ਇਤਿਹਾਸ ਵਿੱਚ ਅੱਜ ਦਾ ਦਿਨ 24 ਨਵੰਬਰ

ਵਿਚਾਰ, ਵਿਸ਼ੇਸ਼ ਲੇਖ

1598 - ਮੁਗ਼ਲ ਬਾਦਸਾਹ ਅਕਬਰ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਆਇਆ

ਗੁਰੂ ਅਰਜਨ ਸਾਹਿਬ ਨੇ ਆਪਣੇ ਸਮੇਂ ਵਿਚ ਸਮਾਜ ਸੇਵਾ ਦੇ ਬਹੁਤ ਸਾਰੇ ਪ੍ਰਾਜੈਕਟ ਅਪਣਾਏ ਸਨ। ਉਨ੍ਹਾਂ ਦੀ ਲੋਕ ਸੇਵਾ ਤੇ ਰੂਹਾਨੀਅਤ ਨੇ ਹੋਰ ਧਾਰਮਕਿ ਆਗੂਆਂ ਅਤੇ ਸੀਨੀਅਰ ਸਰਕਾਰੀ ਅਹਿਲਕਾਰਾਂ ਨੂੰ ਵੀ ਕੀਲਿਆ ਹੋਇਆ ਸੀ। ਹੋਰ ਤਾਂ ਹੋਰ ਮੁਗ਼ਲ ਬਾਦਸ਼ਾਹ ਅਕਬਰ ਵੀ ਗੁਰੂ ਸਾਹਿਬ ਦੀ ਇੱਜ਼ਤ ਕਰਦਾ ਸੀ। ਅਕਬਰ ਨੇ ਦਿੱਲੀ ਤੋਂ ਪਿਸ਼ਾਵਰ ਵਲ ਜਾਣ ਸਮੇਂ 24 ਨਵੰਬਰ 1598 ਦੇ ਦਿਨ ਗੋਇੰਦਵਾਲ ਤੋਂ ਬਿਆਸ ਦਰਿਆ ਦਾ ਪੱਤਣ ਪਾਰ ਕੀਤਾ ਅਤੇ ਉਹ ਉਥੇ ਅਰਾਮ ਕਰਨ ਵਾਸਤੇ ਰੁਕਿਆ। ਇਸ ਮੌਕੇ ਉਹ ਗੁਰੂ ਅਰਜਨ ਸਾਹਿਬ ਨੂੰ ਮਿਲਣ ਵੀ ਗਿਆ। ਅਕਬਰ ਦੇ ਨਾਲ ਉਸ ਦਾ ਵਜ਼ੀਰ ਅਬੂ ਫ਼ਜ਼ਲ ਵੀ ਸੀ। 

