ਇਤਿਹਾਸ ਵਿੱਚ ਅੱਜ ਦਾ ਦਿਨ 25 ਨਵੰਬਰ

ਵਿਚਾਰ, ਵਿਸ਼ੇਸ਼ ਲੇਖ

1888 - ਆਰੀਆ ਸਮਾਜ ਦੇ ਗੁਰੂ ਦੱਤ ਨੇ ਲਾਹੌਰ ਵਿੱਚ ਗੁਰੂਆਂ ਬਾਰੇ ਘਟੀਆ ਬੋਲੀ ਵਰਤੀ। ਜਵਾਹਰ ਸਿੰਘ ਕਪੂਰ, ਗਿਆਨੀ ਦਿੱਤ ਸਿੰਘ, ਮਈਆ ਸਿੰਘ ਤੇ ਹੋਰਾਂ ਨੇ ਆਰੀਆ ਸਮਾਜ ਤੋਂ ਅਸਤੀਫ਼ੇ ਦਿੱਤੇ।  

1875 ਵਿੱਚ ਇੱਕ ਹਿੰਦੂ ਸਾਧੂ ਦਯਾਨੰਦ ਨੇ ਬੰਬਈ (ਹੁਣ ਮੁੰਬਈ) ਵਿੱਚ ਆਰੀਆ ਸਮਾਜ ਦੀ ਨੀਂਹ ਰਖੀ ਸੀ। ਉਹ ਅਪਰੈਲ 1877 ਵਿੱਚ ਪੰਜਾਬ ਵੀ ਆਇਆ। ਜੂਨ ਵਿੱਚ ਲਾਹੌਰ ਵਿੱਚ ਵੀ ਦਯਾਨੰਦ ਦੀ ਬਰਾਂਚ ਬਣ ਗਈ। ਅਗਲੇ ਸਾਲ ਤਕ ਅੰਮ੍ਰਿਤਸਰ, ਰਾਵਲਪਿੰਡੀ, ਮੁਲਤਾਨ, ਗੁਜਰਾਂਵਾਲਾ, ਗੁਰਦਾਸਪੁਰ, ਫ਼ੀਰੋਜ਼ਪੁਰ, ਜਿਹਲਮ, ਵਜ਼ੀਰਾਬਾਦ ਵਗੈਰਾ ਵਿੱਚ ਵੀ ਇਸ ਦੀਆਂ ਬਰਾਂਚਾਂ ਕਾਇਮ ਹੋ ਗਈਆਂ। ਭਾਵੇਂ ਸਿੰਘ ਸਭਾ ਲਹਿਰ ਸ਼ੁਰੂ ਹੋ ਚੁਕੀ ਸੀ ਪਰ ਫਿਰ ਵੀ ਆਰੀਆ ਸਮਾਜ ਦੇ ਐਲਾਨੇ ਗਏ ਨਿਸ਼ਾਨਿਆਂ ਨੂੰ ਵੇਖ ਕੇ ਕਈ ਸਿੱਖ ਵੀ ਇਸ ਦੇ ਮੈਂਬਰ ਬਣ ਗਏ। ਇਨ੍ਹਾਂ ਵਿਚੋਂ ਇੱਕ, ਜਵਾਹਰ ਸਿੰਘ ਕਪੂਰ, ਆਰੀਆ ਸਮਾਜ ਦੇ ਸਕੱਤਰ ਵੀ ਬਣਾ ਦਿਤੇ ਗਏ ਤੇ ਉਨ੍ਹਾਂ ਨੇ ਬਹੁਤ ਮਿਹਨਤ ਨਾਲ ਇਸ ਜਥੇਬੰਦੀ ਵਾਸਤੇ ਵਧ-ਚੜ੍ਹ ਕੇ ਕੰਮ ਕੀਤਾ।

