1764 - ਅਕਾਲ ਬੁੰਗਾ (ਹੁਣ ਅਕਾਲ ਤਖ਼ਤ) ਦੀ ਇਮਾਰਤ ਦੇ ਮੂਹਰੇ 30 ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ।
ਮਾਰਚ 1764 ਵਿੱਚ ਅਹਿਮਦ ਸ਼ਾਹ ਦੁਰਾਨੀ ਨੇ ਪੰਜਾਬ 'ਤੇ ਸੱਤਵੀਂ ਵਾਰ ਹਮਲਾ ਕੀਤਾ। ਇਸ ਹਮਲੇ ਦੌਰਾਨ ਲੁੱਟ-ਮਾਰ ਕਰਦਾ ਅਹਿਮਦ ਸ਼ਾਹ ਅੰਮ੍ਰਿਤਸਰ ਵੱਲ ਵੀ ਗਿਆ। 1 ਦਸੰਬਰ 1764 ਨੂੰ ਜਦੋਂ ਉਹ ਉੱਥੇ ਪੁੱਜਾ ਤਾਂ ਸਿਰਫ਼ 30 ਸਿੱਖ ਅਕਾਲ ਬੁੰਗੇ ਵਿੱਚ ਹਾਜ਼ਿਰ ਸਨ, ਜੋ ਤਖ਼ਤ ਸਾਹਿਬ ਅਤੇ ਹਰਿਮੰਦਰ ਸਾਹਿਬ ਦੀ ਸੇਵਾ-ਸੰਭਾਲ ਵਾਸਤੇ ਮੌਜੂਦ ਸਨ। ਉਸ ਵੇਲੇ ਅਹਿਮਦ ਸ਼ਾਹ ਨਾਲ 30 ਹਜ਼ਾਰ ਫ਼ੌਜੀ ਸਨ। ਜਦ ਅਹਿਮਦ ਸ਼ਾਹ ਦੀਆਂ ਫ਼ੌਜਾਂ ਨੇ ਦਰਬਾਰ ਸਾਹਿਬ ਵਿਚ ਦਾਖ਼ਿਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਸਿੱਖਾਂ ਨੇ ਇਨ੍ਹਾਂ ਨੂੰ ਰੋਕਿਆ। ਇਨ੍ਹਾਂ ਨੇ ਸਿੱਖਾਂ ਨੂੰ ਵੇਖ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਰਨੈਲ ਜਥੇਦਾਰ ਗੁਰਬਖ਼ਸ਼ ਸਿੰਘ ਲੀਲ੍ਹ ਦੀ ਅਗਵਾਈ ਵਿਚ 30 ਸਿੱਖ, 30 ਹਜ਼ਾਰ ਅਫ਼ਗ਼ਾਨ 'ਤੇ ਬਲੋਚ ਫ਼ੌਜਾਂ ਨਾਲ ਅ-ਸਾਵੀਂ ਲੜਾਈ ਵਿਚ ਜਾਨ ਤੋੜ ਕੇ ਲੜੇ। ਸਾਰੇ 30 ਦੇ 30 ਸਿੰਘ, ਸੈਂਕੜੇ ਅਫ਼ਗਾਨਾਂ 'ਤੇ ਬਲੋਚਾਂ ਨੂੰ ਮਾਰਨ ਮਗਰੋਂ, ਸ਼ਹੀਦ ਹੋ ਗਏ।
