ਬਹੁਤ ਪੁਰਾਣੇ ਸਮੇਂ ਨੂੰ ਨਾ ਵੀ ਫਰੋਲੀਏ, ਪਿਛਲੇ ਕੁੱਝ ਕੁ
ਦਹਾਕਿਆਂ ਦੇ ਸਮੇਂ ਦੌਰਾਨ ਹੀ ਅਪਣੇ ਪੰਜਾਬ ਦੀ ਹੋਈ ਹੱਡਬੀਤੀ ਤੇ ਜ਼ਰਾ ਕੁ ਗਹੁ ਨਾਲ
ਝਾਤੀ ਮਾਰੀਏ ਤਾਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਪੰਜ ਆਬਾਂ ਜਾਂ ਪੰਜ ਪਾਣੀਆਂ
ਦੀ ਜ਼ਰਖੇਜ਼ ਧਰਤੀ ਦੇ ਚਿਹਰੇ ਉਤੇ ਖ਼ੁਸ਼ਹਾਲੀ ਅਤੇ ਖੇੜੇ ਦੀ ਰੌਂ ਅਪਣੇ ਅਸਲੀ ਰੰਗ ਅਤੇ
ਖ਼ਾਨਦਾਨੀ ਜਲੌਅ ਦੀ ਕਮੀ ਹਮੇਸ਼ਾ ਇਕ ਕਸਕ ਬਣ ਕੇ ਸੁਹਿਰਦ ਦਿਲਾਂ ਵਿਚ ਧੁਖਦੀ ਰਹਿੰਦੀ ਹੈ।
ਪਹਿਲਾਂ ਇਸ ਦੀ ਵਿਸ਼ਾਲ ਦੇਹ ਦੇ ਦਰਦਨਾਕ ਟੋਟੇ ਸੰਨ ਸੰਤਾਲੀ ਦੇ ਮਨਹੂਸ ਸਾਲ ਹੋ ਗਏ
ਅਤੇ ਇਸ ਦੀ ਬਦਕਿਸਮਤੀ ਵੇਖੋ, ਦੋਖੀਆਂ ਨੇ ਸ੍ਰੀਰ ਤਾਂ ਵਢਿਆ ਟੁਕਿਆ ਹੀ, ਫਿਰ ਇਸ ਦੀ
ਸ਼ਾਹਰਗ ਵਿਚ ਵਗਦਾ ਖ਼ੂਨ ਰੂਪੀ ਪਾਣੀ ਵੀ ਇਸ ਦੇ ਖੇਤ ਰੂਪੀ ਪੁੱਤਰਾਂ ਦੇ ਮੂੰਹੋਂ ਖੋਹ ਕੇ,
ਬੇਗਾਨਿਆਂ ਦੇ ਮੂੰਹ ਤਕ ਕਰਨ ਦੀ ਬੇਈਮਾਨੀ ਦੀ ਲਾਹਨਤੀ ਖੇਡ ਨੂੰ ਖੇਡਣਾ ਸ਼ੁਰੂ ਕਰ
ਦਿਤਾ। ਇਸ ਦੇ ਵਾਰਿਸ ਅਖਵਾਉਂਦੇ ਸਮੇਂ ਦੇ ਚੌਧਰੀਆਂ ਨੇ ਵੀ ਅਪਣੇ ਨਵੇਂ ਸਿਆਸੀ ਮਾਪਿਆਂ
ਨੂੰ ਖ਼ੁਸ਼ ਕਰਨ ਲਈ ਇਸ ਨਾਲ ਰੱਜ ਕੇ ਧ੍ਰੋਹ ਕਮਾਇਆ। ਅਪਣੀਆਂ ਸਿਆਸੀ ਗੱਦੀਆਂ ਕੁਰਸੀਆਂ
ਖ਼ਾਤਰ, ਪੰਜਾਬੀ ਅਣਖ, ਗੁਰੂਆਂ ਵਲੋਂ ਬਖਸ਼ਿਸ਼ ਕੀਤੇ ਹੱਕ ਸੱਚ ਲਈ ਅੜ ਜਾਣਾ, ਭੁੱਲ ਕੇ
ਕੇਵਲ ਨਿਜੀ ਚੌਧਰਾਂ ਅਤੇ ਗ਼ਰਜ਼ਾਂ ਦੇ ਪੰਘੂੜੇ ਜਾ ਚੜ੍ਹੇ। ਨਤੀਜੇ ਵਿਚਾਰਾ ਪੰਜਾਬ ਭੁਗਤਦਾ