ਜਦ ਅਕਬਰ ਗੁਰੂ ਸਾਹਿਬ ਦੇ ਦਰਬਾਰ ਵਿਚ ਹਾਜ਼ਿਰ ਹੋਇਆ ਤਾਂ ਉਸ ਦੇ ਅਹਿਲਕਾਰਾਂ ਨੇ ਉਸ ਦੇ ਬੈਠਣ-ਟੁਰਨ ਵਾਸਤੇ ਗਲੀਚੇ ਵਿਛਾਏ ਜਿਸ ਨੂੰ ਬਾਦਸ਼ਾਹ ਨੇ ਆਪਣੇ ਹੱਥੀਂ ਪਰ੍ਹੇ ਕਰ ਦਿਤਾ ਤੇ ਕਿਹਾ ਕਿ ਰੂਹਾਨੀ ਦਰਬਾਰ ਵਿੱਚ ਗਲੀਚਿਆਂ 'ਤੇ ਨਹੀਂ ਬੈਠਿਆ ਜਾਂਦਾ। ਬਾਦਸ਼ਾਹ ਨੇ ਇਸ ਮੌਕੇ ਆਮ ਲੋਕਾਂ ਨਾਲ ਬੈਠ ਕੇ ਲੰਗਰ ਵੀ ਛਕਿਆ। ਟੁਰਨ ਵੇਲੇ ਅਕਬਰ ਨੇ ਗੁਰੂ ਸਾਹਿਬ ਨੂੰ ਜਾਂ ਲੰਗਰ ਵਾਸਤੇ ਕੁਝ ਜ਼ਮੀਨ ਦਾ ਪਟਾ ਦੇਣਾ ਚਾਹਿਆ ਤਾਂ ਗੁਰੂ ਸਾਹਿਬ ਨੇ ਉਸ ਨੂੰ ਕਿਹਾ ਕਿ ਗੁਰੂ ਦਾ ਲੰਗਰ ਸੰਗਤਾਂ ਦੇ ਦਸਵੰਧ ਨਾਲ ਚੱਲਣਾ ਹੀ ਠੀਕ ਹੈ। ਅਕਬਰ ਇਸ ਤੋਂ ਹੋਰ ਵੀ ਮੁਤਾਸਿਰ (ਪ੍ਰਭਾਵਿਤ) ਹੋਇਆ। ਇਸ ਮੌਕੇ 'ਤੇ ਗੁਰੂ ਸਾਹਿਬ ਨੇ ਅਕਬਰ ਤੋਂ ਇਹ ਐਲਾਨ ਜ਼ਰੂਰ ਕਰਵਾਇਆ ਕਿ ਸਿੱਖਾਂ ਤੇ ਜਜ਼ੀਆ ਨਾ ਲਾਗੂ ਹੋਵੇ ਕਿਉਂ ਕਿ ਸਿੱਖ ਹਿੰਦੂ ਨਹੀਂ ਹਨ 'ਤੇ ਜਜ਼ੀਆ ਸਿਰਫ਼ ਹਿੰਦੂਆਂ 'ਤੇ ਹੀ ਲਾਗੂ ਹੁੰਦਾ ਸੀ (ਮਗਰੋਂ ਅਕਬਰ ਨੇ ਹਿੰਦੂਆਂ ਨੂੰ ਵੀ ਜਜ਼ੀਆ ਟੈਕਸ ਤੋਂ ਆਜ਼ਾਦ ਕਰ ਦਿੱਤਾ)।

1664 - ਗੁਰੂ ਤੇਗ਼ ਬਹਾਦਰ ਪਿੰਡ ਵੱਲਾ ਗਏ

24 ਨਵੰਬਰ 1664 ਦੇ ਦਿਨ ਗੁਰੂ ਦਾ ਚੱਕ (ਅੰਮ੍ਰਿਤਸਰ) ਜਾਣ ਮਗਰੋਂ ਅਗਲੇ ਦਿਨ ਆਪ ਪਿੰਡ ਵੱਲਾ ਗਏ। ਇੱਕ ਦਿਨ ਇੱਥੇ ਰਹਿਣ ਮਗਰੋਂ ਅਤੇ ਘੁੱਕੇਵਾਲੀ (ਗੁਰੂ ਦਾ ਬਾਗ), ਤਰਨ ਤਾਰਨ ਤੇ ਖਡੂਰ ਸਾਹਿਬ ਹੁੰਦੇ ਹੋਏ ਗੋਇੰਦਵਾਲ ਚਲੇ ਗਏ।

1956 - ਅਕਾਲੀ ਦਲ ਪਾਰਟੀ ਨੂੰ ਕਾਂਗਰਸ ਵਿੱਚ ਸ਼ਾਮਿਲ ਕੀਤੇ ਜਾਣ ਦਾ ਮਤਾ ਪਾਸ ਹੋਇਆ।  

ਪੰਜਾਬੀ ਸੂਬਾ ਬਣਾਉਣ ਦੀ ਥਾਂ ਸਰਕਾਰ ਨੇ ਪੰਜਾਬੀ ਅਤੇ ਹਿੰਦੀ ਰੀਜਨ ਕਾਇਮ ਕਰਨ ਵਾਸਤੇ ਰਿਜਨਲ ਫ਼ਾਰਮੂਲਾ ਬਣਾਉਣਾ ਮਂਨ ਲਿਆ। ਇਹ ਸੁਝਾਅ ਕਾਂਗਰਸ ਨੇ ਮਾਰਚ 1956 ਵਿੱਚ ਮੰਨ ਲਿਆ ਸੀ ਤੇ ਹੁਕਮ ਸਿੰਘ ਨੂੰ ਇਸ ਦਾ ਇਨਾਮ ਵੀ ਡਿਪਟੀ ਸਪੀਕਰ ਵਜੋਂ ਮਿਲ ਗਿਆ ਸੀ। ਰੀਜਨਲ ਫ਼ਾਰਮੂਲੇ ਤੋਂ ਬਾਅਦ ਬਹੁਤ ਸਾਰੇ ਅਕਾਲੀ ਆਗੂ ਤਾਕਤ, ਅਹੁਦਿਆਂ ਅਤੇ ਹੋਰ ਲਾਲਚਾਂ ਕਾਰਨ ਕਾਂਗਰਸ ਵਿੱਚ ਜਾਣ ਵਾਸਤੇ ਤਰਲੋ-ਮੱਛੀ ਹੋ ਰਹੇ ਸਨ। ਇਸ ਧੜੇ ਨੇ ਅਕਾਲੀ ਦਲ ਅਤੇ ਕਾਂਗਰਸ ਵਿੱਚ ਏਕਤਾ ਲਈ ਗੱਲਬਾਤ ਵੀ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ ਸਿਰਫ਼ ਅਕਾਲੀ ਲੈਜਿਸਲੇਚਰਾਂ ਦੇ ਕਾਂਗਰਸ ਨਾਲ ਸਮਝੌਤੇ ਦੀ ਗੱਲ ਟੁਰੀ ਪਰ ਫਿਰ ਕਾਂਗਰਸ ਨੇ ਅਕਾਲੀ ਦਲ ਨੂੰ ਬਿਲਕੁਲ ਖ਼ਤਮ ਕਰਨ ਦੀ ਯੋਜਨਾ ਬਣਾਈ। ਇਨ੍ਹਾਂ ਦਿਨਾਂ ਵਿੱਚ ਹੁਕਮ ਸਿੰਘ ਨੇ ਡਿਪਟੀ ਸਪੀਕਰੀ ਹਾਸਿਲ ਕਰਨ ਮਗਰੋਂ ਅਕਾਲੀ ਦਲ ਨਾਲੋਂ ਕਾਂਗਰਸ ਨਾਲ ਵਧੇਰੇ ਰਿਸ਼ਤੇ ਬਣਾਉਣੇ ਸ਼ੁਰੂ ਕੀਤੇ। ਗਿਆਨੀ ਕਰਤਾਰ ਸਿੰਘ ਨੂੰ ਇਸ ਸਬੰਧ ਵਿਚ ਉਸ ਨੇ ਗੰਢ ਕੇ ਵਜ਼ੀਰੀ ਦਿਵਾਉਣ ਦਾ ਵਾਇਦਾ ਕੀਤਾ। ਇਹ ਸਾਰਾ ਕੁਝ ਗਿਆਨ ਸਿੰਘ ਰਾੜੇਵਾਲੇ ਨੇ ਵੇਖਿਆ ਤਾਂ ਉਸ ਦੇ ਮੂੰਹ ਵਿਚੋਂ ਰਾਲਾਂ ਵਗਣੀਆਂ ਸ਼ੁਰੂ ਹੋ ਗਈਆਂ ਅਤੇ 5 ਜੂਨ 1956 ਨੂੰ ਉਸ ਨੇ ਐਲਾਨ ਕੀਤਾ ਕਿ ਅਕਾਲੀ ਦਲ ਕੁਝ ਵੀ ਫ਼ੈਸਲਾ ਕਰੇ ਮੈਂ ਤਾਂ ਕਾਂਗਰਸ ਪਾਰਟੀ ਵਿੱਚ ਜਾ ਹੀ ਰਿਹਾ ਹਾਂ। ਰਾੜੇਵਾਲਾ ਨੇ ਇਹ ਵੀ ਕਿਹਾ ਕਿ ਸਾਰੇ ਅਕਾਲੀਆਂ ਨੂੰ ਹੁਣ ਕਾਂਗਰਸ ਵਿਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ। ਹੁਕਮ ਸਿੰਘ ਨੇ ਇਹ ਵੀ ਕਿਹਾ ਕਿ ਰਾੜੇਵਾਲਾ ਦੀ ਇਹ ਹਰਕਤ ਅਕਾਲੀ ਦਲ ਨਾਲ ਗ਼ੱਦਾਰੀ ਹੈ ਅਤੇ ਉਹ ਗੱਦੀ ਦੀ ਭੁੱਖ ਕਰ ਕੇ ਕਾਂਗਰਸ ਵਿਚ ਜਾ ਰਿਹਾ ਹੈ।

