ਛੂਆਛੂਤ ਦੇ ਕਲੰਕ ਦਾ ਨਹੀਂ ਹੋ ਰਿਹਾ ਅੰਤ

ਵਿਚਾਰ, ਵਿਸ਼ੇਸ਼ ਲੇਖ

ਭਾਜਪਾ ਨੇ ਯੋਗੀ ਆਦਿਤਿਆਨਾਥ ਨੂੰ ਜਦ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਤਾਂ ਉਨ੍ਹਾਂ ਨੇ ਸਰਕਾਰੀ ਨਿਵਾਸ ਸਥਾਨ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਉਥੇ ਸ਼ੁੱਧੀਕਰਨ ਕਰਾਇਆ। ਇਸ ਲਈ ਨੇਮ ਅਨੁਸਾਰ ਗੋਰਖਪੁਰ ਦੇ ਮੰਦਰ ਤੋਂ ਪੁਜਾਰੀ ਬੁਲਾਏ ਗਏ। ਮੁੱਖ ਮੰਤਰੀ ਰਿਹਾਇਸ਼ ਦੇ ਪ੍ਰਵੇਸ਼ ਦੁਆਰ ਤੋਂ ਲੈ ਕੇ ਸੜਕ ਤਕ ਨੂੰ ਗੰਗਾਜਲ ਨਾਲ ਸ਼ੁੱਧ ਕੀਤਾ ਗਿਆ। ਮੁੱਖ ਮੰਤਰੀ ਦੇ ਦੌਰੇ ਸਮੇਂ ਵੀ ਇਸ ਗੱਲ ਦਾ ਧਿਆਨ ਰਖਿਆ ਜਾਣ ਲੱਗਾ ਕਿ ਉਨ੍ਹਾਂ ਨੂੰ ਕਿਤੇ ਪ੍ਰੇਸ਼ਾਨੀ ਨਾ ਹੋਵੇ। ਗੌਤਮ ਬੁੱਧ ਦੀ ਨਿਰਵਾਣ ਨਗਰੀ ਕੁਸ਼ੀਨਗਰ ਵਿਚੋਂ ਆਦਿਤਿਆਨਾਥ ਦੇ ਪ੍ਰੋਗਰਾਮ ਵਿਚ ਅਧਿਕਾਰੀਆਂ ਨੇ ਉਥੋਂ ਦੇ ਦਲਿਤ ਪ੍ਰਵਾਰਾਂ ਨੂੰ ਸ਼ੈਂਪੂ, ਮੰਜਨ ਅਤੇ ਸਾਬਣ ਦਿਤਾ।

ਉਨ੍ਹਾਂ ਨੂੰ ਕਿਹਾ ਗਿਆ ਕਿ ਸਾਰੇ ਲੋਕ ਨਹਾ-ਧੋ ਕੇ ਸਾਫ਼-ਸੁਥਰੇ ਹੋ ਕੇ ਆਉਣ। ਇਨ੍ਹਾਂ ਸਭਨਾਂ ਨੂੰ ਮੁੱਖ ਮੰਤਰੀ ਦੇ ਟੀਕਾਕਰਨ ਪ੍ਰੋਗਰਾਮ ਵਿਚ ਬੁਲਾਇਆ ਗਿਆ ਸੀ। ਇਹ ਗੱਲ ਸਾਹਮਣੇ ਆਉਂਦੇ ਸਾਰ ਪੂਰੇ ਦੇਸ਼ ਵਿਚ ਭਾਜਪਾ ਸਰਕਾਰ ਦਾ ਵਿਰੋਧ ਹੋਣ ਲੱਗਾ। ਗੁਜਰਾਤ ਦੀਆਂ ਦਲਿਤ ਜਥੇਬੰਦੀਆਂ ਨੇ ਤਾਂ ਸਾਬਣ ਨਾਲ ਤਿਆਰ ਮਹਾਤਮਾ ਬੁੱਧ ਦੀ 125 ਕਿਲੋ ਦੀ ਮੂਰਤੀ ਆਦਿਤਿਆਨਾਥ ਨੂੰ ਲਖਨਊ ਆ ਕੇ ਸੰਭਾਲਣ ਦਾ ਪ੍ਰੋਗਰਾਮ ਬਣਾਇਆ ਪਰ ਉਨ੍ਹਾਂ ਨੂੰ ਝਾਂਸੀ ਸਟੇਸ਼ਨ ਉਤੇ ਰੋਕ ਕੇ ਵਾਪਸ ਭੇਜ ਦਿਤਾ ਗਿਆ। ਲਖਨਊ ਵਿਚ ਦਲਿਤ ਅਤਿਆਚਾਰ ਅਤੇ ਨਿਦਾਨ ਵਿਸ਼ੇ ਉਤੇ ਸੰਮੇਲਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਪ੍ਰੋਗਰਾਮ ਨੂੰ ਵੀ ਹੋਣ ਨਾ ਦਿਤਾ ਗਿਆ। ਇਨ੍ਹਾਂ ਘਟਨਾਵਾਂ ਤੋਂ ਸਾਫ਼ ਹੈ ਕਿ ਸਮਾਜ ਵਿਚ ਦਲਿਤਾਂ ਦੇ ਹਾਲਾਤ ਬਹੁਤ ਖ਼ਰਾਬ ਹਨ। ਅੱਜ ਵੀ ਸਾਧਾਰਣ ਵਰਗ ਉਨ੍ਹਾਂ ਨਾਲ ਮਿਲਣਾ ਪਸੰਦ ਨਹੀਂ ਕਰਦਾ। ਇਹ ਘਟਨਾਵਾਂ ਛੂਆਛੂਤ ਅਤੇ ਜਾਤ ਪ੍ਰਥਾ ਦੀ ਪੋਲ ਨੂੰ ਖੋਲ੍ਹਣ ਲਈ ਕਾਫ਼ੀ ਹਨ।

ਸਹਾਰਨਪੁਰ ਵਿਚ ਭਾਵੇਂ ਹੀ ਦਲਿਤ ਅੱਜ ਸਵਰਣਾਂ ਮੁਕਾਬਲੇ ਖੜੇ ਹੋ ਗਏ ਹੋਣ ਪਰ ਜਾਤੀ ਅਤੇ ਛੂਆਛੂਤ ਦੇ ਨਾਂ ਉਤੇ ਹਾਲੇ ਦੋਹਾਂ ਬਿਰਾਦਰੀਆਂ ਵਿਚ ਦੂਰੀ ਬਣੀ ਹੋਈ ਹੈ। ਸਹਾਰਨਪੁਰ ਦੀ ਘਟਨਾ ਉਤੇ ਰਾਜਨੀਤੀ ਸ਼ੁਰੂ ਹੋਈ ਤਾਂ ਉਥੇ ਭੀਮ ਸੈਨਾ ਕਾਰਜਸ਼ੀਲ ਨਜ਼ਰ ਆਉਣ ਲੱਗੀ। ਭੀਮ ਸੈਨਾ ਨੂੰ ਪੂਰਾ ਲਾਭ ਨਾ ਮਿਲ ਜਾਵੇ, ਇਸ ਲਈ ਬਹੁਜਨ ਸਮਾਜ ਪਾਰਟੀ ਨੇ ਵੀ ਅਪਣਾ ਦਖ਼ਲ ਵਧਾਇਆ ਹੈ। ਜਦ ਬਸਪਾ ਲੀਡਰ ਮਾਇਆਵਤੀ ਨੂੰ ਲੱਗਾ ਕਿ ਕੋਈ ਲਾਭ ਨਹੀਂ ਮਿਲ ਰਿਹਾ ਅਤੇ ਦਲਿਤਾਂ ਵਿਚ ਉਨ੍ਹਾਂ ਦੀ ਪਹੁੰਚ ਘੱਟ ਗਈ ਹੈ ਤਾਂ ਉਨ੍ਹਾਂ ਨੇ ਦਲਿਤਾਂ ਦੇ ਮੁੱਦੇ ਨੂੰ ਲੈ ਕੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਨਾਟਕ ਰਚਿਆ ਹੈ।

ਦਲਿਤਾਂ ਦੇ ਵਿਗੜਦੇ ਹਾਲਾਤ ਲਈ ਮਾਇਆਵਤੀ ਘੱਟ ਜ਼ਿੰਮੇਵਾਰ ਨਹੀਂ। ਦਲਿਤਾਂ ਦੇ ਵੋਟ ਨਾਲ ਮਾਇਆਵਤੀ ਉੱਤਰ ਪ੍ਰਦੇਸ਼ ਵਿਚ 4 ਵਾਰ ਮੁੱਖ ਮੰਤਰੀ ਬਣੀ ਪਰ ਉਨ੍ਹਾਂ ਦਲਿਤਾਂ ਦੀ ਹਾਲਤ ਸੁਧਾਰਨ ਲਈ ਕੰਮ ਨਹੀਂ ਕੀਤਾ। ਮਾਇਆਵਤੀ ਨੇ ਅਪਣੇ ਕਾਰਜਕਾਲ ਵਿਚ ਮੂਰਤੀਪੂਜਾ ਅਤੇ ਵਿਅਕਤੀਪੂਜਾ ਨੂੰ ਹੱਲਾਸ਼ੇਰੀ ਦਿਤੀ ਜਿਸ ਨਾਲ ਦਲਿਤ ਅੰਦੋਲਨ ਅਤੇ ਉਸ ਵਿਚ ਸੁਧਾਰ ਦੇ ਕੰਮ ਪੂਰੀ ਤਰ੍ਹਾਂ ਨਾਲ ਬੰਦ ਹੋ ਗਏ। ਬਸਪਾ ਦੇ ਬਣਨ ਤੋਂ ਪਹਿਲਾਂ ਡੀ.ਐਸ.-ਫ਼ੋਰ ਅਤੇ ਦੂਜੀਆਂ ਜਥੇਬੰਦੀਆਂ ਦਲਿਤਾਂ ਵਿਚ ਸਮਾਜਕ ਚੇਤਨਾ ਜਗਾਉਣ ਦਾ ਕੰਮ ਕਰਦੇ ਸਨ। ਮਾਇਆਵਤੀ ਨੇ ਸੱਤਾ ਵਿਚ ਆਉਂਦੇ ਸਾਰ ਇਸ ਉਤੇ ਰੋਕ ਲਗਾ ਦਿਤੀ। ਦਲਿਤ ਜਥੇਬੰਦੀਆਂ ਦਾ ਵਿਰੋਧ ਹੋਣ ਲੱਗਾ। ਇਸ ਨਾਲ ਦਲਿਤ ਅੰਦੋਲਨ ਅਤੇ ਸਮਾਜਕ ਚੇਤਨਾ ਜਗਾਉਣ ਦਾ ਕੰਮ ਬੰਦ ਹੋ ਗਿਆ। ਇਸ ਦਾ ਅਸਰ ਇਹ ਹੋਇਆ ਕਿ ਦਲਿਤ ਅਪਣੀ ਲੜਾਈ ਭੁੱਲ ਕੇ ਸ਼ਰਮ ਦੇ ਆਡੰਬਰ ਵਿਚ ਫਸਣ ਲੱਗੇ।

