ਚੜ੍ਹਦੀ ਕਲਾ ਦਾ ਪ੍ਰਤੀਕ ਖ਼ਾਲਸੇ ਦਾ ਹੋਲਾ ਮਹੱਲਾ

ਵਿਚਾਰ, ਵਿਸ਼ੇਸ਼ ਲੇਖ

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਿੱਘਰ ਚੁੱਕੇ ਸਮਾਜ ਦੇ ਦੱਬੇ-ਕੁਚਲੇ ਅਤੇ ਲਤਾੜੇ ਜਾ ਰਹੇ ਮਨੁੱਖਾਂ ਨੂੰ ਅਪਣੀ ਹੋਂਦ ਦਾ ਅਹਿਸਾਸ ਅਤੇ ਸਵੈਮਾਣ ਮਹਿਸੂਸ ਕਰਵਾਉਣ ਲਈ, ਉਨ੍ਹਾਂ ਵਿਚ ਨਿਡਰਤਾ ਅਤੇ ਨਿਰਭੈਤਾ ਭਰਨ ਲਈ ਅਤੇ ਸੂਰਬੀਰ ਯੋਧੇ ਬਣਾਉਣ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਕਲਗੀਧਰ ਪਿਤਾ ਜੀ ਨੇ ਜਿਥੇ ਲੋਕਾਂ ਨੂੰ ਨਵਾਂ ਜੀਵਨ ਬਖ਼ਸ਼ਿਆ, ਉਥੇ ਭਾਰਤੀ ਸਮਾਜ ਨੂੰ ਉਨ੍ਹਾਂ ਦੇ ਰੀਤੀ-ਰਿਵਾਜਾਂ ਅਤੇ ਤਿਉਹਾਰ ਮਨਾਉਣ ਦੇ ਢੰਗਾਂ ਵਿਚ ਵੀ ਇਨਕਲਾਬੀ ਤਬਦੀਲੀਆਂ ਲਿਆਂਦੀਆਂ। ਗੁਰੂ ਸਾਹਿਬ ਜੀ ਨੇ ਸੰਨ 1699 ਦੀ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਕਰ ਕੇ ਸਿੱਖ ਪੰਥ ਵਿਚ ਇਕ ਮਹਾਨ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਅਤੇ ਸਿੱਖਾਂ ਨੂੰ ਇਕ ਵਖਰੀ ਪਛਾਣ ਪ੍ਰਦਾਨ ਕੀਤੀ। ਗੁਰੂ ਸਾਹਿਬ ਜੀ ਨੇ ਇਸ ਕਾਇਮ ਕੀਤੀ ਜਥੇਬੰਦੀ ਵਿਚ ਦਲੇਰੀ ਅਤੇ ਜੁਰਅਤ ਭਰਨ ਲਈ ਉਨ੍ਹਾਂ ਵਲੋਂ ਮਨਾਏ ਜਾ ਰਹੇ ਤਿਉਹਾਰਾਂ ਨੂੰ ਮਨਾਉਣ ਦੇ ਰੰਗ-ਢੰਗ ਹੀ ਬਦਲ ਕੇ ਰੱਖ ਦਿਤੇ। ਹੋਲੀ ਮਨਾਉਣ ਸਮੇਂ ਲੋਕ ਇਕ-ਦੂਜੇ ਉਤੇ ਰੰਗ ਸੁਟਦੇ, ਖ਼ਰੂਦ ਮਚਾਉਂਦੇ, ਸ਼ਰਾਬ ਪੀਂਦੇ, ਗੰਦ-ਮੰਦ ਸੁਟਦੇ ਅਤੇ ਘਟੀਆ ਤੋਂ ਘਟੀਆ ਹਰਕਤਾਂ ਕਰ ਕੇ ਮਨੁੱਖੀ ਸ਼ਕਤੀ ਨੂੰ ਨਸ਼ਟ ਕਰ ਰਹੇ ਸਨ। ਉਥੇ ਗੁਰੂ ਸਾਹਿਬ ਜੀ ਨੇ ਇਸ ਨੂੰ ਸਾਰਥਕ ਰੂਪ ਵਿਚ ਪੇਸ਼ ਕਰਨ ਲਈ ਹੋਲੀ ਨੂੰ 'ਹੋਲਾ ਮਹੱਲਾ' ਦਾ ਰੂਪ ਦਿਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਹੋਲੀ ਦੇ ਤਿਉਹਾਰ ਨੂੰ ਖ਼ਾਲਸਾ ਪੰਥ ਲਈ 'ਹੋਲਾ ਮਹੱਲਾ' ਵਿਚ ਬਦਲਣ ਦੀ ਪ੍ਰਕਿਰਿਆ ਉਸ ਸਮੇਂ ਦੀ ਲੋੜ ਅਨੁਸਾਰ ਇਕ ਬਹੁਤ ਹੀ ਢੁਕਵਾਂ ਕਦਮ ਸੀ। ਸਮਝਣ ਵਾਲੀ ਗੱਲ ਇਹ ਹੈ ਕਿ ਇਹ ਸਿਰਫ਼ ਸ਼ਬਦ ਜੋੜ ਦੀ ਤਬਦੀਲੀ ਨਹੀਂ ਹੈ ਸਗੋਂ ਦੱਬੇ-ਕੁਚਲੇ ਲੋਕਾਂ ਨੂੰ ਮਾਨਸਿਕ ਤੌਰ ਤੇ ਬਲਵਾਨ ਬਣਾਉਣ ਅਰਥਾਤ ਗ਼ੁਲਾਮ ਮਾਨਸਿਕਤਾ ਤੋਂ ਆਜ਼ਾਦ ਸੋਚ ਦੀ ਤਬਦੀਲੀ ਦਾ ਪ੍ਰਗਟਾਵਾ ਹੈ। ਮੁਗ਼ਲ ਰਾਜ ਸਮੇਂ ਘੋੜੇ ਦੀ ਸਵਾਰੀ ਕਰਨੀ, ਫ਼ੌਜ ਰਖਣੀ, ਨਗਾਰਾ ਵਜਾਉਣਾ ਅਤੇ ਯੁੱਧ ਸਮੇਂ ਫ਼ੌਜ ਵਲੋਂ ਨਿਸ਼ਾਨ ਲੈ ਕੇ ਚੜ੍ਹਨਾ ਆਦਿ ਦੀ ਸਖ਼ਤ ਮਨਾਹੀ ਸੀ ਪਰ ਕਲਗੀਧਰ ਪਾਤਸ਼ਾਹ ਨੇ ਇਨ੍ਹਾਂ ਮਨਾਹੀਆਂ ਦੀ ਵਿਰੋਧਤਾ ਕਰਦੇ ਹੋਏ ਸਾਰੀਆਂ ਚੀਜ਼ਾਂ ਨੂੰ ਹੋਲੇ-ਮਹੱਲੇ ਦਾ ਲਾਜ਼ਮੀ ਅੰਗ ਬਣਾ ਦਿਤਾ। ਇਸ ਕਰ ਕੇ ਜਿਥੇ ਹੋਲਾ-ਮਹੱਲਾ ਸਮਾਜ ਵਿਚ ਪ੍ਰਚਲਿਤ ਹੋਲੀ ਦੀਆਂ ਕੁਰੀਤੀਆਂ ਤੋਂ ਮੁਕਤ ਹੈ, ਉਥੇ ਇਸ ਨੂੰ ਮਨਾਉਣ ਲਈ ਅਰੰਭ ਕੀਤਾ ਗਿਆ ਢੰਗ-ਤਰੀਕਾ ਵੀ ਖ਼ਾਲਸੇ ਵਿਚ ਚੜ੍ਹਦੀ ਕਲਾ ਅਤੇ ਬੀਰ-ਰਸੀ ਭਾਵਨਾ ਦਾ ਸੰਚਾਰ ਕਰਨ ਵਾਲਾ ਹੈ। ਹੋਲਾ-ਮਹੱਲਾ ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਉਤੇ ਗੁਰੂ ਦਸਮੇਸ਼ ਪਿਤਾ ਜੀ ਨੇ ਚੇਤ ਵਦੀ ਏਕਮ, ਸੰਮਨ 1787 (1700 ਈਸਵੀ) ਨੂੰ ਹੋਲਗੜ੍ਹ ਦੇ ਸਥਾਨ ਤੇ ਪਹਿਲੀ ਵਾਰ ਹੋਲਾ ਮਹੱਲਾ ਸਜਾਇਆ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਨੇ ਹੋਲੇ-ਮਹੱਲੇ ਨੂੰ ਸੁਤੰਤਰ ਸਿੱਖ ਸੋਚ ਅਨੁਸਾਰ ਮਨਾਉਣ ਦਾ ਅਰੰਭ ਖ਼ਾਲਸਾ ਪੰਥ ਦੀ ਸਿਰਜਣਾ ਤੋਂ ਤੁਰਤ ਬਾਅਦ ਕੀਤਾ ਤਾਕਿ ਖ਼ੁਦ ਮੁਖਤਿਆਰ ਖ਼ਾਲਸਾ ਅਪਣੀ ਵਿਲੱਖਣ ਹੋਂਦ-ਹਸਤੀ ਅਨੁਸਾਰ ਪੰਜਾਬੀ ਸਭਿਆਚਾਰ ਨਾਲ ਸਬੰਧਤ ਦਿਨ ਤਿਉਹਾਰ ਵਿਲੱਖਣ ਤੇ ਨਿਰਾਲੇ ਰੂਪ ਵਿਚ ਮਨਾ ਕੇ ਅਪਣੀ ਸੁਤੰਤਰ ਹੋਂਦ ਤੇ ਨਿਆਰੇਪਨ ਦਾ ਪ੍ਰਗਟਾਵਾ ਕਰ ਸਕੇ। ਗੁਰੂ ਸਾਹਿਬ ਜੀ ਦਾ ਮਨੋਰਥ ਸੀ ਕਿ ਖ਼ਾਲਸਾ ਪੰਥ ਦੇ ਮਨ ਵਿਚੋਂ ਗ਼ੁਲਾਮੀ ਦੇ ਜੂਲੇ ਨੂੰ ਮੂਲੋਂ ਹੀ ਖ਼ਤਮ ਕਰਨਾ ਸੀ ਤਾਕਿ ਉਹ ਸੋਚ-ਵਿਚਾਰ ਤੇ ਵਿਵਹਾਰ ਵਿਚ ਸੁਤੰਤਰ ਹੋ ਕੇ ਵਿਚਰ ਸਕਣ। 700 ਸਾਲਾਂ ਤੋਂ ਗ਼ੁਲਾਮ ਨਿਰਬਲ, ਨਿਤਾਣੀ, ਸਾਹਸਹੀਣ ਅਤੇ ਗ਼ੁਲਾਮ ਮਾਨਸਿਕਤਾ ਦੇ ਆਦੀ ਹੋ ਚੁੱਕੇ ਭਾਰਤੀਆਂ ਵਿਚ ਜਬਰ-ਜ਼ੁਲਮ ਵਿਰੁਧ ਲੜਨ ਮਰਨ ਦੀ ਸ਼ਕਤੀ ਭਰਨ ਲਈ ਦਸਮੇਸ਼ ਪਿਤਾ ਵਲੋਂ ਚੁਕਿਆ ਗਿਆ ਇਹ ਇਤਿਹਾਸਕ ਇਨਕਲਾਬੀ ਕਦਮ ਸੀ।
ਹੋਲਾ ਸ਼ਬਦ ਹੋਲੀ ਦਾ ਧੜੱਲੇਦਾਰ ਬਦਲਵਾਂ ਰੂਪ ਹੈ, ਜੋ ਡਿਗਿਆਂ ਢੱਠਿਆਂ ਦੇ ਹਿਰਦੇ ਅੰਦਰ ਉਤਸ਼ਾਹ ਅਤੇ ਹੁਲਾਸ ਪੈਦਾ ਕਰਦਾ ਹੈ। 'ਹੋਲੀ' ਅਤੇ 'ਮਹੱਲਾ' ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ 'ਹੋਲਾ-ਮਹੱਲਾ'। ਵਿਦਵਾਨਾਂ ਅਨੁਸਾਰ 'ਹੋਲਾ' ਅਰਬੀ ਭਾਸ਼ਾ ਅਤੇ 'ਮਹੱਲਾ' ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਹੋਲ, ਹੂਲ ਅਤੇ ਹੋਲਾ ਮਹੱਲਾ ਆਦਿ ਰਲਦੇ-ਮਿਲਦੇ ਸ਼ਬਦ ਹਨ। ਹੂਲ ਦੇ ਅਰਥ ਨੇਕ ਅਤੇ ਭਲੇ ਕੰਮਾਂ ਲਈ ਜੂਝਣਾ, ਸੀਸ ਤਲੀ ਤੇ ਧਰ ਖੇਡਣਾ, ਤਲਵਾਰ ਦੀ ਧਾਰ ਤੇ ਚਲਣਾ ਕੀਤੇ ਗਏ ਹਨ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨਕੋਸ਼ ਵਿਚ ਹੋਲਾ-ਮਹੱਲਾ ਦੇ ਅਰਥ 'ਹਮਲਾ ਅਤੇ ਜਾਯ ਹਮਲਾ' ਕੀਤੇ ਹਨ। ਹੋਲੇ ਤੋਂ ਭਾਵ ਹੈ 'ਹੱਲਾ ਜਾਂ ਹਮਲਾ ਕਰਨਾ' ਅਤੇ ਮਹੱਲਾ ਦੇ ਅਰਥ 'ਹਮਲੇ ਦੀ ਥਾਂ' ਹੈ। ਇਸ ਤਰ੍ਹਾਂ ਹੋਲਾ-ਮਹੱਲਾ ਦਾ ਸਮੁੱਚਾ ਅਰਥ ਨਿਕਲਿਆ ''ਕਿਸੇ ਨਿਸ਼ਚਿਤ ਸਥਾਨ ਤੇ ਹਮਲਾ ਕਰ ਕੇ ਫ਼ਤਹਿ ਦਾ ਨਗਾਰਾ ਵਜਾਉਣਾ ਅਤੇ ਖ਼ੁਸ਼ੀਆਂ ਦੇ ਜਸ਼ਨ ਮਨਾਉਣੇ।''
ਹੋਲੇ ਮਹੱਲੇ ਵਾਲੇ ਦਿਨ ਖ਼ਾਲਸੇ ਨੂੰ ਦੋ ਦਲਾਂ ਵਿਚ ਵੰਡ ਕੇ, ਗੁਰੂ ਸਾਹਿਬ ਜੀ ਮਸਨੂਈ (ਨਕਲੀ) ਯੁੱਧ ਕਰਿਆ ਕਰਦੇ ਸਨ। ਇਕ ਦਲ ਨਿਸ਼ਚਿਤ ਸਥਾਨ ਤੇ ਕਾਬਜ਼ ਹੋ ਜਾਂਦਾ, ਦੂਜਾ ਉਸ ਉਤੇ ਹਮਲਾ ਕਰ ਕੇ ਕਿਲ੍ਹਾ ਖੋਹਣ ਦਾ ਯਤਨ ਕਰਦਾ। ਇਸ ਤਰ੍ਹਾਂ  ਯੁੱਧ-ਜੁਗਤੀ ਅਤੇ ਪੈਂਤੜੇਬਾਜ਼ੀ ਦਾ ਅਭਿਆਸ ਹੁੰਦਾ। ਯੁੱਧ ਦੇ ਨਗਾਰੇ ਵਜਦੇ, ਹਥਿਆਰਾਂ ਦਾ ਟਕਰਾਅ ਹੁੰਦਾ, ਜੈਕਾਰੇ ਗੂੰਜਦੇ ਅਤੇ 'ਫ਼ਤਹਿ' ਦੀਆਂ ਖ਼ੁਸ਼ੀਆਂ ਮਨਾਈਆਂ ਜਾਂਦੀਆਂ। ਜਿਹੜਾ ਦਲ ਜਿੱਤ ਪ੍ਰਾਪਤ ਕਰਦਾ, ਉਸ ਨੂੰ ਗੁਰੂ ਸਾਹਿਬ ਜੀ ਗੁਰੂ ਦਰਬਾਰ ਵਲੋਂ ਸਿਰੋਪਾਉ ਦੀ ਬਖ਼ਸ਼ਿਸ਼ ਕਰਦੇ। ਫਿਰ ਉਥੇ ਹੀ ਦਰਬਾਰ ਸਜਦਾ ਅਤੇ ਸ਼ਸਤਰਧਾਰੀ ਸਿੰਘ ਆਪੋ-ਅਪਣੇ ਕਰਤਬ ਵਿਖਾਉਂਦੇ। ਪਹਿਲਾਂ ਇਹ ਮਹੱਲਾ ਸ਼ਬਦ ਇਸੇ ਭਾਵ ਵਿਚ ਵਰਤਿਆ ਜਾਂਦਾ ਰਿਹਾ ਪਰ ਹੌਲੀ ਹੌਲੀ ਇਹ ਸ਼ਬਦ ਉਸ ਜਲੂਸ ਲਈ ਪ੍ਰਚਲਤ ਹੋ ਗਿਆ ਜੋ 'ਫ਼ਤਹਿ' ਉਪਰੰਤ ਫ਼ੌਜੀ ਸਜ-ਧਜ ਅਤੇ ਨਗਾਰਿਆਂ ਤੇ ਚੋਟ ਮਾਰ ਕੇ ਨਿਕਲਦਾ। ਹੋਲੇ-ਮਹੱਲੇ ਦੇ ਜਲੂਸ ਦੀ ਪ੍ਰਥਾ ਹੁਣ ਵੀ ਜਾਰੀ ਹੈ। ਇਸ ਤੋਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਨੇ ਗ਼ੁਲਾਮੀ ਅਤੇ ਹਕੂਮਤੀ ਜਬਰ ਵਿਰੁਧ ਲੋਕ-ਮਨਾਂ ਅੰਦਰ ਨਵਾਂ ਉਤਸ਼ਾਹ ਅਤੇ ਕੁਰਬਾਨੀ ਦਾ ਜਜ਼ਬਾ ਭਰਨ ਲਈ ਹੋਲੀ ਨੂੰ ਮਹੱਲੇ ਦਾ ਰੂਪ ਦਿਤਾ। ਹੋਲੀ ਦੀ ਥਾਂ ਹੋਲਾ-ਮਹੱਲਾ ਦੀ ਰਵਾਇਤ ਕਾਇਮ ਕਰਨ ਵਾਲੇ ਕਵੀ ਸੁਮੇਰ ਸਿੰਘ ਨੇ ਗੁਰੂ ਸਾਹਿਬ ਜੀ ਦੇ ਹੁਕਮਾਂ ਨੂੰ ਇਸ ਤਰ੍ਹਾਂ ਦਸਿਆ ਹੈ:-
ਔਰਨ ਕੀ ਹੋਲੀ ਮਮ ਹੋਲਾ। ਕਹਿਯੋ ਕ੍ਰਿਪਾਨਿਧ ਬਚਨ ਅਮੋਲਾ।
ਅੱਜ ਵੀ ਹੋਲਾ-ਮਹੱਲਾ ਦੇ ਇਤਿਹਾਸਕ ਮੌਕੇ ਤੇ ਵੱਡੀ ਗਿਣਤੀ ਵਿਚ ਥਾਂ ਥਾਂ ਤੋਂ ਸਿੱਖ ਸੰਗਤਾਂ ਜਥੇ ਬਣਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਪਹੁੰਚਦੀਆਂ ਹਨ। ਦੀਵਾਨ ਸਜਾਏ ਜਾਂਦੇ ਹਨ। ਕਥਾ, ਕੀਰਤਨ ਦੇ ਪ੍ਰਵਾਹ ਚਲਦੇ ਹਨ। ਵਾਰਾਂ ਦਾ ਗਾਇਨ ਹੁੰਦਾ ਹੈ। ਨਿਹੰਗ ਸਿੰਘਾਂ ਦੇ ਜੰਗੀ ਕਰਤਬ ਲੋਕਾਂ ਵਿਚ ਅਥਾਹ ਜੋਸ਼ ਭਰ ਦਿੰਦੇ ਹਨ। ਨਗਰ ਕੀਰਤਨ ਦਾ ਅਦੁਤੀ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ। ਹੋਲਾ-ਮਹੱਲਾ ਦੀ ਇਸ ਇਨਕਲਾਬੀ ਪਿਰਤ ਦੀ ਅਪਣੀ ਇਕ ਨਿਵੇਕਲੀ ਮਹੱਤਤਾ ਹੈ।ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਚਲਾਇਆ ਹੋਲਾ-ਮਹੱਲਾ ਸ਼ਕਤੀ ਨੂੰ ਪ੍ਰਗਟ ਕਰਨ ਅਤੇ ਅਣਖ ਦੇ ਅਨੁਭਵ ਦਾ ਅਨੋਖਾ ਢੰਗ ਹੈ। ਇਹ ਖ਼ਾਲਸਾ ਪੰਥ ਲਈ ਸਵੈਮਾਣ, ਖ਼ਾਲਸੇ ਦੇ ਬੋਲਬਾਲੇ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਹ ਸਿੱਖ ਪੰਥ ਲਈ ਸਵੈਮਾਣ, ਖ਼ਾਲਸੇ ਦੇ ਬੋਲ-ਬਾਲੇ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸਿੱਖ ਪੰਥ ਨੂੰ ਹਰ ਸਾਲ ਦ੍ਰਿੜ ਵਿਸ਼ਵਾਸੀ, ਪ੍ਰਭੂ ਭਗਤੀ ਅਤੇ ਉੱਚੇ-ਸੁੱਚੇ ਮਨੁੱਖੀ ਆਦਰਸ਼ਾਂ, ਜ਼ੁਲਮ, ਜਬਰ ਅਤੇ ਭ੍ਰਿਸ਼ਟਾਚਾਰ ਵਿਰੁਧ ਜੂਝਣ ਲਈ ਨਵਾਂ ਜੋਸ਼ ਅਤੇ ਉਤਸ਼ਾਹ ਪ੍ਰਦਾਨ ਕਰਦਾ ਹੈ।ਅਜੋਕੇ ਸਮੇਂ ਹੋਲੇ-ਮਹੱਲੇ ਦੀ ਮੂਲ-ਭਾਵਨਾ ਨੂੰ ਉਜਾਗਰ ਕਰਨ ਦੀ ਬਹੁਤ ਲੋੜ ਹੈ। ਸਮਾਜ ਵਿਚ ਕਈ ਤਰ੍ਹਾਂ ਦੀਆਂ ਸਮਾਜਕ ਕੁਰੀਤੀਆਂ ਅਤੇ ਬੁਰਾਈਆਂ ਨਵਾਂ ਰੂਪ ਧਾਰ ਕੇ ਪ੍ਰਚਲਿਤ ਹੋ ਚੁਕੀਆਂ ਹਨ। ਜਿਵੇਂ ਨਸ਼ਿਆਂ ਦੀ ਬਿਮਾਰੀ, ਭਰੂਣ ਹਤਿਆ, ਦਾਜ, ਵਾਤਾਵਰਣ ਪ੍ਰਦੂਸ਼ਣ, ਮਾਂ-ਬੋਲੀ ਦਾ ਤਿਆਗ, ਸਭਿਆਚਾਰ ਵਿਚ ਗਿਰਾਵਟ ਅਤੇ ਨੰਗੇਜਵਾਦ ਆਦਿ ਵਰਗੀਆਂ ਬਿਮਾਰੀਆਂ ਨੇ ਘੇਰ ਲਿਆ ਹੈ। ਸਮਾਜਕ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਲੋਕਾਂ ਜਾਗਰਿਤ ਹੋਣਾ ਜ਼ਰੂਰੀ ਹੈ। ਸੋ ਆਉ ਦਸਮੇਸ਼ ਪਿਤਾ ਦੀ ਸਿਖਿਆ ਉਤੇ ਅਮਲ ਕਰੀਏ ਅਤੇ ਦੱਸੇ ਮਾਰਗ ਉਤੇ ਚਲੀਏ।