ਕੁਝ ਚਿਰ ਬਾਅਦ ਸਾਧੂ ਦਯਾ ਨੰਦ ਦੀ ਕਿਤਾਬ "ਸਤਿਆਰਥ ਪ੍ਰਕਾਸ਼" ਵੀ ਛਾਪ ਕੇ ਆ ਗਈ। ਇਸ ਕਿਤਾਬ ਵਿੱਚ ਗੁਰੂ ਨਾਨਕ ਸਾਹਿਬ ਅਤੇ ਦੂਜੇ ਧਰਮਾਂ ਦੇ ਮੋਢੀਆਂ, ਆਗੂਆਂ ਤੇ ਪ੍ਰਚਾਰਕਾਂ ਦੇ ਖ਼ਿਲਾਫ਼ ਘਟੀਆਂ ਲਫਜ਼ ਲਿਖੇ ਹੋਏ ਸਨ। ਜਦੋਂ ਸਿੱਖਾਂ ਹੀ ਨਹੀਂ ਬਲਕਿ ਕੁਝ ਸਿਆਣੇ ਹਿੰਦੂਆਂ ਨੇ ਉਸ ਦਾ ਧਿਆਨ ਇਸ ਪਾਸੇ ਵਲ ਦਿਵਾਇਆ ਤਾਂ ਉਸ ਨੇ ਵਾਅਦਾ ਕੀਤਾ ਕਿ ਅਗਲੀ ਐਡੀਸ਼ਨ ਇਸ ਨੂੰ ਸੋਧ ਕੇ ਛਾਪੀ ਜਾਵੇਗੀ। ਪਰ ਦਯਾ ਨੰਦ 1883 ਵਿੱਚ ਮਰ ਗਿਆ। ਉਸ ਦੇ ਮਗਰੋਂ ਤਾਂ ਕੱਟੜ ਫ਼ਿਰਕੂ ਆਰੀਆ ਸਮਾਜੀ ਅਨਸਰ ਨੇ ਇਸ ਵਿੱਚ ਸੋਧ ਕਰਨ ਤੋਂ ਨਾਂਹ ਕਰ ਦਿਤੀ। ਇਨ੍ਹਾਂ ਦਿਨਾਂ ਵਿਚ ਹੀ 25 ਨਵੰਬਰ 1888 ਦੇ ਦਿਨ ਇੱਕ ਬ੍ਰਾਹਮਣ ਗੁਰੂ ਦੱਤ ਨੇ ਸਰਕਾਰੀ ਕਾਲਜ ਲਾਹੌਰ ਵਿੱਚ ਇੱਕ ਇਕੱਠ ਨੂੰ ਲੈਕਚਰ ਕਰਦਿਆਂ ਗੁਰੂ ਸਾਹਿਬਾਨ ਦੇ ਖ਼ਿਲਾਫ਼ ਘਟੀਆ ਸ਼ਬਦਾਵਲੀ ਵਰਤੀ ਸੀ। ਇਸ ਵੇਲੇ ਤੱਕ ਜਵਾਹਰ ਸਿੰਘ ਕਪੂਰ ਆਰੀਆ ਸਮਾਜ ਦੇ ਸਕੱਤਰ ਸਨ। ਦਯਾ ਨੰਦ ਵੱਲੋਂ ਕੀਤੇ ਵਾਅਦੇ ਮੁਤਾਬਿਕ ਸਤਿਆਰਥ ਪ੍ਰਕਾਸ਼ ਵਿਚਲੀ ਘਟੀਆ ਅਲਫ਼ਾਜ਼ੀ ਵੀ ਤਬਦੀਲ ਨਹੀਂ ਹੋਈ ਸੀ। ਇਸ 'ਤੇ ਪ੍ਰੋਟੈਸਟ ਵਜੋਂ ਜਵਾਹਰ ਸਿੰਘ ਕਪੂਰ ਨੇ ਆਰੀਆ ਸਮਾਜ ਤੋਂ ਅਸਤੀਫ਼ਾ ਦੇ ਦਿਤਾ। ਉਨ੍ਹਾਂ ਦੇ ਨਾਲ ਹੀ ਦਿੱਤ ਸਿੰਘ, ਮਈਆ ਸਿੰਘ ਨੇ ਵੀ ਅਸਤੀਫ਼ੇ ਦਿੱਤੇ ਅਤੇ ਸਿੰਘ ਸਭਾ ਲਹਿਰ ਵਿੱਚ ਸ਼ਾਮਿਲ ਹੋ ਗਏ। ਇਸ ਮਗਰੋਂ ਕੋਈ ਵੀ ਸੱਚਾ ਸਿੱਖ ਆਰੀਆ ਸਮਾਜ ਦੇ ਨਾਲ ਨਾ ਰਿਹਾ।


1944 - ਜੰਡਿਆਲਾ (ਜਲੰਧਰ) ਵਿੱਚ ਲਾਸਾਨੀ ਅਕਾਲੀ ਕਾਨਫ਼ਰੰਸ ਹੋਈ।  

24 ਨਵੰਬਰ 1944 ਦੇ ਦਿਨ ਦਿੱਲੀ ਵਿੱਚ ਦੋ ਸੀਨੀਅਰ ਸਿੱਖ ਆਗੂ ਪਾਕਿਸਤਾਨ ਲਹਿਰ ਦੇ ਆਗੂ ਮੋਹੰਮਦ ਅਲੀ ਜਿਨਾਹ ਨੂੰ ਮਿਲੇ। ਜਿਨਾਹ ਨੇ ਉਨ੍ਹਾਂ ਨੂੰ ਸਾਫ਼ ਕਿਹਾ ਕਿ 'ਤੁਸੀਂ ਕਬੂਲ ਕਰੋ ਜਾਂ ਨਾ ਪਾਕਿਸਤਾਨ ਤਾਂ ਬਣ ਹੀ ਰਿਹਾ ਹੈ ਤੇ ਦੁਨੀਆਂ ਦੀ ਕੋਈ ਤਾਕਤ ਇਸ ਨੂੰ ਰੋਕ ਨਹੀਂ ਸਕਦੀ। ਪਰ ਸਿੱਖ ਪਾਕਿਸਤਾਨ ਦੀ ਮੁਖ਼ਾਲਫ਼ਤ ਕਰਨ ਦੀ ਥਾਂ ਸਿੱਖਸਤਾਨ ਕਿਉਂ ਨਹੀਂ ਮੰਗਦੇ?' ਇਸ ਹਾਲਤ ਵਿੱਚ 25 ਨਵੰਬਰ ਦੇ ਦਿਨ ਅਕਾਲੀ ਸਿਲਵਰ ਜੁਬਲੀ ਕਾਨਫ਼ਰੰਸ ਜੰਡਿਆਲਾ (ਜਲੰਧਰ) ਵਿੱਚ ਹੋਈ ਜਿਸ ਵਿੱਚ 2 ਲੱਖ ਲੋਕਾਂ ਨੇ ਸਿਆਸੀ ਕੈਦੀਆਂ ਦੀ ਰਿਹਾਈ ਤੇ 'ਫ਼ਿਰਕੂ ਗ਼ਲਬੇ ਹੇਠਾਂ ਨਹੀਂ ਰਹਿਣਗੇ' ਦਾ ਮਤਾ ਪਾਸ ਕੀਤਾ, ਪਰ ਆਜ਼ਾਦ ਸਿੱਖ ਮੁਲਕ ਦੀ ਗੱਲ ਫੇਰ ਵੀ ਨਾ ਕੀਤੀ।


1967 - ਲਛਮਣ ਸਿੰਘ ਗਿੱਲ ਪੰਜਾਬ ਦਾ ਮੁੱਖ ਮੰਤਰੀ ਬਣਿਆ।  

ਪੰਜਾਬੀ ਸੂਬਾ ਬਣਨ ਤੋਂ ਤਿੰਨ ਮਹੀਨੇ ਮਗਰੋਂ ਫ਼ਰਵਰੀ 1967 ਵਿੱਚ ਨਵੇਂ ਪੰਜਾਬ ਦੀ ਅਸੈਂਬਲੀ 'ਤੇ ਭਾਰਤੀ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਜਿਨਾਂ ਵਿੱਚ ਦੋਹਾਂ ਅਕਾਲੀ ਦਲਾਂ ਨੇ 24.69% ਅਤੇ ਕਾਂਗਰਸ ਨੇ 37.46% ਵੋਟਾਂ ਹਾਸਿਲ ਕੀਤੀਆਂ। ਚੋਣਾਂ ਵਿੱਚ ਕਾਂਗਰਸ ਦੇ 48, ਅਕਾਲੀ ਦਲ 26 (ਫਤਹਿ ਸਿੰਘ 24, ਮਾਸਟਰ 2), ਸੀ. ਪੀ. ਆਈ. 5, ਸੀ. ਪੀ. ਐਮ. 3, ਜਨਸੰਘ 9, ਪੀ. ਐਸ. ਪੀ. 1, ਐਸ. ਐਸ. ਪੀ 3 ਅਤੇ ਆਜ਼ਾਦ 9 ਕਾਮਯਾਬ ਹੋਏ। 8 ਮਾਰਚ 1967 ਨੂੰ ਪੰਜਾਬ ਵਿੱਚ ਅਕਾਲੀ ਦਲ ਦੀ ਅਗਵਾਈ ਵਿੱਚ ਸਾਂਝੇ ਮੋਰਚੇ ਦੀ ਵਜ਼ਾਰਤ ਕਾਇਮ ਹੋ ਗਈ। ਗੁਰਨਾਮ ਸਿੰਘ ਵਜ਼ਾਰਤ ਵਿੱਚ ਲਛਮਣ ਸਿੰਘ ਗਿੱਲ, ਰਜਿੰਦਰ ਸਿੰਘ ਸਪੈਰੋ, ਡਾਕਟਰ ਬਲਦੇਵ ਪ੍ਰਕਾਸ਼, ਪਿਆਰਾ ਰਾਮ ਧੈਨੋਵਾਲੀ ਪਹਿਲੇ ਵਜ਼ੀਰ ਬਣੇ। ਭਾਵੇਂ ਪੰਜਾਬ ਪੰਜਾਬੀ ਬੋਲੀ ਦਾ ਸੂਬਾ ਬਣਿਆ ਸੀ ਪਰ ਅਜੇ ਵੀ ਪੰਜਾਬ ਵਿੱਚ ਪੰਜਾਬੀ ਲਾਗੂ ਨਹੀਂ ਸੀ। ਜਨਸੰਘ (ਹੁਣ ਭਾਜਪਾ) ਪੰਜਾਬੀ ਦੀ ਦੁਸ਼ਮਣ ਸੀ 'ਤੇ ਪੰਜਾਬੀ ਲਾਗੂ ਕਰਨ ਦੇ ਖ਼ਿਲਾਫ਼ ਸੀ। 23 ਮਈ 1967 ਨੂੰ ਹਰਚਰਨ ਸਿੰਘ ਹੁਡਿਆਰਾ ਅਤੇ ਹਜ਼ਾਰਾ ਸਿੰਘ ਗਿੱਲ ਨੇ ਪੰਜਾਬੀ ਨੂੰ ਸਕਤਰੇਤ ਪੱਧਰ ਤਕ ਲਾਗੂ ਕਰਨ ਅਤੇ ਸਿੱਖਿਆ ਦਾ ਮਾਧਿਅਮ ਬਣਾਉਣ ਦੇ ਸਵਾਲ 'ਤੇ ਅਕਾਲੀ ਦਲ ਛੱਡਣ ਦੀ ਧਮਕੀ ਦਿੱਤੀ। 13 ਅਗਸਤ 1967 ਨੂੰ ਲਛਮਣ ਸਿੰਘ ਗਿੱਲ ਨੇ ਐਲਾਨ ਕੀਤਾ ਕਿ ਅਗਲੇ ਸੈਸ਼ਨ ਵਿੱਚ ਪੰਜਾਬੀ ਨੂੰ ਦਫ਼ਤਰੀ ਬੋਲੀ ਬਣਾਉਣ ਸਬੰਧੀ ਬਿਲ ਪੇਸ਼ ਹੋਵੇਗਾ ਪਰ ਜਨਸੰਘ ਨੇ ਇਹ ਨਾ ਹੋਣ ਦਿੱਤਾ। 4 ਨਵੰਬਰ 1967 ਨੂੰ ਲਛਮਣ ਸਿੰਘ ਨੇ ਫਿਰ ਐਲਾਨ ਕੀਤਾ ਕਿ ਪਹਿਲੀ ਜਨਵਰੀ 1968 ਤੱਕ ਪੰਜਾਬ ਪੂਰੀ ਤਰ੍ਹਾਂ ਸਰਕਾਰੀ ਪੱਧਰ 'ਤੇ ਲਾਗੂ ਕਰ ਦਿੱਤੀ ਜਾਵੇਗੀ। ਜਨਸੰਘ ਪਾਰਟੀ ਇਸ ਗੱਲ ਦੀ ਮੁਖ਼ਾਲਖ਼ਤ ਕਰ ਰਹੀ ਸੀ। ਇਸੇ ਤਰ੍ਹਾਂ ਫਤਹਿ ਸਿੰਘ ਨੇ ਵੀ ਸੀ.ਪੀ.ਆਈ. ਦੀ ਆਗੂ ਬਿਮਲਾ ਡਾਂਗ ਵਿਰੁੱਧ ਇੱਕ ਬਿਆਨ ਦਿੱਤਾ ਅਤੇ ਅਕਾਲੀਆਂ ਤੇ ਕਮਿਊਨਿਸਟਾਂ ਵਿੱਚ ਖੜਕ ਪਈ। ਤੀਜੇ ਪਾਸੇ ਲਛਮਣ ਸਿੰਘ ਗਿੱਲ ਕਾਰਨ ਹੀ ਫਤਹਿ ਸਿੰਘ ਦਾ ਅਕਾਲੀ ਦਲ ਬਣਿਆ ਸੀ ਪਰ ਗੁਰਨਾਮ ਸਿੰਘ, ਲਛਮਣ ਸਿੰਘ ਗਿੱਲ ਦੀਆਂ ਗੱਲਾਂ ਮੰਨਣ ਲਈ ਤਿਆਰ ਨਹੀਂ ਸੀ ਹੁੰਦਾ। ਅਖ਼ੀਰ ਉਹਨੇ (ਗਿੱਲ) 16 ਮੈਂਬਰਾਂ ਨੂੰ ਨਾਲ ਲੈ ਕੇ 'ਜਨਤਾ ਪਾਰਟੀ' ਬਣਾ ਲਈ ਅਤੇ ਫਤਹਿ ਸਿੰਘ ਤੋਂ ਬਾਗੀ ਹੋ ਗਿਆ। ਇਸ ਨਾਲ ਸਾਂਝੇ ਮੋਰਚੇ ਦੀ ਸਰਕਾਰ ਘਟ ਗਿਣਤੀ ਵਿਚ ਹੋ ਗਈ। 22 ਨਵੰਬਰ ਨੂੰ ਸਾਂਝੇ ਮੋਰਚੇ ਦੀ ਸਰਕਾਰ ਨੇ ਅਸਤੀਫ਼ਾ ਦੇ ਦਿੱਤਾ। ਉੱਧਰ ਕਾਂਗਰਸ ਨੇ ਲਛਮਣ ਸਿੰਘ ਦੀ ਹਿਮਾਇਤ ਕਰਨ ਦਾ ਐਲਾਨ ਕਰ ਦਿੱਤਾ। ਲਛਮਣ ਸਿੰਘ ਵਜ਼ਾਰਤ ਬਨਾਉਣ ਵਿੱਚ ਕਾਮਯਾਬ ਹੋ ਗਿਆ। ਗਿੱਲ ਨੇ 25 ਨਵੰਬਰ 1967 ਦੇ ਦਿਨ ਚੀਫ਼ ਮਨਿਸਟਰੀ ਦਾ ਹਲਫ਼ ਲੈ ਲਿਆ।

1990 - ਕੁਲਦੀਪ ਸਿੰਘ ਰਾਮਸਿੰਘਵਾਲਾ 'ਤੇ ਬੀਰ ਸਿੰਘ ਚਾਟੀਵਿੰਡ ਦੀ ਝੂਠੇ ਮੁਕਾਬਲੇ ਵਿੱਚ ਸ਼ਹੀਦੀ ਹੋਈ।

25 ਨਵੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਕੁਲਦੀਪ ਸਿੰਘ ਪੁੱਤਰ ਪੂਰਨ ਸਿੰਘ, ਵਾਸੀ ਰਾਮਸਿੰਘਵਾਲਾ 'ਤੇ ਬੀਰ ਸਿੰਘ ਪੁੱਤਰ ਸੁਰਬਖ਼ਸ਼ ਸਿੰਘ, ਵਾਸੀ ਚਾਟੀਵਿੰਡ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।


1991 - ਰਣਜੀਤ ਸਿੰਘ ਗੁਰਾ ਨਕਲੀ ਮੁਕਾਬਲੇ ਵਿੱਚ ਸ਼ਹੀਦ ਹੋਇਆ।  

25 ਨਵੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਰਣਜੀਤ ਸਿੰਘ ਪੁੱਤਰ ਲਾਲ ਸਿੰਘ, ਵਾਸੀ ਪਿੰਡ ਗੁਰਾ, ਜ਼ਿਲ੍ਹਾ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।


1992 - ਅਮਰਜੀਤ ਸਿੰਘ ਕੈਰੋਂ ਅਤੇ ਬਲਦੇਵ ਸਿੰਘ ਕੈਰੋਂ ਦੀ ਨਕਲੀ ਮੁਕਾਬਲੇ ਵਿੱਚ ਸ਼ਹੀਦੀ ਹੋਈ।  

25 ਨਵੰਬਰ 1992 ਦੇ ਦਿਨ ਪੰਜਾਬ ਪੁਲਸ ਨੇ ਅਮਰਜੀਤ ਸਿੰਘ ਪੁੱਤਰ ਹਰਬੰਸ ਸਿੰਘ 'ਤੇ ਬਲਦੇਵ ਸਿੰਘ ਪੁੱਤਰ ਜਗੀਰ ਸਿੰਘ, ਦੋਵੇਂ ਵਾਸੀ ਕੈਰੋਂ ਹੁਣ ਜ਼ਿਲ੍ਹਾ ਤਰਨਤਾਰਨ, ਨੂੰ ਇਕ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।

1993 - ਸਤਨਾਮ ਸਿੰਘ ਹਰਸਾ ਛੀਨਾ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ।

25 ਨਵੰਬਰ 1993 ਦੇ ਦਿਨ ਪੰਜਾਬ ਪੁਲਿਸ ਨੇ ਸਤਨਾਮ ਸਿੰਘ ਪੁੱਤਰ ਦਲੀਪ ਸਿੰਘ, ਵਾਸੀ ਹਰਸਾ ਛੀਨਾ ਨੂੰ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।  

2011 - ਖਾਲਸਾ ਹੈਰੀਟੇਜ ਕੰਪਲੈਕਸ ਦਾ ਉਦਘਾਟਨ, ਅਜਾਇਬ ਘਰ ਵਿੱਚ ਸਿੱਖ ਧਰਮ ਦੇ ਖ਼ਿਲਾਫ਼ ਸਾਜ਼ਿਸ਼ ਪਰਗਟ ਹੋਈ।  