ਉਹ ਨਵਹਿੰਦੂਤਵ (ਹਿੰਦੂਆਂ ਦਾ ਆਚਾਰ-ਵਿਚਾਰ) ਦਾ ਸ਼ਿਕਾਰ ਹੋ ਗਏ। ਭਾਜਪਾ ਨੇ ਦਲਿਤਾਂ ਦੀ ਇਸ ਮਨੋਦਸ਼ਾ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਧਰਮ ਦੇ ਸਹਾਰੇ ਪਾਰਟੀ ਨਾਲ ਜੋੜਨ ਦਾ ਕੰਮ ਸ਼ੁਰੂ ਕੀਤਾ। ਉਸ ਦੇ ਲੀਡਰ ਦਲਿਤ ਘਰਾਂ ਵਿਚ ਜਾ ਕੇ ਖਾਣਾ ਖਾਣ ਲੱਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਪਾਰਟੀ ਮੁਖੀ ਅਮਿਤ ਸ਼ਾਹ ਤਕ ਦਲਿਤਾਂ ਦੇ ਘਰ ਜਾ ਕੇ ਖਾਣਾ ਖਾਣ ਲੱਗੇ। ਮੱਧ ਪ੍ਰਦੇਸ਼ ਵਿਚ ਦਲਿਤਾਂ ਨੂੰ ਕੁੰਭ ਦੌਰਾਨ ਉਨ੍ਹਾਂ ਦੇ ਪਾਪ ਧੋਣ ਦਾ ਪਾਖੰਡ ਨਦੀ ਵਿਚ ਇਸ਼ਨਾਨ ਕਰਾ ਕੇ ਕੀਤਾ ਗਿਆ। ਇਸ ਦੀ ਅਗਵਾਈ ਉਥੋਂ ਦੇ ਭਾਜਪਾਈ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਕੀਤੀ। ਭਾਜਪਾ ਸਾਰੇ ਦੇਸ਼ ਵਿਚ ਇਹ ਪ੍ਰਚਾਰ ਕਰਨ ਵਿਚ ਲੱਗ ਗਈ ਕਿ ਉਸ ਨੇ ਦਲਿਤਾਂ ਨੂੰ ਬਰਾਬਰੀ ਦਾ ਦਰਜਾ ਦੇ ਕੇ ਸਮਾਜ ਤੋਂ ਛੂਆਛੂਤ ਅਤੇ ਜਾਤੀ ਵਿਵਸਥਾ ਨੂੰ ਖ਼ਤਮ ਕਰ ਦਿਤੀ ਹੈ। ਅਸਲ ਵਿਚ ਇਹ ਸਿਰਫ਼ ਇਕ ਭੁਲੇਖਾ ਸੀ। ਮੁਸ਼ਕਲ ਇਹ ਹੈ ਕਿ ਵਿਰੋਧੀ ਪਾਰਟੀਆਂ ਇਸ ਗੱਲ ਦਾ ਵਿਰੋਧ ਕਰਨ ਦੇ ਕਾਬਲ ਨਹੀਂ ਰਹਿ ਗਈਆਂ।

ਉੱਤਰ ਪ੍ਰਦੇਸ਼ ਵਿਚ ਲਗਾਤਾਰ ਦਲਿਤਾਂ ਦੇ ਖ਼ਰਾਬ ਹੁੰਦੇ ਹਾਲਾਤ ਤੋਂ ਬਾਅਦ ਵੀ ਬਸਪਾ ਲੀਡਰ ਮਾਇਆਵਤੀ ਜਾਂ ਕੋਈ ਦੂਜਾ ਲੀਡਰ ਸੱਚੀ ਗੱਲ ਕਹਿਣ ਲਈ ਸੜਕ ਉਤੇ ਨਹੀਂ ਉਤਰ ਸਕਿਆ। ਅਜਿਹੇ ਵਿਚ ਭਾਜਪਾ ਜਿਹੜੀ ਗੱਲ ਕਹਿੰਦੀ ਰਹੀ, ਲੋਕ ਭਰੋਸਾ ਕਰਦੇ ਰਹੇ। ਕੁਸ਼ੀਨਗਰ ਅਤੇ ਸਹਾਰਨਪੁਰ ਦੀਆਂ ਘਟਨਾਵਾਂ ਨੇ ਸਮਾਜ ਦੀ ਪੋਲ ਨੂੰ ਖੋਲ੍ਹ ਦਿਤਾ ਹੈ। ਦਲਿਤ ਚਿੰਤਕ ਰਾਮਚੰਦਰ ਕਟਿਆਰ ਜੀ ਕਹਿੰਦੇ ਹਨ, ''ਸੱਭ ਤੋਂ ਵੱਧ ਆਬਾਦੀ ਵਾਲੇ ਉੱਤਰ ਪ੍ਰਦੇਸ਼ ਵਿਚ ਦਲਿਤ 20 ਫ਼ੀ ਸਦੀ ਦੇ ਲਗਭਗ ਹਨ।