17 ਜੂਨ 1956 ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਰਾੜੇਵਾਲੇ ਦੀਆਂ ਹਰਕਤਾਂ ਦੀ ਨਿੰਦਾ ਕੀਤੀ ਗਈ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਅਕਾਲੀ ਦਲ ਸਿਆਸਤ ਨਹੀਂ ਛੱਡੇਗਾ। ਇਸ ਮੀਟਿੰਗ ਵਿੱਚ ਗਿਆਨੀ ਕਰਤਾਰ ਸਿੰਘ, ਹੁਕਮ ਸਿੰਘ, ਹਰਚਰਨ ਸਿੰਘ ਹੁਡਿਆਰਾ, ਗੋਪਾਲ ਸਿੰਘ ਖਾਲਸਾ, ਅਜਮੇਰ ਸਿੰਘ, ਆਤਮਾ ਸਿੰਘ, ਤੇ ਡਾ: ਤਰਲੋਕ ਸਿੰਘ ਆਦਿ ਸ਼ਾਮਿਲ ਸਨ। ਅਗਲੀਆਂ ਆਮ ਚੋਣਾਂ ਨੇੜੇ ਆ ਰਹੀਆਂ ਸਨ। ਗਿਆਨੀ ਕਰਤਾਰ ਸਿੰਘ ਅਤੇ ਹੁਕਮ ਸਿੰਘ, ਜੋ 16 ਤੇ 17 ਜੂਨ ਨੂੰ ਅਤੇ ਹੋਰ ਕਈ ਬਿਆਨਾਂ ਵਿੱਚ ਰਾੜੇਵਾਲੇ ਨੂੰ ਮੌਕਾ ਪ੍ਰਸਤ, ਗੱਦੀ ਦਾ ਭੁੱਖਾ ਤੇ ਹੋਰ ਕਈ ਕੁਝ ਕਹਿ ਕੇ ਮੁਖ਼ਾਤਿਬ ਕਰ ਰਹੇ ਸਨ, ਉਹ ਸਾਰੇ ਆਪ ਕਾਂਗਰਸ ਵਿਚ ਜਾਣ ਲਈ ਕਾਹਲੇ ਪੈਣ ਲਗ ਪਏ। ਇਸ ਹਾਲਤ ਵਿੱਚ 28 ਅਗਸਤ 1956 ਨੂੰ ਨਹਿਰੂ ਅਤੇ ਮਾਸਟਰ ਤਾਰਾ ਸਿੰਘ ਵਿਚਕਾਰ ਮੁਲਾਕਾਤ ਹੋਈ ਅਤੇ ਇਸ ਮੀਟਿੰਗ ਵਿਚ ਅਕਾਲੀ ਦਲ ਤੇ ਕਾਂਗਰਸ ਦੀ ਦੋਹਰੀ ਮੈਂਬਰਸ਼ਿਪ ਬਾਰੇ ਜ਼ਿਕਰ ਹੋਇਆ (30 ਜੂਨ 1956) ਤੱਕ ਅਕਾਲੀ ਦਲ ਦੀ ਆਪਣੀ ਭਰਤੀ 3 ਲੱਖ 10 ਹਜ਼ਾਰ ਤੱਕ ਪੁੱਜ ਚੁਕੀ ਸੀ)। ਅਕਾਲੀ-ਕਾਂਗਰਸ ਸਮਝੌਤੇ ਵਾਸਤੇ ਬਲਦੇਵ ਸਿੰਘ ਵਿਚੋਲੇ ਵਜੋਂ ਕੰਮ ਕਰ ਰਿਹਾ ਸੀ। ਪਰ ਗਿਆਨੀ ਕਰਤਾਰ ਸਿੰਘ ਅਤੇ ਹੁਕਮ ਸਿੰਘ ਕੋਸ਼ਿਸ਼ਾਂ ਕਰ ਰਹੇ ਸਨ ਕਿ ਅਕਾਲੀ ਦਲ ਨੂੰ ਸਿਆਸੀ ਪੱਖ ਤੋਂ ਵੀ ਕਾਂਗਰਸ ਵਿੱਚ ਸ਼ਾਮਿਲ ਕਰ ਦਿੱਤਾ ਜਾਵੇ। ਅਗਸਤ ਤੇ ਸਤੰਬਰ 1956 ਵਿੱਚ ਗਿਆਨੀ ਕਰਤਾਰ ਸਿੰਘ ਤੇ ਹੁਕਮ ਸਿੰਘ ਮੌਲਾਣਾ ਆਜ਼ਾਦ ਨੂੰ 20 ਵਾਰੀ ਮਿਲੇ। ਅਖ਼ੀਰ 2 ਅਕਤੂਬਰ 1956 ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ 150 ਜਥੇਦਾਰ ਅਤੇ ਸਕੱਤਰ ਇਕੱਠੇ ਹੋਏ। ਪੰਜ ਘੰਟੇ ਦੀ ਮੀਟਿੰਗ ਮਗਰੋਂ ਅਕਾਲੀ ਦਲ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਨ ਦਾ ਫ਼ੈਸਲਾ ਹੋ ਗਿਆ। ਇਸ ਸਬੰਧ ਵਿੱਚ ਅਜੀਤ ਸਿੰਘ ਸਰਹੱਦੀ ਐਡਵੋਕੇਟ ਨੇ ਮਤਾ ਪੇਸ਼ ਕੀਤਾ ਅਤੇ ਹਰਚਰਨ ਸਿੰਘ ਹੁਡਿਆਰਾ ਨੇ ਤਾਈਦ ਕੀਤੀ। ਅਜੀਤ ਸਿੰਘ ਸਰਹੱਦੀ ਮੁਤਾਬਿਕ ਇਹ ਰੈਜੂਲੇਸ਼ਨ ਹੁਕਮ ਸਿੰਘ ਨੇ ਤਿਆਰ ਕੀਤਾ ਸੀ।ਪਰ ਮਾਸਟਰ ਤਾਰਾ ਸਿੰਘ ਦੀ ਕੌਣ ਸੁਣਦਾ ਸੀ? 24 ਨਵੰਬਰ 1956 ਨੂੰ ਅਕਾਲੀ ਦਲ ਦਾ ਜਨਰਲ ਇਜਲਾਸ ਬੁਲਾਇਆ ਗਿਆ। ਇਸ ਮੌਕੇ ਤੇ 350 'ਚੋਂ 322 ਡੈਲੀਗੇਟ ਸ਼ਾਮਿਲ ਸਨ। ਇਸ ਵਿਚ ਵੱਡੀ ਅਕਸਰੀਅਤ ਨਾਲ ਅਕਾਲੀ ਦਲ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਨ ਦਾ ਮਤਾ ਪਾਸ ਕੀਤਾ ਗਿਆ। ਸਿਰਫ਼ ਪੰਜ ਡੈਲੀਗੇਟਾਂ ਨੇ ਇਸ ਮਤੇ ਦਾ ਵਿਰੋਧ ਕੀਤਾ। ਇਹ ਸਨ ਅਮਰ ਸਿੰਘ ਅੰਬਾਲਵੀ, ਮਾਸਟਰ ਸੁਜਾਨ ਸਿੰਘ ਸਰਹਾਲੀ, ਗੁਰਬਖ਼ਸ਼ ਸਿੰਘ ਐਡਵੋਕੇਟ ਬਟਾਲਾ, ਬੇਦੀ ਰਛਪਾਲ ਸਿੰਘ ਤੇ ਕਰਨੈਲ ਸਿੰਘ ਡੋਡ।