1999 ਵਿੱਚ ਐਲਾਨੇ, ਅਨੰਦਪੁਰ ਸਾਹਿਬ ਦੇ 'ਖਾਲਸਾ ਹੈਰੀਟੇਜ ਕੰਪਲੈਕਸ' ਦਾ ਉਦਘਾਟਨ 25 ਨਵੰਬਰ 2011 ਦੇ ਦਿਨ ਕੀਤਾ ਗਿਆ। ਇਸ ਵਿੱਚ ਸ਼ਾਮਿਲ ਹੋਣ ਵਾਸਤੇ ਫ਼ਿਰਕੂ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਪ੍ਰਧਾਨ ਨਿਤਨ ਗਡਕਰੀ, ਨਵਜੋਤ ਸਿੱਧੂ ਅਤੇ ਸਿੱਖ ਧਰਮ ਦੇ ਖ਼ਿਲਾਫ਼ ਊਲ-ਜਲੂਲ ਬੋਲਣ ਵਾਲੇ ਹਿੰਦੂ ਸਾਧੂਆਂ ਨੂੰ ਸੱਦਾ ਦਿੱਤਾ ਗਿਆ। ਇਨ੍ਹਾਂ ਵਿਚ ਰਵੀ ਸ਼ੰਕਰ ਜੋ ਅਪਣੇ ਨਾਂ ਦੇ ਅੱਗੇ 'ਸ੍ਰੀ ਸ੍ਰੀ' ਲਾਉਂਦਾ ਸੀ ਅਤੇ ਬਦਨਾਮ ਆਸਾ ਰਾਮ ਜੋ ਆਪਣੇ ਨਾਂ ਦੇ ਪਿੱਛੇ ਬਾਪੂ ਲਿਖਦਾ ਸੀ ਅਤੇ ਅਗਸਤ 2013 ਵਿੱਚ ਇੱਕ ਨਾਬਾਲਗ ਕੁੜੀ ਦੇ ਰੇਪ ਵਿਚ ਗ੍ਰਿਫ਼ਤਾਰ ਕੀਤਾ ਗਿਆ, ਇਹਨਾਂ ਨੂੰ ਵੀ ਬੁਲਾਇਆ ਗਿਆ। ਇਸ ਕੰਪਲੈਕਸ ਵਿੱਚ ਬਣਾਏ ਮਿਊਜ਼ਅਮ ਵਿੱਚ ਸਿੱਖ ਤਵਾਰੀਖ਼ ਅਤੇ ਸਿੱਖ ਸਿਧਾਂਤਾਂ ਦਾ ਬਹੁਤ ਮਜ਼ਾਕ ਉਡਾਇਆ ਹੋਇਆ ਸੀ। ਇਸ ਵਿੱਚ ਨਾ ਤਾਂ ਕੋਈ ਮਾਅਰਕੇ (ਅਖੌਤੀ ਅਠਵੇਂ ਅਜੂਬੇ) ਵਾਲੀ ਗੱਲ ਸੀ ਤੇ ਨਾ ਹੀ ਸਿੱਖੀ ਦੀ ਕੋਈ ਨਿਸ਼ਾਨੀ ਨਜ਼ਰ ਆਉਂਦੀ ਸੀ। ਹੋਰ ਤਾਂ ਹੋਰ ਇਸ ਵਿੱਚ ਮੁਸਲਿਮ ਗੁੱਗਾ ਪੀਰ, ਹੀਰ ਰਾਂਝੇ 'ਤੇ ਸੋਹਣੀ ਮਹੀਂਵਾਲ ਦੀਆਂ ਪੇਂਟਿੰਗਜ਼ ਨੂੰ ਸਿੱਖੀ ਦਾ ਵਿਰਸਾ ਦੱਸ ਕੇ ਸਿੱਖ ਧਰਮ ਦੀ ਤੌਹੀਨ ਕੀਤੀ ਗਈ ਸੀ।