ਦਲਿਤ ਪ੍ਰਵਾਰਾਂ ਵਿਚੋਂ 80 ਫ਼ੀ ਸਦੀ ਲੋਕ ਪਿੰਡਾਂ ਜਾਂ ਸ਼ਹਿਰਾਂ ਵਿਚ ਝੋਪੜੀਆਂ ਜਾਂ ਛੋਟੇ ਛੋਟੇ ਘਰਾਂ ਵਿਚ ਰਹਿੰਦੇ ਹਨ। ਇਹ ਲੋਕ ਹਾਲੇ ਵੀ ਭੁੱਖ ਅਤੇ ਗ਼ਰੀਬੀ ਦੇ ਦੌਰ ਵਿਚੋਂ ਲੰਘ ਰਹੇ ਹਨ। ਥੋੜ੍ਹਾ ਬਹੁਤ ਪੈਸਾ ਕਮਾਉਂਦੇ ਵੀ ਹਨ ਤਾਂ ਉਹ ਨਸ਼ੇ ਦੀ ਆਦਤ ਵਿਚ ਉੱਡ ਜਾਂਦਾ ਹੈ। ਦਲਿਤਾਂ ਵਿਚੋਂ ਅੱਗੇ ਵੱਧ ਚੁੱਕੇ ਲੋਕ ਪੂਜਾ ਪਾਠ ਅਤੇ ਨਵਹਿੰਦੂਤਵ ਦੇ ਆਸਰੇ ਸਵਰਣ ਬਣਨ ਦੀ ਮੁਕਾਬਲੇਬਾਜ਼ੀ ਵਿਚ ਲੱਗੇ ਹਨ। ਉਹ ਆਪ ਭਾਵੇਂ ਹੀ ਛੂਆਛੂਤ ਅਤੇ ਜਾਤੀ ਪ੍ਰਥਾ ਦਾ ਸ਼ਿਕਾਰ ਹੋਣ, ਪਰ ਗ਼ਰੀਬ ਦਲਿਤਾਂ ਪ੍ਰਤੀ ਇਨ੍ਹਾਂ ਦਾ ਸਲੂਕ ਉੱਚੀਆਂ ਜਾਤਾਂ ਵਰਗਾ ਹੁੰਦਾ ਜਾ ਰਿਹਾ ਹੈ।''

ਬਿਹਾਰ ਵਿਚ ਦਲਿਤਾਂ ਦੀ ਹਾਲਤ ਬੁਰੀ ਹੈ। ਉਥੇ ਉਨ੍ਹਾਂ ਦਾ ਕੋਈ ਹਮਦਰਦ ਨਹੀਂ। ਦਲਿਤਾਂ ਦੇ ਵੱਡੇ ਲੀਡਰ ਰਾਮ ਵਿਲਾਸ ਪਾਸਵਾਨ 'ਰਾਮ' ਵਾਲਿਆਂ ਦੀ ਪਾਰਟੀ ਦੇ ਸਹਿਯੋਗੀ ਬਣ ਗਏ ਤਾਂ ਪਿਛੜੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 'ਰਾਮ' ਵਾਲਿਆਂ ਦੀ ਪਾਰਟੀ ਨਾਲ ਮਿਲ ਕੇ ਸਾਂਝੀ ਸਰਕਾਰ ਬਣਾ ਲਈ ਹੈ। ਗ਼ਰੀਬੀ, ਭੁਖਮਰੀ, ਬੇਕਾਰੀ ਅਤੇ ਵੱਡੇ ਜ਼ਿਮੀਂਦਾਰਾਂ ਦੇ ਕਾਰਨ ਬਿਹਾਰ ਦੇ ਦਲਿਤ, ਮਹਾਂਦਲਿਤ ਹਿਜਰਤ ਕਰ ਕੇ ਦੂਜੇ ਸੂਬਿਆਂ ਵਲ ਵੱਧ ਰਹੇ ਹਨ। ਉਥੇ ਵੀ ਉਹ ਹਿੰਸਾ ਅਤੇ ਵਿਤਕਰੇ ਦੀ ਲਪੇਟ ਵਿਚ ਹਨ।

ਕਾਨੂੰਨ ਵਿਵਸਥਾ ਦੀ ਖ਼ਰਾਬ ਹਾਲਤ ਦਾ ਅਸਰ ਵੀ ਸੱਭ ਤੋਂ ਵੱਧ ਦਲਿਤ ਜਾਤਾਂ ਉਤੇ ਪੈਂਦਾ ਹੈ। ਪਿੰਡ ਕਸਬੇ ਤਾਂ ਦੂਰ, ਰਾਜਧਾਨੀ ਲਖਨਊ ਦੇ ਹਾਲਾਤ ਵੀ ਖ਼ਰਾਬ ਹਨ। ਵਿਮਲਾ ਨਾਂ ਦੀ ਦਲਿਤ ਔਰਤ ਨੂੰ ਇਨਸਾਫ਼ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਸ ਦੀ ਆਵਾਜ਼ ਨੂੰ ਬੰਦ ਕਰਨ ਲਈ ਵਿਰੋਧੀਆਂ ਨੇ ਉਸ ਨਾਲ ਸਮੂਹਕ ਬਲਾਤਕਾਰ ਤੋਂ ਲੈ ਕੇ ਚਿਹਰੇ ਉਤੇ ਤੇਜ਼ਾਬ ਸੁੱਟਣ ਤਕ ਦਾ ਹੌਸਲਾ ਕੀਤਾ। ਪਿਛਲੀ ਅਖਿਲੇਸ਼ ਸਰਕਾਰ ਨੇ 2, ਫਿਰ ਯੋਗੀ ਸਰਕਾਰ ਨੇ 1 ਲੱਖ ਰੁਪਏ ਦੀ ਮਦਦ ਜ਼ਰੂਰ ਦਿਤੀ ਪਰ ਅਜੇ ਤਕ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਸਹਾਇਤਾ ਰਾਸ਼ੀ ਮਿਲਣ ਤੋਂ ਬਾਅਦ ਵੀ ਉਸ ਉਤੇ ਤੇਜ਼ਾਬੀ ਹਮਲਾ ਕੀਤਾ ਗਿਆ। ਪ੍ਰਸ਼ਾਸਨ ਘਟਨਾ ਨੂੰ ਗ਼ਲਤ ਮੰਨ ਰਿਹਾ ਹੈ। ਵਿਮਲਾ ਹੁਣ ਇਨਸਾਫ਼ ਲਈ ਹਾਈ ਕੋਰਟ ਦੀ ਸ਼ਰਨ ਵਿਚ ਹੈ। ਵਿਮਲਾ ਦਾ ਸਵਾਲ ਹੈ, ''ਜੇਕਰ ਮੈਂ ਗ਼ਲਤ ਬੋਲ ਰਹੀ ਹਾਂ ਤਾਂ ਮੈਨੂੰ ਸਹਾਇਤਾ ਕਿਉਂ ਦਿਤੀ ਗਈ?''

ਦਲਿਤਾਂ ਨੂੰ ਸਿਖਿਅਤ ਕਰ ਕੇ ਹੀ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ। ਇਸ ਵਿਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਜ਼ਿੰਮੇਵਾਰੀ ਸੱਭ ਤੋਂ ਅਹਿਮ ਹੋ ਜਾਂਦੀ ਹੈ। ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਲਗਾਤਾਰ ਸੁਧਾਰ ਤੋਂ ਬਾਅਦ ਵੀ ਸਰਕਾਰੀ ਸਕੂਲਾਂ ਦਾ ਸਿਖਿਆ ਪ੍ਰਬੰਧ ਪੂਰੀ ਤਰ੍ਹਾਂ ਨਾਲ ਅਪੰਗ ਹੋ ਚੁਕਿਆ ਹੈ।

ਉੱਤਰ ਪ੍ਰਦੇਸ਼ ਵਿਚ ਇਸ ਸਮੇਂ ਲਗਭਗ 1200 ਤੋਂ ਵੱਧ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਖ਼ਰਾਬ ਹਾਲਤ ਵਿਚ ਹਨ। ਕੁੱਝ ਸਕੂਲਾਂ ਦੀ ਗੱਲ ਛੱਡ ਦੇਈਏ ਤਾਂ ਬਾਕੀ ਸਕੂਲਾਂ ਵਿਚ ਬੱਚਿਆਂ ਨੂੰ ਜੁਲਾਈ ਦੇ ਅੰਤ ਤਕ ਕਿਤਾਬਾਂ ਅਤੇ ਵਰਦੀਆਂ ਨਹੀਂ ਮਿਲੀਆਂ। ਸਿਖਿਆ ਮਿੱਤਰਾਂ ਤੋਂ ਲੈ ਕੇ ਅਧਿਆਪਕਾਂ ਤਕ ਵਿਚ ਕਿਸੇ ਨਾ ਕਿਸੇ ਤਰ੍ਹਾਂ ਦੀ ਬੇਚੈਨੀ ਹੈ। ਸੁਪ੍ਰੀਮ ਕੋਰਟ ਨੇ ਸਿਖਿਆ ਮਿੱਤਰਾਂ ਨੂੰ ਪੱਕਾ ਕਰਨਾ ਗ਼ੈਰਕਾਨੂੰਨੀ ਠਹਿਰਾ ਦਿਤਾ ਹੈ। ਸਰਕਾਰੀ ਸਕੂਲਾਂ ਦੇ ਹਾਲਾਤ ਨੂੰ ਵੇਖਦੇ ਹੋਏ ਇਥੇ ਸਮਾਜ ਦੇ ਅਮੀਰ ਘਰਾਂ ਦੇ ਬੱਚੇ ਪੜ੍ਹਨ ਨਹੀਂ ਜਾਂਦੇ। ਇਥੋਂ ਤਕ ਕਿ ਸਰਕਾਰੀ ਸਕੂਲਾਂ ਦੇ ਮਾਸਟਰ ਤਕ ਅਪਣੇ ਬੱਚਿਆਂ ਨੂੰ ਇਥੇ ਨਹੀਂ ਪੜ੍ਹਾਉਂਦੇ।

ਹਾਈ ਕੋਰਟ ਦੇ ਹੁਕਮ ਤੋਂ ਬਾਅਦ ਵੀ ਉੱਤਰ ਪ੍ਰਦੇਸ਼ ਦੀ ਸਰਕਾਰ ਇਹ ਤੈਅ ਨਹੀਂ ਕਰ ਸਕੀ ਕਿ ਸਰਕਾਰੀ ਨੌਕਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨ। ਦਲਿਤਾਂ ਦੀ ਹਾਲਤ ਨੂੰ ਸੁਧਾਰਨ ਦਾ ਇਕ ਜ਼ਰੀਆ ਹੈ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਦੇ ਪੱਧਰ ਨੂੰ ਸੁਧਾਰਿਆ ਜਾਵੇ। ਪ੍ਰਾਇਮਰੀ ਸਕੂਲਾਂ ਤਕ ਜਿਹੜੇ ਦਲਿਤਾਂ ਦੇ ਬੱਚੇ ਪੜ੍ਹਨ ਆਉਂਦੇ ਹਨ, 6ਵੀਂ ਜਮਾਤ ਤੋਂ ਬਾਅਦ ਸਕੂਲਾਂ ਵਿਚ ਉਨ੍ਹਾਂ ਦੀ ਗਿਣਤੀ ਹੋਰ ਵੀ ਘੱਟ ਹੋ ਜਾਂਦੀ ਹੈ। ਇਸ ਦਾ ਕਾਰਨ ਮੈਗਸੈਸੇ ਇਨਾਮ ਜੇਤੂ ਸੰਦੀਪ ਪਾਂਡੇ ਦਸਦੇ ਹਨ, ''ਦਲਿਤ ਪ੍ਰਵਾਰਾਂ ਵਿਚ ਏਨੀ ਗ਼ਰੀਬੀ ਹੈ ਕਿ ਬੱਚੇ ਕਮਾਈ ਕਰਨ ਦੇ ਕਾਬਲ ਹੁੰਦੇ ਸਾਰ ਸਕੂਲ ਛੱਡ ਕੇ ਪੇਟ ਭਰਨ ਦੇ ਆਹਰ ਵਿਚ ਜਾਂ ਤਾਂ ਮਿਹਨਤ ਮਜ਼ਦੂਰੀ ਕਰਨ ਲਈ ਸ਼ਹਿਰ ਵਲ ਭੱਜ ਜਾਂਦੇ ਹਨ ਜਾਂ ਫਿਰ ਅਪਣੇ ਪਿੰਡ ਵਿਚ ਹੀ ਕੁੱਝ ਕਰਨ ਲਗਦੇ ਹਨ।

ਅੰਕੜੇ ਵੇਖੀਏ ਤਾਂ ਪਤਾ ਚੱਲੇਗਾ ਕਿ 5ਵੀਂ ਜਮਾਤ ਤੋਂ ਬਾਅਦ ਸਕੂਲ ਛੱਡਣ ਵਾਲੇ ਬੱਚਿਆਂ ਵਿਚ ਸੱਭ ਤੋਂ ਵੱਧ ਦਲਿਤ ਜਾਤੀ ਦੇ ਬੱਚੇ ਹੁੰਦੇ ਹਨ। ਕੁੱਝ ਬੱਚੇ ਸੱਚਮੁਚ ਪੜ੍ਹਨਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਪ੍ਰਵਾਰ ਦੀ ਹਾਲਤ ਅਜਿਹੀ ਨਹੀਂ ਕਿ ਉਹ ਪੜ੍ਹ ਸਕਣ।'' ਅੰਕੜੇ ਦਸਦੇ ਹਨ ਕਿ ਦਲਿਤ ਕੁੜੀਆਂ ਸੱਭ ਤੋਂ ਪਹਿਲਾਂ ਸਕੂਲ ਛਡਦੀਆਂ ਹਨ। ਮੁੰਡਿਆਂ ਨੂੰ ਤਾਂ ਉਥੇ ਘਰ ਦੇ ਕੰਮ ਉਤੇ ਨਹੀਂ ਲਾਇਆ ਜਾਂਦਾ ਪਰ ਕੁੜੀਆਂ ਨੂੰ ਘਰ ਦੇ ਕੰਮ ਵਿਚ ਲਾ ਦਿਤਾ ਜਾਂਦਾ ਹੈ। ਉਹ ਖੇਤਾਂ ਵਿਚ ਕੰਮ ਕਰਨ ਲਈ ਜਾਣ ਲਗਦੀਆਂ ਹਨ, ਜਿਸ ਕਾਰਨ ਕਈ ਵਾਰ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਵੀ ਹੁੰਦਾ ਹੈ। ਸਿਖਿਆ ਦੀ ਘਾਟ ਦਾ ਹੀ ਨਤੀਜਾ ਹੈ ਕਿ ਅੱਜ ਵੀ ਦਲਿਤ ਲੜਕੀਆਂ ਦਾ ਵਿਆਹ ਸੱਭ ਤੋਂ ਘੱਟ ਉਮਰ ਵਿਚ ਹੀ ਹੋ ਜਾਂਦਾ ਹੈ। ਭਾਵੇਂ ਹੀ ਇਹ ਉਮਰ 10-12 ਤੋਂ ਵੱਧ ਕੇ 16-17 ਸਾਲ ਹੋ ਗਈ ਹੋਵੇ ਪਰ ਹਾਲੇ ਵੀ ਨਾਬਾਲਗ਼ ਦਾ ਵਿਆਹ ਹੋ ਜਾਂਦਾ ਹੈ।

ਦਲਿਤਾਂ ਵਿਚ 2 ਵਰਗ ਹੋ ਗਏ ਹਨ। ਇਕ ਵਰਗ ਅਜਿਹਾ ਹੈ ਜਿਹੜਾ ਥੋੜ੍ਹਾ ਅੱਗੇ ਵੱਧ ਗਿਆ ਹੈ। ਦੂਜਾ ਵਰਗ ਹਾਲੇ ਵੀ ਉਥੇ ਹੈ। ਸੋਚ ਦਾ ਪੱਧਰ ਵੇਖੀਏ ਤਾਂ ਦੋਵੇਂ ਵਰਗ ਇਕੋ ਜਿਹੇ ਹੀ ਹਨ। ਦਲਿਤਾਂ ਨੂੰ ਹੁਣ ਇਹ ਗੱਲ ਵਾਰ ਵਾਰ ਸਿਖਾਈ ਅਤੇ ਸਮਝਾਈ ਜਾ ਰਹੀ ਹੈ ਕਿ ਉਹ ਧਰਮ ਦਾ ਪਾਠ ਪੜ੍ਹ ਕੇ ਹੀ ਅੱਗੇ ਵੱਧ ਸਕਦੇ  ਹਨ। ਅਜਿਹੇ ਵਿਚ ਉਹ ਧਰਮ ਦੇ ਅੰਧਵਿਸ਼ਵਾਸ ਵਿਚ ਫਸਦੇ ਜਾ ਰਹੇ ਹਨ। ਧਰਮ ਦਾ ਪਖੰਡ ਕੁੱਝ ਸਾਲਾਂ ਵਿਚ ਤੇਜ਼ੀ ਨਾਲ ਵਧਿਆ ਹੈ।

ਸੋਸ਼ਲ ਮੀਡੀਆ ਤੋਂ ਲੈ ਕੇ ਪਿੰਡ ਪਿੰਡ ਵਿਚ ਹੋਣ ਵਾਲੇ ਕਥਾ, ਭਾਗਵਤ, ਪ੍ਰਵਚਨ ਵਿਚ ਇਹ ਗੱਲ ਵਾਰ ਵਾਰ ਦੁਹਰਾਈ ਜਾ ਰਹੀ ਹੈ ਕਿ ਧਰਮ ਦੀ ਲਾਠੀ ਨੂੰ ਫੜ ਕੇ ਹੀ ਜੀਵਨ ਨੂੰ ਪਾਰ ਕੀਤਾ ਜਾ ਸਕਦਾ ਹੈ ਅਤੇ ਅਗਲੇ ਜੀਵਨ ਨੂੰ ਸੁਧਾਰਿਆ ਜਾ ਸਕਦਾ ਹੈ ਤਾਂ ਜੋ ਅਗਲੇ ਜਨਮ ਵਿਚ ਮੁੜ ਦਲਿਤ ਨਾ ਬਣਨਾ ਪਵੇ। ਅਸਲ ਗੱਲ ਇਹ ਹੈ ਕਿ ਕੋਈ ਵੀ ਦਲਿਤਾਂ ਨੂੰ ਬਰਾਬਰੀ ਦਾ ਹੱਕ ਨਹੀਂ ਦੇਣਾ ਚਾਹੁੰਦਾ। ਸਾਰਿਆਂ ਨੂੰ ਲਗਦਾ ਹੈ ਕਿ ਜੇਕਰ ਦਲਿਤ ਅੱਗੇ ਨਿਕਲ ਗਏ ਤਾਂ ਉਨ੍ਹਾਂ ਦੀ ਸੇਵਾ, ਘਰਾਂ ਵਿਚ ਕੌਣ ਕਰੇਗਾ? ਵੋਟ ਦੇਣ ਲਈ ਲੰਮੀਆਂ ਲੰਮੀਆਂ ਕਤਾਰਾਂ ਤੋਂ ਲੈ ਕੇ ਨਾਹਰੇ ਲਾਉਣ ਤਕ ਵਿਚ ਅਜਿਹੇ ਵੀ ਲੋਕ ਰਹਿੰਦੇ ਹਨ। ਲੀਡਰ ਦਲਿਤਾਂ ਲਈ ਜ਼ੋਰ ਸ਼ੋਰ ਨਾਲ ਭਾਵੇਂ ਗੱਲ ਕਰਦੇ ਹਨ ਪਰ ਅਸਲੀਅਤ ਵਿਚ ਉਹ ਇਨ੍ਹਾਂ ਲਈ ਕੁੱਝ ਨਹੀਂ ਕਰਨਾ ਚਾਹੁੰਦੇ।

ਭਾਜਪਾ ਨੇ ਦਲਿਤ ਲੀਡਰਾਂ ਦੀ ਆਪਸੀ ਲੜਾਈ ਦਾ ਲਾਭ ਉਠਾ ਕੇ ਉਨ੍ਹਾਂ ਨੂੰ ਅਪਣੀ ਪਾਰਟੀ ਵਿਚ ਸ਼ਾਮਲ ਕਰ ਲਿਆ ਹੈ, ਜਿਸ ਤੋਂ ਦਲਿਤ ਹਿਤਾਂ ਦੀ ਗੱਲ ਉਠਣੀ ਬੰਦ ਹੋ ਗਈ ਹੈ। ਬਿਹਾਰ ਵਿਚ ਰਾਮ ਵਿਲਾਸ ਪਾਸਵਾਨ, ਮਹਾਰਾਸ਼ਟਰ ਵਿਚ ਰਾਮਦਾਸ ਅਠਾਵਲੇ ਅਤੇ ਦਿੱਲੀ ਵਿਚ ਉਦਿਤ ਰਾਜ ਇਸ ਦੀਆਂ ਉਦਾਹਰਣਾਂ ਹਨ। ਇਨ੍ਹਾਂ ਲੀਡਰਾਂ ਪਿੱਛੇ ਦਲਿਤ ਮਜ਼ਬੂਤ ਹਾਲਤ ਵਿਚ ਖੜੇ ਸਨ। ਉਨ੍ਹਾਂ ਦੇ ਇਹ ਲੀਡਰ ਹੁਣ ਭਾਜਪਾ ਵਿਚ ਸ਼ਾਮਲ ਹੋ ਕੇ ਉਸ ਦੇ ਹਿੰਦੂਤਵ ਨੂੰ ਪ੍ਰਵਾਨ ਕਰ ਚੁੱਕੇ ਹਨ। ਉਹ ਵੀ ਨਵਹਿੰਦੂਤਵ ਦੀ ਵਿਚਾਰਧਾਰਾ ਦੇ ਨਾਲ ਖੜੇ ਹੋ ਰਹੇ ਹਨ।

ਜਿਹੜੀ ਜਾਤ ਪ੍ਰਥਾ ਅਤੇ ਛੂਆਛੂਤ ਨੂੰ ਲੈ ਕੇ ਦਲਿਤ ਪ੍ਰੇਸ਼ਾਨ ਹਨ ਉਸ ਦੀ ਜੜ੍ਹ ਧਰਮ ਹੀ ਹੈ। ਇਹ ਗੱਲ ਜਦੋਂ ਤਕ ਦਲਿਤ ਸਮਝ ਨਹੀਂ ਸਕੇਗਾ ਉਦੋਂ ਤਕ ਉਸ ਦਾ ਭਲਾ ਨਹੀਂ ਹੋਵੇਗਾ। ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਸਿਆਸੀ ਪਾਰਟੀਆਂ ਤੋਂ ਲੈ ਕੇ ਸਮਾਜਕ ਜਥੇਬੰਦੀਆਂ ਤਕ ਸਾਰੇ ਸੱਤਾ ਰਾਹੀਂ ਹੀ ਵਿਵਸਥਾ ਵਿਚ ਸੁਧਾਰ ਨੂੰ ਮਹੱਤਵ ਦੇਂਦੇ ਹਨ।

ਉਹ ਭੁੱਲ ਜਾਂਦੇ ਹਨ ਕਿ ਸੱਤਾ ਦਾ ਚਿਹਰਾ ਹਮੇਸ਼ਾ ਇਕ ਹੀ ਹੁੰਦਾ ਹੈ। ਸਿਰਫ਼ ਕੁਰਸੀ ਉਤੇ ਬੈਠਿਆ ਬੰਦਾ ਬਦਲ ਜਾਂਦਾ ਹੈ। ਇਹੀ ਕਾਰਨ ਹੈ ਕਿ ਆਜ਼ਾਦੀ ਦੇ ਏਨੇ ਸਾਲਾਂ ਬਾਅਦ ਵੀ ਦਲਿਤਾਂ ਦੇ ਹਾਲਾਤ ਨਹੀਂ ਬਦਲੇ। ਦਲਿਤਾਂ ਦੇ ਨਾਂ ਉਤੇ ਵੋਟ ਲੈਣ ਵਾਲੇ ਅਪਣਾ ਉੱਲੂ ਸਿੱਧਾ ਕਰਦੇ ਰਹੇ ਪਰ ਦਲਿਤਾਂ ਦੇ ਹਾਲਾਤ ਜਿਉਂ ਦੇ ਤਿਉਂ ਹਨ।
ਅਨੁਵਾਦ : ਪਵਨ ਕੁਮਾਰ ਰੱਤੋਂ
ਸੰਪਰਕ : 94173-71455