ਅਹਿਮਦ ਸ਼ਾਹ ਨਾਲ ਆਏ ਇਕ ਬਲੋਚੀ ਤਾਰੀਖ਼ਦਾਨ ਕਾਜ਼ੀ ਨੂਰ ਮੁਹੰਮਦ ਨੇ ਇਸ ਲੜਾਈ ਦਾ ਬਿਆਨ ਕਰਦਿਆਂ ਲਿਖਿਆ ਹੈ ਕਿ "ਉਹ ਸਿਰਫ਼ ਤੀਹ ਸਨ ਪਰ ਉਨ੍ਹਾਂ ਦੇ ਦਿਲ ਵਿੱਚ ਜ਼ਰਾ ਜਿੰਨਾ ਵੀ ਡਰ ਨਹੀਂ ਸੀ...ਉਹ ਗੁਰੂ ਵਾਸਤੇ ਜਾਨਾਂ ਵਾਰਨ ਵਾਸਤੇ ਡਟੇ ਹੋਏ ਸਨ... ਉਹ ਸ਼ੇਰ ਦੀ ਤਰ੍ਹਾਂ ਆਉਂਦੇ ਸਨ ਅਤੇ ਲੂੰਬੜ ਦੀ ਤਰ੍ਹਾਂ ਪਿੱਛੇ ਹੱਟ ਜਾਂਦੇ ਸਨ... ਜੇ ਕਿਸੇ ਨੇ ਲੜਾਈ ਦਾ ਹੁਨਰ ਸਿੱਖਣਾ ਹੋਵੇ ਤਾਂ ਉਹ ਸਿੱਖਾਂ ਨਾਲ ਆਹਮੋ-ਸਾਹਮਣੀ ਲੜਾਈ ਕਰੇ... ਉਹ ਇੱਕ-ਇੱਕ ਹੀ ਪੰਜਾਹ-ਪੰਜਾਹ ਜਿੰਨਾ ਸੀ... ਜੇ ਉਹ ਲੜਾਈ ਵਿੱਚ ਪਿੱਛੇ ਹਟਦੇ ਸਨ ਤਾਂ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਉਹ ਭੱਜ ਰਹੇ ਸਨ, ਇਹ ਤਾਂ ਉਨ੍ਹਾਂ ਦਾ ਇਕ ਪੈਂਤੜਾ ਹੀ ਹੁੰਦਾ ਹੈ...."
1860 ਤੱਕ ਦਰਬਾਰ ਸਾਹਿਬ ਦਾ ਮੁੱਖ ਦਰਵਾਜ਼ਾ ਅਕਾਲ ਤਖ਼ਤ ਸਾਹਿਬ ਅਤੇ ਥੜ੍ਹਾ ਸਹਿਬ ਦੇ ਵਿਚਕਾਰ ਹੋਇਆ ਕਰਦਾ ਸੀ। ਦਰਬਾਰ ਸਾਹਿਬ ਦੀ ਮੁੱਖ ਸੜਕ ਲਾਹੌਰੀ ਦਰਵਾਜ਼ੇ ਤੋਂ ਗੁਰੂ ਦੇ ਮਹਲ, ਚੁਰਸਤੀ ਅਟਾਰੀ, ਦਰਸ਼ਨੀ ਡਿਉਢੀ ਵੱਲੋਂ ਆਉਂਦੀ ਸੀ। ਜਦ ਅੰਗਰੇਜ਼ਾਂ ਨੇ ਹਾਲ ਗੇਟ 'ਤੇ ਹਾਲ ਬਾਜ਼ਾਰ ਬਣਾਇਆ ਅਤੇ ਦਰਬਾਰ ਸਾਹਿਬ ਦੇ ਬਾਹਰ ਚਰਚ ਦੀ ਸ਼ਕਲ ਦਾ ਘੰਟਾ ਘਰ ਉਸਾਰਿਆ ਤਾਂ ਉਨ੍ਹਾਂ ਨੇ ਰੇਲਵੇ ਸਟੇਸ਼ਨ ਤੋਂ ਦਰਬਾਰ ਸਾਹਿਬ ਤੱਕ ਇਕ ਪੱਕੀ ਸੜਕ ਬਣਾਈ। ਹੌਲੀ-ਹੌਲੀ ਇਹ ਰਸਤਾ ਅਸਲ ਜਾਪਣ ਲੱਗ ਪਿਆ। ਅੰਗਰੇਜ਼ਾਂ ਨੇ ਇਹ ਸਭ ਕੁਝ ਦਰਬਾਰ ਸਾਹਿਬ ਦੇ ਅਸਲ ਵਿਰਸੇ ਨੂੰ ਖ਼ਤਮ ਕਰਨ ਵਾਸਤੇ ਪਹਿਲੇ ਐਕਸ਼ਨ ਵਜੋਂ ਕੀਤਾ ਸੀ। ਮਗਰੋਂ 2004 ਵਿੱਚ ਸ਼੍ਰੋਮਣੀ ਕਮੇਟੀ ਨੇ ਅਸਲ ਰਸਤੇ ਨੂੰ ਬਿਲਕੁਲ ਹੀ ਬੰਦ ਕਰ ਦਿੱਤਾ ਅਤੇ ਇਸ ਥਾਂ 'ਤੇ ਸਿੱਖੀ ਅਸੂਲਾਂ ਦੇ ਉਲਟ 'ਅਖੰਡ ਪਾਠ' ਵਾਸਤੇ ਕਮਰੇ ਬਣਾ ਦਿੱਤੇ 'ਤੇ ਗੁਰੂ ਸਾਹਿਬ ਦੇ ਯਾਦਗਾਰੀ ਤੇ ਅਸਲ ਰਸਤੇ ਨੂੰ ਬਿਲਕੁਲ ਹੀ ਖ਼ਤਮ ਕਰ ਦਿੱਤਾ।
1984 - ਬਰਨਾਲਾ ਨੇ ਕਿਹਾ, ਮੈਂ 15 ਅਗਸਤ 1986 ਤੱਕ ਸਤਲੁਜ ਯਮੁਨਾ ਲਿੰਕ ਨਹਿਰ' ਬਣਾ ਕੇ ਦਿਆਂਗਾ।
29 ਸਤੰਬਰ 1985 ਦੇ ਦਿਨ ਸੁਰਜੀਤ ਬਰਨਾਲਾ ਚੀਫ਼ ਮਨਿਸਟਰ ਬਣ ਗਿਆ। ਬਰਨਾਲਾ ਨੇ ਅਸੈਂਬਲੀ ਦੇ ਪਹਿਲੇ ਸੈਸ਼ਨ ਵਿੱਚ ਹੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇੱਕ ਵੀ ਅਕਾਲੀ ਨੇ ਇੰਦਰਾ ਦੇ ਜ਼ੁਲਮ ਦੇ ਖ਼ਿਲਾਫ਼ ਜ਼ਬਾਨ ਤੱਕ ਨਾ ਖੋਲ੍ਹੀ। ਬਰਨਾਲੇ ਨੇ ਤਾਂ ਜੂਨ 84 ਅਤੇ ਨਵੰਬਰ 4 'ਚ ਸਿੱਖਾਂ ਦੇ ਕਤਲੇਆਮ ਦੀ ਨਿੰਦਾ ਦੇ ਮਤੇ ਵੀ ਨਾ ਪੇਸ਼ ਕੀਤੇ। ਉਸ ਨੇ ਸਿੱਖ ਸ਼ਹੀਦਾਂ ਨੂੰ 'ਸ਼ਰਧਾਂਜਲੀ' ਵੀ ਨਾ ਭੇਟ ਕੀਤੀ। ਪੰਜਾਬ ਅਸੈਂਬਲੀ ਦੇ ਇਜਲਾਸ ਵਿੱਚ ਸਿਰਫ਼ ਭਾਜਪਾ ਦੇ ਇਕ ਐਮ.ਐਲ.ਏ. ਨੇ ਇੰਦਰਾ ਦੀ ਭਰਪੂਰ ਨਿੰਦਾ ਕੀਤੀ। ਰਾਜੀਵ ਗਾਂਧੀ ਨੇ ਬਰਨਾਲੇ ਨੂੰ ਇਸ ਵਾਸਤੇ ਅਕਾਲੀ ਦਲ ਦਾ ਪ੍ਰਧਾਨ ਤੇ ਚੀਫ਼ ਮਨਿਸਟਰ ਬਣਾਇਆ ਸੀ ਤਾਂ ਜੋ ਉਸ ਦੇ ਨਾਂ 'ਤੇ ਖਾੜਕੂਆਂ, ਖਾਲਿਸਤਾਨ, ਭਿੰਡਰਾਂਵਾਲਾ ਵਗ਼ੈਰਾ ਦੇ ਖ਼ਿਲਾਫ਼ ਲੜਾਈ ਲੜੀ ਜਾ ਸਕੇ। ਸ਼ੁਰੂ ਵਿੱਚ ਬਰਨਾਲੇ ਨੇ ਦਿਖਾਵੇ ਵੱਲੋਂ ਪੰਥਕ ਮੰਗਾਂ ਬਾਰੇ ਇਕ ਅੱਧ ਬਿਆਨ ਵੀ ਦਿੱਤਾ। ਇਸ ਦੌਰਾਨ ਬਰਨਾਲਾ ਨੇ ਰਾਜੀਵ ਗਾਂਧੀ ਨੂੰ ਚੋਰੀ-ਚੋਰੀ ਮਿਲ ਕੇ ਚੰਡੀਗੜ੍ਹ ਪੰਜਾਬ ਨੂੰ ਦੇਣ ਵਾਸਤੇ ਅਰਜ਼ ਕੀਤੀ ਤਾਂ ਜੋ ਉਸ ਦੀ ਇਜ਼ਤ ਬਣ ਸਕੇ ਪਰ ਰਾਜੀਵ ਨੇ ਅਸਿੱਧੀ ਨਾਂਹ ਕਰ ਦਿੱਤੀ ਸੀ। ਇਸ ਦੇ ਬਾਵਜੂਦ 1 ਦਸੰਬਰ 1985 ਦੇ ਦਿਨ ਬਰਨਾਲਾ ਨੇ ਬਿਆਨ ਦਿੱਤਾ ਕਿ ''ਮੈਂ 15 ਅਗਸਤ 1986 ਤੱਕ ਸਤਲੁਜ ਜਮਨਾ ਲਿੰਕ ਨਹਿਰ ਬਣਾ ਕੇ ਹਰਿਆਣੇ ਨੂੰ ਪਾਣੀ ਦੇ ਦਿਆਂਗਾਂ।"
1985 - ਜਗਤਾਰ ਸਿੰਘ ਫਿਰੋਜ਼ਪੁਰ ਦੀ ਨਕਲੀ ਮੁਕਾਬਲੇ ਵਿੱਚ ਸ਼ਹੀਦੀ ਹੋਈ।
1 ਦਸੰਬਰ 1985 ਦੇ ਦਿਨ ਪੰਜਾਬ ਪੁਲਸ ਨੇ ਜਗਤਾਰ ਸਿੰਘ, ਵਾਸੀ ਫ਼ੀਰੋਜ਼ਪੁਰ ਨੂੰ ਇੱਕ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।
1986 - ਪੰਜਾਬ ਵਿੱਚ ਕਈ ਸ਼ਹਿਰਾਂ ਤੇ ਕਸਬਿਆਂ ਵਿੱਚ ਹਿੰਦੂ ਦਹਿਸ਼ਤਗਰਦਾਂ ਵੱਲੋਂ ਭਾਰੀ ਗੁੰਡਾਗਰਦੀ ਕੀਤੀ ਗਈ।
ਨਵੰਬਰ 1986 ਵਿੱਚ ਹਿੰਦੂਆਂ ਨੇ ਪੰਜਾਬ, ਦਿੱਲੀ, ਹਰਿਆਣਾ, ਯੂ.ਪੀ. ਅਤੇ ਹੋਰ ਸੂਬਿਆਂ ਵਿੱਚ ਸਿੱਖਾਂ ਉੱਤੇ ਕਈ ਵਾਰ ਹਮਲੇ ਕੀਤੇ ਸਨ 'ਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਅੱਗਾਂ ਲਾਈਆਂ ਸਨ। ਇਹ ਹਮਲੇ ਦਸੰਬਰ ਵਿੱਚ ਵੀ ਜਾਰੀ ਰਹੇ। ਪਹਿਲੀ ਦਸੰਬਰ 1986 ਦੇ ਦਿਨ ਪੰਜਾਬ ਬੰਦ ਦੇ ਨਾਂ 'ਤੇ ਹਿੰਦੂਆਂ ਨੇ ਦਸੂਹਾ, ਜਲੰਧਰ ਅਤੇ ਹੋਰ ਇਲਾਕਿਆਂ 'ਚ ਗੁੰਡਾਗਰਦੀ ਕੀਤੀ। ਇਸੇ ਦਿਨ ਬੀ.ਐਸ.ਐਫ਼. ਦੇ ਸਿਪਾਹੀ ਜਤਿੰਦਰ ਸਿੰਘ ਨੂੰ ਬਟਾਲਾ ਵਿੱਚ ਅਸ਼ਵਨੀ ਸੇਖੜੀ ਕਾਂਗਰਸੀ ਐਮ.ਐਲ.ਏ. ਦੀ ਕੋਠੀ ਨੇੜੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ।
1988 - ਦਲਵਿੰਦਰ ਸਿੰਘ ਮਾੜੀ ਕੰਬੋ 'ਤੇ ਜੱਜਪਾਲ ਸਿੰਘ ਪਿੱਪਲਾਵਾਲਾ ਨੂੰ ਨਕਲੀ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ।
1 ਦਸੰਬਰ 1988 ਦੇ ਦਿਨ ਪੰਜਾਬ ਪੁਲਿਸ ਨੇ ਦਲਵਿੰਦਰ ਸਿੰਘ ਮਾੜੀ ਕੰਬੋ ਅਤੇ ਜੱਜਪਾਲ ਸਿੰਘ ਐਮ.ਫਿਲ ਪੁੱਤਰ ਮੰਗਲ ਸਿੰਘ ਪਿੱਪਲਾਵਾਲਾ, ਹੁਸ਼ਿਆਰਪੁਰ ਨੂੰ ਇੱਕ
ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।
1990 - ਹਰਪਾਲ ਸਿੰਘ ਗਗੜੇਵਾਲ ਦੀ ਨਕਲੀ ਮੁਕਾਬਲੇ ਵਿੱਚ ਸ਼ਹੀਦੀ ਹੋਈ।
1 ਦਸੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਹਰਪਾਲ ਸਿੰਘ ਪੁੱਤਰ ਚੰਚਲ ਸਿੰਘ,ਵਾਸੀ ਗਗੜੇਵਾਲ,ਜ਼ਿਲ੍ਹਾ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ
ਦਿੱਤਾ।
1991 - ਇੱਕ ਨਕਲੀ ਮੁਕਾਬਲੇ ਵਿੱਚ ਮੋਹਨ ਸਿੰਘ ਖਾਨਪੁਰ ਦੀ ਸ਼ਹੀਦੀ ਹੋਈ।
1 ਦਸੰਬਰ 1990 ਦੇ ਦਿਨ ਪੰਜਾਬ ਪੁਲਸ ਨੇ ਮੋਹਨ ਸਿੰਘ ਪੁੱਤਰ ਸੁਰਜਨ ਸਿੰਘ, ਵਾਸੀ ਖਾਨਪੁਰ, ਜ਼ਿਲ੍ਹਾ ਰੋਪੜ ਨੂੰ ਇੱਕ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।
1992 - ਸਵਰਨਜੀਤ ਸਿੰਘ ਸਮੇਤ 20 ਹੋਰ ਸਿੱਖ ਨਕਲੀ ਮੁਕਬਾਲਿਆਂ ਵਿੱਚ ਸ਼ਹੀਦ ਕਰ ਦਿੱਤੇ ਗਏ।
1 ਦਸੰਬਰ 1992 ਦੀ ਰਾਤ ਨੂੰ ਪੁਲੀਸ ਨੇ ਪਿੰਡ ਨਿਜ਼ਾਮੁਦੀਨ, ਮੱਖੂ ਕੋਲ, 19 ਸਿੱਖ ਬੰਨ੍ਹ ਕੇ ਸ਼ਹੀਦ ਕਰ ਦਿੱਤੇ। ਇਸੇ ਦਿਨ ਸਵਰਨਜੀਤ ਸਿੰਘ ਨੂੰ ਵੀ ਪੁਲੀਸ ਨੇ ਨਕਲੀ
ਮੁਕਾਬਲੇ ਵਿੱਚ ਸ਼ਹੀਦ ਕਰ ਦਿਤਾ।
1993 - ਚਮਕੌਰ ਸਿੰਘ ਨਰੈਣਗੜ੍ਹ ਸੋਹੀਆਂ ਦੀ ਨਕਲੀ ਮੁਕਾਬਲੇ ਵਿੱਚ ਸ਼ਹੀਦੀ ਹੋਈ।
1 ਦਸੰਬਰ 1990 ਦੇ ਦਿਨ ਪੰਜਾਬ ਪੁਲਸ ਨੇ ਚਮਕੌਰ ਸਿੰਘ ਪੁੱਤਰ ਨਾਜ਼ਰ ਸਿੰਘ, ਵਾਸੀ ਨਰੈਣਗੜ੍ਹ ਸੋਹੀਆਂ, ਜ਼ਿਲ੍ਹਾ ਸੰਗਰੂਰ ਨੂੰ ਇੱਕ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ
ਦਿੱਤਾ।
2003 - ਪਰਕਾਸ਼ ਸਿੰਘ ਬਾਦਲ 'ਤੇ ਉਸ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਦੀ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਗ੍ਰਿਫਤਾਰੀ ਹੋਈ।
ਕੈਪਟਨ ਅਮਰਿੰਦਰ ਸਿੰਘ ਨੇ ਚੀਫ਼ ਮਨਿਸਟਰ ਬਣਨ ਮਗਰੋਂ ਬਾਦਲ ਨੂੰ ਇਕ ਵਾਰ ਜੇਲ੍ਹ ਭੇਜਣ ਦਾ ਇਰਾਦਾ ਕੀਤਾ ਹੋਇਆ ਸੀ। ਉਸ ਨੇ ਤਕਰੀਬਨ ਦੋ ਸਾਲ ਬਾਦਲ ਦੇ ਖ਼ਿਲਾਫ਼ ਸਬੂਤ ਇਕੱਠੇ ਕੀਤੇ ਅਤੇ ਨਵੰਬਰ 2003 ਵਿੱਚ ਬਾਦਲ ਅਤੇ ਉਸ ਦੇ ਪਰਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ। ਕਾਫ਼ੀ ਦੇਰ ਦੀ ਲੁਕਣਮੀਟੀ ਤੋਂ ਬਾਅਦ 1 ਦਸੰਬਰ 2003 ਦੇ ਦਿਨ ਰੋਪੜ ਅਦਾਲਤ ਨੇ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਨੂੰ ਤਲਬ ਕੀਤਾ ਅਤੇ ਦੋਹਾਂ ਦਾ 13 ਦਿਨ ਦਾ ਜੁਡੀਸ਼ੀਅਲ ਰੀਮਾਂਡ ਦੇ ਦਿੱਤਾ ਅਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ (ਉਨ੍ਹਾਂ ਦੀ ਜ਼ਮਾਨਤ 9 ਦਸੰਬਰ ਨੂੰ ਹੋਈ ਤੇ ਉਹ 10 ਦਸੰਬਰ ਨੂੰ ਰਿਹਾਅ ਹੋਏ)। ਇਸ ਦੌਰਾਨ 8 ਦਸੰਬਰ ਨੂੰ ਬਾਦਲ ਦਾ ਜਨਮ ਦਿਨ ਸੀ ਤੇ ਇਸ ਮੌਕੇ 'ਤੇ ਉਹ ਜੇਲ੍ਹ ਵਿਚ ਸੀ। ਬਾਦਲ-ਟੌਹੜਾ ਦਲ ਵੱਲੋਂ ਇਸ ਦਿਨ ਨੂੰ 'ਜ਼ਬਰ ਵਿਰੋਧੀ' ਦਿਨ ਵਜੋਂ ਮਨਾਇਆ ਗਿਆ ਤੇ ਮੁੱਖ ਰੈਲੀ ਪਟਿਆਲੇ ਵਿੱਚ ਕੀਤੀ ਗਈ । ਗੁਰਚਰਨ ਸਿੰਘ ਟੌਹੜਾ ਨੇ ਇਸ ਦਿਨ ਸ਼੍ਰੋਮਣੀ ਕਮੇਟੀ ਦੇ ਫ਼ੰਡਾਂ ਦੇ ਮੂੰਹ ਖੋਲ੍ਹ ਕੇ ਰੈਲੀ ਵਾਸਤੇ ਸ਼ਾਹੀ ਖ਼ਰਚ ਕੀਤਾ। ਪਰ ਫਿਰ ਵੀ ਇਸ ਰੈਲੀ ਵਿਚ ਦਸ ਹਜ਼ਾਰ ਲੋਕ ਵੀ ਨਾ ਪੁੱਜੇ। ਭ੍ਰਿਸ਼ਟਾਚਾਰ ਮਾਮਲੇ ਵਿੱਚ ਜ਼ਮਾਨਤ ਹੋਣ ਮਗਰੋਂ ਅਗਲੇ ਦਿਨ 11 ਦਸੰਬਰ ਨੂੰ ਵੇਦਾਂਤੀ ਨੇ ਇਨ੍ਹਾਂ ਨੂੰ ਅਕਾਲ ਤਖ਼ਤ ਤੋਂ ਸਿਰੋਪਾ ਦਿੱਤਾ (ਕੁਰਪਸ਼ਨ ਕੇਸ ਵਿਚ ਜ਼ਮਾਨਤ ਦੀ ਖ਼ੁਸ਼ੀ ਵਿਚ)।
2013 - ਸ਼੍ਰੋਮਣੀ ਕਮੇਟੀ ਦੇ ਰਸਾਲੇ 'ਤੇ ਸਾਹਿਬਜ਼ਾਦਿਆਂ ਦੀ ਸਿਰ ਮੁੰਨੇ ਦੀ 'ਤੇ ਟੋਪੀ ਵਾਲੀ ਫੋਟੋ ਛਾਪੀ ਗਈ।
ਸ਼੍ਰੋਮਣੀ ਕਮੇਟੀ ਦੇ ਰਸਾਲੇ 'ਗੁਰਮਤਿ ਪ੍ਰਕਾਸ਼' ਦੇ 1 ਦਸੰਬਰ 2013 ਦੇ ਦਿਨ ਰਿਲੀਜ਼ ਕੀਤੇ ਅੰਕ ਦੇ ਟਾਈਟਲ 'ਤੇ ਸਾਹਿਬਜ਼ਾਦਿਆਂ ਦੀ ਸਿਰ ਮੁੰਨੇ ਵਾਲੀ 'ਤੇ ਟੋਪੀ
ਵਾਲੀ ਫੋਟੋ ਲਾਈ ਗਈ। ਜਦ ਇਸ ਦੇ ਖ਼ਿਲਾਫ਼ ਅਵਾਜ਼ ਉਠੀ ਤਾਂ 20 ਦਸੰਬਰ ਨੂੰ ਇਸ ਦੇ ਐਡੀਟਰ ਸੰਪਾਦਕ ਸਿਮਰਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ।