1938 - ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਚੜ੍ਹਾਈ ਕਰ ਗਏ।
ਪੰਥ ਰਤਨ ਭਾਈ ਕਾਨ੍ਹ ਸਿੰਘ ਨਾਭਾ 23 ਨਵੰਬਰ 1938 ਦੇ ਦਿਨ ਚੜ੍ਹਾਈ ਕਰ ਗਏ। ਆਪ ਦਾ ਜਨਮ 30 ਅਗਸਤ 1861 ਦੇ ਦਿਨ ਭਾਈ ਨਰੈਣ ਸਿੰਘ ਢਿੱਲੋਂ ਦੇ ਘਰ ਪਿੰਡ ਸਬਜ਼ ਬਨੇਰਾ (ਜ਼ਿਲ੍ਹਾ ਪਟਿਆਲਾ) ਵਿੱਚ ਹੋਇਆ ਸੀ। ਆਪ ਨੇ ਬਚਪਨ ਅਤੇ ਜਵਾਨੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ, ਖ਼ਾਸ ਕਰ ਕੇ ਗੁਰਬਾਣੀ, ਸਿੱਖ ਤਵਾਰੀਖ਼ ਅਤੇ ਫ਼ਿਲਾਸਫ਼ੀ ਦਾ ਬਹੁਤ ਗਿਆਨ ਹਾਸਿਲ ਕੀਤਾ। 1883 ਵਿੱਚ ਆਪ ਲਾਹੌਰ ਚਲੇ ਗਏ ਜਿੱਥੇ ਆਪ ਦਾ ਮੇਲ ਪ੍ਰੋ: ਗੁਰਮੁਖ ਸਿੰਘ ਨਾਲ ਹੋਇਆ। ਇਸ ਦੇ ਨਾਲ ਹੀ ਆਪ ਸਿੰਘ ਸਭਾ ਲਹਿਰ ਦਾ ਹਿੱਸਾ ਬਣ ਗਏ। 1884 ਵਿੱਚ ਆਪ ਨੂੰ ਨਾਭਾ ਦੇ ਰਾਜੇ ਹੀਰਾ ਸਿੰਘ ਨੇ ਦਰਬਾਰ ਵਿਚ ਇਕ ਸੀਨੀਅਰ ਨੌਕਰੀ ਤੇ ਰੱਖ ਲਿਆ। 1888 ਵਿੱਚ ਆਪ ਨੂੰ ਕੰਵਰ ਰਿਪਦੁਮਨ ਸਿੰਘ ਦਾ ਟਿਊਟਰ ਬਣਾ ਦਿੱਤਾ ਗਿਆ। 1893 ਵਿੱਚ ਆਪ ਨਾਭਾ ਦੇ ਰਾਜੇ ਦੇ ਪੀ.ਏ. ਬਣਾਏ ਗਏ। 1895 ਵਿੱਚ ਆਪ ਨੂੰ ਮਜਿਸਟਰੇਟ ਲਾ ਦਿੱਤਾ ਗਿਆ; 1896 ਵਿੱਚ ਆਪ ਜ਼ਿਲ੍ਹਾ ਫ਼ੂਲ ਦੇ ਡਿਪਟੀ ਕਮਿਸ਼ਨਰ ਬਣਾਏ ਗਏ।
1875 ਵਿਚ ਇਕ ਹਿੰਦੂ ਸਾਧੂ ਦਯਾਨੰਦ ਨੇ ਬੰਬਈ (ਹੁਣ ਮੁੰਬਈ) ਵਿਚ ਆਰੀਆ ਸਮਾਜ ਦੀ ਨੀਂਹ ਰਖੀ। ਉਹ ਅਪਰੈਲ 1877 ਵਿੱਚ ਪੰਜਾਬ ਵੀ ਆਇਆ। ਜੂਨ ਵਿੱਚ ਲਾਹੌਰ ਵਿੱਚ ਵੀ ਦਯਾਨੰਦ ਦੀ ਬਰਾਂਚ ਬਣ ਗਈ। ਕੁਝ ਚਿਰ ਬਾਅਦ ਸਾਧੂ ਦਯਾ ਨੰਦ ਦੀ ਕਿਤਾਬ "ਸਤਿਆਰਥ ਪ੍ਰਕਾਸ਼" ਵੀ ਛਪ ਕੇ ਆ ਗਈ। ਇਸ ਕਿਤਾਬ ਵਿੱਚ ਗੁਰੂ ਨਾਨਕ ਸਾਹਿਬ ਅਤੇ ਦੂਜੇ ਧਰਮਾਂ ਦੇ ਮੋਢੀਆਂ, ਆਗੂਆਂ ਤੇ ਪ੍ਰਚਾਰਕਾਂ ਦੇ ਖ਼ਿਲਾਫ਼ ਘਟੀਆਂ ਲਫਜ਼ ਲਿਖੇ ਹੋਏ ਸਨ। ਜਦੋਂ ਸਿੱਖਾਂ ਹੀ ਨਹੀਂ ਬਲਕਿ ਕੁਝ ਸਿਆਣੇ ਹਿੰਦੂਆਂ ਨੇ ਉਸ ਦਾ ਧਿਆਨ ਇਸ ਪਾਸੇ ਵਲ ਦਿਵਾਇਆ ਤਾਂ ਉਸ ਨੇ ਵਾਅਦਾ ਕੀਤਾ ਕਿ ਅਗਲੀ ਐਡੀਸ਼ਨ ਇਸ ਨੂੰ ਸੋਧ ਕੇ ਛਾਪੀ ਜਾਵੇਗੀ। ਪਰ ਦਯਾ ਨੰਦ 1883 ਵਿੱਚ ਮਰ ਗਿਆ। ਉਸ ਦੇ ਮਗਰੋਂ ਤਾਂ ਕੱਟੜ ਫ਼ਿਰਕੂ ਆਰੀਆ ਸਮਾਜੀ ਅਨਸਰਾਂ ਨੇ ਇਸ ਵਿੱਚ ਸੋਧ ਕਰਨ ਤੋਂ ਨਾਂਹ ਕਰ ਦਿਤੀ। (ਜੂਨ 2006 ਵਿੱਚ ਫਿਰ ਇਸ ਦੇ ਇਕ ਮੁਖੀ ਨੇ ਇਹ ਸੋਧ ਕਰਨ ਬਾਰੇ ਵਾਅਦਾ ਕੀਤਾ ਪਰ 'ਪਰਨਾਲਾ ਉੱਥੇ ਦਾ ਉੱਥੇ' ਹੀ ਰਿਹਾ)। ਮਗਰੋਂ 1897 ਵਿਚ ਆਰੀਆ ਸਮਾਜ ਦੇ ਇਕ ਗਰੁੱਪ ਨੇ ਫੇਰ ਸਿੱਖਾਂ ਨੂੰ ਆਪਣੇ ਵੱਲ ਖਿੱਚਣ ਵਾਸਤੇ ਲਿਖਿਆ ਕਿ "ਦਯਾ ਨੰਦ ਨੂੰ ਗੁਰਮੁਖੀ ਦੀ ਜਾਣਕਾਰੀ ਨਹੀਂ ਸੀ ਤੇ ਉਸ ਦੇ ਸਿੱਖ ਗੁਰੂਆਂ ਬਾਰੇ ਲਫ਼ਜ਼ ਦੂਜੇ ਦਰਜੇ ਦੀ ਜਾਣਕਾਰੀ 'ਤੇ ਅਧਾਰਤ ਸਨ।" (ਆਰੀਆ ਗ਼ਜ਼ਟ, 15 ਜੁਲਾਈ 1897)। ਇਸ ਸਫ਼ਾਈ ਮਗਰੋਂ ਫਿਰ ਕੁਝ ਸਿੱਖ ਇਨ੍ਹਾਂ ਨਾਲ ਜੁੜ ਗਏ। ਇਨ੍ਹਾਂ ਵਿਚੋਂ ਮੁਖ ਸਨ: ਜਗਤ ਸਿੰਘ ਤੇ ਬਾਵਾ ਨਾਰਾਇਣ ਸਿੰਘ। ਬਾਵਾ ਨਾਰਾਇਣ ਸਿੰਘ ਗ਼ਰੀਬ ਹੋਣ ਕਰ ਕੇ ਪੈਸੇ ਦਾ ਮੁਹਤਾਜ ਸੀ; ਆਰੀਆ ਸਮਾਜੀਆਂ ਨੇ ਇਹ ਤਾੜ ਲਿਆ ਅਤੇ ਉਸ ਦੀ ਬਹੁਤ ਮਾਲੀ ਮਦਦ ਕੀਤੀ; ਇਸ ਮਗਰੋਂ ਉਸ ਨੇ ਤਾਂ ਇੱਥੋਂ ਤਕ ਲਿਖ ਮਾਰਿਆ ਕਿ "ਸਿੱਖ ਧਰਮ ਆਰੀਆ ਸਮਾਜ ਦਾ ਮੁਢਲਾ ਪੜਾਅ ਸੀ।" ਇਸ ਮਗਰੋਂ 1899 ਵਿੱਚ ਲਾਲਾ ਠਾਕਰ ਦਾਸ ਅਤੇ ਭਾਈ ਨਾਰਾਇਣ ਸਿੰਘ ਨੇ "ਸਿੱਖ ਹਿੰਦੂ ਹੈਨ" ਕਿਤਾਬਚੀ ਲਿਖ ਕੇ ਨਵਾਂ ਚਰਚਾ ਛੇੜ ਦਿੱਤਾ। ਇਸ (ਮਤਬਾ ਕਾਨੂੰਨੀ ਹਿੰਦ ਪ੍ਰੈੱਸ ਵਿਚ ਛਪੀ ਇਸ 30 ਸਫ਼ੇ ਦੀ ਕਿਤਾਬਚੀ) ਦਾ ਮੂੰਹ ਤੋੜ ਜਵਾਬ, ਭਾਈ ਕਾਨ੍ਹ ਸਿੰਘ ਨਾਭਾ ਨੇ "ਹਮ ਹਿੰਦੂ ਨਹੀਂ" ਲਿਖ ਕੇ ਦਿੱਤਾ। ਭਾਈ ਕਾਨ੍ਹ ਸਿੰਘ ਦੀ ਕਿਤਾਬ ਨੇ ਹਿੰਦੂਆਂ ਵੱਲੋਂ ਸਿੱਖਾਂ ਨੂੰ ਆਪਣੇ ਵਿਚ ਜਜ਼ਬ ਕਰਨ ਦੀ ਸਾਜ਼ਿਸ਼ ਨੂੰ ਫੇਲ੍ਹ ਕਰ ਦਿੱਤਾ। ਇਸ ਇਸ ਕਿਤਾਬ ਤੋਂ ਫ਼ਿਰਕੂ ਹਿੰਦੂ ਏਨੇ ਔਖੇ ਹੋਏ ਕਿ ਉਨ੍ਹਾਂ ਨੇ ਭਾਈ ਕਾਹਨ ਸਿੰਘ ਨਾਭਾ ਦੇ ਖ਼ਿਲਾਫ਼ 'ਜਹਾਦ' ਸ਼ੁਰੂ ਕਰ ਦਿੱਤਾ। ਉਦੋਂ ਨਾਭੇ ਦਾ ਰਾਜਾ ਹੀਰਾ ਸਿੰਘ (ਪਿਤਾ ਰਿਪਦੁਮਨ ਸਿੰਘ) ਹਿੰਦੂਆਂ ਦਾ ਪਿਛਲੱਗ ਬਣਿਆ ਹੋਇਆ ਸੀ ਤੇ ਉਹ ਆਪਣੀ ਧੀ ਰਿਪਦੁਮਨ ਕੌਰ ਦਾ ਵਿਆਹ ਧੌਲਪੁਰ ਦੇ ਹਿੰਦੂ ਰਾਜੇ ਨਾਲ ਕਰਨਾ ਚਾਹੁੰਦਾ ਸੀ। ਜਦ ਭਾਈ ਕਾਨ੍ਹ ਸਿੰਘ ਨੇ ਵੇਖਿਆ ਕਿ ਹੁਣ ਰਾਜਾ ਹਿੰਦੂਆਂ ਨੂੰ ਖ਼ੁਸ਼ ਕਰਨ ਵਾਸਤੇ ਔਖਾ ਹੋਇਆ ਫਿਰਦਾ ਹੈ ਤਾਂ ਉਸ ਨੇ ਡਿਪਟੀ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਇਸ ਮਗਰੋਂ ਭਾਈ ਕਾਨ੍ਹ ਸਿੰਘ ਨਾਭਾ ਨੇ ਸਿੱਖ ਫ਼ਲਸਫ਼ੇ ਬਾਰੇ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ 'ਗੁਰਮਤਿ ਪ੍ਰਭਾਕਰ' ਤੇ 'ਗੁਰਮਤਿ ਸੁਧਾਕਰ' ਲਿਖੀਆਂ। ਕੁਝ ਚਿਰ ਪਹਿਲਾਂ ਆਪ ਦਾ ਮੇਲ ਆਇਰਲੈਂਡ ਦੇ ਇਕ ਸੀਨੀਅਰ ਅਫ਼ਸਰ ਮੈਕਸ ਆਰਥਰ ਮੈਕਾਲਿਫ਼ ਜੀ ਨਾਲ ਹੋਇਆ ਸੀ; ਮੈਕਾਲਿਫ਼ ਜੀ ਨੇ ਭਾਈ ਜੀ ਦੀ ਮਦਦ ਨਾਲ ਸਿੱਖ ਧਰਮ ਬਾਰੇ ਬਹੁਤ ਕੁਝ ਲਿਖਿਆ। ਇਹ ਸਾਰਾ ਕੁਝ 1905 ਵਿੱਚ 'ਸਿੱਖ ਰਿਲੀਜਨ' ਨਾਂ ਦੀ ਕਿਤਾਬ ਦੇ ਰੂਪ ਵਿਚ ਛੇ ਜਿਲਦਾਂ ਵਿੱਚ ਛਪਿਆ। ਕਿਉਂ ਕਿ ਭਾਈ ਜੀ ਨੇ ਮੈਕਾਲਿਫ਼ ਦੀ ਬਹੁਤ ਮਦਦ ਕੀਤੀ ਸੀ ਇਸ ਕਰ ਕੇ ਉਹ ਇਸ ਕਿਤਾਬ ਦਾ ਕਾਪੀ ਰਾਈਟ ਭਾਈ ਜੀ ਨੂੰ ਦੇ ਗਏ ਸਨ।
1908 ਵਿੱਚ ਇਮਪੀਰੀਅਲ ਕੌਂਸਲ ਦੇ ਮੈਂਬਰ, ਨਾਭਾ ਦੇ ਕੰਵਰ ਰਿਪਦੁਮਨ ਸਿੰਘ (ਮਗਰੋਂ ਮਹਾਰਾਜਾ) ਨੇ ਜੋ 'ਅਨੰਦ ਮੈਰਿਜ ਬਿਲ' ਪੇਸ਼ ਕੀਤਾ ਉਹ ਵੀ ਉਸ ਦੇ ਉਸਤਾਦ ਭਾਈ ਕਾਨ੍ਹ ਸਿੰਘ ਨਾਭਾ ਦੀ ਦੇਣ ਸੀ। 1911 ਵਿੱਚ ਰਾਜਾ ਹੀਰਾ ਸਿੰਘ ਦੀ ਮੌਤ ਹੋ ਗਈ। 24 ਜਨਵਰੀ ਨੂੰ ਰਿਪਦੁਮਨ ਸਿੰਘ ਨਾਭਾ ਦਾ ਰਾਜਾ ਬਣਿਆ ਅਤੇ ਉਸ ਨੇ ਭਾਈ ਕਾਨ੍ਹ ਸਿੰਘ ਨੂੰ ਨਾਭਾ ਹਾਈ ਕੋਰਟ ਦਾ ਜੱਜ ਲਾ ਦਿੱੱਤਾ। ਪਰ ਭਾਈ ਕਾਨ ਸਿੰਘ ਨੂੰ ਅਕਾਲ ਪੁਰਖ ਨੇ ਕਿਸੇ ਵੱਡੀ ਸੇਵਾ ਵਾਸਤੇ ਜਨਮ ਦਿੱਤਾ ਸੀ; ਸੋ 20 ਮਈ 1912 ਨੂੰ ਉਸ ਨੇ ਜੱਜ ਦਾ ਅਹੁਦਾ ਛੱਡ ਕੇ 'ਮਹਾਨ ਕੋਸ਼' ਦੀ ਰਚਨਾ ਸ਼ੁਰੂ ਕਰ ਦਿੱਤੀ; 1925 ਵਿੱਚ 13 ਸਾਲ ਦੀ ਮਿਹਨਤ ਮਗਰੋਂ ਇਹ ਰਚਨਾ ਮੁਕੰਮਲ ਹੋ ਗਈ। ਇਸ ਦੀ ਛਪਾਈ ਪਟਿਆਲਾ ਦੇ ਰਾਜੇ ਭੂਪਿੰਦਰਾ ਸਿੰਘ ਨੇ ਆਪਣੇ ਖਰਚੇ 'ਤੇ ਕਰਵਾਈ। ਦੁਨੀਆਂ ਦੇ ਹਰ ਇਕ ਸਿੱਖ ਲੇਖਕ ਅਤੇ ਸਿੱਖ ਧਰਮ ਤੇ ਤਵਾਰੀਖ਼ ਦੇ ਹਰ ਸਿੱਖ ਤੇ ਗ਼ੈਰ-ਸਿੱਖ ਲੇਖਕ ਨੇ ਆਪਣੀਆਂ ਰਚਨਾਵਾਂ ਵਾਸਤੇ ਮਹਾਨ ਕੋਸ਼ ਦੀ ਮਦਦ ਜ਼ਰੂਰ ਲਈ ਹੈ। ਭਾਈ ਕਾਨ੍ਹ ਸਿੰਘ ਨੇ ਇਸ ਤੋਂ ਇਲਾਵਾ ਗੁਰੂ ਛੰਦ ਅਲੰਕਾਰ, ਗੁਰੂ ਗਿਰਾ ਕਸੌਟੀ, ਸ਼ਬਦ ਅਲੰਕਾਰ, ਰਾਜ ਧਰਮ ਅਤੇ ਬਹੁਤ ਸਾਰੇ ਲੇਖ ਵੀ ਲਿਖੇ ਸਨ। ਭਾਈ ਕਾਨ੍ਹ ਸਿੰਘ ਸਹੀ ਮਾਅਨਿਆਂ ਵਿਚ ਪੰਥ ਰਤਨ ਸਨ।
