ਬੂਰ ਦੇ ਲੱਡੂ

ਵਿਚਾਰ, ਵਿਸ਼ੇਸ਼ ਲੇਖ



ਸੁਣਿਐ ਇਕ ਪ੍ਰਵਾਰ ਦੇ ਦੋ ਲੜਕੇ ਸਨ। ਦੋਹਾਂ ਵਿਚੋਂ ਇਕ ਸਾਧ ਬਣ ਕੇ ਘਰੋਂ ਬਾਹਰ ਚਲਾ ਗਿਆ। ਦੂਜਾ ਮਾਂ-ਬਾਪ ਕੋਲ ਰਿਹਾ। ਕਾਰੋਬਾਰ 'ਚ ਪੈ ਗਿਆ। ਵਿਆਹ ਕਰਵਾ ਕੇ ਗ੍ਰਹਿਸਥ ਜੀਵਨ ਬਤੀਤ ਕਰਨ ਲੱਗਾ। ਉਸ ਦੇ ਘਰ ਦੋ ਲੜਕੇ ਹੋਏ। ਸਾਧ ਬਾਹਰ ਘੁੰਮਦਾ ਘੁਮਾਉਂਦਾ ਕਈ ਸਾਲਾਂ ਬਾਅਦ ਇਕ ਦਿਨ ਪਿੰਡ ਆਇਆ। ਘਰ ਵੀ ਆਇਆ। ਸਾਰਾ ਪ੍ਰਵਾਰ ਖ਼ੁਸ਼ ਸੀ। ਸਾਰੇ ਇਕੱਠੇ ਬੈਠੇ ਸਨ। ਛੋਟੇ ਭਰਾ ਨੇ ਸਾਧ ਭਰਾ ਨੂੰ ਕਿਹਾ ਕਿ 'ਭਰਾ ਏਨੇ ਸਾਲਾਂ ਦੀ ਸਾਧਨਾ ਦੀ ਕੋਈ ਕਰਾਮਾਤ ਵਿਖਾਉ ਤੇ ਦੱਸੋ ਕਿ ਇਸ ਸਾਧਨਾ ਵਿਚ ਕਿੰਨੀ ਤਾਕਤ ਹੈ?' ਭਰਾ ਚੁੱਪ ਰਿਹਾ ਅਖੇ 'ਕੋਈ ਚਮਤਕਾਰ ਨਹੀਂ।' ਛੋਟਾ ਭਰਾ ਫਿਰ ਬੋਲਿਆ ਅਖੇ 'ਔਹ ਜੋ ਵਿਹੜੇ ਵਿਚਕਾਰ ਸੋਟੀ ਪਈ ਹੈ, ਉਸ ਨੂੰ ਅਪਣੀ ਤਾਕਤ ਨਾਲ ਚੁੱਕ ਕੇ ਵਿਖਾਉ ਜਾਂ ਫਿਰ ਮੈਂ ਵਿਖਾਉਂਦਾ ਹਾਂ।' ਭਰਾ ਨੇ ਨਾਂਹ ਵਿਚ ਜਵਾਬ ਦਿਤਾ। ਛੋਟੇ ਨੇ ਅਪਣੇ ਪੁੱਤਰ ਨੂੰ ਆਵਾਜ਼ ਮਾਰੀ ਅਤੇ ਕਿਹਾ, ''ਪੁੱਤਰਾ ਔਹ ਸੋਟੀ ਚੁੱਕ ਕੇ ਫੜਾ।'' ਮੁੰਡਾ ਗਿਆ ਤੇ ਸੋਟੀ ਚੁੱਕ ਲਿਆਇਆ। ''ਵੇਖਿਆ ਗ੍ਰਹਿਸਥੀ ਦੀ ਤਾਕਤ।'' ਇਹ ਕਹਾਣੀ ਕਿਧਰੋਂ ਸੁਣੀ ਜਾਂ ਪੜ੍ਹੀ ਪਰ ਮਨ ਨੂੰ ਠੀਕ ਜਾਪੀ।
ਸੋ ਜੇ ਗ੍ਰਹਿਸਥ ਦੀ ਗੱਲ ਕਰੀਏ ਤਾਂ ਔਰਤ ਤੇ ਮਰਦ ਇਸ ਗੱਡੀ ਦੇ ਦੋ ਪਹੀਏ ਹਨ ਜੋ ਅਪਣੀ ਸੂਝ-ਬੂਝ ਨਾਲ ਇਕਸੁਰ ਹੋ ਕੇ ਚਲਦੇ ਹਨ ਤਾਂ ਗੱਡੀ ਪਟੜੀ ਤੇ ਸਾਵੀਂ ਤੁਰਦੀ ਰਹਿੰਦੀ ਹੈ। ਜੇ ਵਿਚਾਰਾਂ ਵਿਚ ਥੋੜ੍ਹਾ ਵਖਰੇਵਾਂ ਹੋ ਜਾਏ ਤਾਂ ਲੀਹ ਤੋਂ ਭਟਕਣ ਦਾ ਡਰ ਬਣਿਆ ਰਹਿੰਦਾ ਹੈ। ਅਜਕਲ ਇਕ ਨਵਾਂ ਚਲਨ ਸ਼ੁਰੂ ਹੋ ਗਿਆ ਹੈ ਕਿ ਕਾਫ਼ੀ ਔਰਤਾਂ, ਮਰਦ ਇਕੱਲੇ ਆਜ਼ਾਦ ਤੌਰ ਤੇ ਰਹਿਣਾ ਪਸੰਦ ਕਰਦੇ ਹਨ। ਉਹ ਕਿਸੇ ਦੂਜੀ ਧਿਰ ਦਾ ਅਪਣੀ ਜ਼ਿੰਦਗੀ ਵਿਚ ਦਖ਼ਲ ਬਰਦਾਸ਼ਤ ਨਹੀਂ ਕਰਦੇ। ਜਦੋਂ ਅਸੀ ਛੇਵੀਂ-ਸਤਵੀਂ ਵਿਚ ਪੜ੍ਹਦੇ ਹੁੰਦੇ ਸੀ, ਉਸ ਵੇਲੇ ਸਾਡੀ ਮੁੱਖ ਅਧਿਆਪਕ ਮਿਸ ਟੀ. ਸਿੰਘ ਹੁੰਦੀ ਸੀ। ਫਿਰ ਦਸਵੀਂ ਕਿਸੇ ਹੋਰ ਸ਼ਹਿਰ ਤੋਂ ਕੀਤੀ। ਉਥੇ ਵੀ ਸਕੂਲ ਦੀ ਹੈੱਡ ਮਿਸ ਢਿੱਲੋਂ ਹੁੰਦੀ ਸੀ। ਇਹ ਵੇਖਿਆ ਗਿਆ ਹੈ ਕਿ ਅਜਿਹੀਆਂ ਸ਼ਖ਼ਸੀਅਤਾਂ ਤਕਰੀਬਨ ਉੱਚ-ਅਹੁਦਿਆਂ ਤੇ ਤਾਇਨਾਤ ਹੁੰਦੀਆਂ ਹਨ। ਇਕ ਗੱਲ ਇਨ੍ਹਾਂ ਸੱਭ ਦੀ ਸਾਂਝੀ ਹੈ ਕਿ ਇਨ੍ਹਾਂ ਦਾ ਰੋਹਬ-ਦਾਬ ਬਹੁਤ ਜ਼ਿਆਦਾ ਹੁੰਦਾ ਹੈ। ਹੇਠਲੇ ਕਰਮਚਾਰੀ ਥਰ-ਥਰ ਕੰਬਦੇ ਹਨ। ਰਾਜਨੀਤੀ ਵਿਚ ਵੀ ਬਹੁਤ ਘੱਟ ਔਰਤਾਂ ਅਤੇ ਮਰਦ ਹਨ ਜਿਨ੍ਹਾਂ ਨੇ ਗ੍ਰਹਿਸਥੀ ਨੂੰ ਨਹੀਂ ਅਪਣਾਇਆ। ਕਈ ਵਾਰ ਸੋਚੀਦਾ ਹੈ ਕਿ ਸ਼ਾਦੀ ਦੀ ਉਮਰ ਵਿਚ ਕੋਈ ਪਸੰਦ ਦਾ ਮੈਚ ਨਹੀਂ ਮਿਲਿਆ ਹੋਣਾ ਜਾਂ ਫਿਰ ਹਉਮੈ ਨੂੰ ਸੱਟ ਵੱਜੀ ਹੋਣੀ ਏ। ਇਕ ਗੱਲ ਹੋਰ, ਜੇ ਵਿਆਹ ਤੋਂ ਬਾਅਦ ਵਿਚਾਰਾਂ ਦਾ ਵਖਰੇਵਾਂ ਹੋਵੇ ਤਾਂ ਅਲੱਗ ਹੋਣ ਦੀ ਨੌਬਤ ਆ ਜਾਂਦੀ ਹੈ। ਸ਼ਹਿਰੀ ਕੁੜੀਆਂ ਪਿੰਡਾਂ ਕਸਬਿਆਂ ਵਿਚ ਐਡਜਸਟ ਨਹੀਂ ਹੁੰਦੀਆਂ। ਕਾਰਨ? ਉਨ੍ਹਾਂ ਦਾ ਸ਼ਹਿਰੀ ਖਾਣ-ਪਹਿਨਣ ਵਖਰਾ ਹੁੰਦਾ ਹੈ। ਥੋੜ੍ਹੇ ਦਿਨ ਪਹਿਲਾਂ ਇਕ ਖ਼ਬਰ ਚਰਚਾ ਦਾ ਵਿਸ਼ਾ ਬਣੀ ਕਿ ਵਿਆਹ ਵਾਲੇ ਦਿਨ ਹੀ ਰੀਸੈਪਸ਼ਨ ਵੇਲੇ ਤੋੜ-ਤੜਿੱਕਾ ਹੋ ਗਿਆ? ਕਾਰਨ? ਘਰ ਨਹੀਂ ਪਸੰਦ ਆਇਆ। ਵੈਸੇ ਕੋਰਟ-ਕਚਹਿਰੀਆਂ ਦੇ ਚੱਕਰਾਂ ਨਾਲੋਂ ਪਹਿਲਾਂ ਹੀ ਸੋਚ ਵਿਚਾਰ ਕੇ ਫ਼ੈਸਲਾ ਲੈਣਾ ਚਾਹੀਦਾ ਹੈ।
ਇਕ ਪ੍ਰਵਾਰ 'ਚ ਦੋਵੇਂ ਜੀਅ ਗਜ਼ਟਡ ਪੋਸਟਾਂ ਉਤੇ ਹਨ। ਸ਼ਾਹੀ ਬੰਗਲਾ ਹੈ ਰਹਿਣ ਲਈ। ਕੰਮ ਲਈ ਨੌਕਰ ਚਾਕਰ ਹਨ। ਦੋਹਾਂ ਦੀ ਬੋਲਚਾਲ ਬੰਦ। ਆਪੋ-ਅਪਣੇ ਕੰਮਾਂ ਤੇ ਜਾਂਦੇ-ਆਉਂਦੇ ਹਨ। ਚਲੋ ਉਸ ਪੰਜਾਬੀ ਗੀਤ ਦੇ ਬੋਲ ਇਨ੍ਹਾਂ ਉਤੇ ਢੁਕਦੇ ਹਨ 'ਭਾਵੇਂ ਬੋਲ ਤੇ ਭਾਵੇਂ ਨਾ ਬੋਲ ਪਰ ਵੱਸ ਅੱਖੀਆਂ ਦੇ ਕੋਲ।' ਸੋ ਵਿਆਹ ਇਕ ਪਵਿੱਤਰ ਬੰਧਨ ਹੈ। ਅਪਣੇ ਵੰਸ਼ ਨੂੰ ਅੱਗੇ ਤੋਰਨ ਦਾ ਜ਼ਰੀਆ ਹੈ। ਮੇਰੀ ਜਾਚੇ ਇਸ 'ਚ ਬਝਣਾ ਕੁਦਰਤ ਦੇ ਅਨੁਕੂਲ ਹੈ। ਜ਼ਿੰਦਗੀ ਦੇ ਅੰਤਲੇ ਪੜਾਅ ਤੇ ਪਹੁੰਚ ਕੇ ਕੁੱਝ ਸਾਂਭ-ਸੰਭਾਲ ਹੋ ਜਾਂਦੀ ਹੈ। ਕਈ ਪ੍ਰਵਾਰਾਂ ਵਿਚ ਵੇਖਿਆ ਹੈ ਕਿ ਜੇ ਮਰਦ ਅਧਵਾਟੇ ਛੱਡ ਜਾਏ ਤਾਂ ਔਰਤ ਤਕੜੀ ਹੋ ਕੇ ਰਹਿੰਦੀ ਜ਼ਿੰਦਗੀ ਗੁਜ਼ਾਰ ਲੈਂਦੀ ਹੈ। ਪਰ ਜੇ ਔਰਤ ਸਾਥ ਛੱਡ ਜਾਏ ਬਹੁਤੀ ਵਾਰ ਮਰਦ ਦੂਜਾ ਵਿਆਹ ਕਰਵਾ ਲੈਂਦਾ ਹੈ। ਸੋ ਵਿਆਹ ਦੀ ਬੂਰ ਦੇ ਲੱਡੂਆਂ ਨਾਲ ਤੁਲਨਾ ਕੀਤੀ ਗਈ ਹੈ। ਕਹਿੰਦੇ ਹਨ ਜਿਸ ਨੇ ਖਾ ਲਿਆ ਉਹ ਵੀ ਪਛਤਾਉਂਦਾ ਹੈ ਜਿਸ ਨੇ ਨਹੀਂ ਖਾਧਾ, ਉਹ ਵੀ ਪਛਤਾਉਂਦਾ ਹੀ ਰਹਿੰਦਾ ਹੈ। ਬਈ ਜੇ ਦੋਹਾਂ ਹਾਲਾਤ 'ਚ ਪਛਤਾਉਣਾ ਹੀ ਹੈ ਫਿਰ ਖਾਣ 'ਚ ਕੀ ਹਰਜ਼ ਹੈ? ਸੰਪਰਕ : 82840-20628