ ਲੜਕਾ ਹੈ, ਜ਼ਰੂਰ ਤਰੱਕੀ ਕਰੇਗਾ। ਤੁਹਾਨੂੰ ਵੀ ਇਹ ਜਾਣ ਕੇ ਬਹੁਤ ਪ੍ਰਸੰਨਤਾ ਹੋਵੇਗੀ ਕਿ ਮਮਤਾ ਦੀ ਚੋਣ ਆਈ.ਏ.ਐਸ. ਵਾਸਤੇ ਹੋ ਗਈ ਹੈ। ਹੁਣ ਇਕ ਡੀ.ਸੀ. ਵਾਸਤੇ ਅਪਣੇ ਅਧੀਨ ਲੱਗੇ ਤਹਿਸੀਲਦਾਰ ਨਾਲ ਵਿਆਹ ਕਰਾਉਣਾ ਤਾਂ ਅਸੰਭਵ ਹੈ। ਅਸੀ ਤੁਹਾਡੀ ਮੰਗ ਮੁਤਾਬਕ ਇਹ ਰਿਸ਼ਤਾ ਤੋੜਨ ਦੀ ਖ਼ੁਸ਼ੀ ਪ੍ਰਾਪਤ ਕਰ ਰਹੇ ਹਾਂ।'' ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਹੱਥੋਂ ਨਿਕਲ ਜਾਣ ਕਾਰਨ ਪੱਡਾ ਜੀ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਸੀ.ਐਮ.ਸੀ. ਦੀ ਆਈ.ਸੀ.ਯੂ. ਵਿਚ ਪਏ ਹਨ।
ਸੰਪਰਕ : 98151-24449