1948 - ਭਾਰਤ ਸਰਕਾਰ ਦੀ ਮਾਈਨਾਰਟੀ ਕਮੇਟੀ ਨੇ ਸਿੱਖਾਂ ਨੂੰ ਖ਼ਾਸ ਹੱਕ ਦੇਣ ਤੋਂ ਨਾਂਹ ਕੀਤੀ।
ਜਦ ਭਾਰਤ ਦਾ ਵਿਧਾਨ ਬਣ ਰਿਹਾ ਸੀ ਤਾਂ ਸਿੱਖਾਂ ਨੇ ਇਕ ਵਖਰੀ ਕੌਮ ਹੋਣ ਨਾਤੇ ਖ਼ਾਸ ਦਰਜੇ ਦੀ ਮੰਗ ਕੀਤੀ ਸੀ। ਇਸ ਸਬੰਧ ਵਿਚ 24 ਫ਼ਰਵਰੀ 1948 ਦੇ ਦਿਨ ਇਕ ਘੱਟ-ਗਿਣਤੀ (ਮਾਈਨਾਰਟੀ) ਕਮੇਟੀ ਬਣਾਈ ਗਈ ਸੀ ਜਿਸ ਦੇ ਮੈਂਬਰ ਸਨ: ਪੰਡਤ ਨਹਿਰੂ, ਪਟੇਲ, ਰਜਿੰਦਰ ਪ੍ਰਸਾਦ ਤੇ ਕੇ.ਐਮ.ਮੁਨਸ਼ੀ; ਅਤੇ ਇਹ ਸਾਰੇ ਹੀ ਫ਼ਿਰਕਾਪ੍ਰਸਤ ਸਨ ਅਤੇ ਸਿੱਖਾਂ ਨੂੰ ਨਫ਼ਰਤ ਕਰਦੇ ਸਨ। ਜਦ ਕਾਫ਼ੀ ਦੇਰ ਕੋਈ ਗੱਲ ਨਾ ਬਣੀ ਤਾਂ ਪੰਜਾਬ ਅਸੈਂਬਲੀ ਦੇ 33 ਵਿਚੋਂ 32 ਸਿੱਖ ਮੈਂਬਰਾਂ ਨੇ (ਪ੍ਰਤਾਪ ਸਿੰਘ ਕੈਰੋਂ ਨੂੰ ਛੱਡ ਕੇ) 15 ਨਵੰਬਰ 1948 ਨੂੰ ਇਕ ਖ਼ਤ 'ਤੇ ਦਸਤਖ਼ਤ ਕੀਤੇ ਅਤੇ ਸਿੱਖਾਂ ਦੀਆਂ 13 ਮੰਗਾਂ ਦਾ ਇਕ ਚਾਰਟਰ ਆਈਨੀ ਅਸੈਂਬਲੀ ਨੂੰ ਪੇਸ਼ ਕੀਤਾ।
1. ਸੂਬੇ ਦੀ ਵਜ਼ਾਰਤ ਵਿਚ ਸਿੱਖਾਂ ਦਾ 50% ਹਿੱਸਾ ਹੋਵੇ।
2. ਸੈਂਟਰ ਵਿਚ ਸਿੱਖਾਂ ਦਾ 5% ਹਿੱਸਾ ਹੋਵੇ।
3. 1941 ਦੀ ਆਬਾਦੀ ਦੇ ਆਧਾਰ 'ਤੇ ਨੁਮਾਇੰਦਗੀ ਮਿਲੇ।
4. ਸੈਂਟਰ ਵਿਚ ਇੱਕ ਪੂਰਾ ਤੇ ਇੱਕ ਅੱਧਾ ਸਿੱਖ ਵਜ਼ੀਰ ਹੋਵੇ।
5. ਪੰਜਾਬ ਦੇ ਗਵਰਨਰ 'ਤੇ ਮੁੱਖ ਮੰਤਰੀ ਵਿਚੋਂ ਇੱਕ ਸਿੱਖ ਜ਼ਰੂਰ ਹੋਵੇ।
6. ਗੁੜਗਾਓਂ 'ਤੇ ਲੋਹਾਰੂ ਪੰਜਾਬ 'ਚੋਂ ਕੱਢੇ ਜਾਣ।
7. ਸੂਬੇ ਦੀਆਂ ਨੌਕਰੀਆਂ ਵਿਚ ਸਿੱਖਾਂ ਦਾ 50% ਹਿੱਸਾ ਹੋਵੇ।