1969 - ਫਤਹਿ ਸਿੰਘ ਨੇ ਮਰਨ ਵਰਤ ਰੱਖਣ 'ਤੇ ਸੜ ਮਰਨ ਦਾ ਐਲਾਨ ਕੀਤਾ

27 ਅਕਤੂਬਰ 1969 ਦੇ ਦਿਨ, 74 ਦਿਨ ਦੇ ਮਰਨ ਵਰਤ ਮਗਰੋਂ, ਜਥੇਦਾਰ ਦਰਸ਼ਨ ਸਿੰਘ ਫੇਰੁਮਾਨ ਦੀ 'ਸ਼ਹੀਦੀ' ਨੇ ਫਤਹਿ ਸਿਘ ਨੂੰ ਦਾਗ਼ੀ ਬਣਾ ਦਿੱਤਾ ਸੀ। ਫਤਹਿ ਸਿੰਘ ਵਲੋਂ 1960, 1965 ਅਤੇ 1966 ਵਿੱਚ ਤਿੰਨ ਵਾਰ ਪੂਰਾ ਕੀਤੇ ਬਿਨਾਂ ਵਰਤ ਛੱਡਣ ਦੀ ਗੱਲ ਨੂੰ ਹਰ ਪਾਸੇ ਨਿੰਦਿਆ ਜਾ ਰਿਹਾ ਸੀ। ਆਪਣੀ ਇੱਜ਼ਤ ਬਚਾਉਣ ਫਤਹਿ ਸਿੰਘ ਨੇ ਹੁਣ ਇੱਕ ਵਾਰ ਫਿਰ ਮਰਨ ਵਰਤ ਦਾ ਐਲਾਨ ਕਰ ਦਿੱਤਾ। 24 ਨਵੰਬਰ 1969 ਨੂੰ ਫਤਹਿ ਸਿੰਘ ਨੇ ਐਲਾਨ ਕੀਤਾ ਕਿ ਜੇ ਚੰਡੀਗੜ੍ਹ ਪੰਜਾਬ ਨੂੰ ਨਾ ਮਿਲਿਆ ਤਾਂ ਉਹ 27 ਜਨਵਰੀ 1970 ਨੂੰ ਮਰਨ ਵਰਤ ਰੱਖ ਕੇ 1 ਫਰਵਰੀ 1970 ਨੂੰ ਆਪਣੇ ਆਪ ਨੂੰ ਸਾੜ ਲਵੇਗਾ। 26 ਜਨਵਰੀ 1970 ਨੂੰ ਫਤਹਿ ਸਿੰਘ ਨੇ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ। ਇਸ ਵੇਲੇ ਪੰਜਾਬ ਵਿੱਚ ਅਕਾਲੀਆਂ ਦੀ ਸਰਕਾਰ ਸੀ। ਗੁਰਨਾਮ ਸਿੰਘ ਚੀਫ਼ ਮਨਿਸਟਰ ਸੀ। ਉਸ ਨੇ ਇੰਦਰਾ ਗਾਂਧੀ ਨਾਲ ਸੌਦੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ। ਅਖ਼ੀਰ 29 ਜਨਵਰੀ ਨੂੰ ਇੰਦਰਾ ਗਾਂਧੀ ਨੇ ਚੰਡੀਗੜ੍ਹ ਪੰਜਾਬ ਨੁੰ ਦੇਣ ਦਾ ਐਲਾਨ ਕਰ ਦਿੱਤਾ। ਇਸ ਐਲਾਨ ਅਨੁਸਾਰ ਚੰਡੀਗੜ੍ਹ (ਕੁਝ ਪਿੰਡ ਛੱਡ ਕੇ) ਪੰਜਾਬ ਨੂੰ ਦਿੱਤਾ ਜਾਣਾ ਸੀ ਅਤੇ ਬਦਲੇ ਵਿੱਚ ਫ਼ਾਜ਼ਿਲਕਾ ਤੇ ਅਬੋਹਰ ਦੀਆਂ ਤਹਿਸੀਲਾਂ 'ਚੋਂ ਕਈ ਪਿੰਡ ਹਰਿਆਣੇ ਨੂੰ ਮਿਲਣੇ ਸੀ। ਯਾਨਿ ਚੰਡੀਗੜ੍ਹ ਦੇ 34 ਵਰਗ ਮੀਲ ਦੀ ਥਾਂ 55000 ਏਕੜ ਜ਼ਮੀਨ ਹਰਿਆਣੇ ਨੂੰ ਮਿਲਣੀ ਸੀ। ਇਨ੍ਹਾਂ ਇਲਾਕਿਆਂ ਦੇ ਨਾਲ ਇੱਕ ਫਰਲਾਂਗ ਦੀ ਪੱਟੀ ਵੀ ਪੰਜਾਬ ਚੋਂ ਮਿਲਣੀ ਸੀ। ਇਸ ਤੋਂ ਬਿਨਾਂ 10 ਕਰੋੜ ਰੁਪਏ ਮਦਦ ਤੇ 10 ਕਰੋੜ ਰੁਪਏ ਕਰਜ਼ਾ ਵੀ ਹਰਿਆਣੇ ਨੂੰ ਮਿਲਣਾ ਸੀ। ਹਰਿਆਣਾ ਅਤੇ ਪੰਜਾਬ ਦੀ ਹੱਦਬੰਦੀ ਦੇ ਝਗੜਿਆਂ ਵਾਸਤੇ ਇਕ ਕਮਿਸ਼ਨ ਬਣਾਉਣਾ ਵੀ ਮੰਨ ਲਿਆ ਗਿਆ। ਚੰਡੀਗੜ੍ਹ ਪੰਜਾਬ ਨੂੰ 5 ਸਾਲ ਮਗਰੋਂ 29 ਜਨਵਰੀ 1975 ਦੇ ਦਿਨ ਮਿਲਣਾ ਸੀ (ਜੋ ਅੱਜ 36 ਸਾਲ ਮਗਰੋਂ ਵੀ ਨਹੀਂ ਮਿਲਿਆ)

1979 - ਦਲ ਖਾਲਸਾ ਅਤੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਮੇਰਠ ਗੁਰਦੁਆਰਾ ਖੁਲ੍ਹਵਾਉਣ ਵਾਸਤੇ ਮੋਰਚੇ ਦਾ ਐਲਾਨ ਕੀਤਾ।

ਕੇਂਦਰ ਵਿੱਚ ਅਕਾਲੀ ਪਾਰਟੀ ਦੀ ਸਰਕਾਰ ਵਿੱਚ ਸ਼ਮੂਲੀਅਤ ਹੋਣ ਦੇ ਬਾਵਜੂਦ ਯੂ.ਪੀ. ਪੁਲਿਸ ਨੇ ਬਹਾਨਾ ਲਾ ਕੇ 28 ਅਕਤੂਬਰ 1979 ਨੂੰ ਮੇਰਠ ਗੁਰਦਵਾਰੇ ਉੱਤੇ ਕਬਜ਼ਾ ਕਰ ਲਿਆ। ਸਿੱਖ ਸਟੂਡੈਂਟਸ, ਦਲ ਖਾਲਸਾ ਅਤੇ ਡਾਕਟਰ ਰਾਜਿੰਦਰ ਕੌਰ ਨੇ ਇਸ ਮਸਲੇ 'ਤੇ 24 ਨਵੰਬਰ 1979 ਤੋਂ ਮੋਰਚਾ ਲਾਉਣ ਦਾ ਐਲਾਣ ਕਰ ਦਿੱਤਾ। (ਪਰ ਅਕਾਲੀ ਦਲ ਨੇ ਕੁਝ ਨਾ ਕੀਤਾ; ਹਾਲਾਂਕਿ ਅਜੇ ਵੀ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਹਿਤਾਂ ਦਾ ਪਹਿਰੇਦਾਰ ਕਹਿੰਦਾ ਸੀ)।

1988 - ਬਲਜੀਤ ਸਿੰਘ ਬੱਬਰ ਰੰਗੀਆਂ ਦੀ ਨਕਲੀ ਮੁਕਾਬਲੇ ਵਿੱਚ ਸ਼ਹੀਦੀ ਹੋਈ।

24 ਨਵੰਬਰ 1988 ਦੇ ਦਿਨ ਪੰਜਾਬ ਪੁਲੀਸ ਨੇ ਬਲਜੀਤ ਸਿੰਘ ਬੱਬਰ ਪੁੱਤਰ ਹਮੀਰ ਸਿੰਘ, ਵਾਸੀ ਰੰਗੀਆਂ, ਨੇੜੇ ਰਾਜਪੁਰਾ, ਪਟਿਆਲਾ ਨੂੰ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।

1989 - ਬਲਦੇਵ ਸਿੰਘ ਬਾਊ ਅਬਦੁਲ ਸੋਹੀ ਅਤੇ ਬਲਜੀਤ ਸਿੰਘ ਦਾਬਾਂ ਵਾਲੀ ਨੂੰ ਝੂਠੇ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ ਗਿਆ।  

24 ਨਵੰਬਰ 1989 ਦੇ ਦਿਨ ਪੰਜਾਬ ਪੁਲਿਸ ਨੇ ਬਲਦੇਵ ਸਿੰਘ ਬਾਊ ਵਾਸੀ ਅਬਦੁਲ ਸੋਹੀ ਅਤੇ ਬਲਜੀਤ ਸਿੰਘ ਵਾਸੀ ਦਾਬਾਂ ਵਾਲੀ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।


1992 - ਜੀਵਨ ਸਿੰਘ ਮਲੂਕਾ ਅਤੇ ਅਵਤਾਰ ਸਿੰਘ ਦੀ ਨਕਲੀ ਮੁਕਾਬਲੇ ਵਿੱਚ ਸ਼ਹੀਦੀ ਹੋਈ।  

24 ਨਵੰਬਰ 1992 ਦੇ ਦਿਨ ਪੰਜਾਬ ਪੁਲੀਸ ਨੇ ਜੀਵਨ ਸਿੰਘ ਵਾਸੀ ਮਲੂਕਾ, ਜ਼ਿਲ੍ਹਾ ਬਠਿੰਡਾ 'ਤੇ ਅਵਤਾਰ ਸਿੰਘ ਉਰਫ਼ ਸੋਢੀ ਨੂੰ ਨਕਲੀ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ।