ਦਿਸ਼ਾਹੀਣ ਹੋ ਰਹੀ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਦੀ ਲੋੜ

ਵਿਚਾਰ, ਵਿਸ਼ੇਸ਼ ਲੇਖ

ਸਰਹੱਦੀ ਸੂਬਾ ਹੋਣ ਕਰ ਕੇ ਪੰਜਾਬ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ ਰਾਹੀਂ ਪੰਜਾਬੀਆਂ ਦਾ ਖ਼ਾਸਾ ਜੁਝਾਰੂ ਬਣ ਗਿਆ ਹੈ। ਦੁਨੀਆਂ ਜਿੱਤਣ ਦਾ ਸੁਪਨਾ ਲੈ ਕੇ ਨਿਕਲੇ ਸਿਕੰਦਰ ਅੱਗੇ ਹੱਥ ਖੜੇ ਕਰਨ ਦੀ ਥਾਂ ਉਸ ਦੀ ਵੰਗਾਰ ਪੰਜਾਬ ਵਿਚ ਪੋਰਸ ਨੇ ਕਬੂਲੀ। ਅੰਗਰੇਜ਼ਾਂ ਨੇ ਪੂਰੇ ਭਾਰਤ ਉਤੇ ਕਬਜ਼ਾ ਕਰਨ ਤੋਂ ਲੰਮੇ ਵਕਫ਼ੇ ਬਾਅਦ ਪੰਜਾਬ ਨੂੰ ਸਰ ਕੀਤਾ। ਇਨ੍ਹਾਂ ਅੰਗਰੇਜ਼ਾਂ ਨੂੰ ਭਜਾਉਣ ਲਈ ਪੰਜਾਬੀਆਂ ਨੇ ਹੀ ਸੱਭ ਤੋਂ ਵੱਧ ਸਿਰ ਧੜ ਦੀਆਂ ਬਾਜ਼ੀਆਂ ਲਾਈਆਂ। 26 ਜਨਵਰੀ 2018 ਨੂੰ ਪੰਜਾਬ ਦੇ ਨਾਮੀ ਗੈਂਗਸਟਰ ਹਰਜਿੰਦਰ ਸਿੰਘ ਭੁੱਲਰ ਉਰਫ਼ ਵਿੱਕੀ ਗੋਂਡਰ ਦੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਤਕ ਪੰਜਾਬ ਪੁਲਿਸ ਨੂੰ ਵਧਾਈਆਂ ਦਿਤੀਆਂ ਤਾਂ ਸਵਾਲਾਂ ਵਿਚੋਂ ਸਵਾਲ ਇਹ ਵੀ ਉਭਰ ਕੇ ਸਾਹਮਣੇ ਆਇਆ ਕਿ ਪੰਜਾਬ ਦੀ ਸ਼ਾਨਾਂਮਤੀ ਵਿਰਾਸਤ ਦੇ ਉਲਟ ਯੂ.ਪੀ., ਬਿਹਾਰ ਵਾਂਗ ਗੈਂਗਸਟਰ ਨਾਂ ਦੀ ਬਿਮਾਰੀ ਨੇ ਪੰਜਾਬ ਨੂੰ ਕਿਵੇਂ ਅਪਣੀ ਜਕੜ ਵਿਚ ਲੈ ਲਿਆ? ਬਿਨਾਂ ਸ਼ੱਕ ਦੁੱਲਾ ਭੱਟੀ, ਸੁੱਚਾ ਸੂਰਮਾ ਅਤੇ ਜਿਊਣਾ ਮੌੜ ਵਰਗੇ ਅਨੇਕਾਂ ਹੋਰ ਬਾਗ਼ੀ ਤਬੀਅਤ ਵਾਲੇ ਲੋਕ ਅਪਣੀਆਂ ਲੋਕਪੱਖੀ ਗਤੀਵਿਧੀਆਂ ਕਾਰਨ ਪੰਜਾਬੀਆਂ ਦੇ ਨਾਇਕ ਰਹੇ ਹਨ। ਪੰਜਾਬ ਦੀ ਜਵਾਨੀ ਦਾ ਘਾਣ ਨਕਸਲਬਾੜੀ ਅਤੇ ਖ਼ਾਲਿਸਤਾਨੀ ਲਹਿਰਾਂ ਵਿਚ ਵੀ ਹੋਇਆ। ਪਰ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਇਹ ਹੈ ਕਿ ਨਿਸ਼ਾਨਾ ਰਹਿਤ ਜੰਗ ਰਾਹੀਂ ਖ਼ੂਨ ਦੀ ਹੋਲੀ ਖੇਡਦੇ ਇਨ੍ਹਾਂ ਨੌਜੁਆਨਾਂ ਨੇ ਗੈਂਗਵਾਰ ਰਾਹੀਂ ਅਪਣਿਆਂ ਦੇ ਘਰੀਂ ਸੱਥਰ ਵਿਛਾਉਣ ਤੋਂ ਸਿਵਾ ਕੋਈ ਹੋਰ ਮਾਅਰਕਾ ਨਹੀਂ ਮਾਰਿਆ, ਫਿਰ ਵੀ ਸੋਸ਼ਲ ਮੀਡੀਆ ਉਤੇ ਇਨ੍ਹਾਂ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿਚ ਕਿਉਂ ਵਧਦੀ ਜਾ ਰਹੀ ਹੈ? ਨੌਜੁਆਨਾਂ ਨੂੰ ਛੱਡੋ, ਸੂਝਵਾਨ ਲੋਕ ਵੀ ਪੁਲਿਸ ਦੀ ਪਿੱਠ ਥਾਪੜਨ ਦੀ ਥਾਂ ਹਉਕਾ ਲੈ ਕੇ ਕਿਉਂ ਚੁੱਪ ਵੱਟ ਲੈਂਦੇ ਹਨ? ਸਥਿਤੀ ਦਾ ਦੁਖਦਾਈ ਪਹਿਲੂ ਇਹ ਹੈ ਕਿ ਡਿਸਕਸ ਥਰੋ, ਹੈਮਰ ਥਰੋ, ਹਰਡਲ ਦੌੜ ਅਤੇ ਬਾਕਸਿੰਗ ਦੇ ਰਾਸ਼ਟਰੀ ਪੱਧਰ ਦੇ ਖਿਡਾਰੀ ਅਤੇ ਸਰਦੇ-ਪੁਜਦੇ ਘਰਾਂ ਦੇ ਮੁੰਡੇ ਵੀ ਕਿਉਂ ਬੰਦੂਕਾਂ ਨਾਲ ਖੇਡਣ ਲੱਗ ਪਏ ਜਾਂ ਨਸ਼ਿਆਂ ਦੇ ਸੌਦਾਗਰ ਬਣ ਗਏ? ਨੌਜੁਆਨਾਂ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਵਿਗੜੀ ਮੁੰਡੀਰ ਦਾ ਕਾਰਾ ਕਹਿ ਕੇ ਵੀ ਤਾਂ ਪੱਲਾ ਨਹੀਂ ਝਾੜਿਆ ਜਾ ਸਕਦਾ। ਭਾਵੇਂ ਕਿਸੇ ਸਮਾਜ ਦੇ ਪੂਰਨ ਤੌਰ ਤੇ ਅਪਰਾਧਮੁਕਤ ਹੋਣ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਪਰ ਇਸ ਸੱਭ ਕਾਸੇ ਲਈ ਕੀ ਅਸੀ ਖ਼ੁਦ ਤਾਂ ਦੋਸ਼ੀ ਨਹੀਂ? ਇਸ ਵਰਤਾਰੇ ਨੂੰ ਸਮਝਣ ਲਈ ਮਸਲੇ ਦੀ ਜੜ੍ਹ ਤਕ ਪਹੁੰਚਦਿਆਂ ਇਕ ਸਵਾਲ ਹਰ ਸੁਹਿਰਦ ਪੰਜਾਬੀ ਦੇ ਮਨ ਵਿਚ ਖੌਰੂ ਪਾਉਂਦਾ ਹੈ ਕਿ ਅਜਿਹੇ ਨੌਜੁਆਨਾਂ ਦੀ ਮੌਤ ਤੇ ਖ਼ੁਸ਼ੀ ਮਨਾਈ ਜਾਵੇ ਜਾਂ ਸਾਡੇ ਸਮਾਜਕ ਤਾਣੇ-ਬਾਣੇ ਅਤੇ ਪ੍ਰਸ਼ਾਸਨਕ ਕਾਰਜਸ਼ੈਲੀ ਦੀ ਪੀੜ੍ਹੀ ਹੇਠ ਸੋਟਾ ਫੇਰਿਆ ਜਾਵੇ?
ਅੱਜ ਸਮਾਜ ਦੀ ਮੁਢਲੀ ਇਕਾਈ, ਪ੍ਰਵਾਰ, ਸੁੰਗੜ ਕੇ ਸਾਂਝੇ ਪ੍ਰਵਾਰਾਂ ਤੋਂ ਇਕਹਿਰੇ ਪ੍ਰਵਾਰਾਂ ਤਕ ਪਹੁੰਚ ਗਿਆ ਹੈ। ਅਬਾਦੀ ਤਾਂ ਘੱਟ ਗਈ ਪਰ ਨਵੀਂ ਪੀੜ੍ਹੀ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੀਆਂ ਨੈਤਿਕ ਕਦਰਾਂ-ਕੀਮਤਾਂ ਵਾਲੀਆਂ ਕਹਾਣੀਆਂ ਤੋਂ ਵਿਰਵੀ ਹੋ ਗਈ ਹੈ। ਸਾਂਝੇ ਪ੍ਰਵਾਰਾਂ ਵਿਚੋਂ ਮਿਲਦੇ ਹੋਰ ਅਨੇਕਾਂ ਗੁਣਾਂ ਤੋਂ ਵਾਂਝੇ ਹੋ ਗਏ। ਕੋਈ ਅਮੀਰ ਹੋਵੇ ਚਾਹੇ ਗ਼ਰੀਬ, ਉਸ ਕੋਲ ਅਪਣੇ ਬੱਚੇ ਨੂੰ ਮਹਿੰਗੇ ਸਕੂਲ ਵਿਚ ਪੜ੍ਹਾਉਣ ਦੀ ਸਮਰੱਥਾ ਤਾਂ ਹੈ ਪਰ ਅਪਣੇ ਬੱਚਿਆਂ ਕੋਲ ਬੈਠਣ ਲਈ ਉੱਕਾ ਹੀ ਸਮਾਂ ਨਹੀਂ। ਸਕੂਲਾਂ/ਕਾਲਜਾਂ ਦੇ ਪਾਠਕ੍ਰਮ ਵਿਚ ਨੈਤਿਕਤਾ ਦੇ ਵਿਸ਼ੇ ਨੂੰ ਕੋਈ ਥਾਂ ਨਹੀਂ। ਜ਼ਿੰਦਗੀ ਦੀ ਭੱਜ-ਦੌੜ ਦੇ ਗਣਿਤ ਵਿਚ ਉਲਝੇ ਮਾਪਿਆਂ ਕੋਲ ਅਪਣੇ ਬੱਚਿਆਂ ਨੂੰ ਬਿਠਾਉਣ ਲਈ ਟੀ.ਵੀ. ਚੈਨਲਾਂ ਦੀ ਕੁੱਛੜ ਹੀ ਰਹਿ ਗਈ ਹੈ। ਇਥੇ ਉਨ੍ਹਾਂ ਦਾ ਸਾਹਮਣਾ ਕਾਟੋ-ਕਲੇਸ਼, ਅੰਧ-ਵਿਸ਼ਵਾਸ਼ ਵਾਲੇ ਸੀਰੀਅਲਾਂ ਅਤੇ ਬੇ-ਮੁਹਾਰੇ ਗੀਤਾਂ ਨਾਲ ਹੁੰਦਾ ਹੈ। ਚੈਨਲਾਂ ਉਤੇ ਵਜਦੇ ਪੰਜਾਬੀ ਗੀਤ ਰੂਹ ਨੂੰ ਸਕੂਨ ਦੇਣ ਦੀ ਥਾਂ ਹਥਿਆਰਾਂ, ਨਸ਼ਿਆਂ ਅਤੇ ਨੰਗੇਜ ਦਾ ਨੰਗਾ ਨਾਚ ਨਚਦੇ ਹਨ।ਇਕ ਵਾਰ ਇਨ੍ਹਾਂ ਸਤਰਾਂ ਦੇ ਲੇਖਕ ਨੇ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਮਿਲੇ 600 ਪੇਪਰਾਂ ਦੀ ਮਾਰਕਿੰਗ ਕੀਤੀ। 'ਜ਼ਿੰਦਗੀ ਵਿਚ ਮੇਰਾ ਨਿਸ਼ਾਨਾ' ਵਿਸ਼ੇ ਉਤੇ ਲੇਖ ਵਿਚ ਸਿਰਫ਼ ਇਕ ਵਿਦਿਆਰਥੀ ਨੇ ਹੀ ਲਿਖਿਆ ਕਿ ਉਹ ਵੱਡਾ ਹੋ ਕੇ ਇਨਸਾਨੀਅਤ ਦੀ ਚਾਕਰੀ ਕਰੇਗਾ ਅਤੇ ਲੋਕਾਈ ਨੂੰ ਨੈਤਿਕਤਾ ਦਾ ਪਾਠ ਪੜ੍ਹਾਵੇਗਾ। ਬਾਕੀ ਸੱਭ ਨੇ ਡਾਕਟਰ, ਇੰਜੀਨੀਅਰ ਬਣਨ ਅਤੇ ਵਿਦੇਸ਼ ਜਾਣ ਦੀ ਇੱਛਾ ਜ਼ਾਹਰ ਕੀਤੀ। ਜਵਾਨੀ ਵਿਚ ਪੈਰ ਰਖਦੇ ਹੀ ਇਸ ਪੀੜ੍ਹੀ ਨੂੰ ਜਦੋਂ ਅਸੀ ਸਮਾਜ ਵਿਚ ਰਿਸ਼ਤਿਆਂ ਦਾ ਹੋ ਰਿਹਾ ਘਾਣ, ਨਿਆਂ ਦੀ ਭਾਲ ਵਿਚ ਦਰ-ਦਰ ਭਟਕ ਰਹੇ ਲੋਕ ਅਤੇ ਧਰਮ ਦੇ ਖੇਤਰ ਵਿਚ ਅਧਰਮ ਦਾ ਬੋਲਬਾਲਾ ਵਰਗੇ ਅੱਕ ਬੀਜ ਕੇ ਦਿੰਦੇ ਹਾਂ ਤਾਂ ਫੱਲ ਦੇ ਰੂਪ ਵਿਚ ਅੰਬੀਆਂ ਦੀ ਤਵੱਕੋ ਕਿਵੇਂ ਕੀਤੀ ਜਾ ਸਕਦੀ ਹੈ? ਕਿਸੇ ਵੀ ਖੇਤਰ ਵਿਚ ਨੌਜੁਆਨਾਂ ਲਈ ਰੋਲ ਮਾਡਲ ਮਸਾਂ ਹੀ ਲਭਦੇ ਹਨ।ਜੇਕਰ ਸਰਕਾਰਾਂ ਦੀ ਜ਼ਿੰਮੇਵਾਰੀ ਦੀ ਗੱਲ ਕਰੀਏ ਤਾਂ ਇਧਰ ਵੀ ਸੱਭ ਅੱਛਾ ਨਹੀਂ। ਸਾਡੀ ਪੁਲਿਸ ਦੀ ਕਾਰਜ ਪ੍ਰਣਾਲੀ ਵਿਵਾਦਾਂ ਵਿਚ ਰਹੀ ਹੈ ਅਤੇ ਰਹਿੰਦੀ ਕਸਰ ਸਿਆਸੀ ਦਖ਼ਲਅੰਦਾਜ਼ੀ ਨੇ ਪੂਰੀ ਕਰ ਦਿਤੀ ਹੈ। ਸ਼ੱਕੀ ਹਾਲਾਤ ਵਿਚ ਪੁੱਛ-ਪੜਤਾਲ ਦੇ ਨਾਂ ਤੇ ਤਸ਼ੱਦਦ ਅਤੇ ਕੁਰੱਖ਼ਤ ਰਵਈਆ ਆਮ ਗੱਲ ਹੈ। ਗੁੰਝਲਦਾਰ ਨਿਆਂ ਪ੍ਰਣਾਲੀ ਅਤੇ ਕੇਸਾਂ ਦੀ ਵਧਦੀ ਗਿਣਤੀ ਕਾਰਨ ਸਾਲਾਂ ਬੱਧੀ ਲਮਕਦੇ ਮੁਕੱਦਮੇ ਬਲਦੀ ਉਤੇ ਤੇਲ ਦਾ ਕੰਮ ਕਰਦੇ ਹਨ। ਅਪਰਾਧੀ ਹੋਵੇ ਜਾਂ ਬੇਕਸੂਰ, ਜਦੋਂ ਕਿਸੇ ਨੌਜੁਆਨ ਦੀ ਟਿਕਟ ਥਾਣੇ ਤੋਂ ਜੇਲ ਦੀ ਕੱਟੀ ਜਾਵੇ ਤਾਂ ਦੇਸ਼ ਦੇ ਇਨ੍ਹਾਂ ਸੁਧਾਰ-ਘਰਾਂ ਵਿਚੋਂ ਕੋਈ ਵਿਰਲਾ ਹੀ ਵਿਗੜੇ ਬਗ਼ੈਰ ਬਾਹਰ ਨਿਕਲਦਾ ਹੈ।
ਇਥੇ ਇਕ ਉਦਾਹਰਣ ਦੇਣੀ ਗ਼ਲਤ ਨਹੀਂ ਹੋਵੇਗੀ ਕਿ ਬਿਹਾਰ ਦਾ ਇਕ ਨੌਜੁਆਨ ਦਿੱਲੀ ਦੇ ਇਕ ਚੌਕ ਵਿਚ ਸਬਜ਼ੀ ਦੀ ਰੇਹੜੀ ਲਾ ਕੇ ਅਪਣਾ ਜੀਵਨ ਬਸਰ ਕਰ ਰਿਹਾ ਸੀ। ਉਸੇ ਚੌਕ ਵਿਚ ਇਕ ਫ਼ੌਜੀ ਅਧਿਕਾਰੀ ਦੀ ਖੜੀ ਕਾਰ ਵਿਚ ਪਏ ਪਰਸ ਵਿਚੋਂ ਦੋ ਸੌ ਰੁਪਏ ਚੋਰੀ ਹੋ ਜਾਂਦੇ ਹਨ। ਪੁਲਿਸ ਰੀਪੋਰਟ ਲਿਖਣ ਤੋਂ ਬਾਅਦ ਉਸ ਗ਼ਰੀਬ ਦੀ ਕਮਾਈ ਵਿਚੋਂ ਸੌ ਸੌ ਨੋਟ ਬਰਾਮਦ ਹੋਏ ਵਿਖਾ ਕੇ ਉਸ ਨੂੰ ਮੁਲਜ਼ਮ ਬਣਾ ਦਿੰਦੀ ਹੈ। ਨਾ ਤਾਂ ਫ਼ੌਜ ਦਾ ਅਧਿਕਾਰੀ ਅਪਣੇ ਕੇਸ ਦੀ ਸਾਰ ਲੈਂਦਾ ਹੈ ਅਤੇ ਨਾ ਹੀ ਪੁਲਿਸ ਚਲਾਨ ਪੇਸ਼ ਕਰਦੀ ਹੈ। ਉਹ ਅਪਣੇ ਨਿਰਦੋਸ਼ ਹੋਣ ਦੀ ਦੁਹਾਈ ਦਿੰਦਾ ਰਹਿੰਦਾ ਹੈ। ਇਕ ਸੰਸਥਾ ਵਲੋਂ ਭੇਜਿਆ ਵਕੀਲ ਉਸ ਨੂੰ ਸਲਾਹ ਦਿੰਦਾ ਹੈ ਕਿ ਉਸ ਉਤੇ ਲਾਏ ਦੋਸ਼ਾਂ ਦੀ ਬਣਦੀ ਸਜ਼ਾ ਤੋਂ ਵੱਧ ਸਜ਼ਾ ਉਹ ਕੱਟ ਚੁੱਕਾ ਹੈ। ਸੋ ਝੂਠੀ-ਮੂਠੀ ਦਾ ਜੁਰਮ ਕਬੂਲ ਕਰਨਾ ਹੀ ਜੇਲ ਤੋਂ ਬਾਹਰ ਜਾਣ ਦਾ ਰਸਤਾ ਹੈ। ਉਹ ਅਜਿਹਾ ਕਰ ਕੇ ਅਪਣਾ ਖਹਿੜਾ ਛੁਡਾਉਣ ਤੋਂ ਬਾਅਦ ਜਦੋਂ ਜੇਲ ਤੋਂ ਬਾਹਰ ਆਉਂਦਾ ਹੈ ਤਾਂ ਸਾਥੀ ਕੈਦੀ ਉਸ ਨੂੰ ਨੇਕ ਸਲਾਹ ਦਿੰਦੇ ਹਨ ਕਿ ਉਹ ਹੁਣ ਮੁੜ ਕੇ ਉਸ ਚੌਕ ਵਿਚ ਨਜ਼ਰ ਨਾ ਆਵੇ ਨਹੀਂ ਤਾਂ ਇਸ ਖੇਤਰ ਵਿਚ ਹੋਇਆ ਹਰ ਜੁਰਮ ਉਸ ਦੇ ਖਾਤੇ ਪਾ ਦਿਤਾ ਜਾਵੇਗਾ।
ਪੰਜਾਬ ਵਿਚ ਵੀ ਸਥਿਤੀ ਇਸ ਤੋਂ ਕੋਈ ਵਖਰੀ ਨਹੀਂ। ਜੁਰਮ ਦੀ ਦੁਨੀਆਂ ਵਿਚ ਜਾਣ ਵਾਲਿਆਂ ਲਈ ਅੱਗੇ ਦਲਦਲ ਤਾਂ ਜ਼ਰੂਰ ਹੈ, ਪਰ ਵਾਪਸੀ ਦਾ ਦਰਵਾਜ਼ਾ ਕਿਤੇ ਨਜ਼ਰ ਨਹੀਂ ਆਉਂਦਾ। ਮੁੱਖ ਧਾਰਾ ਵਿਚ ਵਾਪਸੀ ਦੇ ਚਾਹਵਾਨ ਦੋਹਰੀ ਮਾਰ ਝਲਦੇ ਹਨ। ਇਕ ਪਾਸੇ ਉਨ੍ਹਾਂ ਨੂੰ ਅਪਣੇ ਸਾਥੀਆਂ ਤੋਂ ਜਾਨ ਦਾ ਖ਼ਤਰਾ ਅਤੇ ਦੂਜੇ ਪਾਸੇ ਇਲਾਕੇ ਵਿਚ ਹੋਈ ਛੋਟੀ-ਮੋਟੀ ਵਾਰਦਾਤ ਜਾਂ ਤਾਂ ਉਨ੍ਹਾਂ ਦੇ ਸਿਰ ਮੜ੍ਹ ਦਿਤੀ ਜਾਂਦੀ ਹੈ ਜਾਂ ਪ੍ਰਵਾਰਾਂ ਸਮੇਤ ਥਾਣਿਆਂ ਵਿਚ ਜ਼ਲੀਲ ਕੀਤਾ ਜਾਂਦਾ ਹੈ। ਅਜਿਹੇ ਨੌਜੁਆਨਾਂ ਲਈ ਕਿਤੇ ਕਾਊਂਸਲਿੰਗ ਦੀ ਵਿਵਸਥਾ ਨਹੀਂ। ਜਿਹੜੇ ਨੌਜੁਆਨ ਇਸ ਹਨੇਰੀ ਦੁਨੀਆਂ ਤੋਂ ਬਾਹਰ ਨਿਕਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਮੌਕਿਆਂ ਰਾਹੀਂ ਸਜ਼ਾ ਵਿਚ ਛੋਟ ਦੇ ਕੇ ਪੁਨਰਵਾਸ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
ਸਾਬਕਾ ਡੀ.ਜੀ.ਪੀ. ਜੇਲ ਸ਼ਸ਼ੀਕਾਂਤ ਨੇ ਕੁੱਝ ਸਾਲ ਪਹਿਲਾਂ ਪੰਜਾਬ ਦੀਆਂ ਜੇਲਾਂ ਵਿਚ ਨਸ਼ਿਆਂ ਦੇ ਮੱਕੜਜਾਲ ਦੀ ਦੁਹਾਈ ਦਿਤੀ। ਪਿਛਲੇ ਦਿਨੀਂ ਪੰਜਾਬ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੇ ਜੇਲ ਵਿਚੋਂ ਨਸ਼ਿਆਂ ਦਾ ਨੈੱਟਵਰਕ ਚਲਣ ਦਾ ਪ੍ਰਗਟਾਵਾ ਕਰ ਕੇ ਇਸ ਸੱਚ ਉਤੇ ਮੋਹਰ ਲਾ ਦਿਤੀ ਹੈ। ਕੁਰਾਹੇ ਪਏ ਨੌਜੁਆਨਾਂ ਵਲੋਂ ਜੇਲਾਂ ਵਿਚੋਂ ਅਪਣੀਆਂ ਸਰਗਰਮੀਆਂ ਚਲਾਉਣ ਦੀਆਂ ਖ਼ਬਰਾਂ ਆਮ ਨਸ਼ਰ ਹੁੰਦੀਆਂ ਹਨ। ਕਿਸੇ ਸਮੇਂ ਗੈਂਗਸਟਰ ਵਜੋਂ ਸਰਗਰਮ ਰਹੇ ਮਾਲਵਾ ਯੂਥ ਫ਼ੈਡਰੇਸ਼ਨ ਦੇ ਸਮਾਜ ਸੇਵਕ ਆਗੂ ਲੱਖਾ ਸਿਧਾਣਾ ਨੇ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਜੇਲਾਂ ਵਿਚ ਭ੍ਰਿਸ਼ਟਾਚਾਰ ਰਾਹੀਂ ਚੱਲ ਰਹੇ ਗੋਰਖਧੰਦੇ ਸਬੰਧੀ ਖੁੱਲ੍ਹ ਕੇ ਚਾਨਣਾ ਪਾਇਆ ਹੈ। ਉਸ ਨੇ ਫ਼ਰੀਦਕੋਟ ਜੇਲ ਵਿਚ ਬਹੁਤ ਸਾਰੇ ਕੈਦੀਆਂ ਦੇ ਏਡਜ਼ ਪੀੜਤ ਹੋਣ ਦੀ ਜਾਣਕਾਰੀ ਦਿਤੀ ਹੈ। ਪਰ ਇਨ੍ਹਾਂ ਜੇਲਾਂ ਵਿਚ ਸੁਧਾਰ ਸਬੰਧੀ ਕੋਈ ਠੋਸ ਕਾਰਵਾਈ ਹੁੰਦੀ ਕਿਤੇ ਨਜ਼ਰ ਨਹੀਂ ਆ ਰਹੀ।
ਕਦੇ ਸਮਾਂ ਸੀ ਜਦੋਂ ਵੱਖ ਵੱਖ ਸਿਆਸੀ ਧਿਰਾਂ ਉੱਚ ਵਿਦਿਅਕ ਸੰਸਥਾਵਾਂ ਵਿਚ ਅਪਣੇ ਵਿਦਿਆਰਥੀ ਵਿੰਗਾਂ ਰਾਹੀਂ ਨੌਜੁਆਨਾਂ ਨੂੰ ਸਿਆਸਤ ਦੀ ਗੁੜ੍ਹਤੀ ਦੇ ਕੇ ਸਿਆਸੀ ਮੰਚ ਉਤੇ ਲੈ ਜਾਂਦੀਆਂ ਸਨ। ਹੁਣ ਸਿਆਸੀ ਲੋਕ ਅਪਣੇ ਨਿਜੀ ਮੁਫ਼ਾਦਾਂ ਲਈ ਗਰਮ ਖ਼ਿਆਲੀ, ਜੋਸ਼ੀਲੇ ਨੌਜੁਆਨਾਂ ਨੂੰ ਖ਼ੂਬ ਵਰਤਦੇ ਹਨ। ਖਾੜਕੂਵਾਦ ਦੌਰਾਨ ਵੀ ਰਾਜਸੀ ਨੇਤਾਵਾਂ ਉਪਰ ਖਾੜਕੂਆਂ ਨੂੰ ਅਪਣੀ ਸ਼ਰਨ ਵਿਚ ਰੱਖਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ ਹੈ। ਅਜਿਹੇ ਨੇਤਾਵਾਂ ਨੂੰ ਨੌਜੁਆਨਾਂ ਦੇ ਸਿਵਿਆਂ ਉਤੇ ਸਿਆਸੀ ਰੋਟੀਆਂ ਸੇਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਰ ਮਾਮਲਾ ਕੋਈ ਵੀ ਹੋਵੇ 'ਜੰਝ ਕੁਪੱਤੀ ਸੁਥਰਾ ਭਲਾ ਮਾਣਸ' ਵਾਂਗ ਜਿਥੇ ਕਿਤੇ ਵੀ ਸਿਆਸੀ ਲੋਕਾਂ ਦੀ ਸ਼ਮੂਲੀਅਤ ਨਜ਼ਰ ਆਉਂਦੀ ਹੈ ਤਾਂ ਉਧਰ ਛੇਤੀ ਕਿਤੇ ਕੰਨ ਨਹੀਂ ਧਰਿਆ ਜਾਂਦਾ। ਲੋਕਰੋਹ ਜਾਂ ਅਦਾਲਤਾਂ ਦੇ ਹੁਕਮ ਦੇਣ ਤੇ ਮਾਮਲਾ ਜਾਂਚ ਕਮਿਸ਼ਨਾਂ ਵਿਚ ਉਲਝਾ ਦਿਤਾ ਜਾਂਦਾ ਹੈ। ਸਿੱਟੇ ਵਜੋਂ ਹਜ਼ਾਰਾਂ ਲੋਕਾਂ ਦੇ ਕਾਤਲਾਂ ਦੇ ਕੇਸ ਵੀ 34-34 ਸਾਲ ਕਿਸੇ ਤਣ-ਪੱਤਣ ਨਹੀਂ ਲਗਦੇ। ਵਿੱਕੀ ਗੋਂਡਰ ਦੇ ਮਾਮੇ ਨੇ ਅਪਣੇ ਪੁੱਤਰ ਨੂੰ ਇਕ ਸਿਆਸੀ ਆਗੂ ਵਲੋਂ ਵਰਗਲਾਉਣ ਦਾ ਦੋਸ਼ ਲਾਇਆ ਹੈ।
ਬੇਰੁਜ਼ਗਾਰੀ ਪੰਜਾਬ ਦਾ ਬਹੁਤ ਵੱਡਾ ਮਸਲਾ ਹੈ। ਸਾਡੀ ਹੁਨਰਮੰਦ ਨੌਜੁਆਨ ਪੀੜ੍ਹੀ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੀ ਹੈ। ਕੁੱਝ ਨਸ਼ਿਆਂ ਦੇ ਦਰਿਆ ਵਿਚ ਠਿੱਲ੍ਹ ਰਹੇ ਹਨ। ਬਾਕੀ ਬਚਦੀ ਬਹੁਗਿਣਤੀ ਨਿਰਾਸ਼ਾ ਦੇ ਆਲਮ ਵਿਚ ਜੀਅ ਰਹੀ ਹੈ ਜੋ ਸਾਡੇ ਲਈ ਸ਼ੁਭ ਸੰਕੇਤ ਨਹੀਂ। ਆਖ਼ਰ ਕਿੰਨਾ ਕੁ ਚਿਰ ਵਿਦੇਸ਼ੀ ਧਰਤੀ ਸਾਡੇ ਨੌਜੁਆਨਾਂ ਨੂੰ ਝੱਲੇਗੀ? ਇੱਥੇ ਹੀ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਕਰਨੇ ਪੈਣਗੇ। ਮੁਕਦੀ ਗੱਲ ਉਪਰੋਕਤ ਚਰਚਾ ਦਾ ਸਾਰੰਸ਼ ਇਹ ਹੈ ਕਿ ਸਮਾਜਕ ਤੌਰ ਤੇ ਅਣਥੱਕ ਕੋਸ਼ਿਸ਼ਾਂ ਤੋਂ ਇਲਾਵਾ ਜੇਲ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਵਿਚ ਵੱਡੀਆਂ ਤਬਦੀਲੀਆਂ ਦੀ ਵੀ ਲੋੜ ਹੈ।