ਰਿਹਾ। ਢਾਈ ਆਬਾਂ ਤੋਂ ਅੱਧੇ ਸ੍ਰੀਰ ਤੋਂ ਵੱਢੇ ਟੁੱਕੇ ਨੂੰ ਇਸ ਦੀ ਅਪਣੀ ਮਾਂ-ਬੋਲੀ
ਨੂੰ ਸਰਕਾਰੇ-ਦਰਬਾਰੇ ਮਾਣ-ਸਨਮਾਨ ਦੀ ਗੱਲ ਚੱਲੀ। ਗੱਲ ਚੱਲੀ ਕੀ, ਹੱਥ ਤੋਂ ਹੀ ਨਿਕਲ
ਗਈ। ਇਸ ਦੇ ਸਿਰ, ਬਾਹਾਂ ਦਾ ਵਢਾਂਗਾ ਕਰ ਕੇ ਇਸ ਦੇ ਟੁਕੜੇ ਕੀਤੇ, ਪੰਜਾਬੀਅਤ ਨੂੰ
ਪਟਰਾਣੀ ਤੋਂ ਨੌਕਰਾਣੀ ਬਣਾ ਕੇ ਦਾਸੀਆਂ ਦੇ ਭੇਸ ਵਿਚ ਵਿਚਰਨ ਲਈ ਮਜਬੂਰ ਕਰ ਦਿਤਾ। ਪਰ
ਪੰਜਾਬ ਦੀ ਧਰਤੀ ਨੂੰ ਮੁੜ ਕੋਈ ਪੋਰਸ, ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ ਅਤੇ ਨਲਵਾ ਨਾ
ਮਿਲਿਆ। ਦੇਸ਼ ਦੇ ਸ਼ਾਤਰ ਹੁਕਮਰਾਨਾਂ ਨੇ ਹਰ ਕਾਨੂੰਨ, ਨਿਯਮ ਤੇ ਵਾਅਦਾ ਤੋੜ ਕੇ, ਪੰਜਾਬ
ਨਾਲ ਧੱਕਾ ਕਰਨਾ ਸ਼ੁਰੂ ਕਰ ਦਿਤਾ ਤੇ ਅੱਜ ਤਕ ਇਹ ਧੱਕਾ ਚਲ ਰਿਹਾ ਹੈ।
ਪੰਜਾਬ ਦੇ
ਪੁੱਤਰ 'ਸ਼ਾਹ ਮੁਹੰਮਦ' ਨੇ ਸੱਚ ਹੀ ਆਖਿਆ ਸੀ, ''ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫ਼ੌਜਾਂ
ਜਿੱਤ ਕੇ ਅੰਤ ਨੂੰ ਹਾਰੀਆਂ ਈ।'' ਇਹ ਵੀ ਇਤਿਹਾਸ ਦਾ ਸੱਚ ਹੈ ਕਿ ਪੰਜਾਬ ਦੇ ਪੁੱਤਰ
ਕਦੇ ਕਿਸੇ ਮੈਦਾਨ ਨਹੀਂ ਹਾਰੇ। ਹਾਰਨਾ ਤਾਂ ਇਨ੍ਹਾਂ ਦੇ ਖ਼ੂਨ ਵਿਚ ਹੀ ਨਹੀਂ। ਪਰ ਹਰ
ਮੈਦਾਨ ਭਾਵੇਂ ਉਹ ਸਭਰਾਵਾਂ ਜਾਂ ਮੁਦਕੀ ਦਾ ਅੰਗਰੇਜ਼ਾਂ ਨਾਲ ਯੁੱਧ ਹੋਵੇ, ਚਾਹੇ ਸੰਨ
ਸੰਤਾਲੀ ਦੀ ਅਖੌਤੀ ਆਜ਼ਾਦੀ, ਪੰਜਾਬੀ ਸੂਬੇ ਦਾ ਮੋਰਚਾ, ਪਾਣੀਆਂ ਦਾ ਮੋਰਚਾ ਜਾਂ ਧਰਮਯੁੱਧ
ਮੋਰਚਾ ਹੀ ਕਿਉਂ ਨਾ ਹੋਵੇ, ਜੰਗ ਜਾਂ ਸੰਘਰਸ਼ ਵਿਚ ਤਾਂ ਹਰ ਮੈਦਾਨ ਫ਼ਤਿਹ ਹੁੰਦਾ ਹੈ। ਪਰ
ਸਿਆਸੀ ਸਮਝੌਤੇ ਦੀ ਖੇਡ ਵਿਚ ਹਮੇਸ਼ਾ ਅਪਣੇ ਮੂੰਹ ਭਾਰ ਹੀ ਡਿਗਿਆ ਹੈ। ਜਰਵਾਣਿਆਂ ਜਾਂ
ਸਮੇਂ ਦੇ ਹਾਕਮਾਂ ਦੀਆਂ ਚਾਲਾਂ ਨੂੰ ਸਮਝ ਨਾ ਸਕਣ ਕਰ ਕੇ ਆਖ਼ਰ ਜਿੱਤ ਨੂੰ ਵੀ ਹਾਰ ਵਿਚ
ਹੀ ਬਦਲਿਆ ਹੈ। ਪੁਰਾਣਾ ਛੱਡੋ ਆਨੰਦਪੁਰ ਮਤੇ ਤੋਂ ਸ਼ੁਰੂ ਹੋਇਆ ਸੰਘਰਸ਼, ਐਮਰਜੈਂਸੀ ਵਿਰੁਧ
ਮੋਰਚਾ, ਪਾਣੀਆਂ ਦਾ ਮੋਰਚਾ, ਧਰਮਯੁੱਧ ਮੋਰਚਾ। ਕਿੰਨੀਆਂ ਲੰਮੀਆਂ ਲੜਾਈਆਂ ਲੜੀਆਂ,
ਸਮੇਂ ਦੀਆਂ ਸਰਕਾਰਾਂ ਦੀਆਂ ਗੋਡਣੀਆਂ ਵੀ ਲਵਾਈਆਂ। ਪਰ ਸਿਆਸਤ ਦੀ ਡੂੰਘੀ ਸੋਝੀ ਅਤੇ
ਦੂਰਅੰਦੇਸ਼ੀ ਦੀ ਘਾਟ ਸਦਕਾ ਇਨ੍ਹਾਂ ਜਿੱਤੀਆਂ ਲੜਾਈਆਂ, ਦਿਤੀਆਂ ਕੁਰਬਾਨੀਆਂ ਦਾ ਕੋਈ ਵੀ
ਫ਼ਾਇਦਾ ਪੰਜਾਬ ਨੂੰ ਨਾ ਮਿਲ ਸਕਿਆ ਕਿਉਂਕਿ ਜਿਸ ਵੱਡੇ ਲੀਡਰ ਦੀ ਲੋੜ ਸੀ ਉਹ ਸਾਨੂੰ ਮਿਲ
ਨਾ ਸਕਿਆ।
ਹੁਣ ਤਕ ਇਹੋ ਹੀ ਤਾਂ ਚਲ ਰਿਹਾ ਹੈ ਪੰਜਾਬ ਦੇ ਵਿਹੜੇ ਵਿਚ। ਪੰਜਾਬੀ ਮਾਂ
ਦੀ ਕੁੱਖ ਵਿਚੋਂ ਕੋਈ ਦੂਰਅੰਦੇਸ਼, ਕੁਰਬਾਨੀ ਵਾਲਾ ਆਗੂ ਪੈਦਾ ਹੋ ਕੇ ਹੀ ਪੰਜਾਬ ਨੂੰ ਉਸ
ਦਾ ਬਣਦਾ ਹੱਕ, ਜਲੌਅ, ਕੁਰਬਾਨੀ ਦਾ ਜਜ਼ਬਾ ਵਾਪਸ ਮੋੜ ਸਕਦਾ ਹੈ ਅਤੇ ਇਹ ਪੰਜ ਪਾਣੀਆਂ ਦੀ
ਧਰਤੀ, ਪੰਜਾਬੀ ਪੁੰਨਿਆਂ ਦੇ ਚੰਨ ਵਾਂਗ ਗਿਆਨ, ਖ਼ੁਸ਼ਹਾਲੀ ਖੇੜੇ ਅਤੇ ਮਨੁੱਖੀ ਭਾਈਚਾਰੇ
ਦਾ ਸੁਨੇਹਾ ਸਮੁੱਚੇ ਸੰਸਾਰ ਨੂੰ ਵੰਡਦੀ ਰਹੇਗੀ।
ਸੰਪਰਕ : 97801-80073