(ਕੁਲਵਿੰਦਰ ਕੌਰ)
ਹਿੰਦੁਸਤਾਨ ਵਿੱਚ ਔਰਤ ਦੀ ਹਰ ਰੂਪ ਵਿੱਚ ਪੂਜਾ ਕੀਤੀ ਜਾਂਦੀ ਰਹੀ ਹੈ। ਦੁਰਗਾ ਅਤੇ ਮਾਂ-ਕਾਲੀ ਔਰਤ ਦੇ ਤਾਕਤਵਰ ਰੂਪ ਨੂੰ ਹੀ ਦਰਸਾਉਂਦੀਆਂ ਹਨ। ਅੱਜ ਦੇ ਆਧੁਨਿਕ ਯੁੱਗ ਵਿੱਚ ਦੇਵੀ ਦੇ ਦਰਜੇ ਦੇ ਨਾਲ ਔਰਤ ਆਪਣੀ ਇੱਕ ਨਵੀਂ ਪਛਾਣ ਕਾਇਮ ਕਰਨ ਵਿੱਚ ਵੀ ਪਿੱਛੇ ਨਹੀਂ ਹੈ, ਅੱਜ ਦੁਨੀਆਂ ਭਰ ਵਿੱਚ ਔਰਤ ਦੀ ਪਛਾਣ ਹੈ ਅਤੇ ਉਸ ਨੂੰ ਸਤਿਕਾਰ ਮਿਲਿਆ ਹੈ।
ਭਾਰਤ ਨੂੰ ਵਿਸ਼ਵ ਵਿੱਚ ਪਹਿਲੀ ਵਾਰ ਇੱਕ ਔਰਤ ਪ੍ਰਧਾਨ ਮੰਤਰੀ ਚੁਣਨ ਦਾ ਮਾਣ ਪ੍ਰਾਪਤ ਹੈ। ਸ੍ਰੀ ਮਤੀ ਇੰਦਰਾ ਗਾਂਧੀ ਜਿਨ੍ਹਾਂ ਨੇ ਲਗਾਤਾਰ ਕਈ ਸਾਲ ਦੇਸ਼ ਦੀ ਵਾਗਡੋਰ ਸੰਭਾਲੀ ਰੱਖੀ।
ਅੱਜ ਔਰਤ ਰਾਜਨੀਤਿਕ,ਵਪਾਰਕ ਤੇ ਹਰ ਉਸ ਖੇਤਰ ਵਿੱਚ ਲੰਮੀਆਂ ਪੁਲਾਘਾਂ ਪੁੱਟ ਰਹੀ ਹੈ ਜੋ ਕਦੇ ਸਿਰਫ ਮਰਦਾਂ ਦਾ ਅਧਿਕਾਰ ਖੇਤਰ ਸਨ। ਰਾਣੀ ਝਾਂਸੀ,ਸ੍ਰੀ ਮਤੀ ਇੰਦਰਾ ਗਾਂਧੀ,ਮਦਰ ਟਰੇਸਾ,ਕਲਪਨਾ ਚਾਵਲਾ,ਵਪਾਰ ਦੇ ਖੇਤਰ ਵਿੱਚ ਇੰਦਰਾ ਨੂਈ,ਚੰਦਾ ਕੋਚਰ ਵਰਗੀਆਂ ਮਹਾਨ ਇਸਤਰੀਆਂ ਹਨ। ਕਿਹਾ ਵੀ ਗਿਆ ਹੈ ਕਿ ‘ਹਰ ਸਫ਼ਲ ਵਿਅਕਤੀ ਪਿੱਛੇ ਕਿਸੇ ਇਸਤਰੀ ਦਾ ਹੱਥ ਹੁੰਦਾ ਹੈ’।
ਇੱਕ ‘ਔਰਤ’ ਸ਼ਬਦ ’ਚ ਜ਼ਿਦਗੀ ਦੇ ਵੱਖ-ਵੱਖ ਰੰਗ ਲੁਕੇ ਹੋਏ ਹਨ।ਪ੍ਰਾਚੀਨ ਕਾਲ ਤੋਂ ਆਧੁਨਿਕ ਮਾਹੌਲ ਤੱਕ ਔਰਤ ਬਾਰੇ ਬਹੁਤ ਚਰਚਾ ਹੋ ਚੁੱਕੀ ਹੈ ਅਤੇ ਅੱਗੇ ਵੀ ਹੁੰਦੀ ਰਹੇਗੀ। ਇੱਕ ਪਾਸੇ ਔਰਤ ਬਾਰੇ ਲਿਖਿਆ ਹੈ:-
ਢੋਲ,ਗੰਵਾਰ,ਸ਼ੁਦਰ,ਪਸ਼ੂ,ਨਾਰੀ
ਸ਼ਕਲ ਤਾੜਨ ਕੇ ਅਧਿਕਾਰੀ।
ਅਤੇ ਦੂਜੇ ਪਾਸੇ ਔਰਤ ਦੀ ਮਹਾਨਤਾ ਬਾਰੇ ਵੀ ਲਿਖਿਆ ਗਿਆ ਹੈ:-
‘ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ’
ਅੱਜ ਸਾਡੇ ਦੇਸ਼ ਦੀ ਸਭ ਤੋਂ ਵੱਡੀ ਚਿੰਤਾ ਦੀ ਗੱਲ, “ਔਰਤ ਦੀ ਸੁਰੱਖਿਆ” ਹੈ। ਸਾਨੂੰ ਇਸ ਗੱਲ ’ਤੇ ਖਾਸ ਧਿਆਨ ਦੇਣ ਦੀ ਲੋੜ ਹੈ ਕਿ ਔਰਤ ਦੀ ਸੁਰੱਖਿਆ ਨੂੰ ਕਿਵੇਂ ਯਕੀਨੀ ਬਣਾਇਆ ਜਾਵੇ? ਅੱਜ-ਕੱਲ੍ਹ ਅਸੀਂ ਟੀ.ਵੀ. ਚੈਨਲਾਂ ਅਤੇ ਅਖ਼ਬਾਰਾਂ ਵਿੱਚ ਅਜਿਹੀਆਂ ਖ਼ਬਰਾਂ ਦੇਖਦੇ ਜਾਂ ਪੜ੍ਹਦੇ ਹਾਂ ਕਿ ਲੜਕੀ ਨਾਲ ਸਰੀਰਕ ਸ਼ੋਸ਼ਣ ਜਾਂ ਛੇੜਛਾੜ ਹੋਈ ਹੈ ਜੋ ਕਿ ਸਾਡੇ ਅੰਦਰ ਡਰ ਪੈਦਾ ਕਰਦੀਆਂ ਹਨ। ਜੇਕਰ ਅਸੀਂ ਗੱਲ ਕਰੀਏ ਔਰਤ ਦੇ ਇਨਸਾਫ ਦੀ, ਤਾਂ ਨਾ ਤਾਂ ਇਨਸਾਫ ਇਸਨੂੰ ਅੱਜ ਮਿਲ ਰਿਹਾ ਹੈ ਤੇ ਨਾ ਹੀ ਪਹਿਲਾਂ ਕਦੇ ਮਿਲਿਆ ਸੀ।
ਅੱਜ ਵੀ ਇਹ ਲਾਚਾਰ ਤੇ ਮਜ਼ਬੂਰ ਜਿਹੀ ਇਨਸਾਫ ਲਈ ਰੋ- ਕੁਰਲਾ ਰਹੀ ਹੈ ਤੇ ਪਹਿਲਾਂ ਵੀ ਕਈ ਯੁੱਗਾਂ ਤੋਂ ਰੋ-ਕੁਰਲਾ ਰਹੀ ਸੀ। ਅਜਿਹੇ ਸਮਾਜ ਨੂੰ ਤੱਕ ਕੇ ਮੈਨੂੰ ਕਈ ਵਾਰ ਝਿਝਕ ਮਹਿਸੂਸ ਹੁੰਦੀ ਹੈ ਕਿ ਕਿਵੇਂ ਅਸੀਂ ਕੁਦਰਤ ਦੇ ਦਿੱਤੇ ਅਨਮੋਲ ਖਜ਼ਾਨੇ ਨੂੰ ਆਪਣੇ ਹੱਥੀਂ ਦੂਰ ਕਰ ਰਹੇ ਹਾਂ ਅਤੇ ਕਿਉਂ ਅਸੀਂ ਉਸ ਉੱਤੇ ਵਾਰ ਤੇ ਵਾਰ ਕਰਕੇ ਪਾਪਾਂ ਦੇ ਭਾਗੀਦਾਰ ਬਣ ਰਹੇ ਹਾਂ? ਮਨੁੱਖ ਆਪਣੀ ਹੋਂਦ,ਆਪਣੇ ਅੰਸ਼ ਨੂੰ ਕਿਵੇਂ ਕਤਲ ਕਰ ਰਿਹਾ ਹੈ?
ਅਸੀਂ ਕਿਉਂ ਇੱਕ ਮਾਂ ਦੀ ਕੁੱਖ ਨੂੰ ਕਬਰ ਬਣਾ ਸੁੱਟਿਆ ਹੈ।ਅਸੀਂ ਕਿਉਂ ਉਸ ਧੀ ਨੂੰ ਇਸ ਧਰਤੀ ਉੱਤੇ ਆਉਣ ਦਾ ਮੌਕਾ ਨਹੀਂ ਦਿੰਦੇ? ਕੀ ਉਸ ਨੂੰ ਇਸ ਜਹਾਨ ਉੱਤੇ ਜਿਊਣ ਦਾ ਹੱਕ ਨਹੀਂ? ਕੀ ਉਹ ਬੋਲ ਨਹੀਂ ਸਕਦੀ?ਕੀ ਉਹ ਸਮਾਜ ਵਿੱਚ ਆਪਣਾ ਰੁਤਬਾ ਨਹੀਂ ਬਣਾ ਸਕਦੀ? ਆਖਰ ਕਿਉਂ! ਅਸੀਂ ਉਸ ਦੇ ਹੱਕ ਖੋਹਣ ਤੇ ਤੁਲੇ ਹਾਂ? ਸਾਡਾ ਕੀ ਹੱਕ ਹੈ ਕਿ ਅਸੀਂ ਉਸ ਕੁਦਰਤ ਨੂੰ ਚਿਤਾਵਨੀ ਦੇਈਏ। ਕਿਹਾ ਵੀ ਜਾਂਦਾ ਹੈ ਕਿ ‘ਕੁਦਰਤ ਦਾ ਵਿਨਾਸ਼ ਮਨੁੱਖੀ ਜਾਤੀ ਦਾ ਵਿਨਾਸ਼’।
ਮਨੋਵਿਗਿਆਨਕ ਦ੍ਰਿਸ਼ਟੀ ਦੇ ਆਧਾਰ ‘ਤੇ ਵੀ ‘ਪਿਆਰ ਸੰਬੰਧਾਂ ਜਾਂ ਰਿਸ਼ਤੇ ਨਾਤਿਆਂ’ ਤੇ ਕੀਤੇ ਔਰਤ-ਮਰਦ ਮਨੋ-ਵਿਸ਼ਲੇਸ਼ਣ ਅਨੁਸਾਰ ਹਰ ਰਿਸ਼ਤਾ ਅਪਨਾਉਣ ਅਤੇ ਉਸਨੂੰ ਸੰਪੂਰਨ ਈਮਾਨਦਾਰੀ ਨਾਲ ਨਿਭਾਉਣ ਵਿੱਚ ਔਰਤ ਮਰਦ ਨਾਲੋਂ ਵਧੇਰੇ ਦ੍ਰਿੜ,ਸਿਦਕਵਾਨ ਤੇ ਵਫ਼ਾਦਾਰ ਹੁੰਦੀ ਹੈ। ਪਰੰਤੂ ਯਥਾਰਥਵਾਦੀ ਦ੍ਰਿਸ਼ਟੀਕੌਣ ਤੋਂ ਇਨ੍ਹਾਂ ਰਿਸ਼ਤਿਆਂ ਦਾ ਵਿਸਥਾਰ ਕਰਦਿਆਂ ਮਰਦ ਪ੍ਰਧਾਨ ਸਮਾਜ ਨੇ ਉਸਨੂੰ ਹਮੇਸ਼ਾਂ ਦੁਜੈਲਾ ਦਰਜਾ ਦਿੱਤਾ ਹੈ।
ਇੱਥੇ ਗੱਲ ਮਰਦ ਤੋਂ ਉਚੇਰੀ ਪਦਵੀ ਦੀ ਨਹੀਂ ਬਲਕਿ ਬਰਾਬਰਤਾ ਦੀ ਹੈ। ਮਰਦ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਅਤੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਤੋਂ ਬਰੀ ਹੋਣ ਲਈ ਅੰਤ ਔਰਤ ਨੂੰ ਇੱਕ ‘ਗੁੰਝਲਦਾਰ ਬੁਝਾਰਤ’ ਘੋਸ਼ਿਤ ਕਰਦਿਆਂ ਆਪਣਾ ਮੱਤ ਪੇਸ਼ ਕਰਦਾ ਹੈ ਕਿ ਔਰਤ ਦੇ ਦਿਲ ਦਾ ਕਿਸੇ ਨੇ ਭੇਦ ਨਹੀਂ ਪਾਇਆ।
ਸਮਾਜਿਕ ਦ੍ਰਿਸ਼ਟੀਕੌਣ ਤੋਂ ਦੇਖਦਿਆਂ ਇਹ ਤੱਥ ਪ੍ਰਭਾਵਸ਼ਾਲੀ ਰੂਪ ਵਿੱਚ ਉਜਾਗਰ ਹੁੰਦਾ ਹੈ ਕਿ ਬਾਬੇ ਨਾਨਕ ਦੇ ਸਮੇਂ ਅਤੇ ਅੱਜ ਦੇ ਸਮੇਂ ਦੀ ਔਰਤ ਦੀ ਹਾਲਾਤ ਵਿੱਚ ਲਗਭਗ ਸਮਾਨਤਾ ਹੀ ਹੈ। ਭਰੂਣ ਹੱਤਿਆ ਵਰਗੀ ਸਮਾਜਿਕ ਕੁਰੀਤੀ ਦਾ ਮੱਧਕਾਲ ਤੋਂ ਹੀ ਵਿਰੋਧ ਕੀਤਾ ਜਾ ਰਿਹਾ ਹੈ। ਮੱਧਕਾਲ ਅਤੇ ਅਜੋਕੇ ਸਮੇਂ ਦੀ ਤੁਲਨਾ ਕਰੀਏ ਤਾਂ ਇਹ ਕੁਰੀਤੀ ਘਟੀ ਨਹੀਂ ਵਧੀ ਹੀ ਹੈ। ਸਾਰਿਆਂ ਨੂੰ ਸਤਿਕਾਰਦੀ ਜਗ-ਜਨਨੀ ਨੂੰ ਸਤਿਕਾਰ ਪ੍ਰਾਪਤ ਕਰਨ ਵਿੱਚ ਇੰਨੀਆਂ ਮੁਸੀਬਤਾਂ ਕਿਉਂ ਝੱਲਣੀਆਂ ਪੈਂਦੀਆਂ ਹਨ?
ਧੀਆਂ ਸਾਡੇ ਘਰਾਂ ਦਾ ਸ਼ਿੰਗਾਰ ਹਨ। ਮਾਪਿਆਂ ਨੂੰ ਖਾਸ ਕਰਕੇ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਧੀਆਂ ਅੱਜ ਦੇ ਸਮੇਂ ਵਿੱਚ ਬੋਝ ਨਹੀਂ ਸਗੋਂ ਸਹਾਰਾ ਹਨ ਅਤੇ ਬੁਝੇ ਹੋਏ ਦਿਲਾਂ ਲਈ ਉਮੀਦਾਂ ਦੀਆਂ ਚਿੰਗਾਰੀਆਂ ਹਨ। ਪੰਜਾਬੀ ਦੀ ਇਹ ਲੋਕ ਬੋਲੀ ਧੀਆਂ ਦੇ ਸੱਚੇ-ਸੁੱਚੇ ਜੀਵਨ ਦੀ ਹਕੀਕਤ ਨੂੰ ਹੀ ਬਿਆਨ ਕਰਦੀ ਨਜ਼ਰ ਆਉਂਦੀ ਹੈ ਕਿ:
ਫੇਰਾ! ਫੇਰਾ! ਫੇਰਾ!
ਪੁੱਤ ਤਾਂ ਜਾਇਦਾਦ ਵੰਡਦੇ,
ਬਾਪੂ,ਧੀਆਂ ਵੰਡਦੀਆਂ ਦੁੱਖ ਤੇਰਾ।
ਸੋ ਅੱਜ ਦੇ ਜ਼ਮਾਨੇ ਵਿੱਚ ਮਾਪੇ ਸੋਚਦੇ ਹਨ ਕਿ ਸਾਡੀ ਧੀ ਚੰਗੀ ਪੜ੍ਹ-ਲਿਖ ਕੇ ਇੱਕ ਚੰਗੇ ਅਹੁਦੇ ਉੱਤੇ ਬੈਠੇ ਤੇ ਸਾਡਾ ਸਮਾਜ ਵਿੱਚ ਨਾਮ ਰੌਸ਼ਨ ਕਰੇ।ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਧੀ ਨੂੰ ਆਪਣੇ ਮਾਪਿਆਂ ਦੀਆਂ ਖੁਸ਼ੀਆਂ ਉੱਤੇ ਪੂਰਾ ਉਤਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਪੂਰਾ ਹੱਕ ਹੈ ਆਪਣੇ ਮਾਪਿਆਂ ਦੀਆਂ ਖੁਸ਼ੀਆਂ ਪੂਰੀਆਂ ਕਰਨ ਦਾ।