ਪਰ, ਜੇਕਰ ਇਹ ਮੰਗਾਂ ਨਾ ਮੰਨੀਆਂ ਜਾਣ ਤਾਂ ਸਿੱਖਾਂ ਨੂੰ ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਅੰਬਾਲਾ ਜ਼ਿਲ੍ਹਿਆਂ ਦਾ ਨਵਾਂ ਸੂਬਾ ਦਿੱਤਾ ਜਾਵੇ। ਇਸ ਤਰ੍ਹਾਂ ਸਿੱਖਾਂ ਨੂੰ ਇਕ ਇਹ ਸੂਬਾ ਅਤੇ ਦੂਜਾ ਪੈਪਸੂ, ਜਿਸ ਵਿਚ 53% ਸਿੱਖ ਸਨ, ਮਿਲ ਸਕਦੇ ਸਨ। ਪਰ ਫ਼ਿਰਕੂ ਹਿੰਦੂ ਕਾਂਗਰਸੀ ਆਗੂਆਂ ਨੇ ਸਿੱਖਾਂ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰ ਦਿੱਤਾ ਅਤੇ 23 ਨਵੰਬਰ 1948 ਦੇ ਦਿਨ ਇਸ ਘੱਟ-ਗਿਣਤੀ (ਮਾਈਨਾਰਟੀ) ਕਮੇਟੀ ਸਿੱਖਾਂ ਨੂੰ ਘੱਟ ਗਿਣਤੀ ਵਾਲੇ ਖ਼ਾਸ ਹੱਕ ਦੇਣ ਤੋਂ ਨਾਂਹ ਕਰ ਦਿੱਤੀ।
1990 - ਦਿਲਬਾਗ ਸਿੰਘ ਸੁਲਤਾਨਵਿੰਡ ਤੇ ਗੁਰਮੇਜ ਸਿੰਘ ਫ਼ੌਜੀ ਨੌਰੰਗਾਬਾਦ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕੀਤਾ ਗਿਆ।
23 ਨਵੰਬਰ 1990 ਦੇ ਦਿਨ ਪੰਜਾਬ ਪੁਲੀਸ ਨੇ ਦਿਲਬਾਗ ਸਿੰਘ ਪੁੱਤਰ ਜਸਬੀਰ ਸਿੰਘ ਮਾਹਲ, ਵਾਸੀ ਪੱਤੀ ਮਨਸੂਰ, ਸੁਲਤਾਨਵਿੰਡ ਅਤੇ ਗੁਰਮੇਜ ਸਿੰਘ ਫ਼ੌਜੀ ਵਾਸੀ ਨੌਰੰਗਾਬਾਦ ਨੂੰ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।
1992 - ਰੇਸ਼ਮ ਸਿੰਘ ਤੋਲਾ ਤੇ ਦੋ ਹੋਰ ਜਣੇ ਨਕਲੀ ਮੁਕਾਬਲੇ ਵਿੱਚ ਸ਼ਹੀਦ ਕੀਤੇ ਗਏ।
23 ਨਵੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਰੇਸ਼ਮ ਸਿੰਘ ਤੋਲਾ ਪੁੱਤਰ ਕਾਬਲ ਸਿੰਘ, ਵਾਸੀ ਚੂਲ ਕੋਹਨਾ ਤੇ ਦੋ ਹੋਰ ਸਿੱਖ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤੇ।